ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮਹਾਰਾਸ਼ਟਰ ’ਚ ਕੋਵਿਡ–19 ਦੇ ਪ੍ਰਬੰਧ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
Posted On:
11 JUN 2020 6:29PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ), ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ) ਦੀ ਮੌਜੂਦਗੀ ਵਿੱਚ ਸ਼੍ਰੀ ਰਾਜੇਸ਼ ਟੋਪੇ, ਮਹਾਰਾਸ਼ਟਰ ਦੇ ਸਿਹਤ ਮੰਤਰੀ, ਸ਼੍ਰੀ ਅਮਿਤ ਦੇਸ਼ਮੁਖ, ਮਹਾਰਾਬਸ਼ਟਰ ਦੇ ਮੈਡੀਕਲ ਸਿੱਖਿਆ ਮੰਤਰੀ ਅਤੇ ਮਹਾਰਾਸ਼ਟਰ ਦੇ ਕੋਵਿਡ–19 ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀਐੱਮਜ਼ ਨਾਲ (ਵੀਡੀਓ ਕਾਨਫ਼ਰੰਸਿੰਗ ਜ਼ਰੀਏ) ਉੱਚ–ਪੱਧਰੀ ਬੈਠਕ ਕੀਤੀ ਅਤੇ ਇਸ ਮੌਕੇ ਕੇਂਦਰ ਤੇ ਰਾਜ ਦੋਵਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਰਾਜ ਦੇ ਸਾਰੇ 36 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਡਾ. ਹਰਸ਼ ਵਰਧਨ ਨੇ ਮੁੰਬਈ, ਥਾਣੇ, ਪੁਣੇ, ਨਾਸ਼ਿਕ, ਪਾਲਘਰ, ਨਾਗਪੁਰ ਤੇ ਔਰੰਗਬਾਦ ਜ਼ਿਲ੍ਹਿਆਂ ਦੇ ਉੱਚ–ਅਧਿਕਾਰੀਆਂ ਨਾਲ ਨਿਜੀ ਤੌਰ ਉੱਤੇ ਗੱਲਬਾਤ ਕਰਦਿਆਂ ਕੋਵਿਡ–19 ਦੀ ਸਥਿਤੀ ਅਤੇ ਉਸ ਦੇ ਪ੍ਰਬੰਧ ਦੀ ਸਮੀਖਿਆ ਕੀਤੀ; ਇਹ ਸਾਰੇ ਜ਼ਿਲ੍ਹੇ ਵੀਡੀਓ ਕਾਨਫ਼ਰੰਸਿੰਗ ਦੌਰਾਨ ਆਪਸ ’ਚ ਜੁੜੇ ਹੋਏ ਸਨ।
ਅਰੰਭ ਵਿੱਚ, ਡਾ. ਐੱਸ.ਕੇ. ਸਿੰਘ, ਡਾਇਰੈਕਟਰ, ਐੱਨਸੀਡੀਸੀ (NCDC) ਨੇ ਮਹਾਰਾਸ਼ਟਰ ਦੀ ਕੋਵਿਡ–19 ਬਾਰੇ ਤਾਜ਼ਾ ਸਥਿਤੀ ਬਾਰੇ ਪੇਸ਼ਕਾਰੀ ਦਿੱਤੀ, ਵਾਇਰਸ ਤੋਂ ਇਸ ਵੇਲੇ ਪੀੜਤ ਵੱਧ ਗਿਣਤੀ ਵਾਲੇ ਜ਼ਿਲ੍ਹਿਆਂ, ਕੇਸ ਮੌਤ ਦਰ, ਪੁਸ਼ਟੀ ਦਰ, ਡਬਲਿੰਗ ਸਮੇਂ ਅਤੇ ਘੱਟ ਟੈਸਟਿੰਗ ਦਰ ਦੇ ਅੰਕੜੇ ਉਜਾਗਰ ਕੀਤੇ ਗਏ ਸਨ। ਉਨ੍ਹਾਂ ਸਿਹਤ ਬੁਨਿਆਦੀ ਢਾਂਚੇ ਦੀ ਉਪਲਬਧਤਾ ਬਾਰੇ ਅਤੇ ਉਨ੍ਹਾਂ ਜ਼ਿਲ੍ਹਿਆਂ ਬਾਰੇ ਵੀ ਜਾਣਕਾਰੀ ਦਿੱਤੀ, ਜਿੱਥੇ ਪੁਸ਼ਟੀ ਦਰਾਂ ਅਤੇ ਕੇਸ ਮੌਤ ਦਰਾਂ ਵੱਧ ਹਨ ਤੇ ਜਿਨ੍ਹਾਂ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ।
ਮਹਾਰਾਸ਼ਟਰ ’ਚ ਕੋਵਿਡ–19 ਦੀ ਤਾਜ਼ਾ ਸਥਿਤੀ ਬਾਰੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਤੁਰੰਤ ਧਿਆਨ ਦੇਣ ਦੀ ਲੋੜ ਹੈ। ਕੰਟੇਨਮੈਂਟ ਨੀਤੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਅਸੁਰੱਖਿਆ ਕਿੱਥੇ ਤੇ ਕਿਉਂ ਹੈ। ਹਰੇਕ 10 ਲੱਖ ਆਬਾਦੀ ਪਿੱਛੇ ਕੀਤੇ ਜਾਣ ਵਾਲੇ ਟੈਸਟਾਂ ਦੇ ਨਾਲ–ਨਾਲ ਕੇਸ ਮੌਤ ਦਰ ਵਿੱਚ ਵਾਧੇ ਬਾਰੇ ਵੀ ਨਿੱਠ ਕੇ ਵਿਚਾਰ ਹੋਣਾ ਚਾਹੀਦਾ ਹੈ।’
ਸਿਹਤ ਬੁਨਿਆਦੀ ਢਾਂਚੇ ਬਾਰੇ ਡਾ. ਹਰਸ਼ ਵਰਧਨ ਨੇ ਮਹਾਰਾਸ਼ਟਰ ਵਿੱਚ ਆਈਸੀਯੂ, ਵੈਂਟੀਲੇਟਰ ਤੇ ਟੈਸਟਿੰਗ ਲੈਬਸ ਦੀ ਪ੍ਰਣਾਲੀ ਮਜ਼ਬੂਤ ਕਰਨ ਅਤੇ ਆਉਣ ਵਾਲੇ ਸਾਰੇ ਮਰੀਜ਼ਾਂ ਲਈ ਆਈਸੀਯੂ ਤੇ ਵੈਂਟੀਲੇਟਰਜ਼ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਸਲਾਹ ਦਿੱਤੀ। ਮਾਨਵ ਸੰਸਾਧਨ ਪ੍ਰਬੰਧ ਬਾਰੇ ਉਨ੍ਹਾਂ ਕਿਹਾ ਕਿ ਆਨਲਾਈਨ ਟ੍ਰੇਨਿੰਗ ਮਾਡਿਯੂਲਜ਼ ਜ਼ਰੀਏ ਸਿਹਤ–ਸੰਭਾਲ਼ ਕਾਮਿਆਂ ਦੀ ਮਿਆਰੀ ਸਿਖਲਾਈ ਜ਼ਰੀਏ ਸਿਹਤ ਸੰਭਾਲ਼ ਦੇ ਮਿਆਰ ਵਿੱਚ ਸੁਧਾਰ ਲਿਆਂਦਾ ਜਾਣਾ ਚਾਹੀਦਾ ਹੈ।
ਉਨ੍ਹਾਂ ਰਾਜ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਕੋਵਿਡ–19 ਟੈਸਟਾਂ ਦੀਆਂ ਰਿਪੋਰਟਾਂ ਤੁਰੰਤ ਪਹੁੰਚਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ, ਇਸ ਨਾਲ ਕੋਵਿਡ–19 ਮਰੀਜ਼ਾਂ ਦੀ ਸਮੇਂ–ਸਿਰ ਸ਼ਨਾਖ਼ਤ ਤੇ ਉਨ੍ਹਾਂ ਦੇ ਪ੍ਰਬੰਧ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ,‘ਅਸੀਂ 602 ਸਰਕਾਰੀ ਪ੍ਰਯੋਗਸ਼ਾਲਾਵਾਂ ਤੇ 235 ਨਿਜੀ ਪ੍ਰਯੋਗਸ਼ਾਲਾਵਾਂ (ਕੁੱਲ 837 ਪ੍ਰਯੋਗਸ਼ਾਲਾਵਾਂ) ਦੇ ਨੈੱਟਵਰਕ ਜ਼ਰੀਏ ਆਪਣੀ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਹੈ। ਅਸੀਂ ਹੁਣ ਤੱਕ ਕੁੱਲ ਮਿਲਾ ਕੇ 52,13,140 ਸੈਂਪਲ ਟੈਸਟ ਕੀਤੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 1,51,808 ਸੈਂਪਲ ਟੈਸਟ ਕੀਤੇ ਗਏ ਸਨ।’ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 136 ਲੱਖ ਐੱਨ95 ਮਾਸਕ ਅਤੇ 106 ਲੱਖ ਤੋਂ ਵੱਧ ਪੀਪੀਈਜ਼ (PPEs) ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਕੇਂਦਰੀ ਸੰਸਥਾਨਾਂ ਨੂੰ ਵੰਡੇ ਜਾ ਚੁੱਕੇ ਹਨ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ–ਨਿਰਦੇਸ਼ਾਂ ਅਨੁਸਾਰ ਗ਼ੈਰ–ਕੋਵਿਡ ਹਸਪਤਾਲਾਂ ਵਿੱਚ ਪੀਪੀਈਜ਼ (PPEs) ਦੀ ਤਰਕਪੂਰਨ ਵਰਤੋਂ ਯਕੀਨੀ ਬਣਾਉਣੀ ਹੋਵੇਗੀ।
ਡਾ. ਹਰਸ਼ ਵਰਧਨ ਨੇ ਕੋਰੋਨਾ–ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਰੋਗੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖ਼ਤ; ਲੌਜਿਸਟਿਕਸ ਵਾਧਾ ਜਿਵੇਂ ਕਿ ਵੈਂਟੀਲੇਟਰਜ਼ ਵਾਲੇ ਆਈਸੀਯੂ (ICU), ਆਕਸੀਜਨ ਦੀ ਸਹੂਲਤ ਨਾਲ ਲੈਸ ਬਿਸਤਰਿਆਂ ਆਦਿ ਦੀ ਸੁਵਿਧਾ; ਸਿਹਤ–ਸੰਭਾਲ਼ ਕਰਮਚਾਰੀਆਂ ਲਈ ਟ੍ਰਾਂਸਪੋਰਟ ਯਕੀਨੀ ਬਣਾਉਣ; ਲੋਕ ਵਿਰੋਧ ਘਟਾਉਣ ਲਈ ‘ਵਿਵਹਾਰ ਵਿੱਚ ਤਬਦੀਲੀ ਦੇ ਸੰਚਾਰ’ (ਬੀਸੀਸੀ – BCC) ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਵਧੇਰੇ ਜੋਖਮ ਵਾਲੇ ਸੰਪਰਕਾਂ ਦੀ ਕਾਊਂਸਲਿੰਗ ਲਈ ਮਨੁੱਖੀ ਸਰੋਤ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਜ਼ਿਲ੍ਹਿਆਂ ਲਈ ਕੋਰੋਨਾ–ਵਾਇਰਸ ਦੀ ਲਾਗ ਤੋਂ ਪੀੜਤ ਰੋਗੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਭਾਲ ਕਰਨ ਅਤੇ ਪ੍ਰਮੁੱਖ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਸਖ਼ਤੀ ਨਾਲ ਕੁਆਰੰਟੀਨ ਲਈ ਕੇਸਾਂ ਦੀ ਐਪੀਡੈਮੀਓਲੋਜੋਕੀਲ ਜਾਂਚ ਦੇ ਨਾਲ–ਨਾਲ ਕੰਟੇਨਮੈਂਟ ਯੋਜਨਾ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਅਹਿਮ ਹੈ।
ਰਾਜ ਨੂੰ ਖੂਨ ਦੇ ਸੈਂਪਲ ਲੈਣ/ਟ੍ਰਾਂਸਫ਼ਿਊਜ਼ਨ, ਕੀਮੋਥੈਰਾਪੀ, ਡਾਇਲਾਇਸਿਸ ਜਿਹੀਆਂ ਸੇਵਾਵਾਂ ਦੇ ਨਾਲ–ਨਾਲ ਗਰਭਵਤੀ ਔਰਤਾਂ ਲਈ ਖਾਸ ਦੇਖਭਾਲ ਨਾਲ ਜ਼ਰੂਰੀ RMNCHA+N ਸੇਵਾਵਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਯਕੀਨੀ ਬਣਾਉਣ ਦੀ ਸਲਾਹ ਵੀ ਦਿੱਤੀ ਗਈ। ਡਾ. ਹਰਸ਼ ਵਰਧਨ ਨੇ ਕਿਹਾ,‘ਰਾਜ ਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਹੋਵੇਗਾ ਕਿ ਤਪੇਦਿਕ (ਟੀਬੀ – TB) ਨਿਦਾਨ ਲਈ ਜ਼ਰੂਰੀ ਸੇਵਾਵਾਂ ਤੇ ਪ੍ਰਬੰਧ ਪ੍ਰਭਾਵਿਤ ਨਾ ਹੋਣ ਕਿਉਂਕਿ ਇਨ੍ਹਾਂ ਮਰੀਜ਼ਾਂ ਨੂੰ ਕੋਵਿਡ–19 ਦੀ ਲਾਗ ਲੱਗਣ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਟੀਬੀ ਦੇ ਮਾਮਲਿਆਂ ਲਈ ਸਰਗਰਮ ਸਰਵੇਖਣ ਅਤੇ ਕੋਵਿਡ–19 ਵਾਸਤੇ ਘਰੋਂ–ਘਰੀਂ ਜਾ ਕੇ ਸਰਵੇਖਣ ਕੀਤੇ ਜਾਣੇ ਚਾਹੀਦੇ ਹਨ’ ਵਾਇਰਸ ਦੇ ਫੈਲਣ ਉੱਤੇ ਕਾਬੂ ਪਾਉਣ ਲਈ ਜਨਤਕ ਸਥਾਨਾਂ ਉੱਤੇ ਥੁੱਕਣ ਦੀ ਪਾਬੰਦੀ ਯਕੀਨੀ ਬਣਾਉਣ ਲਈ ਸਖ਼ਤ ਕਾਰਵਾਈ ਕਰਨੀ ਹੋਵੇਗੀ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਵੈਕਟਰ ਜ਼ਰੀਏ ਪੈਦਾ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਵਾਜਬ ਕਦਮ ਚੁੱਕਣ ਦੀ ਵੀ ਲੋੜ ਹੈ।
ਰਾਜ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਇਹ ਸੇਵਾਵਾਂ ਮੁਹੱਈਆ ਕਰਵਾਉਣ 3,775 ਤੋਂ ਵੱਧ ਆਯੁਸ਼ਮਾਨ ਭਾਰਤ – ਹੈਲਥ ਐਂਡ ਵੈੱਲਨੈੱਸ ਸੈਂਟਰਾਂ (AB-HWCs) ਦੇ ਨੈੱਟਵਰਕ ਦਾ ਉਪਯੋਗ ਕਰਨ ਲਈ ਕਿਹਾ ਗਿਆ, ਜੋ ਸਮੁੱਚੇ ਰਾਜਾਂ ਵਿੱਚ ਕਾਰਜਸ਼ੀਲ ਹਨ। ਉਨ੍ਹਾਂ ਨੂੰ ਘਰ ਦੇ ਬੂਹੇ ਉੱਤੇ ਡਿਲੀਵਰੀ ਅਤੇ ਓਪੀਡੀ ਸੇਵਾਵਾਂ ਲਈ ਟੈਲੀਮੈਡੀਸਿਨ/ਟੈਲੀ–ਸਲਾਹ–ਮਸ਼ਵਰੇ ਲਈ ਵਲੰਟੀਅਰਾਂ (ਸਵੈ–ਸੇਵਕਾਂ) ਦੀਆਂ ਸੇਵਾਵਾਂ ਲੈਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਨੂੰ ਸਿਹਤ ਕਰਮਚਾਰੀਆਂ ਜਾਂ ਕੰਮ ਲਈ ਸੱਦੇ ਅਸਥਾਈ ਮਨੁੱਖੀ ਸਰੋਤਾਂ ਦੀਆਂ ਤਨਖਾਹਾਂ / ਪ੍ਰੋਤਸਾਹਨਾਂ ਦੇ ਸਮੇਂ–ਸਿਰ ਭੁਗਤਾਨ ਅਤੇ ਜ਼ਰੂਰੀ ਦਵਾਈਆਂ ਦੇ ਉਚਿਤ ਸਟਾਕ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਇਹ ਵੀ ਕਿਹਾ,‘ਕੋਵਿਡ–19 ਦੀ ਦਵਾਈ ਤੇ ਵੈਕਸੀਨ ਲਈ ਬਹੁਤ ਸਾਰੇ ਪਰੀਖਣ ਸ਼ੁਰੂ ਹੋ ਚੁੱਕੇ ਹਨ। ਜਦੋਂ ਤੱਕ ਅਸੀਂ ਅੰਤ ਵਿੱਚ ਕੋਵਿਡ–19 ਨੂੰ ਹਰਾ ਨਹੀਂ ਲੈਂਦੇ, ਤਦ ਤੱਕ ਸਾਨੂੰ ਚੌਕਸ ਰਹਿਣ ਦੀ ਲੋੜ ਹੋਵੇਗੀ। ਸਾਨੂੰ ਕੋਵਿਡ–19 ਦੇ ਖਾਤਮੇ ਲਈ ਇੱਕ–ਦੂਜੇ ਨਾਲ ਜ਼ਰੂਰ ਹੀ ਚੰਗੇ ਅਭਿਆਸ ਅਪਣਾਉਣੇ ਚਾਹੀਦੇ ਹਨ। ਸਾਰੇ ਜ਼ਿਲ੍ਹਾ ਤੇ ਮਿਊਂਸਪਲ ਸਰਕਾਰੀ ਅਧਿਕਾਰੀਆਂ ਨੂੰ ਜ਼ਰੂਰ ਹੀ ਰਾਜ ਤੇ ਕੇਂਦਰ ਨਾਲ ਸਹਿਯੋਗਪੂਰਨ ਨੀਤੀ ਨਾਲ ਕੰਮ ਕਰਨਾ ਹੋਵੇਗਾ।’
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਜ਼ਰੀਏ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਕੇ/ਐੱਸਜੀ
(Release ID: 1630991)
Visitor Counter : 234