ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸ ਰਾਹੀਂ ਗੁੱਟ–ਨਿਰਲੇਪ ਲਹਿਰ (ਐੱਨਏਐੱਮ – NAM) ਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ’ਚ ਭਾਗ ਲਿਆ
‘ਵਸੂਧੈਵ ਕੁਟੁੰਬਕਮ’ –‘ ਸਮੁੱਚਾ ਵਿਸ਼ਵ ਸਾਡਾ ਪਰਿਵਾਰ ਨੂੰ ਉਜਾਗਰ ਕੀਤਾ’
प्रविष्टि तिथि:
20 MAY 2020 5:58PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸ ਰਾਹੀਂ ‘ਗੁੱਟ ਨਿਰਲੇਪ ਲਹਿਰ’ (ਐੱਨਏਐੱਮ – NAM – ਨਾਨ ਅਲਾਈਂਡ ਮੂਵਮੈਂਟ) ਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੁਲਾਕਾਤ ਕੀਤੀ।
ਇਸ ਮੀਟਿੰਗ ਦੀ ਪ੍ਰਧਾਨਗੀ ਅਜ਼ਰਬਾਈਜਾਨ ਗਣਰਾਜ ਦੇ ਸਿਹਤ ਮੰਤਰੀ ਸ਼੍ਰੀ ਓਗਤਾਵ ਸ਼ਿਰਾਲੀਯੇਵ ਨੇ ਕੀਤੀ।
ਐੱਨਏਐੱਮ (NAM) ਦਾ ਇਹ ਸਿਖ਼ਰ ਸੰਮੇਲਨ ਅਜਿਹੇ ਵੇਲੇ ਹੋ ਰਿਹਾ ਹੈ, ਜਦੋਂ ਅੰਤਰਰਾਸ਼ਟਰੀ ਭਾਈਚਾਰਾ ਇੱਕ ਅਜਿਹੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੇ ਕਰੋੜਾਂ ਲੋਕਾਂ ਦੇ ਜੀਵਨਾਂ ਤੇ ਉਪਜੀਵਕਾਵਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਐੱਨਏਐੱਮ (NAM) ਨੇ ਕੋਵਿਡ–19 ਦੇ ਅੰਤਰਰਾਸ਼ਟਰੀ ਖ਼ਤਰੇ ਪ੍ਰਤੀ ਚਿੰਤਾ ਪ੍ਰਗਟਾਈ ਸੀ ਤੇ ਅਤੇ ਇਸ ਵਾਇਰਸ ਦਾ ਟਾਕਰਾ ਵਾਜਬ ਤਿਆਰੀ, ਰੋਕਥਾਮ, ਸਹਿਣਸ਼ੀਲਤਾ–ਉਸਾਰੀ ਤੇ ਰਾਸ਼ਟਰੀ, ਖੇਤਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਤਾਲਮੇਲ ਨਾਲ ਕਰਨ ਦਾ ਸੰਕਲਪ ਲਿਆ ਸੀ।
ਡਾ. ਹਰਸ਼ ਵਰਧਨ ਵੱਲੋਂ ਦਿੱਤਾ ਭਾਸ਼ਾ ਨਿਮਨਲਿਖਤ ਅਨੁਸਾਰ ਹੈ:
‘ਸ਼੍ਰੀਮਾਨ ਚੇਅਰਮੈਨ, ਸਮੂਹ ਮਹਾਮਹਿਮ, ਪਤਵੰਤੇ ਸੱਜਣੋ!
ਮੈਂ ਇਸ ਮੀਟਿੰਗ ਦੇ ਪ੍ਰਧਾਨ ਅਤੇ ਅਜ਼ਰਬਾਈਜਾਨ ਗਣਰਾਜ ਦੇ ਸਿਹਤ ਮੰਤਰੀ ਨੂੰ ਮੁਬਾਰਕਬਾਦ ਤੋਂ ਸ਼ੁਰੂਆਤ ਕਰਨੀ ਚਾਹਾਂਗਾ, ਜਿਨ੍ਹਾਂ ਇਹ ਅਹਿਮ ਕਾਨਫ਼ਰੰਸ ਢੁਕਵੇਂ ਸਮੇਂ ਕਰਵਾਈ।
ਬੇਸ਼ੱਕ ਸਾਡੇ ਗ੍ਰਹਿ ਦੇ ਇਤਿਹਾਸ ਵਿੱਚ ਇਹ ਇੱਕ ਅਣਕਿਆਸਾ ਸਮਾਂ ਹੈ। ਕੋਵਿਡ–19 ਤਿੰਨ ਲੱਖ ਤੋਂ ਵੱਧ (3,00,000) ਕੀਮਤੀ ਜਾਨਾਂ ਲੈ ਚੁੱਕਾ ਹੈ, 40 ਲੱਖ ਤੋਂ ਵੱਧ ਲੋਕਾਂ ਨੂੰ ਇਸ ਦੀ ਲਾਗ ਲੱਗ ਚੁੱਕੀ ਹੈ ਅਤੇ ਅਰਬਾਂ ਲੋਕਾਂ ਦੀਆਂ ਉਪਜੀਵਕਾਵਾਂ ਇਸ ਨੇ ਖੋਹ ਲਈਆਂ ਹਨ। ਮੈਂ ਸਮੁੱਚੇ ਵਿਸ਼ਵ ਦੇ ਉਨ੍ਹਾਂ ਪਰਿਵਾਰਾਂ ਨਾਲ ਤਹਿ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ, ਜਿਨ੍ਹਾਂ ਨੇ ਇਸ ਘਾਤਕ ਰੋਗ ਕਾਰਨ ਆਪਣੇ ਮਿੱਤਰ–ਪਿਆਰਿਆਂ ਨੂੰ ਗੁਆ ਲਿਆ ਹੈ।
ਸ਼੍ਰੀਮਾਨ ਚੇਅਰਮੈਨ, ਕੋਵਿਡ–19 ਨੇ ਸਾਨੂੰ ਅਹਿਸਾਸ ਕਰਵਾਇਆ ਹੈ ਕਿ ਹੁਣ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਪਸ ਵਿੱਚ ਜੁੜੇ ਹੋਏ ਇੱਕ–ਦੂਜੇ ’ਤੇ ਨਿਰਭਰ ਹਾਂ। ਇਸ ਨੇ ਸਾਨੂੰ ਅਹਿਸਾਸ ਕਰਵਾਇਆ ਹੈ ਕਿ ਮਨੁੱਖ ਦੀਆਂ ਆਪਣੀਆਂ ਸਿਰਜੀਆਂ ਚੁਣੌਤੀਆਂ, ਜਿਨ੍ਹਾਂ ਦਾ ਸਾਹਮਣਾ ਅੱਜ ਸਾਡਾ ਗ੍ਰਹਿ ਕਰ ਰਿਹਾ ਹੈ – ਜਿਵੇਂ ਕਿ ਜਲਵਾਯੂ ਤਬਦੀਲੀ ਤੇ ਜਨ–ਸਿਹਤ ਦੀਆਂ ਐਮਰਜੈਂਸੀਆਂ – ਦਾ ਟਾਕਰਾ ਸਿਰਫ਼ ਇਕਜੁੱਟਤਾ ਨਾਲ ਹੀ ਕੀਤਾ ਜਾ ਸਕਦਾ ਹੈ, ਆਪਸੀ ਵਿੱਚ ਵੰਡੀਆਂ ਪਾ ਕੇ ਨਹੀਂ। ਇਸ ਲਈ ਆਪਸੀ ਤਾਲਮੇਲ ਦੀ ਜ਼ਰੂਰਤ ਹੈ, ਇੱਕ–ਦੂਜੇ ’ਤੇ ਦਬਾਅ ਦੀ ਨਹੀਂ।
ਇਸ ਵਿਸ਼ਵ–ਪੱਧਰੀ ਮਹਾਮਾਰੀ ਦਾ ਮੌਜੂਦਾ ਸੰਕਟ ਸਾਨੂੰ ਇਹ ਵੀ ਚੇਤੇ ਕਰਵਾਉਂਦਾ ਹੈ ਕਿ ਸ਼ਾਸਨ ਦੇ ਅੰਤਰਰਾਸ਼ਟਰੀ ਸੰਸਥਾਨਾਂ ਨੂੰ ਹੋਰ ਵਧੇਰੇ ਜਮਹੂਰੀ, ਪਾਰਦਰਸ਼ੀ ਤੇ ਭਰੋਸੇਯੋਗ ਤੇ ਪ੍ਰਭਾਵਸ਼ਾਲੀ ਬਣਨ ਦੀ ਜ਼ਰੂਰਤ ਹੈ ਅਤੇ ਸੋਧਿਆ ਹੋਇਆ ਬਹੁਪੱਖਵਾਦ ਸਮੇਂ ਦੀ ਲੋੜ ਹੈ।
ਭਾਰਤ ਨੇ ਆਪਣੇ ਵੱਲੋਂ ਕੋਵਿਡ ਨਾਲ ਜੰਗ ਇੱਕ ਦ੍ਰਿੜ੍ਹ ਸਿਆਸੀ ਇੱਛਾ–ਸ਼ਕਤੀ ਨਾਲ ਲੜਦਾ ਰਿਹਾ ਹੈ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸੰਕਟ ਨਾਲ ਨਿਪਟਣ ਲਈ ਰਫ਼ਤਾਰ, ਪੈਮਾਨਾ ਤੇ ਦ੍ਰਿੜ੍ਹ ਇਰਾਦੇ ਨੂੰ ਯਕੀਨੀ ਬਣਾਇਆ ਸੀ। ਭਾਰਤ ਨੇ ਵਾਇਰਸ ਫੈਲਣ ਤੋਂ ਰੋਕਣਾ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਹੈ। ਅਸੀਂ ਇਹ ਵੀ ਯਕੀਨੀ ਬਣਾਇਆ ਕਿ ਕੋਵਿਡ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਹੋਰਨਾਂ ਰੋਗਾਂ ਦੇ ਮਰੀਜ਼ਾਂ ਨੂੰ ਅੱਖੋਂ ਪ੍ਰੋਖੇ ਨਾ ਕੀਤਾ ਜਾਵੇ।
ਇਸ ਘਾਤਕ ਰੋਗ ਨੂੰ ਹਰਾਉਣਾ ਯਕੀਨੀ ਬਣਾਉਣ ਲਈ, ਇੱਕ ਸਿਆਸੀ ਇੱਛਾ–ਸ਼ਕਤੀ ਨਾਲ ਲੈਸ 135 ਕਰੋੜ ਭਾਰਤੀਆਂ ਨੇ ਇਕਜੁੱਟ ਹੋ ਕੇ ਰਾਸ਼ਟਰ–ਪੱਧਰੀ ਲੌਕਡਾਊਨਜ਼ ਬਾਰੇ ਫ਼ੈਸਲਿਆਂ ਦਾ ਆਦਰ–ਮਾਣ ਰੱਖਿਆ, ਜਿਸ ਨਾਲ ਸਾਡੀ ਮੌਤ ਦਰ ਘਟੀ ਤੇ ਰੋਗ ਦਾ ਫੈਲਣਾ ਰੁਕ ਸਕਿਆ। ਸੂਖਮ ਸ਼ਨਾਖ਼ਤ, ਸਮੂਹਕ ਏਕਾਂਤਵਾਸ ਅਤੇ ਤੁਰਤ–ਫੁਰਤ ਇਲਾਜ ਦੀ ਸਾਡੀ ਨੀਤੀ ਦੇ ਬਿਹਤਰ ਨਤੀਜੇ ਦੇਖਣ ਨੂੰ ਮਿਲੇ ਅਤੇ ਵੱਡੇ ਪੱਧਰ ਉੱਤੇ ਇਸ ਵਾਇਰਸ ਦੇ ਫੈਲਣ ਅਤੇ ਕੋਵਿਡ–19 ਕਾਰਨ ਹੋਣ ਵਾਲੀਆਂ ਮੌਤਾਂ ਦੀ ਰੋਕਥਾਮ ਹੋ ਸਕੀ।
ਭਾਵੇਂ ਭਾਰਤ ਕੋਲ ਇੱਕ ਮਜ਼ਬੂਤ ਸਿਹਤ–ਸੰਭਾਲ ਪ੍ਰਣਾਲੀ ਹੈ ਪਰ ਫਿਰ ਵੀ ਅਸੀਂ ਤੁਰੰਤ ਕਾਰਵਾਈ ’ਚ ਜੁਟ ਗਏ ਤੇ ਬੁਨਿਆਦੀ ਢਾਂਚੇ ਦੇ ਨਾਂਲ–ਨਾਲ ਮਾਨਵ–ਸ਼ਕਤੀ ਦੀਆਂ ਮੱਦਾਂ ਵਿੱਚ ਸਮਰੱਥਾ ਵਧਾਈ। 10,000 ਸਮਰਪਿਤ ਕੋਵਿਡ ਹਸਪਤਾਲਾਂ ਤੇ ਦੇਖਭਾਲ ਕੇਂਦਰਾਂ ਦੇ ਸਮੂਹ ਅਤੇ 20 ਲੱਖ ਤੋਂ ਵੱਧ ਸਿੱਖਿਅਤ ਸਿਹਤ–ਸੰਭਾਲ ਕਾਰਜ–ਬਲਾਂ ਨਾਲ, ਪਿਛਾਂਹ ਮੁੜ ਕੇ ਨਹੀਂ ਤੱਕਿਆ ਗਿਆ।
ਆਪਣੇ ਨਾਗਰਿਕਾਂ ਦੀ ਦੇਖਭਾਲ ਕਰਨ ਦੇ ਨਾਲ–ਨਾਲ ਅਸੀਂ ਹੋਰਨਾਂ ਦੇਸ਼ਾਂ ਨੂੰ ਇਮਦਾਦ ਵੀ ਭੇਜੀ। ਸਾਡੇ ਬਿਲਕੁਲ ਗੁਆਂਢ ’ਚ, ਅਸੀਂ ਕੋਵਿਡ–19 ਦਾ ਮੁਕਾਬਲਾ ਕਰਨ ਲਈ ਤਾਲਮੇਲ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤ ਦੀ ਮੈਡੀਕਲ ਮੁਹਾਰਤ ਸਾਂਝੀ ਕਰਦਿਆਂ ਸਮਰੱਥਾ–ਨਿਰਮਾਣ ਸੰਗਠਤ ਕੀਤੀ।
ਭਾਰਤ ਨੇ ਖਾਸ ਤੌਰ ’ਤੇ ਸਸਤੀਆਂ ਦਵਾਈਆਂ ਦੇ ਮਾਮਲੇ ’ਚ ਵਿਸ਼ਵ ਦੀ ਫ਼ਾਰਮੇਸੀ ਵਜੋਂ ਆਪਣੀ ਸਾਖ਼ ਨੂੰ ਕਾਇਮ ਰੱਖਿਆ ਹੈ। ਆਪਣੇ ਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਇਲਾਵਾ, ਅਸੀਂ ਐੱਨਏਐੱਮ (NAM) ਦੇ 59 ਮੈਂਬਰ ਦੇਸ਼ਾਂ ਸਮੇਤ 123 ਤੋਂ ਵੱਧ ਭਾਈਵਾਲ ਦੇਸ਼ਾਂ ਨੂੰ ਮੈਡੀਕਲ ਸਪਲਾਈਜ਼ ਮੁਹੱਈਆ ਕਰਵਾਈਆਂ ਹਨ। ਅਸੀਂ ਦਵਾਈਆਂ ਤੇ ਵੈਕਸੀਨਾਂ ਵਿਕਸਿਤ ਕਰਨ ਦੇ ਅੰਤਰਰਾਸ਼ਟਰੀ ਜਤਨਾਂ ਵਿੱਚ ਸਰਗਰਮੀ ਨਾਲ ਭਾਗ ਲੈ ਰਹੇ ਹਾਂ।
ਅਸੀਂ ਕੋਵਿਡ–19 ਸੰਕਟ ਪ੍ਰਤੀ ਹੁੰਗਾਰੇ ਦੇ ਮਾਮਲੇ ’ਚ ਐੱਨਏਐੱਮ (NAM) ਮੈਂਬਰ ਦੇਸ਼ਾਂ ਵਿਚਾਲੇ ਇੱਕਸੁਰਤਾ ਪ੍ਰਤੀ ਸੁਹਿਰਦਤਾ ਨਾਲ ਪ੍ਰਤੀਬੱਧ ਰਹੇ ਹਾਂ। ਬੀਤੀ 4 ਮਈ ਨੂੰ ਐੱਨਏਐੱਮ (NAM) ਸੰਪਰਕ ਸਮੂਹ ਦੀ ਵੀਡੀਓ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਦੇਸ਼ ਦੀ ਸਿਰਫ਼ ਐੱਨਏਐੱਮ (NAM) ਦੇਸ਼ਾਂ ਨਾਲ ਹੀ ਨਹੀਂ, ਸਗੋਂ ਪੂਰੀ ਦੁਨੀਆ ਨਾਲ ਹੀ ਇੱਕਸੁਰਤਾ ਪ੍ਰਗਟਾਈ ਕਿਉਕਿ ਅਸੀਂ ‘ਵਸੂਧੈਵ ਕੁਟੁੰਬਕਮ’ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਹਾਂ, ਜਿਸ ਦਾ ਅਰਥ ਹੈ ਕਿ ਸਮੁੱਚਾ ਵਿਸ਼ਵ ਸਾਡਾ ਪਰਿਵਾਰ ਹੈ।
ਸ਼੍ਰੀਮਾਨ ਚੇਅਰਮੈਨ, ਮੈਂ ਇਹ ਆਖ ਕੇ ਆਪਣੀ ਗੱਲ ਖ਼ਤਮ ਕਰਨੀ ਚਾਹਾਂਗਾ ਕਿ ਵਿਕਾਸਸ਼ੀਲ ਦੇਸ਼ ਹੋਦ ਦੇ ਨਾਤੇ, ਇਹ ਸਾਡੇ ਲੋਕ ਹਨ, ਜੋ ਇਨ੍ਹਾਂ ਤਬਦੀਲੀਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸਾਨੂੰ ਸਭ ਨੂੰ ਜ਼ਰੂਰ ਹੀ ਇਹ ਅਹਿਸਾਸ ਕਰਨਾ ਚਾਹੀਦਾ ਹੈ ਕਿ ਸਾਡੀਆਂ ਹੋਣੀਆਂ ਇੱਕ–ਦੂਜੇ ਨਾਲ ਜੁੜੀਆਂ ਹੋਈਆਂ ਹਨ ਤੇ ਅਜਿਹਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਭਾਰਤ ਇਹੋ ਚਾਹੁੰਦਾ ਹੈ ਕਿ ਐੱਨਏਐੱਮ (NAM) ਦੀਆਂ ਇੱਕਸੁਰਤਾ ਤੇ ਭਾਈਚਾਰੇ ਦੀਆਂ ਖਾਸੀਅਤਾਂ ਦੀ ਭਾਵਨਾ ’ਚ ਅਸੀਂ ਇਕਜੁੱਟ ਹੋ ਕੇ ਉਸਾਰੂ ਵਿਚਾਰ–ਵਟਾਂਦਰੇ ਕਰੀਏ, ਸਹਿਯੋਗ ਨਾਲ ਤੇ ਤਾਲਮੇਲ ਨਾਲ ਅੱਗੇ ਵਧਦਿਆਂ ਹੀ ਅਗਲੇਰੀ ਯਾਤਰਾ ਕਰੀਏ।
ਆਪਣਾ ਭਾਸ਼ਣ ਖ਼ਤਮ ਕਰਨ ਤੋਂ ਪਹਿਲਾਂ ਮੈਨੂੰ ਉਨ੍ਹਾਂ ਦਾ ਮਾਣ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਮਨੁੱਖਤਾ ਦਾ ਮਾਣ ਰੱਖਿਆ ਹੈ। ਆਓ ਆਪਾਂ ਸਾਰੇ ਮੂਹਰਲੀ ਕਤਾਰ ਦੇ ਕੋਵਿਡ ਜੋਧਿਆਂ – ਭਾਵ ਸਾਡੇ ਡਾਕਟਰ, ਸਾਡੀਆਂ ਨਰਸਾਂ, ਸਾਡੇ ਪੈਰਾਮੈਡਿਕਸ, ਸਾਡੇ ਸਫ਼ਾਈ ਤੇ ਸੁਰੱਖਿਆ ਸਟਾਫ਼, ਸਾਡੀ ਫ਼ੌਜ, ਪੁਲਿਸ ਤੇ ਨੀਮ–ਫ਼ੌਜੀ ਬਲ, ਸਾਡੇ ਪੱਤਰਕਾਰ, ਉਹ ਸਾਰੇ ਲੋਕ ਜਿਹੜੇ ਸਾਡੇ ਲਈ ਆਪਣੀਆਂ ਜਾਨਾਂ ਖ਼ਤਰੇ ’ਚ ਪਾ ਰਹੇ ਹਨ ਤੇ ਉਨ੍ਹਾਂ ਦੇ ਪਰਿਵਾਰ ਜਿਹੜੇ ਆਪਣੇ ਮੈਂਬਰਾਂ ਨੂੰ ਹਰ ਤਰ੍ਹਾਂ ਦੇ ਖ਼ਤਰੇ ਨਾਲ ਭਰਪੂਰ ਮੈਦਾਨ–ਏ–ਜੰਗ ਵਿੱਚ ਭੇਜ ਰਹੇ ਹਨ; ਲਈ ਖੜ੍ਹੇ ਹੋ ਕੇ ਤਾੜੀਆਂ ਵਜਾਈਏ। ਉਨ੍ਹਾਂ ਨੇ ਸਾਨੂੰ ਇੱਕ ਸਬਕ ਸਿਖਾਇਆ ਹੈ ਅਤੇ ਉਹ ਸਬਕ ਇਹ ਹੈ ਕਿ; ਇਹ ਕਦੇ ਨਾ ਭੁਲਾਓ ਕਿ ਹਰ ਤਰ੍ਹਾਂ ਦੇ ਆਰਥਿਕ ਵਿਕਾਸ ਦਾ ਅਧਾਰ ਜ਼ਰੂਰ ਹੀ ਮਨੁੱਖੀ ਭਲਾਈ ਹੋਣਾ ਚਾਹੀਦਾ ਹੈ।
ਤੁਹਾਡਾ ਧੰਨਵਾਦ।’
****
ਐੱਮਵੀ
(रिलीज़ आईडी: 1625560)
आगंतुक पटल : 311