ਸਿੱਖਿਆ ਮੰਤਰਾਲਾ
ਸੀਬੀਐੱਸਈ ਨੇ 1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪਰੀਖਿਆਵਾਂ ਕੋਵਿਡ–19 ਕਾਰਨ ਚਲ ਰਹੇ ਹਾਲਾਤ ਨੂੰ ਦੇਖਦਿਆਂ ਰੱਦ ਕੀਤੀਆਂ
ਰੱਦ ਹੋਈਆਂ ਪਰੀਖਿਆਵਾਂ ਲਈ ਮੁੱਲਾਂਕਣ 10ਵੀਂ ਤੇ 12ਵੀਂ ਜਮਾਤ ਲਈ ਸੀਬੀਐੱਸਈ ਦੀ ਕਮੇਟੀ ਦੁਆਰਾ ਸੁਝਾਈ ਮੁੱਲਾਂਕਣ ਯੋਜਨਾ ਅਨੁਸਾਰ ਕੀਤਾ ਜਾਵੇਗਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਵਿਦਿਆਰਥੀਆਂ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਤਰਜੀਹ ਦੇਣ ਲਈ ਸੁਪ੍ਰੀਮ ਕੋਰਟ ਦਾ ਧੰਨਵਾਦ ਕੀਤਾ
ਮੁੱਲਾਂਕਣ ਯੋਜਨਾ ਦੇ ਅਧਾਰ ’ਤੇ ਨਤੀਜੇ 15 ਜੁਲਾਈ, 2020 ਨੂੰ ਐਲਾਨੇ ਜਾਣਗੇ– ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
Posted On:
26 JUN 2020 4:37PM by PIB Chandigarh
ਵਿਭਿੰਨ ਰਾਜ ਸਰਕਾਰਾਂ ਤੋਂ ਪ੍ਰਾਪਤ ਹੋਈਆਂ ਬੇਨਤੀਆਂ ਅਤੇ ਇਸ ਵੇਲੇ ਕੋਵਿਡ–19 ਕਾਰਨ ਚਲ ਰਹੇ ਹਾਲਾਤ ਨੂੰ ਦੇਖਦਿਆਂ ਸੀਬੀਐੱਸਈ ਨੇ 10ਵੀਂ ਅਤੇ 12ਵੀਂ ਜਮਾਤ ਲਈ ਉਹ ਸਾਰੀਆਂ ਪਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ, ਜੋ 1 ਤੋਂ 15 ਜੁਲਾਈ, 2020 ਤੱਕ ਹੋਣੀਆਂ ਤੈਅ ਸਨ। ਸੁਪ੍ਰੀਮ ਕੋਰਟ ਨੇ ਅੱਜ ਸੀਬੀਐੱਸਈ ਦੀ ਪਰੀਖਿਆ ਰੱਦ ਕਰਨ ਅਤੇ ਉਸ ਯੋਜਨਾ ਦੀ ਤਜਵੀਜ਼ ਨਾਲ ਸਹਿਮਤੀ ਪ੍ਰਗਟਾਈ, ਜਿਸ ਦੇ ਅਧਾਰ ’ਤੇ 10ਵੀਂ ਅਤੇ 12ਵੀਂ ਜਮਾਤ ਦੀਆਂ ਪਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਅੰਤਿਮ ਕਾਰਗੁਜ਼ਾਰੀ ਦਾ ਮੁੱਲਾਂਕਣ ਕੀਤਾ ਜਾਣਾ ਹੈ।
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਸੀਬੀਐੱਸਈ ਦੀ ਉਸ ਤਜਵੀਜ਼ ਨੂੰ ਪ੍ਰਵਾਨ ਕਰਨ ਲਈ ਸੁਪ੍ਰੀਮ ਕੋਰਟ ਦਾ ਧੰਨਵਾਦ ਕੀਤਾ, ਜਿਸ ਅਨੁਸਾਰ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਹੋਣ ਵਾਲੀਆਂ ਸੀਬੀਐੱਸਈ ਦੀਆਂ ਪਰੀਖਿਆਵਾਂ ਨਹੀਂ ਹੋਣਗੀਆਂ ਅਤੇ ਵਿਦਿਆਰਥੀਆਂ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੱਦ ਹੋਈਆਂ ਪਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਮੁੱਲਾਂਕਣ ਸੀਬੀਐੱਸਈ ਦੀ ਸਮਰੱਥ ਕਮੇਟੀ ਦੁਆਰਾ ਸੁਝਾਈ ਮੁੱਲਾਂਕਣ ਯੋਜਨਾ ਅਨੁਸਾਰ ਕੀਤਾ ਜਾਵੇਗਾ ਤੇ ਉਸੇ ਅਨੁਸਾਰ 10ਵੀਂ ਤੇ 12ਵੀਂ ਦੋਵੇਂ ਜਮਾਤਾਂ ਦਾ ਨਤੀਜਾ ਐਲਾਨਿਆ ਜਾਵੇਗਾ।
ਸ਼੍ਰੀ ਨਿਸ਼ੰਕ ਨੇ ਕਿਹਾ ਕਿ ਹਾਲਾਤ ਸੁਖਾਵੇਂ ਹੋਣ ’ਤੇ ਸੀਬੀਐੱਸਈ ਦੁਆਰਾ 12ਵੀਂ ਜਮਾਤ ਲਈ ਉਨ੍ਹਾਂ ਵਿਸ਼ਿਆਂ ਦੀ ਇੱਕ ਔਪਸ਼ਨਲ (ਵੈਕਲਪਿਕ) ਪਰੀਖਿਆ ਲਈ ਜਾਵੇਗੀ, ਜਿਨ੍ਹਾਂ ਦੀ ਪਰੀਖਿਆ 1 ਤੋਂ 15 ਜੁਲਾਈ, 2020 ਤੱਕ ਲੈਣੀ ਤੈਅ ਸੀ। ਜਿਹੜੇ ਉਮੀਦਵਾਰਾਂ ਦੇ ਨਤੀਜੇ ਇਸ ਮੁੱਲਾਂਕਣ ਯੋਜਨਾ ਦੇ ਅਧਾਰ ’ਤੇ ਐਲਾਨੇ ਜਾਣਗੇ, ਉਨ੍ਹਾਂ ਨੂੰ ਆਪਣੀਆਂ ਕਾਰਗੁਜ਼ਾਰੀਆਂ ਸੁਧਾਰਨ ਲਈ ਇਨ੍ਹਾਂ ਵੈਕਲਪਿਕ (ਔਪਸ਼ਨਲ) ਪਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਹੋਵੇਗੀ, ਜੇ ਉਹ ਇੰਝ ਕਰਨਾ ਚਾਹੁਣਗੇ। ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਰ ਕੋਈ ਪਰੀਖਿਆਵਾਂ ਨਹੀਂ ਹੋਣਗੀਆਂ ਅਤੇ ਮੁੱਲਾਂਕਣ ਯੋਜਨਾ ਦੇ ਅਧਾਰ ਉੱਤੇ ਸੀਬੀਐੱਸਈ ਦੁਆਰਾ ਐਲਾਨੇ ਨਤੀਜੇ ਨੂੰ ਹੀ ਅੰਤਿਮ ਮੰਨਿਆ ਜਾਵੇਗਾ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਉਪਰੋਕਤ ਵਰਣਿਤ ਮੁੱਲਾਂਕਣ ਯੋਜਨਾ ਦੇ ਅਧਾਰ ਉੱਤੇ ਨਤੀਜੇ 15 ਜੁਲਾਈ, 2020 ਨੂੰ ਐਲਾਨੇ ਜਾਣਗੇ, ਤਾਂ ਜੋ ਵਿਦਿਆਰਥੀ ਅੱਗੇ ਉਚੇਰੀ ਸਿੱਖਿਆ ਦੇ ਸੰਸਥਾਨਾਂ ਵਿੱਚ ਦਾਖ਼ਲੇ ਲੈਣ ਲਈ ਅਰਜ਼ੀਆਂ ਦੇ ਸਕਣ। ਉਨ੍ਹਾਂ ਕਿਹਾ ਕਿ ਅਸੀਂ ਸੁਪ੍ਰੀਮ ਕੋਰਟ ਸਾਹਵੇਂ ਇਸ ਯੋਜਨਾ ਦਾ ਪ੍ਰਸਤਾਵ ਰੱਖਿਆ ਹੈ ਕਿਉਂਕਿ ਵਿਦਿਆਰਥੀ, ਮਾਪੇ ਤੇ ਅਧਿਆਪਕ ਸਾਡੀ ਮੁੱਖ ਚਿੰਤਾ ਹਨ।
10ਵੀਂ ਅਤੇ 12ਵੀਂ ਦੀਆਂ ਜਮਾਤਾਂ ਲਈ ਪਰੀਖਿਆਵਾਂ ਬਾਰੇ ਸੀਬੀਐੱਸਈ ਨੋਟੀਫ਼ਿਕੇਸ਼ਨ ਲਈ ਇੱਥੇ ਕਲਿੱਕ ਕਰੋ
Kindly click here for CBSE notification on Examinations for classes X and XII
*****
ਐੱਨਬੀ/ਏਕੇਜੇ/ਏਕੇ
(Release ID: 1634602)
Visitor Counter : 192