ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇੰਡੀਅਨ ਕੋਸਟ ਗਾਰਡ ਸ਼ਿਪ ‘ਸਚੇਤ’ ਤੇ ਦੋ ਇੰਟਰਸੈਪਟਰ ਕਿਸ਼ਤੀਆਂ ਦੀ ਸ਼ੁਰੂਆਤ ਕੀਤੀ;

ਸਵਦੇਸ਼ੀ ਤੌਰ 'ਤੇ ਬਣੇ ਸ਼ਿਪ ਆਤਮਨਿਰਭਰਤਾ ਅਤੇ ਸਮੁੰਦਰੀ ਸੁਰੱਖਿਆ ਵਧਾਉਣ ਦਾ ਪ੍ਰਤੀਕ ਹਨ: ਰਾਜਨਾਥ ਸਿੰਘ

Posted On: 15 MAY 2020 12:51PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਵੀਡੀਓ ਕਾਨਫਰੰਸ ਜ਼ਰੀਏ ਗੋਆ ਵਿੱਚ ਇੰਡੀਅਨ ਕੋਸਟ ਗਾਰਡ ਜਹਾਜ਼ (ਆਈਸੀਜੀਐੱਸ) ਸਚੇਤ ਅਤੇ ਦੋ ਇੰਟਰਸੈਪਟਰ ਕਿਸ਼ਤੀਆਂ (ਆਈਬੀ) ਸੀ-450 ਅਤੇ ਸੀ-451 ਦੀ ਤਾਇਨਾਤੀ ਕੀਤੀ। ਆਈਸੀਜੀਐੱਸ ਸਚੇਤ, ਪੰਜ ਆਫਸ਼ੋਰ ਗਸ਼ਤ ਕਿਸ਼ਤੀਆਂ (ਓਪੀਵੀਜ਼) ਦੀ ਲੜੀ ਵਿੱਚ ਸਭ ਤੋਂ ਪਹਿਲਾਂ ਗੋਆ ਸ਼ਿਪ ਯਾਰਡ ਲਿਮਿਟਿਡ (ਜੀਐੱਸਐਲ) ਦੁਆਰਾ ਸਵਦੇਸ਼ੀ ਰੂਪ ਨਾਲ ਡਿਜ਼ਾਈਨ ਕੀਤੀ ਗਈ ਹੈ ਅਤੇ ਇਸ ਨੂੰ ਅਤਿ-ਆਧੁਨਿਕ ਨੈਵੀਗੇਸ਼ਨ ਅਤੇ ਸੰਚਾਰ ਉਪਕਰਣਾਂ ਨਾਲ ਲੈਸ ਕੀਤਾ ਗਿਆ ਹੈ।

ਆਈਸੀਜੀ ਤੇ ਜੀਐੱਸਐਲ ਦੀ ਡਿਜੀਟਲ ਮਾਧਿਅਮ ਨਾਲ ਕੰਮ ਕਰਨ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਇਨ੍ਹਾਂ ਸਮੁੰਦਰੀ ਜਹਾਜ਼ਾਂ ਦੀ ਸ਼ੁਰੂਆਤ ਭਾਰਤ ਦੀ ਤਟਵਰਤੀ ਸਮਰੱਥਾ ਨਿਰਮਾਣ ਪ੍ਰਕਿਰਿਆ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਤੋਂ ਇਲਾਵਾ, ਕੋਵਿਡ-19 ਵਰਗੀਆਂ ਚੁਣੌਤੀਆਂ ਦੇ ਬਾਵਜੂਦ, ਇਹ ਦੇਸ਼ ਦੀ ਸੁਰੱਖਿਆ ਅਤੇ ਸੁਰੱਖਿਆ ਪ੍ਰਤੀ ਸਾਡੀ ਪ੍ਰਤੀਬੱਧਤਾ ਅਤੇ ਦ੍ਰਿੜ੍ਹਤਾ ਦੀ ਇੱਕ ਵੱਡੀ ਉਦਾਹਰਣ ਹੈ। 'ਸਾਡੇ ਸਮੁੰਦਰੀ ਗਾਰਡ', ਆਈਸੀਜੀ ਅਤੇ ਭਾਰਤੀ ਸ਼ਿਪ ਉਦਯੋਗ ਦੀ ਵੱਧ ਰਹੀ ਤਾਕਤ ਦੇਸ਼ ਲਈ ਮਾਣ ਵਾਲੀ ਗੱਲ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਸਾਗਰ’ (ਸੁਰੱਖਿਆ ਅਤੇ ਖੇਤਰ ਵਿੱਚ ਸਭਨਾਂ ਲਈ ਵਿਕਾਸ) ਦੀ ਪ੍ਰੋੜ੍ਹਤਾ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ, “ਮਹਾਸਾਗਰ ਸਿਰਫ ਸਾਡੇ ਦੇਸ਼ ਹੀ ਨਹੀਂ, ਬਲਕਿ ਵਿਸ਼ਵਵਿਆਪੀ ਖੁਸ਼ਹਾਲੀ ਦਾ ਜੀਵਨ-ਪੰਧ ਵੀ ਹਨ।ਸਾਫ, ਸੁਰੱਖਿਅਤ ਅਤੇ ਨਿਗਰਾਨੀ ਹੇਠ ਆਉਂਦੇ ਸਮੁੰਦਰ ਸਾਡੇ ਰਾਸ਼ਟਰੀ ਨਿਰਮਾਣ ਲਈ ਆਰਥਿਕ ਮੌਕੇ ਪ੍ਰਦਾਨ ਕਰਦੇ ਹਨ। ਭਾਰਤ ਇੱਕ ਉੱਭਰ ਰਹੀ ਸਮੁੰਦਰੀ ਤਾਕਤ ਹੈ ਅਤੇ ਸਾਡੀ ਖੁਸ਼ਹਾਲੀ ਸਮੁੰਦਰ 'ਤੇ ਵੀ ਬਹੁਤ ਨਿਰਭਰ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿੰਮੇਵਾਰ ਸਮੁੰਦਰੀ ਤਾਕਤ ਹੋਣ ਸਦਕਾ ਮਹਾਸਾਗਰ ਸਰਕਾਰ ਲਈ ਤਰਜੀਹੀ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਸਮੁੰਦਰੀ ਕੰਢੇ ਦੀ ਸੁਰੱਖਿਆ ਲਈ ਆਈਸੀਜੀ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਤੱਟ ਰੱਖਿਅਕ ਹੋਣ ਦੇ ਨਾਤੇ, ਅਸੀਂ ਆਪਣੇ ਆਪ ਨੂੰ ਭਰੋਸੇਮੰਦ ਸ਼ਕਤੀ ਵਜੋਂ ਸਥਾਪਤ ਕੀਤਾ ਹੈ। ਇਹ ਨਾ ਸਿਰਫ ਸਾਡੇ ਸਮੁੰਦਰੀ ਕੰਢਿਆਂ ਤੇ ਸਮੁੰਦਰ ਨੇੜਲੀ ਵਸੋਂ ਦੀ ਦੀ ਰਾਖੀ ਕਰਦੇ ਹਨ, ਬਲਕਿ ਵਿਸ਼ੇਸ਼ ਆਰਥਿਕ ਜ਼ੋਨ (ਈਈਜ਼ੈਡ) ਵਿੱਚ ਆਰਥਿਕ ਗਤੀਵਿਧੀਆਂ ਤੇ ਸਮੁੰਦਰੀ ਵਾਤਾਵਰਣ ਦੀ ਰੱਖਿਆ ਵੀ ਕਰਦੇ ਹਨ।

ਰੱਖਿਆ ਮੰਤਰੀ ਨੇ ਮੰਨਿਆ ਕਿ ਦੇਸ਼ ਵਿਰੋਧੀ ਅਨਸਰਾਂ ਵੱਲੋਂ ਪੈਦਾ ਕੀਤੇ ਕਿਸੇ ਵੀ ਤਰ੍ਹਾਂ ਦੇ ਖ਼ਤਰਿਆਂ ਦਾ ਮਾਧਿਅਮ ਸਮੁੰਦਰ ਬਣ ਸਕਦਾ ਹੈ। ਇਸ ਲਈ ਸਾਰੇ ਹਿੱਸੇਦਾਰਾਂ ਵਿੱਚ ਸਹਿਯੋਗੀ ਤੇ ਸਹਿਕਾਰੀ ਪਹੁੰਚ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਅੱਜ ਤੋਂ ਸ਼ਾਮਲ ਕੀਤੇ ਜਾ ਰਹੇ ਤੱਟ ਰੱਖਿਅਕ ਸ਼ਿਪ ਉਨ੍ਹਾਂ ਦੀ ਤਾਕਤ ਵਧਾਉਣਗੇ ਤੇ ਸਮੁੰਦਰੀ ਆਤੰਕਵਾਦ, ਨਸ਼ਾ ਦੀ ਆਮਦ, ਤਸਕਰੀ, ਸਮੁੰਦਰੀ ਕਾਨੂੰਨ ਲਾਗੂ ਕਰਨ ਅਤੇ ਮੁਸ਼ਕਿਲ ਵਿੱਚ ਫਸੇ ਸਮੁੰਦਰੀ ਲੋਕਾਂ ਦੀ ਭਾਲ ਤੇ ਬਚਾਅ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ ਕਰਨ ਵਿੱਚ ਸਹਾਇਤਾ ਕਰਨਗੇ।

ਸ਼੍ਰੀ ਰਾਜਨਾਥ ਸਿੰਘ ਨੇ ਗੋਆ ਦੇ ਸ਼ਿਪਯਾਰਡ ਅਤੇ ਐਲ ਐਂਡ ਟੀ ਸ਼ਿਪਯਾਰਡ, ਹਜ਼ੀਰਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਮੌਜੂਦਾ ਸਥਿਤੀਆਂ ਵਿੱਚ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਅਤੇ ਰੱਖ-ਰਖਾਅ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ, “ਇਹ ਪੇਸ਼ੇਵਰਤਾ ਨੂੰ ਦਰਸਾਉਂਦਾ ਹੈ। ਇਹ ਵਰਣਨਯੋਗ ਹੈ ਕਿ ਇੰਡੀਅਨ ਸ਼ਿਪਯਾਰਡਜ਼ 'ਮੇਕ ਇਨ ਇੰਡੀਆ' ਅਤੇ 'ਆਤਮਨਿਰਭਰ ਭਾਰਤ ਅਭਿਯਾਨ' ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ, ਜੋ ਹਾਲ ਹੀ ਵਿਚ ਸਾਡੇ ਪ੍ਰਧਾਨ ਮੰਤਰੀ ਨੇ ਪ੍ਰੇਰਿਤ ਕੀਤੀ ਸੀ।

ਭਾਰਤੀ ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਕ੍ਰਿਸ਼ਨਸਵਾਮੀ ਨਟਰਾਜਨ ਨੇ ਕਿਹਾ ਕਿ ਕਮਿਸ਼ਨਿੰਗ ਪ੍ਰੋਗਰਾਮ ਨੇ ਇਹ ਸਿੱਧ ਕਰ ਦਿੱਤਾ ਕਿ ਕੋਵਿਡ-19 ਕਾਰਨ ਆਈਆਂ ਰੁਕਾਵਟਾਂ ਦੇ ਬਾਵਜੂਦ ਆਈਸੀਜੀ ਅੱਗੇ ਵਧਦੀ ਗਈ। ਉਨ੍ਹਾਂ ਕਿਹਾ ਕਿ ਆਈਸੀਜੀ ਫਲੀਟ ਵਿੱਚ ਨਵੇਂ ਸਮੁੰਦਰੀ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਆਈਸੀਜੀ ਨੂੰ ਸਮੁੰਦਰ ਵਿੱਚ ਸਦਾ ਚੌਕਸ ਰਹਿਣ ਵਿੱਚ ਮਦਦ ਮਿਲੇਗੀ ਅਤੇ ਕੋਵਿਡ-19 ਵਿਰੁੱਧ ਦੇਸ਼ ਦੀ ਲੜਾਈ ਵਿੱਚ ਯੋਗਦਾਨ ਪਾਇਆ ਜਾਏਗਾ।

105 ਮੀਟਰ ਲੰਮਾ ਸ਼ਿਪ ਸਚੇਤਤਕਰੀਬਨ 2,350 ਟਨ ਵਜ਼ਨੀ ਹੈ ਅਤੇ ਇਸ ਨੂੰ 9,100 ਕਿਲੋਵਾਟ ਦੇ ਦੋ ਡੀਜ਼ਲ ਇੰਜਣ ਚਲਾਉਂਦੇ ਹਨ ਜੋ ਵੱਧ ਤੋਂ ਵੱਧ 26 ਨੌਟਸ ਦੀ ਰਫਤਾਰ ਹਾਸਲ ਕਰਨ ਦੇ ਨਾਲ ਨਾਲ 6,000 ਨੌਟੀਕਲ ਮੀਲ ਤਕ ਡਟੇ ਰਹਿਣ ਲਈ ਤਿਆਰ ਕੀਤਾ ਗਿਆ ਹੈ। ਆਧੁਨਿਕ ਸਾਜ਼ੋ-ਸਾਮਾਨ ਅਤੇ ਪ੍ਰਣਾਲੀਆਂ ਦੇ ਨਾਲ-ਨਾਲ ਤਾਕਤ ਅਤੇ ਪਹੁੰਚ, ਉਸ ਨੂੰ ਕਮਾਂਡ ਪਲੈਟਫਾਰਮ ਦੀ ਭੂਮਿਕਾ ਨਿਭਾਉਣ ਅਤੇ ਆਈਸੀਜੀ ਚਾਰਟਰ ਨੂੰ ਪੂਰਾ ਕਰਨ ਦੀ ਸਮਰੱਥਾ ਪ੍ਰਦਾਨ ਕਰਦੇ ਹਨ। ਸ਼ਿਪ ਨੂੰ ਦੋ ਇੰਜਣ ਵਾਲੇ ਇੱਕ ਹੈਲੀਕਾਪਟਰ ਅਤੇ ਤੇਜ਼ ਰਫਤਾਰ ਚਾਰ ਕਿਸ਼ਤੀਆਂ ਅਤੇ ਝਟਪਟ ਸਵਾਰ ਹੋਣ ਅਤੇ ਖੋਜ ਤੇ ਬਚਾਅ ਕਾਰਜਾਂ ਲਈ ਇੱਕ ਫੁੱਲਣਯੋਗ ਯਾਨੀ ਕਿ ਇਨਫਲੇਟੇਬਲ ਕਿਸ਼ਤੀ ਨੂੰ ਆਪਣੇ ਵਿੱਚ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਇਹ ਬੇੜਾ ਸਮੁੰਦਰ ਵਿੱਚ ਤੇਲ ਦੇ ਰਿਸਾਅ ਕਾਰਨ ਫੈਲੇ ਪ੍ਰਦੂਸ਼ਣ ਨੂੰ ਰੋਕਣ ਲਈ ਸੀਮਤ ਪ੍ਰਦੂਸ਼ਣ ਰੋਕੂ ਉਪਕਰਣ ਲਿਜਾਣ ਦੇ ਵੀ ਸਮਰੱਥ ਹੈ।

ਸਚੇਤਭਾਵ ਆਈਸੀਜੀ ਦੀ ਵਚਨਬੱਧਤਾ ਤੇ ਚੌਕਸ ਰਹਿਣ ਦੀ ਇੱਛਾ ਦਾ ਰਾਸ਼ਟਰ ਦੇ ਸਮੁੰਦਰੀ ਹਿਤਾਂ ਦੀ ਸੇਵਾ ਕਰਨ ਤੇ ਉਨ੍ਹਾਂ ਦੀ ਰਾਖੀ ਲਈ ਸਚੇਤ ਰਹਿਣ ਦਾ ਪ੍ਰਗਟਾਵਾ ਹੈ। ਆਈਸੀਜੀਐੱਸ ਸਚੇਤ ਨੂੰ ਡਿਪਟੀ ਇੰਸਪੈਕਟਰ ਜਨਰਲ ਰਾਜੇਸ਼ ਮਿੱਤਲ ਦੀ ਅਗਵਾਈ ਹੇਠ 11 ਅਧਿਕਾਰੀ ਤੇ 110 ਕਰਮਚਾਰੀਆਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ। ਭਾਰਤੀ ਸਮੁੰਦਰੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਜਹਾਜ਼ ਨੂੰ ਡਿਜੀਟਲ ਮਾਧਿਅਮ ਰਾਹੀਂ ਚਾਲੂ ਕੀਤਾ ਗਿਆ ਹੋਵੇ, ਜਿਸ ਵਿੱਚ ਕੋਵਿਡ-19 ਮਹਾਮਾਰੀ ਕਾਰਨ ਸਮਾਜਿਕ ਦੂਰੀ ਦੇ ਸਖ਼ਤ ਨੇਮਾਂ ਨੂੰ ਬਣਾਈ ਰੱਖਿਆ ਗਿਆ ਹੋਵੇ।

ਆਈਬੀਜ਼ ਸੀ-450 ਤੇ ਸੀ-451 ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ ਗਏ ਹਨ ਅਤੇ ਲਾਰਸਨ ਅਤੇ ਟਊਬਰੋ ਸ਼ਿਪ ਯਾਰਡ ਹਜ਼ੀਰਾ ਵੱਲੋਂ ਤਿਆਰ ਕੀਤੇ ਗਏ ਹਨ, ਅਤੇ ਨਵੀਨਤਮ ਨੈਵੀਗੇਸ਼ਨ ਤੇ ਸੰਚਾਰ ਉਪਕਰਣ ਨਾਲ ਲੈਸ ਹਨ। ਦੋਵੇਂ 30 ਮੀਟਰ ਲੰਬੀਆਂ ਕਿਸ਼ਤੀਆਂ 45 ਨੌਟਸ ਤੋਂ ਵੱਧ ਦੀ ਰਫ਼ਤਾਰ ਹਾਸਲ ਕਰਨ ਦੇ ਸਮਰੱਥ ਹਨ ਅਤੇ ਤੇਜ਼ ਰਫਤਾਰ ਨਾਲ ਪਿੱਛਾ ਕਰਨ, ਨਜ਼ਦੀਕੀ ਤੱਟ ਗਸ਼ਤ ਅਤੇ ਘੱਟ ਤੀਬਰਤਾ ਵਾਲੇ ਸਮੁੰਦਰੀ ਕਾਰਜਾਂ ਲਈ ਤਿਆਰ ਕੀਤੀਆਂ ਗਈਆਂ ਹਨ। ਆਈਬੀਜ਼ ਦੀ ਤੁਰੰਤ ਪ੍ਰਤੀਕ੍ਰਿਆ ਦੀ ਸਮਰੱਥਾ ਇਸ ਨੂੰ ਅਚਾਨਕ ਉੱਭਰਨ ਵਾਲੀਆਂ ਸਮੁੰਦਰੀ ਔਕੜਾਂ ਨੂੰ ਅਸਫਲ ਕਰਨ ਅਤੇ ਜਵਾਬ ਦੇਣ ਲਈ ਆਦਰਸ਼ ਪਲੈਟਫਾਰਮ ਬਣਾਉਂਦੀ ਹੈ। ਸਮੁੰਦਰੀ ਜਹਾਜ਼ਾਂ ਦੀ ਕਮਾਂਨ ਸਹਾਇਕ ਕਮਾਂਡੈਂਟ ਗੌਰਵ ਕੁਮਾਰ ਗੋਲਾ ਤੇ ਸਹਾਇਕ ਕਮਾਂਡੈਂਟ ਏਕਿਨ ਜ਼ੂਤਸ਼ੀ ਹਨ।

ਕੋਸਟ ਗਾਰਡ ਸਵਦੇਸ਼ੀ ਅਸਾਸਿਆਂ ਨੂੰ ਸ਼ਾਮਲ ਕਰਨ ਵਿੱਚ ਮੋਹਰੀ ਰਿਹਾ ਹੈ ਜਿਸ ਨੇ ਇਸ ਨੂੰ ਪੂਰਾ ਸਾਲ ਕਾਰਜਸ਼ੀਲ ਰੂਪ ਵਿੱਚ ਉਪਲਬਧ ਰਹਿਣ ਦੇ ਯੋਗ ਬਣਾਇਆ ਹੈ। ਆਈਬੀਜ਼ ਅੰਦਰ ਸਵਦੇਸ਼ੀ ਸਮੱਗਰੀ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਦੇ ਸਿਲਸਿਲੇ ਵਿੱਚ ਤਕਰੀਬਨ 70 ਪ੍ਰਤੀਸ਼ਤ ਸਮੱਗਰੀ ਸਵਦੇਸ਼ੀ ਹੈ, ਇਸ ਤਰ੍ਹਾਂ ਭਾਰਤੀ ਸ਼ਿਪ ਨਿਰਮਾਣ ਉਦਯੋਗ ਨੂੰ ਲੋੜੀਂਦਾ ਉਤਸ਼ਾਹ ਮਿਲਦਾ ਰਹਿੰਦਾ ਹੈ।

ਕੋਸਟ ਗਾਰਡ ਦੇ ਬੇੜੇ ਵਿੱਚ ਸ਼ਾਮਲ ਹੋਣ 'ਤੇ ਸਮੁੰਦਰੀ ਜਹਾਜ਼ਾਂ ਨੂੰ ਨਿਵੇਕਲੇ ਆਰਥਿਕ ਜ਼ੋਨ (ਈਈਜ਼ੈਡ) ਦੀ ਨਿਗਰਾਨੀ, ਤਟਵਰਤੀ ਸੁਰੱਖਿਆ ਦੇ ਨਾਲ-ਨਾਲ ਕੋਸਟ ਗਾਰਡ ਦੇ ਚਾਰਟਰ ਵਿੱਚ ਦਰਸਾਈਆਂ ਹੋਰ ਡਿਊਟੀਆਂ ਦੀ ਪੂਰਤੀ ਕਰਦਿਆਂ ਦੇਸ਼ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਵੱਡੇ ਪੱਧਰ 'ਤੇ ਤੈਨਾਤ ਕੀਤਾ ਜਾਵੇਗਾ। ਇਨ੍ਹਾਂ ਸਮੁੰਦਰੀ ਜਹਾਜ਼ਾਂ ਦੇ ਚਾਲੂ ਹੋਣ ਨਾਲ, ਆਈਸੀਜੀ ਕੋਲ 150 ਦੇ ਜਹਾਜ਼ਾਂ ਤੇ ਕਿਸ਼ਤੀਆਂ ਅਤੇ 62 ਹਵਾਈ ਜਹਾਜ਼ਾਂ ਦੇ ਨਿਸ਼ਾਨ 'ਤੇ ਪਹੁੰਚ ਗਏ ਹੈ। ਇਸ ਤੋਂ ਇਲਾਵਾ, 40 ਸ਼ਿਪ ਵੱਖ-ਵੱਖ ਭਾਰਤੀ ਸ਼ਿਪਯਾਰਡਾਂ ਵਿੱਚ ਵੱਖ-ਵੱਖ ਪੜਾਵਾਂ ਵਿੱਚ ਨਿਰਮਾਣ ਅਧੀਨ ਹਨ ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ, ਬੰਗਲੁਰੂ ਵਿਖੇ 16 ਆਧੁਨਿਕ ਘੱਟ ਵਜ਼ਨੀ ਹੈਲੀਕਾਪਟਰ ਨਿਰਮਾਣ ਅਧੀਨ ਹਨ, ਜੋ ਆਈਸੀਜੀ ਦੀ ਸਦਾ ਗਤੀਸ਼ੀਲ ਰਹਿੰਦੀਆਂ ਸਮੁੰਦਰੀ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੀ ਤਾਕਤ ਨੂੰ ਵਧੇਰੇ ਮਜ਼ਬੂਤ ਕਰਨਗੇ।

ਆਈਸੀਜੀ ਨੇ ਸਾਲ 2019 ਵਿੱਚ ਇਕੱਲਿਆਂ ਹੀ ਸਮੁੰਦਰ 'ਚ ਤਕਰੀਬਨ 400 ਜਾਨਾਂ ਬਚਾਈਆਂ, ਸਿਵਲ ਅਧਿਕਾਰੀਆਂ ਨੂੰ ਦਿੱਤੀ ਸਹਾਇਤਾ ਦੇ ਹਿੱਸੇ ਵਜੋਂ 4,500 ਜਾਨਾਂ ਬਚਾਈਆਂ ਅਤੇ 32 ਮੈਡੀਕਲ ਬਚਾਅ ਕਾਰਜ ਕਰਨ ਦਾ ਕੰਮ ਕੀਤਾ ਹੈ। ਆਈਸੀਜੀ ਵੱਲੋਂ ਦੁਸ਼ਮਣਾਂ ਦੇ ਮਨਾਂ 'ਚ ਪੈਦਾ ਕੀਤਾ ਖ਼ੌਫ ਸਿਰਫ ਭਾਰਤੀ ਪਾਣੀਆਂ ਤੱਕ ਸੀਮਿਤ ਨਹੀਂ ਹੈ, ਬਲਕਿ ਦੁਵੱਲੇ ਸਹਿਯੋਗ ਸਮਝੌਤਿਆਂ ਦੀਆਂ ਵਿਵਸਥਾਵਾਂ ਅਨੁਸਾਰ ਮਿੱਤਰ ਦੇਸ਼ਾਂ ਦੇ ਸਹਿਯੋਗ ਦੇ ਨਤੀਜੇ ਵਜੋਂ ਹਿੰਦ ਮਹਾਂਸਾਗਰ ਖੇਤਰ (ਆਈਓਆਰ) ਵਿੱਚ ਨਸ਼ਿਆਂ ਦੀ ਸਹੀ ਸੂਚਨਾ ਅਤੇ ਜ਼ਬਤ ਹੋਣ ਤੱਕ ਪਹੁੰਚਿਆ ਹੈ। ਆਈਸੀਜੀ ਅਤੇ ਹੋਰ ਕੌਮਾਂਤਰੀ ਏਜੰਸੀਆਂ ਦਰਮਿਆਨ ਫੌਰਨ ਜਾਣਕਾਰੀ ਸਾਂਝੀ ਕਰਨਾ, ਨਜ਼ਦੀਕੀ ਤਾਲਮੇਲ ਅਤੇ ਇੱਕ ਦੂਜੇ ਨੂੰ ਸਮਝਣਾ, ਹੀ ਇਨ੍ਹਾਂ ਕਾਰਜਾਂ ਦੀ ਮੁੱਖ ਸਫਲਤਾ ਦੇ ਕਾਰਨ ਹਨ। ਇੰਡੀਅਨ ਈਈਜ਼ੈਡ ਦੀ ਬਾਜ਼ ਅੱਖ ਕਾਰਨ 2,000 ਕਰੋੜ ਰੁਪਏ ਦੀ ਕੀਮਤ ਵਾਲੀਆਂ ਤਸਕਰੀ ਕੀਤੇ ਜਾਣ ਵਾਲੇ ਮਾਲ ਨੂੰ ਜ਼ਬਤ ਕਰਨਾ ਯਕੀਨੀ ਬਣਿਆ, ਇਸੇ ਵਕਫੇ ਦੌਰਾਨ ਭਾਰਤੀ ਪਾਣੀਆਂ ਵਿੱਚ ਗੈਰਕਾਨੂੰਨੀ ਢੰਗ ਨਾਲ ਮੱਛੀ ਫੜਨ ਲਈ 119 ਬਦਮਾਸ਼ਾਂ ਦੇ ਨਾਲ 30 ਵਿਦੇਸ਼ੀ ਮੱਛੀ ਫੜਨ ਸਮੁੰਦਰੀ ਜਹਾਜ਼ਾਂ ਨੂੰ ਵੀ ਕਾਬੂ ਕੀਤਾ ਗਿਆ ਹੈ।

ਰੱਖਿਆ ਸਕੱਤਰ ਡਾ. ਅਜੈ ਕੁਮਾਰ, ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ, ਸਕੱਤਰ (ਰੱਖਿਆ ਵਿੱਤ) ਸ਼੍ਰੀਮਤੀ ਗਾਰਗੀ ਕੌਲ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਦਿੱਲੀ ਵਿੱਚ ਮੌਜੂਦ ਸਨ ਜਦੋਂ ਕਿ ਰੱਖਿਆ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਅਤੇ ਗੋਆ ਸ਼ਿਪਯਾਰਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸੀਐੱਮਡੀਈ ਭਾਰਤ ਭੂਸ਼ਣ ਨਾਗਪਾਲ (ਰਿਟਾ.) ਗੋਆ ਵਿੱਚ ਮੌਜੂਦ ਸਨ।

 

 

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1624263) Visitor Counter : 203