ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਲੋਕਲ ਤੋਂ ਗਲੋਬਲ : ਖਾਦੀ ਮਾਸਕ ਦੀ ਵਿਦੇਸ਼ੀ ਬਜ਼ਾਰਾਂ ਵਿੱਚ ਦਸਤਕ
Posted On:
21 MAY 2020 4:06PM by PIB Chandigarh
ਵਿਆਪਕ ਤੌਰ ‘ਤੇ ਮਕਬੂਲ ਖਾਦੀ ਫੇਸ ਮਾਸਕ "ਗਲੋਬਲ" ਹੋਣ ਲਈ ਤਿਆਰ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਸਾਰੇ ਪ੍ਰਕਾਰ ਦੇ ਗ਼ੈਰ - ਮੈਡੀਕਲ/ਗ਼ੈਰ - ਸਰਜੀਕਲ ਮਾਸਕ ਦੇ ਨਿਰਯਾਤ ‘ਤੇ ਰੋਕ ਹਟਾ ਲਏ ਜਾਣ ਤੋਂ ਬਾਅਦ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਹੁਣ ਵਿਦੇਸ਼ਾਂ ਵਿੱਚ ਖਾਦੀ ਕਾਟਨ ਅਤੇ ਰੇਸ਼ਮੀ ਫੇਸ ਮਾਸਕ ਦੇ ਨਿਰਯਾਤ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ ਹੈ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਵੱਲੋਂ ਇਸ ਸੰਦਰਭ ਵਿੱਚ 16 ਮਈ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।
ਇਹ ਕਦਮ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਆਤਮਨਿਰਭਰ ਭਾਰਤ ਅਭਿਯਾਨ" ਨੂੰ ਧਿਆਨ ਵਿੱਚ ਰੱਖਦੇ ਹੋਏ "ਲੋਕਲ ਤੋਂ ਗਲੋਬਲ" ਸੱਦੇ ਦੇ ਕੁਝ ਦਿਨਾਂ ਬਾਅਦ ਉਠਾਇਆ ਗਿਆ ਹੈ। ਕੋਵਿਡ - 19 ਗਲੋਬਲ ਮਹਾਮਾਰੀ ਦੌਰਾਨ ਫੇਸ ਮਾਸਕ ਦੀ ਵੱਡੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਵੀਆਈਸੀ ਨੇ ਕ੍ਰਮਵਾਰ : ਦੋ ਪੱਧਰੀ ਅਤੇ ਤਿੰਨ ਪੱਧਰੀ ਕਾਟਨ ਦੇ ਨਾਲ - ਨਾਲ ਸਿਲਕ ਫੇਸ ਮਾਸਕ ਨੂੰ ਵਿਕਸਿਤ ਕੀਤਾ ਹੈ, ਜੋ ਪੁਰਸ਼ਾਂ ਲਈ ਦੋ ਰੰਗਾਂ ਵਿੱਚ ਅਤੇ ਔਰਤਾਂ ਲਈ ਕਈ ਰੰਗਾਂ ਵਿੱਚ ਉਪਲੱਬਧ ਹੈ।
ਹੁਣ ਤੱਕ ਕੇਵੀਆਈਸੀ ਨੂੰ 8 ਲੱਖ ਫੇਸ ਮਾਸਕ ਦੀ ਸਪਲਾਈ ਦੇ ਆਰਡਰ ਪ੍ਰਾਪਤ ਹੋ ਚੁੱਕੇ ਹਨ ਅਤੇ ਲੌਕਡਾਊਨ ਮਿਆਦ ਦੌਰਾਨ 6 ਲੱਖ ਤੋਂ ਜ਼ਿਆਦਾ ਫੇਸ ਮਾਸਕ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਕੇਵੀਆਈਸੀ ਨੂੰ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦਫ਼ਤਰ, ਕੇਂਦਰ ਸਰਕਾਰ ਦੇ ਮੰਤਰਾਲਿਆਂ , ਜੰਮੂ - ਕਸ਼ਮੀਰ ਸਰਕਾਰ ਤੋਂ ਆਰਡਰ ਪ੍ਰਾਪਤ ਹੋਏ ਹਨ ਅਤੇ ਆਮ ਨਾਗਰਿਕਾਂ ਦੁਆਰਾ ਈਮੇਲ ਰਾਹੀਂ ਆਰਡਰ ਮਿਲੇ ਹਨ। ਫੇਸ ਮਾਸਕ ਦੀ ਵਿਕਰੀ ਕਰਨ ਦੇ ਇਲਾਵਾ, ਪੂਰੇ ਦੇਸ਼ ਵਿੱਚ ਖਾਦੀ ਸੰਸਥਾਨਾਂ ਦੁਆਰਾ ਜ਼ਿਲ੍ਹਾ ਅਥਾਰਿਟੀਆਂ ਨੂੰ 7.5 ਲੱਖ ਤੋਂ ਜ਼ਿਆਦਾ ਖਾਦੀ ਦੇ ਫੇਸ ਮਾਸਕ ਮੁਫਤ ਵਿੱਚ ਵੰਡੇ ਗਏ ਹਨ।
ਕੇਵੀਆਈਸੀ ਦੀ ਯੋਜਨਾ ਦੁਬਈ, ਅਮਰੀਕਾ , ਮਾਰੀਸ਼ਸ ਅਤੇ ਕਈ ਯੂਰਪੀ ਅਤੇ ਮੱਧ ਪੂਰਬ ਦੇਸ਼ਾਂ ਵਿੱਚ ਖਾਦੀ ਫੇਸ ਮਾਸਕ ਦੀ ਸਪਲਾਈ ਕਰਨ ਦੀ ਹੈ , ਜਿੱਥੇ ਪਿਛਲੇ ਕੁਝ ਸਾਲਾਂ ਵਿੱਚ ਖਾਦੀ ਦੀ ਮਕਬੂਲੀਅਤ ਕਾਫ਼ੀ ਵਧੀ ਹੈ । ਕੇਵੀਆਈਸੀ ਦੀ ਯੋਜਨਾ ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਰਾਹੀਂ ਖਾਦੀ ਫੇਸ ਮਾਸਕ ਵਿਕਰੀ ਕਰਨ ਦੀ ਹੈ ।
ਕੇਵੀਆਈਸੀ ਦੇ ਚੇਅਰਮੈਨ, ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਖਾਦੀ ਫੇਸ ਮਾਸਕ ਦਾ ਨਿਰਯਾਤ, "ਲੋਕਲ ਤੋਂ ਗਲੋਬਲ" ਹੋਣ ਦਾ ਸਭ ਤੋਂ ਵਧੀਆ ਉਦਾਹਰਨ ਹੈ। ਸਕਸੈਨਾ ਨੇ ਕਿਹਾ, “ਪ੍ਰਧਾਨ ਮੰਤਰੀ ਦੀ ਅਪੀਲ ਦੇ ਬਾਅਦ ਹਾਲ ਦੇ ਸਾਲਾਂ ਵਿੱਚ ਖਾਦੀ ਦੇ ਕੱਪੜੇ ਅਤੇ ਹੋਰ ਉਤਪਾਦਾਂ ਦੀ ਮਕਬੂਲੀਅਤ ਪੂਰੀ ਦੁਨੀਆ ਵਿੱਚ ਕਾਫ਼ੀ ਵਧੀ ਹੈ। ਖਾਦੀ ਫੇਸ ਮਾਸਕ ਦੇ ਨਿਰਯਾਤ ਨਾਲ ਉਤਪਾਦਨ ਵਿੱਚ ਗਤੀਸ਼ੀਲਤਾ ਆਵੇਗੀ ਅਤੇ ਇਸ ਨਾਲ ਭਾਰਤ ਵਿੱਚ ਕਾਰੀਗਰਾਂ ਲਈ ਵੱਡੇ ਪੈਮਾਨੇ ਉੱਤੇ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।” ਸਕਸੈਨਾ ਨੇ ਇਹ ਵੀ ਕਿਹਾ ਕਿ , ਫੇਸ ਮਾਸਕ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸਭ ਤੋਂ ਮਹੱਤਵਪੂਰਨ ਉਪਕਰਣਾਂ ਵਿੱਚੋਂ ਇੱਕ ਹੈ। ਖਾਦੀ ਫੈਬ੍ਰਿਕ ਨਾਲ ਤਿਆਰ ਇਹ ਡਬਲ ਟਵਿਸਟਡ ਮਾਸਕ ਨਾ ਕੇਵਲ ਗੁਣਵੱਤਾ ਅਤੇ ਮੰਗ ਦੇ ਪੈਮਾਨੇ ‘ਤੇ ਖਰੇ ਉਤਰਦੇ ਹਨ ਬਲਕਿ ਉਹ ਲਾਗਤ ਪ੍ਰਭਾਵੀ, ਸਾਹ ਲੈਣ ਵਿੱਚ ਉਪਯੁਕਤ, ਧੋਣ ਯੋਗ, ਦੁਬਾਰਾ ਵਰਤੋਂ ਯੋਗ ਅਤੇ ਬਾਇਓ - ਡਿਗ੍ਰੇਡੇਬਲ ਹਨ।”
ਇਸ ਮਾਸਕ ਦੇ ਨਿਰਮਾਣ ਵਿੱਚ ਕੇਵੀਆਈਸੀ ਦੁਆਰਾ ਵਿਸ਼ੇਸ਼ ਰੂਪ ਨਾਲ ਡਬਲ ਟਵਿਸਟਡ ਖਾਦੀ ਕੱਪੜੇ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਹ ਨਮੀ ਦੀ ਮਾਤਰਾ ਨੂੰ ਅੰਦਰ ਤੱਕ ਬਣਾਈ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਅਤੇ ਹਵਾ ਨੂੰ ਅੰਦਰ ਜਾਣ ਦੇਣ ਲਈ ਇੱਕ ਅਸਾਨ ਮਾਰਗ ਪ੍ਰਦਾਨ ਕਰਦਾ ਹੈ। ਇਨ੍ਹਾਂ ਮਾਸਕਾਂ ਨੂੰ ਜੋ ਗੱਲ ਵਿਸ਼ੇਸ਼ ਰੂਪ ਤੋਂ ਖਾਸ ਬਣਾਉਂਦੀ ਹੈ ਉਹ ਹੱਥਾਂ ਨਾਲ ਬੁਣੇ ਹੋਏ ਕਾਟਨ ਅਤੇ ਸਿਲਕ ਦੇ ਕੱਪੜੇ ਹਨ। ਕਾਟਨ ਇੱਕ ਮਕੈਨੀਕਲ ਅਵਰੋਧਕ ਦੇ ਰੂਪ ‘ਚ ਜਦਕਿ ਰੇਸ਼ਮ ਇੱਕ ਇਲੈਕਟ੍ਰੌਸਟੈਟਿਕ ਅਵਰੋਧਕ ਦੇ ਰੂਪ ‘ਚ ਕੰਮ ਕਰਦਾ ਹੈ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1625902)
Visitor Counter : 251