ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਵੱਲੋਂ ਉਨ੍ਹਾਂ ਰਿਪੋਰਟਾਂ ਤੋਂ ਇਨਕਾਰ, ਜਿਨ੍ਹਾਂ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਘੱਟੋ–ਘੱਟ ਸਮਰਥਨ ਮੁੱਲ ਘਟਾਇਆ ਜਾ ਸਕਦਾ ਹੈ


ਮੰਤਰੀ ਨੇ ਅਜਿਹੀਆਂ ਰਿਪੋਰਟਾਂ ਨੂੰ ਮੰਦ–ਭਾਵਨਾ ਤੋਂ ਪ੍ਰੇਰਿਤ ਅਤੇ ਗ਼ਲਤ ਦੱਸਿਆ

ਸ਼੍ਰੀ ਗਡਕਰੀ ਕਿਸਾਨਾਂ ਦੀਆਂ ਫ਼ਸਲਾਂ ਦੀ ਬਦਲਵੀਂ ਵਰਤੋਂ ਲੱਭ ਕੇ ਕਿਸਾਨਾਂ ਦੀ ਆਮਦਨ ਵਧਾਉਣ ਤੇ ਉਨ੍ਹਾਂ ਨੂੰ ਬਿਹਤਰ ਮੁਨਾਫ਼ਾ ਦਿਵਾਉਣ ਦੇ ਆਪਣੇ ਸਟੈਂਡ ’ਤੇ ਕਾਇਮ

Posted On: 13 JUN 2020 4:59PM by PIB Chandigarh


ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਮੀਡੀਆ ਦੇ ਇੱਕ ਵਰਗ ਵੱਲੋਂ ਪੇਸ਼ ਕੀਤੀਆਂ ਗਈਆਂ ਉਨ੍ਹਾਂ ਰਿਪੋਰਟਾਂ ਤੋਂ ਬਹੁਤ ਸਖ਼ਤੀ ਨਾਲ ਇਨਕਾਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਐਂਵੇਂ ਹੀ ਝੂਠ ਆਖ ਦਿੱਤਾ ਗਿਆ ਸੀ ਕਿ ਘੱਟੋ–ਘੱਟ ਸਮਰਥਨ ਮੁੱਲ (ਐੱਮਐੱਸਪੀ ) ਘਟਾਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਅਜਿਹੀਆਂ ਰਿਪੋਰਟਾਂ ਨੂੰ ਨਾ ਸਿਰਫ਼ ਗ਼ਲਤ ਦੱਸਿਆ, ਸਗੋਂ ਉਨ੍ਹਾਂ ਨੂੰ ਮੰਦ–ਭਾਵਨਾ ਤੋਂ ਵੀ ਪ੍ਰੇਰਿਤ ਕਰਾਰ ਦਿੱਤਾ। ਇਸ ਮਾਮਲੇ ਬਾਰੇ ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਸਦਾ ਇਹੋ ਸਟੈਂਡ ਰਿਹਾ ਹੈ ਤੇ ਉਹ ਇਸ ਦੀ ਵਕਾਲਤ ਵੀ ਕਰਦੇ ਰਹੇ ਹਨ ਕਿ ਕਿਸਾਨਾਂ ਦੀਆਂ ਝੋਨੇ/ਚਾਵਲ, ਕਣਕ, ਕਮਾਦ/ਗੰਨਾ ਜਿਹੀਆਂ ਫ਼ਸਲਾਂ ਦੀ ਬਦਲਵੇਂ ਤਰੀਕਿਆਂ ਨਾਲ ਵਰਤੋਂ ਕਰ ਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿਭਿੰਨ ਢੰਗ–ਤਰੀਕੇ ਲੱਭੇ ਜਾ ਸਕਣ। ਮੰਤਰੀ ਨੇ ਦ੍ਰਿੜ੍ਹਤਾਪੂਰਬਕ ਅੱਗੇ ਕਿਹਾ ਕਿ ਜਦੋਂ ਘੱਟੋ–ਘੱਟ ਸਮਰਥਨ ਮੁੱਲ (ਐੱਮਐੱਸਪੀ ) ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ, ਤਦ ਉਹ ਖੁਦ ਉੱਥੇ ਮੌਜੂਦ ਸਨ, ਇਸ ਲਈ ਉਨ੍ਹਾਂ ਵੱਲੋਂ ਐੱਮਐੱਸਪੀ ਘਟਾਉਣ ਦੀ ਗੱਲ ਆਖਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਦੀ ਸਦਾ ਕਿਸਾਨਾਂ ਨੂੰ ਬਿਹਤਰ ਆਮਦਨ ਮੁਹੱਈਆ ਕਰਵਾਉਣ ਦੀ ਤਰਜੀਹ ਰਹੀ ਹੈ ਅਤੇ ਉਸੇ ਭਾਵਨਾ ਵਿੱਚ ਐੱਮਐੱਸਪੀ  ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਬਿਹਤਰ ਕੀਮਤਾਂ ਦਿਵਾਉਣ ਲਈ ਫ਼ਸਲਾਂ ਦੀ ਪ੍ਰਣਾਲੀ ਵਿੱਚ ਤਬਦੀਲੀਆਂ ਬਾਰੇ ਖੋਜ ਕਰਨ ਦੀ ਜ਼ਰੂਰਤ ਹੈ, ਉਦਾਹਰਣ ਵਜੋਂ ਖ਼ੁਰਾਕੀ ਤੇਲ ਬੀਜ ਉਗਾਉਣ ਵਿੱਚ ਬਹੁਤ ਬਿਹਤਰ ਸੰਭਾਵਨਾਵਾਂ ਹਨ ਕਿਉਂਕਿ ਭਾਰਤ ਹਰ ਸਾਲ ਇਨ੍ਹਾਂ ਦੀ ਦਰਾਮਦ ਉੱਤੇ 90,000 ਕਰੋੜ ਰੁਪਏ ਖ਼ਰਚ ਕਰਦਾ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਇਸੇ ਤਰ੍ਹਾਂ ਚਾਵਲ / ਝੋਨੇ / ਕਣਕ / ਮੱਕੀ ਤੋਂ ਈਥਾਨੌਲ ਦੇ ਉਤਪਾਦਨ ਨਾਲ ਵੀ ਉਨ੍ਹਾਂ ਨੂੰ ਨਾ ਸਿਰਫ਼ ਬਿਹਤਰ ਮੁਨਾਫ਼ਾ ਮਿਲੇਗਾ, ਸਗੋਂ ਦਰਾਮਦ ਦੇ ਬਿਲਾਂ ਦੀ ਵੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਇਹ ਜੈਵਿਕ–ਈਂਧਣ ਵਧੇਰੇ ਵਾਤਾਵਰਣ-ਮਿੱਤਰ ਵੀ ਹਨ।
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਇਸ ਬਿਆਨ ਦੀ ਵੀਡੀਓ ਦੇਖਣ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ:
https://www.youtube.com/watch?v=ypd0ieqekqQ&feature=youtu.be
 
***
ਆਰਸੀਜੇ/ਐੱਮਐੱਸ

 



(Release ID: 1631456) Visitor Counter : 172