ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟਸ

ਧਾਰਾਵੀ ’ਚ ‘ਵਾਇਰਸ ਦਾ ਪਿੱਛਾ ਕਰਦਿਆਂ’ ਅਤੇ ਮਈ ’ਚ ਰੋਜ਼ਾਨਾ ਔਸਤਨ 43 ਤੋਂ ਘਟਾ ਕੇ ਜੂਨ ਦੇ ਤੀਜੇ ਹਫ਼ਤੇ ’ਚ 19 ਰੋਜ਼ਾਨਾ ਕੇਸਾਂ ਦੀ ਵੱਡੀ ਕਮੀ ਨੂੰ ਯਕੀਨੀ ਬਣਾਇਆ

Posted On: 21 JUN 2020 4:58PM by PIB Chandigarh

ਭਾਰਤ ਸਰਕਾਰ ਵੱਲੋਂ ਕੋਵਿਡ–19 ਦੀ ਰੋਕਥਾਮ, ਉਸ ਨੂੰ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਇਸ ਵਾਇਰਸ ਨੂੰ ਰੋਕਣ ਤੇ ਦਰਜਬੰਦ ਕਾਰਵਾਈ ਦੀ ਨੀਤੀ ਰਾਹੀਂ ਕਈ ਕਦਮ ਚੁੱਕ ਰਹੀ ਹੈ। ਇਸ ਯਤਨ ਵਿੱਚ ਵਿਭਿੰਨ ਦਿਸ਼ਾਨਿਰਦੇਸ਼, ਸਲਾਹਕਾਰੀਆਂ ਤੇ ਇਲਾਜ ਦੇ ਪ੍ਰੋਟੋਕੋਲ ਵਿਕਸਿਤ ਕੀਤੇ ਗਏ ਹਨ ਤੇ ਕੋਵਿਡ–19 ਨਾਲ ਲੜਨ ਹਿਤ ਮਜ਼ਬੂਤ ਤੇ ਸਮੂਹਕ ਹੁੰਗਾਰੇ ਲਈ ਉਨ੍ਹਾਂ ਨੂੰ ਰਾਜਾਂ ਨਾਲ ਸਾਂਝਾ ਕੀਤਾ ਗਿਆ ਹੈ।

ਕਈ ਰਾਜਾਂ ਨੇ ਵਾਇਰਸ ਦਾ ਫੈਲਣਾ ਰੋਕਣ ਲਈ ਨੀਤੀਆਂ ਲਾਗੂ ਕੀਤੀਆਂ ਹਨ ਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਏ ਹਨ। ਮਹਾਰਾਸ਼ਟਰ ਸਰਕਾਰ ਅਤੇ ਬ੍ਰਿਹਨਮੁੰਬਈ ਨਗਰ ਨਿਗਮ’ (ਬੀਐੱਮਸੀ) ਦੇ ਯਤਨਾਂ ਦੇ ਨਤੀਜੇ ਕਾਫ਼ੀ ਉਤਸ਼ਾਹਜਨਕ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਉਨ੍ਹਾਂ ਨੇ ਪੂਰੀ ਸਰਗਰਮੀ ਨਾਲ ਵਾਇਰਸ ਦਾ ਪਿੱਛਾ ਕੀਤਾਅਤੇ ਸ਼ਿੱਦਤ ਨਾਲ ਕੋਵਿਡ ਦੇ ਸ਼ੱਕੀ ਰੋਗੀਆਂ ਨੂੰ ਲੱਭਿਆ।

ਬਹੁਤ ਸੰਘਣੀ ਆਬਾਦੀ ਹੋਣ ਕਾਰਨ (2,27,136 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ), ਧਾਰਾਵੀ ਚ ਅਪ੍ਰੈਲ 2020 ਦੌਰਾਨ 12% ਦੀ ਵਾਧਾ ਦਰ ਨਾਲ 491 ਕੇਸ ਆਏ ਸਨ ਤੇ ਕੇਸ ਦੁੱਗਣੇ ਹੋਣ ਦਾ ਸਮਾਂ 18 ਦਿਨ ਸੀ। ਬੀਐੱਮਸੀ ਵੱਲੋਂ ਚੁੱਕੇ ਗਏ ਸਰਗਰਮ ਕਦਮਾਂ ਕਾਰਨ ਕੋਵਿਡ–19 ਦੇ ਕੇਸਾਂ ਦੀ ਵਾਧਾ ਦਰ ਮਈ 2020 ’ਚ ਘਟ ਕੇ 4.3% ਰਹਿ ਗਈ ਅਤੇ ਜੂਨ ਵਿੱਚ ਇਹ ਹੋਰ ਘਟ ਕੇ 1.02% ਹੋ ਗਈ। ਇਨ੍ਹਾਂ ਉਪਾਵਾਂ ਨੇ ਮਈ 2020 ਵਿੱਚ ਕੇਸ ਦੁੱਗਣੇ ਹੋਣ ਦੇ ਸਮੇਂ ਵਿੱਚ ਸੁਧਾਰ ਹੋ ਕੇ 43 ਦਿਨਾਂ ਅਤੇ ਜੂਨ 2020 ਵਿੱਚ 78 ਦਿਨਾਂ ਤੇ ਆ ਗਿਆ।

ਧਾਰਾਵੀ ਚ ਬੀਐੱਮਸੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿੱਥੇ 80% ਆਬਾਦੀ ਜਨਤਕ ਪਖਾਨਿਆਂ ਉੱਤੇ ਨਿਰਭਰ ਹੈ। ਲਗਭਗ 8–10 ਵਿਅਕਤੀ ਪਰਿਵਾਰਾਂ/10 ਫ਼ੁੱਟ ਗੁਣਾ 10 ਫ਼ੁੱਟ ਰਕਬੇ ਦੀਆਂ ਝੁੱਗੀਆਂ ਵਿੱਚ ਰਹਿੰਦੇ ਹਨ ਅਤੇ ਉੱਥੇ 2–3 ਮੰਜ਼ਿਲਾ ਮਕਾਨ ਹਨ ਤੇ ਬਹੁਤ ਤੰਗ ਗਲੀਆਂ ਹਨ, ਜਿੱਥੇ ਜ਼ਮੀਨੀ ਮੰਜ਼ਿਲ ਉੱਤੇ ਆਮ ਤੌਰ ਤੇ ਘਰ ਹਨ ਤੇ ਬਾਕੀ ਦੀਆਂ ਮੰਜ਼ਿਲਾਂ ਨੂੰ ਫ਼ੈਕਟਰੀਆਂ ਵਜੋਂ ਵਰਤਿਆ ਜਾਂਦਾ ਹੈ। ਇਸੇ ਲਈ, ਉੱਥੇ ਸਰੀਰਕ ਦੂਰੀ ਰੱਖਣ ਦੀਆਂ ਬਹੁਤ ਗੰਭੀਰ ਕਿਸਮ ਦੀਆਂ ਸੀਮਾਵਾਂ ਸਨ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਘਰ ਵਿੱਚ ਕੁਆਰੰਟੀਨਦੀ ਕੋਈ ਸੰਭਾਵਨਾ ਹੀ ਨਹੀਂ ਸੀ।

ਬੀਐੱਮਸੀ ਨੇ ਪੂਰੀ ਸਰਗਰਮੀ ਨਾਲ ਨਿਮਨਲਿਖਤ ਚਾਰ ਟੀ’ (T) – ਟ੍ਰੇਸਿੰਗ (ਲੱਭਣਾ), ਟ੍ਰੈਕਿੰਗ (ਨਜ਼ਰ ਰੱਖਣਾ), ਟੈਸਟਿੰਗ (ਟੈਸਟ ਕਰਨ) ਅਤੇ ਟ੍ਰੀਟਿੰਗ (ਇਲਾਜ ਕਰਨ) ਦਾ ਆਦਰਸ਼ ਅਪਣਾਇਆ। ਇਸ ਪਹੁੰਚ ਵਿੱਚ ਸਰਗਰਮੀ ਨਾਲ ਸਕ੍ਰੀਨਿੰਗ ਜਿਹੀਆਂ ਗਤੀਵਿਧੀਆਂ ਸ਼ਾਮਲ ਹਨ। ਘਰੋਂਘਰੀਂ ਜਾ ਕੇ ਪੜਤਾਲ ਰਾਹੀਂ ਡਾਕਟਰਾਂ ਤੇ ਪ੍ਰਾਈਵੇਟ ਕਲੀਨਿਕਾਂ ਦੁਆਰਾ 47,500 ਵਿਅਕਤੀਆਂ ਨੂੰ ਕਵਰ ਕੀਤਾ ਗਿਆ, ਲਗਭਗ 14,970 ਵਿਅਕਤੀਆਂ ਦੀ ਜਾਂਚ ਮੋਬਾਈਲ ਵੈਨਾਂ ਦੀ ਮਦਦ ਨਾਲ ਕੀਤੀ ਗਈ ਤੇ 4,76,775 ਵਿਅਕਤੀਆਂ ਦਾ ਸਰਵੇਖਣ ਬੀਐੱਮਸੀ ਦੇ ਸਿਹਤ ਕਰਮਚਾਰੀਆਂ ਵੱਲੋਂ ਕੀਤਾ ਗਿਆ। ਵਧੇਰੇ ਖ਼ਤਰੇ ਵਾਲੇ ਵਰਗ ਜਿਵੇਂ ਬਜ਼ੁਰਗਾਂ / ਸੀਨੀਅਰ ਨਾਗਰਿਕਾਂ ਦੀ ਜਾਂਚ ਲਈ ਬੁਖ਼ਾਰ ਕਲੀਨਿਕ ਸਥਾਪਿਤ ਕੀਤੇ ਗਏ। ਇੰਝ 3.6 ਲੱਖ ਵਿਅਕਤੀਆਂ ਦੀ ਜਾਂਚ ਕਰਨ ਵਿੱਚ ਮਦਦ ਮਿਲੀ। ਇਸ ਦੇ ਨਾਲ ਹੀ ਸਮੇਂਸਿਰ ਵਖਰੇਵਾਂਦੀ ਨੀਤੀ ਦੇ ਹਿੱਸੇ ਵਜੋਂ ਲਗਭਗ 8,246 ਬਜ਼ੁਰਗਾਂ ਦਾ ਸਰਵੇਖਣ ਕੀਤਾ ਗਿਆ, ਉਨ੍ਹਾਂ ਨੂੰ ਹੋਰ ਭਾਈਚਾਰਿਆਂ ਤੋਂ ਵੱਖ ਕਰ ਦਿੱਤਾ ਗਿਆ, ਤਾਂ ਜੋ ਰੋਗ ਦਾ ਫੈਲਣਾ ਪ੍ਰਭਾਵਸ਼ਾਲੀ ਤਰੀਕੇ ਨਾਲ ਸੀਮਤ ਕੀਤਾ ਜਾ ਸਕੇ। ਕੁੱਲ ਮਿਲਾ ਕੇ, ਧਾਰਾਵੀ 5,48,270 ਵਿਅਕਤੀਆਂ ਦੀ ਜਾਂਚ ਕੀਤੀ ਗਈ। ਸ਼ੱਕੀ ਕੇਸਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੇ ਕੋਵਿਡ ਕੇਅਰ ਸੈਂਟਰਾਂ ਤੇ ਕੁਆਰੰਟੀਨ ਸੈਂਟਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਵਧੇਰੇ ਖ਼ਤਰੇ ਵਾਲੇ ਜ਼ੋਨਾਂ ਵਿੱਚ ਸਰਗਰਮੀ ਨਾਲ ਜਾਂਚ ਕਰਨ ਹਿਤ ਮਾਨਵਸ਼ਕਤੀ ਦੇ ਮੁੱਦੇ ਨਾਲ ਨਿਪਟਣ ਲਈ, ਬੀਐੱਮਸੀ ਨੇ ਕੰਟੇਨਮੈਂਟ ਉਪਾਵਾਂ ਵਿੱਚ ਨੀਤੀਗਤ ਪਬਲਿਕਪ੍ਰਾਈਵੇਟ ਭਾਈਵਾਲੀਆਂ ਕੀਤੀਆਂ ਅਤੇ ਸਾਰੇ ਉਪਲਬਧ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਗਤੀਸ਼ੀਲ ਕੀਤਾ ਗਿਆ। ਬੀਐੱਮਸੀ ਨੇ ਪ੍ਰਾਈਵੇਟ ਡਾਕਟਰਾਂ ਨੂੰ ਪੀਪੀਈ ਕਿਟਸ, ਥਰਮਲ ਸਕੈਨਰਜ਼, ਨਬਜ਼ ਔਕਸੀਮੀਟਰਜ਼, ਮਾਸਕ ਤੇ ਦਸਤਾਨੇ ਮੁਹੱਈਆ ਕਰਵਾਏ ਅਤੇ ਵਧੇਰੇ ਖ਼ਤਰੇ ਵਾਲੇ ਜ਼ੋਨਾਂ ਵਿੱਚ ਘਰੋਂਘਰੀਂ ਜਾ ਕੇ ਜਾਂਚ ਸ਼ੁਰੂ ਕੀਤੀ ਗਈ ਤੇ ਸਾਰੇ ਸ਼ੱਕੀ ਕੇਸਾਂ ਦੀ ਸ਼ਨਾਖ਼ਤ ਕੀਤੀ ਗਈ। ਬੀਐੱਮਸੀ ਨੇ ਰੋਗੀਆਂ ਦੀ ਜਾਂਚ ਲਈ ਸਾਰੇ ਪ੍ਰੈਕਟੀਸ਼ਨਰਾਂ ਨੂੰ ਆਪੋਆਪਣੇ ਕਲੀਨਿਕਸ ਖੋਲ੍ਹਣ ਲਈ ਹੱਲਾਸ਼ੇਰੀ ਦਿੱਤੀ ਅਤੇ ਕੋਵਿਡ–19 ਦਾ ਕੋਈ ਸ਼ੱਕੀ ਕੇਸ ਸਾਹਮਣੇ ਆਉਣ ਤੇ ਬੀਐੱਮਸੀ ਨੂੰ ਸੂਚਿਤ ਕਰਨ ਦੀ ਹਦਾਇਤ ਕੀਤੀ ਗਈ। ਬੀਐੱਮਸੀ ਨੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਦੇ ਕਲੀਨਿਕਸ ਨੂੰ ਸੈਨੀਟਾਈਜ਼ ਕੀਤਾ ਤੇ ਉਨ੍ਹਾਂ ਹਰ ਤਰ੍ਹਾਂ ਦੀ ਲੋੜੀਂਦੀ ਮਦਦ ਮੁਹੱਈਆ ਕਰਵਾਈ। ਸ਼ਹਿਰ ਵਿੱਚ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਲਈ, ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਆਨਬੋਰਡ ਲਿਆਂਦਾ ਗਿਆ ਤੇ ਇਲਾਜ ਲਈ ਉਨ੍ਹਾਂ ਨੂੰ ਅਕਵਾਇਰ ਕੀਤਾ ਗਿਆ।

ਘਰ ਵਿੱਚ ਕੁਆਰੰਟੀਨ ਦੇ ਵਿਕਲਪ ਨਾਲ ਕੋਈ ਬਹੁਤੇ ਪ੍ਰਭਾਵਸ਼ਾਲੀ ਅਤੇ ਇੱਛਤ ਨਤੀਜੇ ਨਾ ਨਿੱਕਲ ਸਕੇ ਕਿਉਂਕਿ ਇਲਾਕਾ ਬਹੁਤ ਤੰਗ ਹੋਣ ਕਾਰਨ ਜਗ੍ਹਾ ਦੀਆਂ ਬਹੁਤ ਸੀਮਾਵਾਂ ਸਨ, ਇਸੇ ਲਈ ਸਾਰੇ ਉਪਲਬਧ ਸਕੂਲਾਂ, ਜੰਞ ਘਰਾਂ, ਸਪੋਰਟਸ ਕੰਪਲੈਕਸ ਆਦਿ ਵਿੱਚ ਸੰਸਥਾਗਤ ਕੁਆਰੰਟੀਨ ਸੁਵਿਧਾਵਾਂ ਬਣਾਈਆਂ ਗਈਆਂ। ਉੱਥੇ ਨਾਸ਼ਤੇ, ਦੁਪਹਿਰ ਤੇ ਰਾਤ ਦੇ ਖਾਣਿਆਂ ਲਈ ਸਮੂਹਕ ਰਸੋਈ (ਲੰਗਰ) ਦੇ ਇੰਤਜ਼ਾਮ ਕੀਤੇ ਗਏ ਅਤੇ 24 ਘੰਟੇ ਮੈਡੀਕਲ ਸੇਵਾਵਾਂ, ਜ਼ਰੂਰੀ ਦਵਾਈਆਂ ਤੇ ਉਪਕਰਣਾਂ ਤੱਕ ਪਹੁੰਚ ਉਪਲਬਧ ਕਰਵਾਈ ਗਈ।

ਬੀਐੱਮਸੀ ਵੱਲੋਂ ਕੋਵਿਡ–19 ਵਿਰੁੱਧ ਜੰਗ ਲਈ ਨੀਤੀ ਦੀ ਇੱਕ ਖ਼ਾਸ ਵਿਸ਼ੇਸ਼ਤਾ ਕੰਟੇਨਮੈਂਟ ਦੇ ਉਪਾਅ ਸਖ਼ਤੀ ਨਾਲ ਲਾਗੂ ਕਰਨਾ, ਜਿਸ ਦੇ ਤਿੰਨ ਬੁਨਿਆਦੀ ਭਾਗ ਹਨ: ਵਾਇਰਸ ਦਾ ਫੈਲਣਾ ਰੋਕਣ ਲਈ ਪ੍ਰਭਾਵਸ਼ਾਲੀ ਨੀਤੀ; ਵਿਆਪਕ ਪੱਧਰ ਤੇ ਟੈਸਟਿੰਗ ਕਰਨਾ ਤੇ ਲੋਕਾਂ ਨੂੰ ਵਸਤਾਂ ਤੇ ਜ਼ਰੂਰੀ ਵਸਤਾਂ ਦੀ ਬੇਰੋਕ ਸਪਲਾਈ ਯਕੀਨੀ ਬਣਾਉਣਾ। ਸਿਰਫ਼ ਗੰਭੀਰ ਰੋਗੀਆਂ ਨੂੰ ਹੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣ ਲਈ ਧਾਰਾਵੀ ਤੋਂ ਬਾਹਰ ਲਿਜਾਂਦਾ ਗਿਆ; 90% ਰੋਗੀਆਂ ਦਾ ਇਲਾਜ ਧਾਰਾਵੀ ਦੇ ਅੰਦਰ ਹੀ ਕੀਤਾ ਗਿਆ। ਬੀਐੱਮਸੀ ਨੇ ਰਸਦ ਦੀਆਂ 25,000 ਤੋਂ ਵੱਧ ਕਿੱਟਾਂ ਤੇ ਦੁਪਹਿਰ ਅਤੇ ਰਾਤ ਦੇ ਖਾਣੇ ਲਈ 21,000 ਤੋਂ ਵੱਧ ਭੋਜਨ ਦੇ ਵੱਖੋਵੱਖਰੇ ਪੈਕਟ ਕੰਟੇਨਮੈਂਟ ਜ਼ੋਨਾਂ ਵਿੱਚ ਵੰਡੇ, ਤਾਂ ਜੋ ਲੋਕ ਅੰਦਰ ਹੀ ਰਹਿ ਸਕਣ ਤੇ ਉਨ੍ਹਾਂ ਨੂੰ ਬਾਹਰ ਨਿੱਕਲਣ ਦੀ ਲੋੜ ਨਾ ਪਵੇ, ਤੇ ਇੰਝ ਵਾਇਰਸ ਦਾ ਫੈਲਣਾ ਰੋਕਿਆ ਜਾ ਸਕੇ। ਸਥਾਨਕ ਵਿਧਾਇਕਾਂ, ਸੰਸਦ ਮੈਂਬਰਾਂ ਤੇ ਕਾਰਪੋਰੇਟਰਜ਼ ਨੇ ਵੀ ਭੋਜਨ ਤੇ ਰਾਸ਼ਨ ਦੀ ਮੁਫ਼ਤ ਸਪਲਾਈ ਕੀਤੀ ਤੇ ਅਜਿਹਾ ਸਾਮਾਨ ਵੰਡਿਆ। ਇਸ ਦੇ ਨਾਲ ਹੀ, ਕੰਟੇਨਮੈਂਟ ਖੇਤਰ ਤੇ ਜਨਤਕ/ਸਮੂਹਕ ਪਖਾਨਿਆਂ ਨੂੰ ਵਾਰਵਾਰ ਕੀਟਾਣੂਮੁਕਤ ਕੀਤਾ ਜਾਂਦਾ ਰਿਹਾ। ਐੱਮਐੱਸਆਰਟੀਸੀ (MSRTC) ਦੀਆਂ ਬੱਸਾਂ ਦੀ ਵਰਤੋਂ ਸਟਾਫ਼ ਨੂੰ ਲਿਆਉਣਲਿਜਾਣ ਦੀ ਸੁਵਿਧਾ ਲਈ ਕੀਤੀ ਗਈ। ਵਧੇਰੇ ਖ਼ਤਰੇ ਵਾਲੇ ਜ਼ੋਨ ਨੂੰ ਸਾਰੇ ਪਾਸਿਓਂ ਬੰਦ ਕਰ ਦਿੱਤਾ ਜਾਂਦਾ ਸੀ ਤੇ ਸਥਾਨਕ ਆਗੂਆਂ ਨੂੰ ਕੋਵਿਡ ਯੋਧਿਆਂਵਜੋਂ ਨਿਯੁਕਤ ਕੀਤਾ ਗਿਆ, ਤਾਂ ਜੋ ਸਥਾਨਕ ਭਾਈਚਾਰਿਆਂ ਦੇ ਸਾਰੇ ਮਸਲਿਆਂ ਦਾ ਹੱਲ ਹੋ ਸਕੇ ਤੇ ਉਹ ਸਿਹਤ ਕਰਮਚਾਰੀਆਂ ਅਤੇ ਸਥਾਨਕ ਨਿਵਾਸੀਆਂ ਵਿਚਾਲੇ ਇੱਕ ਪੁਲ਼ ਦਾ ਕੰਮ ਕਰ ਸਕਣ। ਇੰਝ ਕਿਸੇ ਵੀ ਤਰ੍ਹਾਂ ਦੇ ਡਰ ਤੇ ਚਿੰਤਾਵਾਂ ਖ਼ਤਮ ਕਰਨ ਵਿੱਚ ਮਦਦ ਮਿਲੀ ਅਤੇ ਇੰਝ ਸਰਕਾਰ ਦੇ ਯਤਨਾਂ ਵਿੱਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਇਆ।

 

***

 

ਐੱਮਵੀ/ਐੱਸਜੀ


(Release ID: 1633264) Visitor Counter : 205