ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਰਕਾਰੀ ਏਜੰਸੀਆਂ ਦੁਆਰਾ ਕਣਕ ਦੀ ਹੁਣ ਤੱਕ ਦੀ ਸਭ ਤੋਂ ਵੱਧ ਖ਼ਰੀਦ ਕੀਤੀ ਗਈ

ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਆਉਂਦੇ ਮਹੀਨਿਆਂ ’ਚ ਦੇਸ਼ ਦੇ ਲੋਕਾਂ ਲਈ ਅਨਾਜ ਦੀ ਵਾਧੂ ਜ਼ਰੂਰਤ ਪੂਰੀ ਕਰਨ ਲਈ ਤਿਆਰ

ਕੇਂਦਰੀ ਪੂਲ ਲਈ ਕੀਤੀ ਗਈ ਕੁੱਲ 382 ਲੱਖ ਮੀਟ੍ਰਿਕ ਟਨ ਕਣਕ ਤੇ 119 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ

ਕਣਕ ਲਈ ਘੱਟੋ–ਘੱਟ ਸਮਰਥਨ ਮੁੱਲ ਵਜੋਂ 42 ਲਿੱਖ ਕਿਸਾਨਾਂ ਨੂੰ ਅਦਾ ਕੀਤੇ 73,500 ਕਰੋੜ ਰੁਪਏ

Posted On: 17 JUN 2020 5:04PM by PIB Chandigarh

ਸਰਕਾਰੀ ਏਜੰਸੀਆਂ ਵੱਲੋਂ ਕਿਸਾਨਾਂ ਤੋਂ ਕੀਤੀ ਜਾ ਰਹੀ ਕਣਕ ਦੀ ਖ਼ਰੀਦ ਦਾ ਅੰਕੜਾ 16 ਜੂਨ, 2020 ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਸਿਖ਼ਰ ਨੂੰ ਛੂਹ ਗਿਆ ਹੈ, ਜਦੋਂ ਕੇਂਦਰੀ ਪੂਲ ਲਈ ਕੁੱਲ ਖ਼ਰੀਦ 382 ਲੱਖ ਮੀਟ੍ਰਿਕ ਟਨ ਦੀ ਹੋ ਗਈ ਸੀ, ਜਦ ਕਿ ਹੁਣ ਤੱਕ ਇਸ ਖ਼ਰੀਦ ਦਾ ਰਿਕਾਰਡ 2012–13 ਦੌਰਾਨ ਬਣਿਆ ਸੀ, ਜਦੋਂ 381.48 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਇਹ ਨਵੀਂ ਪ੍ਰਾਪਤੀ ਕੋਵਿਡ–19 ਮਹਾਮਾਰੀ ਦੇ ਔਖੇ ਸਮਿਆਂ ਦੌਰਾਨ ਕੀਤੀ ਗਈ ਹੈ, ਜਦੋਂ ਪੂਰਾ ਦੇਸ਼ ਲੌਕਡਾਊਨ ਅਧੀਨ ਸੀ।

 

ਪਹਿਲੇ ਲੌਕਡਾਊਨ ਕਾਰਨ ਖ਼ਰੀਦ ਦੀ ਸ਼ੁਰੂਆਤ ਵਿੱਚ 15 ਦਿਨਾਂ ਦੀ ਦੇਰੀ ਹੋ ਗਈ ਸੀ ਤੇ ਕਣਕ ਦੀ ਵਧੇਰੇ ਪੈਦਾਵਾਰ ਵਾਲੇ ਜ਼ਿਆਦਾਤਰ ਰਾਜਾਂ ਵਿੱਚ ਇਹ ਸ਼ੁਰੂਆਤ 15 ਅਪ੍ਰੈਲ ਤੋਂ ਹੋ ਗਈ ਸੀ, ਜਦ ਕਿ ਆਮ ਹਾਲਾਤ ਵਿੱਚ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ। ਰਾਜ ਸਰਕਾਰਾਂ ਤੇ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਦੀ ਅਗਵਾਈ ਹੇਠ ਸਾਰੀਆਂ ਸਰਕਾਰੀ ਖ਼ਰੀਦ ਏਜੰਸੀਆਂ ਇਹ ਯਕੀਨੀ ਬਣਾਉਣ ਲਈ ਅਸਾਧਾਰਣ ਕਦਮ ਚੁੱਕੇ ਹਨ ਕਿ ਕਿਸਾਨਾਂ ਤੋਂ ਕਣਕ ਬਿਨਾ ਕਿਸੇ ਦੇਰੀ ਦੇ ਸੁਰੱਖਿਅਤ ਤਰੀਕੇ ਖ਼ਰੀਦ ਲਈ ਜਾਵੇ। ਇਸ ਵਰ੍ਹੇ ਰਵਾਇਤੀ ਮੰਡੀਆਂ ਤੋਂ ਇਲਾਵਾ ਸਾਰੇ ਸੰਭਾਵੀ ਸਥਾਨਾਂ ਤੇ ਖ਼ਰੀਦ ਕੇਂਦਰ ਖੋਲ੍ਹੇ ਗਏ ਸਨ ਤੇ ਇਨ੍ਹਾਂ ਕੇਂਦਰਾਂ ਦੀ ਗਿਣਤੀ 14,838 ਤੋਂ ਵਧਾ ਕੇ 21,869 ਕਰ ਦਿੱਤੀ ਗਈ ਸੀ। ਇਸ ਨਾਲ ਮੰਡੀਆਂ ਵਿੱਚ ਕਿਸਾਨਾਂ ਦੀ ਭੀੜ ਘੱਟ ਰੱਖਣ ਵਿੱਚ ਮਦਦ ਮਿਲੀ ਤੇ ਉਚਿਤ ਸਮਾਜਕ ਦੂਰੀ ਯਕੀਨੀ ਹੋ ਸਕੀ। ਟੋਕਨ ਪ੍ਰਣਾਲੀਆਂ ਰਾਹੀਂ ਮੰਡੀਆਂ ਵਿੱਚ ਕਣਕ ਦੀ ਰੋਜ਼ਾਨਾ ਆਮਦ ਨੂੰ ਕੰਟਰੋਲ ਕਰਨ ਲਈ ਟੈਕਨੋਲੋਜੀਕਲ ਸਮਾਧਾਨ ਤਾਇਨਾਤ ਕੀਤੇ ਗਏ ਸਨ। ਨਿਯਮਿਤ ਤੌਰ ਉੱਤੇ ਸੈਨੇਟਾਈਜ਼ਿੰਗ, ਹਰੇਕ ਕਿਸਾਨ ਲਈ ਡੰਪਿੰਗ ਖੇਤਰਾਂ ਦੀ ਸ਼ਨਾਖ਼ਤ ਜਿਹੇ ਬੁਨਿਆਦੀ ਕਦਮ ਚੁੱਕੇ ਗਏ ਸਨ, ਜਿਨ੍ਹਾਂ ਕਰਕੇ ਦੇਸ਼ ਵਿੱਚ ਕਿਤੇ ਵੀ ਕੋਈ ਅਨਾਜ ਖ਼ਰੀਦ ਕੇਂਰ ਕੋਵਿਡ–19 ਦਾ ਹੌਟਸਪੌਟ ਨਹੀਂ ਬਣਿਆ।

 

ਇਸ ਵਰ੍ਹੇ ਕੇਂਦਰੀ ਪੂਲ ਵਿੱਚ 129 ਲੱਖ ਮੀਟ੍ਰਿਕ ਟਨ ਨਾਲ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਰਾਜ ਮੱਧ ਪ੍ਰਦੇਸ਼ ਰਿਹਾ, ਜਿਸ ਨੇ 127 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕਰਨ ਵਾਲੇ ਪੰਜਾਬ ਨੂੰ ਪਿੱਛੇ ਛੱਡਿਆ। ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਨੇ ਵੀ ਕਣਕ ਦੀ ਰਾਸ਼ਟਰੀ ਖ਼ਰੀਦ ਵਿੱਚ ਵਰਨਣਯੋਗ ਯੋਗਦਾਨ ਪਾਇਆ। ਸਮੁੱਚੇ ਭਾਰਤ ਵਿੱਚ 42 ਲੱਖ ਕਿਸਾਨਾਂ ਨੂੰ ਲਾਭ ਹੋਇਆ ਤੇ ਕਣਕ ਲਈ ਘੱਟੋਘੱਟ ਸਮਰਥਨ ਮੁੱਲ ਵਜੋਂ ਉਨ੍ਹਾਂ ਨੂੰ 73,500 ਕਰੋੜ ਰੁਪਏ ਦੀ ਕੁੱਲ ਰਾਸ਼ੀ ਅਦਾ ਕੀਤੀ ਗਈ। ਕੇਂਦਰੀ ਪੂਲ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਅਨਾਜ ਦੀ ਆਮਦ ਨੇ ਯਕੀਨੀ ਬਣਾਇਆ ਕਿ ਐੱਫ਼ਸੀਆਈ ਆਉਂਦੇ ਮਹੀਨਿਆਂ ਦੌਰਾਨ ਦੇਸ਼ ਦੀ ਜਨਤਾ ਲਈ ਅਨਾਜ ਦੀ ਵਾਧੂ ਜ਼ਰੂਰਤ ਪੂਰੀ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ।

 

ਇਸੇ ਸਮੇਂ ਦੌਰਾਨ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ 13,606 ਖ਼ਰੀਦ ਕੇਂਦਰਾਂ ਰਾਹੀਂ 119 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਵੀ ਕੀਤੀ ਗਈ। ਸਭ ਤੋਂ ਵੱਧ ਖ਼ਰੀਦ ਤੇਲੰਗਾਨਾ ਨੇ ਕੀਤੀ, ਜਿਸ ਨੇ 64 ਲੱਖ ਮੀਟ੍ਰਿਕ ਟਨ ਦਾ ਯੋਗਦਾਨ ਪਾਇਆ ਤੇ ਉਸ ਤੋਂ ਆਂਧਰ ਪ੍ਰਦੇਸ਼ ਨੇ 31 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ। ਕਣਕ ਤੇ ਝੋਨੇ ਦੀ ਖ਼ਰੀਦ ਦਾ ਰਾਜਕ੍ਰਮ ਅਨੁਸਾਰ ਵੇਰਵਾ ਨਿਮਨਲਿਖਤ ਅਨੁਸਾਰ ਹੈ

 

ਕਣਕ

ਲੜੀ ਨੰਬਰ

ਰਾਜ ਦਾ ਨਾਮ

ਖ਼ਰੀਦੀ ਕਣਕ ਦੀ ਮਾਤਰਾ (ਲੱਖ ਮੀਟ੍ਰਿਕ ਟਨਾਂ ਵਿੱਚ)

1

ਮੱਧ ਪ੍ਰਦੇਸ਼

129

2

ਪੰਜਾਬ

127

3

ਹਰਿਆਣਾ

74

4

ਉੱਤਰ ਪ੍ਰਦੇਸ਼

32

5

ਰਾਜਸਥਾਨ

19

6

ਹੋਰ

01

ਕੁੱਲ ਜੋੜ

382

 

ਝੋਨਾ

ਲੜੀ ਨੰਬਰ

ਰਾਜ ਦਾ ਨਾਮ

ਖ਼ਰੀਦੇ ਝੋਨੇ ਦੀ ਮਾਤਰਾ (ਲੱਖ ਮੀਟ੍ਰਿਕ ਟਨਾਂ ਵਿੱਚ)

1

ਤੇਲੰਗਾਨਾ

64

2

ਆਂਧਰ ਪ੍ਰਦੇਸ਼

31

3

ਓਡੀਸ਼ਾ

14

4

ਤਮਿਲ ਨਾਡੂ

04

5

ਕੇਰਲ

04

6

ਹੋਰ

02

ਕੁੱਲ ਜੋੜ

119

 

****

ਏਪੀਐੱਸ/ਪੀਕੇ/ਐੱਮਐੱਸ

 (Release ID: 1632243) Visitor Counter : 9