ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੀ ਸਲਾਹ ’ਤੇ ਸੀਬੀਐੱਸਈ (CBSE) ਨੇ 9ਵੀਂ ਤੇ 11ਵੀਂ ਜਮਾਤ ਦੇ ਸਾਰੇ ਫ਼ੇਲ੍ਹ ਹੋਏ ਵਿਦਿਆਰਥੀਆਂ ਨੂੰ ਸਕੂਲ ਦੀ ਇੱਕ ਪ੍ਰੀਖਿਆ ਵਿੱਚ ਦੁਬਾਰਾ ਬੈਠਣ ਦਾ ਮੌਕਾ ਦਿੱਤਾ

Posted On: 14 MAY 2020 7:32PM by PIB Chandigarh

ਕੋਵਿਡ19 ਦੇ ਅਣਕਿਆਸੇ ਹਾਲਾਤ ਦੇ ਮੱਦੇਨਜ਼ਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਸੀਬੀਐੱਸਆਈ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਔਨਲਾਈਨ/ਔਫ਼ਲਾਈਨ ਟੈਸਟ ਦੇਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ, ਜਿਹੜੇ 9ਵੀਂ ਤੇ 11ਵੀਂ ਜਮਾਤ ਵਿੱਚ ਫ਼ੇਲ੍ਹ ਹੋ ਗਏ ਹਨ। ਉਸੇ ਸਲਾਹ ਅਨੁਸਾਰ ਸੀਬੀਐੱਸਈ ਨੇ ਇਸ ਸਬੰਧੀ ਇੱਕ ਨੋਟੀਫ਼ਿਕੇਸ਼ਨ (ਅਧਿਸੂਚਨਾ) ਜਾਰੀ ਕੀਤੀ ਹੈ।

https://twitter.com/DrRPNishank/status/1260887906287140865

 

ਸੀਬੀਐੱਸਈ ਨੇ ਆਪਣੇ ਨੋਟੀਫ਼ਿਕੇਸ਼ਨ ਵਿੱਚ ਲਿਖਿਆ ਹੈ ਕਿ ਸਮੁੱਚਾ ਦੇਸ਼ ਇਸ ਵੇਲੇ ਕੋਵਿਡ19 ਕਾਰਨ ਚੁਣੌਤੀਪੂਰਨ ਸਮੇਂ ਦਾ ਸਾਹਮਣਾ ਕਰ ਰਿਹਾ ਹੈ। ਇਹ ਇੱਕ ਅਣਕਿਆਸੀ ਸਥਿਤੀ ਹੈ। ਬੱਚੇ ਘਰਾਂ ਅੰਦਰ ਕੈਦ ਹਨ। ਉਨ੍ਹਾਂ ਦੇ ਸਕੂਲ ਬੰਦ ਪਏ ਹਨ। ਉਨ੍ਹਾਂ ਨੂੰ ਮਾਨਸਿਕ ਤਣਾਅ ਤੇ ਚਿੰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਪਿਆਂ ਨੂੰ ਆਪਣੀਆਂ ਤਨਖਾਹਾਂ, ਪਰਿਵਾਰ ਦੀ ਸਿਹਤ ਦੀ ਫ਼ਿਕਰ ਹੈ। ਇਸ ਔਖੇ ਸਮੇਂ , ਜਿਹੜੇ ਬੱਚੇ ਸਕੂਲ ਦੀ ਪ੍ਰੀਖਿਆ ਪਾਸ ਕਰਨ ਦੇ ਯੋਗ ਨਹੀਂ ਹੋ ਸਕੇ ਹਨ, ਉਹ ਹੋਰ ਵੀ ਪਰੇਸ਼ਾਨ ਹੋ ਗਏ ਹੋਣਗੇ। ਸੀਬੀਐੱਸਈ ਨੂੰ ਅਜਿਹੇ ਵਿਦਿਆਰਥੀਆਂ ਦੇ ਪ੍ਰਸ਼ਨ ਲਗਾਤਾਰ ਮਿਲ ਰਹੇ ਹਨ। ਮਾਪਿਆਂ ਦੇ ਸੁਆਲ ਵੀ ਲਗਾਤਾਰ ਆ ਰਹੇ ਹਨ। ਅਜਿਹੇ ਔਖੇ ਸਮੇਂ, ਸਾਨੂੰ ਸਭ ਨੂੰ ਮਿਲ ਕੇ ਵਿਦਿਆਰਥੀਆਂ ਨੂੰ ਤਣਾਅਮੁਕਤ ਕਰਨ ਤੇ ਉਨ੍ਹਾਂ ਦੀ ਚਿੰਤਾ ਸ਼ਾਂਤ ਕਰਨ ਵਿੱਚ ਉਨ੍ਹਾਂ ਦੀ ਮਦਦ ਲਈ ਇੱਕਜੁਟ ਜਤਨ ਕਰਨੇ ਹੋਣਗੇ।

 

ਮਾਪਿਆਂ ਤੇ ਵਿਦਿਆਰਥੀਆਂ ਦੀਆਂ ਬੇਨਤੀਆਂ ਦੇ ਮੱਦੇਨਜ਼ਰ ਸੀਬੀਐੱਸਈ ਨੇ ਫ਼ੈਸਲਾ ਕੀਤਾ ਕਿ ਇਸ ਅਸਾਧਾਰਣ ਸਥਿਤੀ ਵਿੱਚ ਇੱਕੋਵਾਰੀ ਦੇ ਉਪਾਅ ਵਜੋਂ 9ਵੀਂ ਤੇ 11ਵੀਂ ਜਮਾਤ ਦੇ ਫ਼ੇਲ੍ਹ ਹੋਏ ਸਾਰੇ ਵਿਦਿਆਰਥੀਆਂ ਨੂੰ ਸਕੂਲਅਧਾਰਿਤ ਟੈਸਟ ਵਿੱਚ ਦੁਬਾਰਾ ਬੈਠਣ ਦਾ ਇੱਕ ਮੌਕਾ ਦਿੱਤਾ ਜਾਵੇ। ਇਹ ਮੌਕਾ ਸਾਰੇ ਵਿਦਿਆਰਥੀਆਂ ਨੂੰ ਮਿਲੇਗਾ, ਭਾਵੇਂ ਉਨ੍ਹਾਂ ਦੀਆਂ ਪ੍ਰੀਖਿਆਵਾਂ ਮੁਕੰਮਲ ਹੋਈਆਂ ਹਨ ਜਾਂ ਨਹੀਂ ਤੇ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਹੋਏ ਹਨ ਜਾਂ ਉਨ੍ਹਾਂ ਦੀਆਂ ਪ੍ਰੀਖਿਆਵਾਂ ਮੁਕੰਮਲ ਨਹੀਂ ਹੋਈਆਂ। ਇਹ ਸੁਵਿਧਾ ਸਾਰੇ ਵਿਸ਼ਿਆਂ ਲਈ ਲਾਗੂ ਹੋਵੇਗੀ ਤੇ ਉਮੀਦਵਾਰ ਭਾਵੇਂ ਪਹਿਲਾਂ ਕਿੰਨੀ ਵਾਰ ਵੀ ਪ੍ਰੀਖਿਆ ਦੇ ਚੁੱਕਾ ਹੋਵੇ।

 

ਅਜਿਹੇ ਵਿਦਿਆਰਥੀਆਂ ਦਾ ਹੱਲ ਲੱਭਣ ਵਾਲੇ ਸਕੂਲ ਔਨਲਾਈਨ / ਔਫ਼ਲਾਈਨ / ਕਿਸੇ ਹੋਰ ਨਵੀਂ ਕਿਸਮ ਦੇ (ਇਨੋਵੇਟਿਵ) ਟੈਸਟ ਲੈ ਸਕਦੇ ਹਨ ਤੇ ਉਸ ਟੈਸਟ ਦੇ ਆਧਾਰ ਤੇ ਪ੍ਰੋਮੋਸ਼ਨ ਬਾਰੇ ਫ਼ੈਸਲਾ ਲੈ ਸਕਦੇ ਹਨ। ਇਹ ਟੈਸਟ ਉਨ੍ਹਾਂ ਸਾਰੇ ਵਿਸ਼ਿਆਂ ਵਿੱਚ ਲਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਵਿਦਿਆਰਥੀ ਫ਼ੇਲ੍ਹ ਹੋਏ ਹਨ। ਇਹ ਟੈਸਟ ਲੈਣ ਤੋਂ ਪਹਿਲਾਂ ਸਕੂਲਾਂ ਨੂੰ ਅਜਿਹੇ ਵਿਦਿਆਰਥੀਆਂ ਨੂੰ ਤਿਆਰੀ ਲਈ ਕਾਫ਼ੀ ਸਮਾਂ ਦੇਣਾ ਹੋਵੇਗਾ। ਇਸ ਲਈ ਸੀਬੀਐੱਸਈ ਨਾਲ ਸਬੰਧਿਤ ਸਾਰੇ ਸਕੂਲ 9ਵੀਂ ਤੇ 11ਵੀਂ ਜਮਾਤ ਦੇ ਸਾਰੇ ਫ਼ੇਲ੍ਹ ਵਿਦਿਆਰਥੀਆਂ ਨੂੰ ਉਨ੍ਹਾਂ ਸਾਰੇ ਵਿਸ਼ਿਆਂ ਵਿੱਚ ਟੈਸਟ ਦੇਣ ਦਾ ਮੌਕਾ ਦੇਣਗੇ, ਜਿਨ੍ਹਾਂ ਵਿੱਚ ਉਹ ਫ਼ੇਲ੍ਹ ਹਨ। ਇਹ ਇੱਕ ਵਾਰ ਫਿਰ ਦੁਹਰਾਇਆ ਜਾਂਦਾ ਹੈ ਕਿ ਇਹ ਛੋਟ ਸਾਰੇ ਵਿਦਿਆਰਥੀਆਂ ਨੂੰ ਮਿਲੇਗੀ, ਉਨ੍ਹਾਂ ਨੂੰ ਭਾਵੇਂ ਇਸ ਨੋਟੀਫ਼ਿਕੇਸ਼ਨ ਤੋਂ ਪਹਿਲਾਂ ਵੀ ਕੋਈ ਮੌਕਾ ਦਿੱਤਾ ਗਿਆ ਹੋਵੇ।

ਇੱਕੋਵਾਰੀ ਦਾ ਇਹ ਮੌਕਾ ਸਿਰਫ਼ ਚਾਲੂ ਸਾਲ ਲਈ ਕੋਵਿਡ19 ਕਾਰਨ ਪੈਦਾ ਹੋਈਆਂ ਅਣਕਿਆਸੀਆਂ ਸਥਿਤੀਆਂ ਕਾਰਨ ਦਿੱਤਾ ਜਾ ਰਿਹਾ ਹੈ। ਇਹ ਲਾਭ ਇੱਕੋਵਾਰੀ ਦਾ ਉਪਾਅ ਹੈ ਤੇ ਭਵਿੱਖ ਚ ਅਜਿਹਾ ਹੋਰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।

 

*****

ਐੱਨਬੀ/ਏਕੇਜੇ/ਏਕੇ/ਓਏ



(Release ID: 1623967) Visitor Counter : 176