ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਬੈਠਕ ਵਿੱਚ ਮੌਨਸੂਨ ਅਤੇ ਦੇਸ਼ ਭਰ ਦੀਆਂ ਪ੍ਰਮੁੱਖ ਹੜ੍ਹ ਸੰਭਾਵਿਤ ਨਦੀਆਂ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਸ਼੍ਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਹੜ੍ਹਾਂ ਦਾ ਪ੍ਰਭਾਵ ਘੱਟ ਕਰਨ ਅਤੇ ਜਾਨ ਮਾਲ ਦੇ ਘੱਟ ਤੋਂ ਘੱਟ ਨੁਕਸਾਨ ਲਈ ਇੱਕ ਯੋਜਨਾਬੱਧ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ
ਕੇਂਦਰੀ ਗ੍ਰਹਿ ਮੰਤਰੀ ਨੇ ਬਿਹਾਰ, ਉੱਤਰ ਪੂਰਬ ਰਾਜਾਂ ਅਤੇ ਉੱਤਰ ਪ੍ਰਦੇਸ਼ ਵਿੱਚ ਹਰ ਸਾਲ ਆਉਣ ਵਾਲੇ ਹੜ੍ਹਾਂ ਦੀ ਸਮੱਸਿਆ ਦਾ ਸਥਾਈ ਸਮਾਧਾਨ ਪ੍ਰਦਾਨ ਕਰਨ ਲਈ ਪ੍ਰਾਥਮਿਕਤਾ ਦੇ ਅਧਾਰ ‘ਤੇ ਕਾਰਵਾਈ ਕਰਨ ਨੂੰ ਕਿਹਾ
Posted On:
03 JUL 2020 8:02PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਬੈਠਕ ਵਿੱਚ ਮੌਨਸੂਨ ਅਤੇ ਦੇਸ਼ ਭਰ ਦੀ ਪ੍ਰਮੁੱਖ ਹੜ੍ਹ ਸੰਭਾਵਿਤ ਨਦੀਆਂ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।

ਸ਼੍ਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਹੜ੍ਹ ਦਾ ਪ੍ਰਭਾਵ ਘੱਟ ਕਰਨ ਅਤੇ ਜਾਨ ਮਾਲ ਦੇ ਘੱਟ ਤੋਂ ਘੱਟ ਨੁਕਸਾਨ ਲਈ ਇੱਕ ਯੋਜਨਾਬੱਧ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ ਦੇ ਪ੍ਰਮੁੱਖ ਕੈਚਮੈਂਟ ਜ਼ੋਨਾਂ ਤੇ ਖੇਤਰਾਂ ਵਿੱਚ ਹੜ੍ਹ ਆਉਣ ਅਤੇ ਜਲ ਪੱਧਰ ਵਧਣ ਦੀ ਭਵਿੱਖਵਾਣੀ ਲਈ ਇੱਕ ਸਥਾਈ ਵਿਵਸਥਾ ਬਣਾਉਣ ਲਈ ਸਬੰਧਿਤ ਏਜੇਂਸੀਆਂ ਦਰਮਿਆਨ ਬਿਹਤਰ ਤਾਲਮੇਲ ‘ਤੇ ਵੀ ਜ਼ੋਰ ਦਿੱਤਾ।
ਕੇਂਦਰੀ ਗ੍ਰਹਿ ਮੰਤਰੀ ਨੇ ਬਿਹਾਰ, ਉੱਤਰ ਪੂਰਬ ਰਾਜਾਂ ਅਤੇ ਉੱਤਰ ਪ੍ਰਦੇਸ਼ ਵਿੱਚ ਹਰ ਸਾਲ ਆਉਣ ਵਾਲੇ ਹੜ੍ਹ ਦੀ ਸਮੱਸਿਆ ਦਾ ਸਥਾਈ ਸਮਾਧਾਨ ਪ੍ਰਦਾਨ ਕਰਨ ਲਈ ਪ੍ਰਾਥਮਿਕਤਾ ਦੇ ਅਧਾਰ ‘ਤੇ ਕਾਰਵਾਈ ਕਰਨ ਨੂੰ ਕਿਹਾ। ਉਨ੍ਹਾਂ ਨੇ ਜਲ ਸ਼ਕਤੀ ਮੰਤਰਾਲੇ ਅਤੇ ਸੈਂਟਰਲ ਵਾਟਰ ਕਮਿਸ਼ਨ (ਸੀਡਬਲਿਊਸੀ) ਨੂੰ ਦੇਸ਼ ਭਰ ਦੇ ਪ੍ਰਮੁੱਖ ਡੈਮਾਂ ਦੀ ਅਸਲ ਭੰਡਾਰਣ ਸਮਰੱਥਾ ਦੀ ਸਮੀਖਿਆ ਕਰਨ ਦਾ ਵੀ ਨਿਰਦੇਸ਼ ਦਿੱਤਾ ਤਾਕਿ ਜਲ ਦੀ ਸਮੇਂ ‘ਤੇ ਨਿਕਾਸੀ ਅਤੇ ਹੜ੍ਹਾਂ ਨੂੰ ਰੋਕਣਾ ਸੁਨਿਸ਼ਚਿਤ ਕੀਤਾ ਜਾ ਸਕੇ।
ਬੈਠਕ ਵਿੱਚ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਵਿਭਾਗ ਦੇ ਸਕੱਤਰ ਨੇ ਇੱਕ ਪੇਸ਼ਕਾਰੀ ਦਿੱਤੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹਾਂ ਸਬੰਧਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਡੈਮਾਂ, ਜਲ ਭੰਡਾਰਾਂ, ਨੇਪਾਲ ਵਿੱਚ ਚਲ ਰਹੇ ਪ੍ਰੋਜੈਕਟਾਂ, ਹੜ੍ਹ ਸੁਰੱਖਿਆ ਉਪਾਵਾਂ ਅਤੇ ਗ਼ੈਰ- ਸੰਰਚਨਾਤਮਕ ਉਪਾਵਾਂ ਜਿਹੇ – ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਖੇਤਰੀਕਰਨ, ਹੜ੍ਹਾਂ ਦੇ ਪੂਰਵ ਅਨੁਮਾਨ ਅਤੇ ਗੰਗਾ ਅਤੇ ਬ੍ਰਹਮਪੁੱਤਰ ਬੇਸਿਨ ਵਿੱਚ ਹੜ੍ਹਾਂ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਉਪਾਵਾਂ ਬਾਰੇ ਵੀ ਦੱਸਿਆ। ਬੈਠਕ ਵਿੱਚ ਰਾਸ਼ਟਰੀ ਆਪਦਾ ਮੋਚਨ ਬਲ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਸੀਨੀਅਰ ਅਧਿਕਾਰੀਆਂ ਨੇ ਵੀ ਪੇਸ਼ਕਾਰੀਆਂ ਦਿੱਤੀਆਂ।
ਭਾਰਤ ਵਿੱਚ ਕੁੱਲ 40 ਮਿਲੀਅਨ ਹੈਕਟੇਅਰ ਖੇਤਰ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਆਉਂਦਾ ਹੈ ਜਿਸ ਵਿੱਚ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਦਾ ਬੇਸਿਨ ਪ੍ਰਮੁੱਖ ਹੈ। ਅਸਾਮ, ਬਿਹਾਰ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਸਭ ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਰਾਜ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਪ੍ਰਭਾਵਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਟੀਕ ਮੌਸਮ ਪੂਰਵ ਅਨੁਮਾਨ ਪ੍ਰਦਾਨ ਕਰ ਰਿਹਾ ਹੈ। ਹਾਲਾਂਕਿ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਦੀਆਂ ਦੇ ਅਤਿ ਪ੍ਰਵਾਹ ਅਤੇ ਨਦੀਆਂ ਦੇ ਤਟਬੰਧਾਂ ਦੇ ਟੁੱਟਣ ਦੇ ਕਾਰਨ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਖੜ੍ਹੀਆਂ ਫਸਲਾਂ ਅਤੇ ਜਾਨ ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ।
ਬੈਠਕ ਵਿੱਚ ਲਏ ਗਏ ਫ਼ੈਸਲੇ ਹੜ੍ਹਾਂ ਦੇ ਪ੍ਰਕੋਪ ਤੋਂ ਆਪਣੀਆਂ ਫਸਲਾਂ, ਸੰਪਤੀ, ਆਜੀਵਿਕਾ ਅਤੇ ਕੀਮਤੀ ਜਾਨਾਂ ਆਦਿ ਗਵਾਉਣ ਵਾਲੇ ਦੇਸ਼ ਦੇ ਲੱਖਾਂ ਲੋਕਾਂ ਦੀ ਪੀੜਾ ਨੂੰ ਘੱਟ ਕਰਨ ਵਿੱਚ ਕਾਫ਼ੀ ਮਹੱਤਵਪੂਰਨ ਸਾਬਤ ਹੋਣਗੇ।

ਬੈਠਕ ਵਿੱਚ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ , ਸਬੰਧਿਤ ਮੰਤਰਾਲਿਆਂ ਅਤੇ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
*****
ਐੱਨਡਬਲਿਊ/ਆਰਕੇ/ਪੀਕੇ/ਡੀਡੀਡੀ/ਏਡੀ
(Release ID: 1636301)