ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਵੱਲੋਂ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਵੈੱਬੀਨਾਰ ਰਾਹੀਂ ਗੱਲਬਾਤ
ਅਕਾਦਮਿਕ ਸਾਲ 2020–21 ਲਈ ਆਈਆਈਟੀ, ਆਈਆਈਆਈਟੀ ਅਤੇ ਐੱਨਆਈਟੀਜ਼ ਲਈ ਫ਼ੀਸ ’ਚ ਕੋਈ ਵਾਧਾ ਨਹੀਂ ਹੋਵੇਗਾ: ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
ਐੱਨਈਈਟੀ 26 ਜੁਲਾਈ, 2020 ਨੂੰ ਹੋਵੇਗੀ– ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
ਜੇਈਈ ਮੇਨ 18, 20, 21, 22 ਤੇ 23 ਜੁਲਾਈ, 2020 ਨੂੰ ਹੋਣਗੀਆਂ – ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
ਯੂਜੀਸੀ ਐੱਨਈਟੀ – 2020 ਤੇ ਜੇਈਈ (ਅਡਵਾਂਸਡ) ਦੀਆਂ ਮਿਤੀਆਂ ਦਾ ਐਲਾਨ ਛੇਤੀ ਹੋਵੇਗਾ – ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
ਸੀਬੀਐੱਸਈ 12ਵੀਂ ਬੋਰਡ ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ ਦੋ ਦਿਨਾਂ ’ਚ ਹੋਵੇਗਾ – ਮਾਨਵ ਸੰਸਾਧਨ ਵਿਕਾਸ ਮੰਤਰੀ
Posted On:
05 MAY 2020 4:08PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਇੱਕ ਵੈੱਬੀਨਾਰ ਰਾਹੀਂ ਪੂਰੇ ਦੇਸ਼ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇੱਕ ਘੰਟੇ ਦੀ ਇਸ ਗੱਲਬਾਤ ਦੌਰਾਨ, ਮੰਤਰੀ ਨੇ ਹੋਰਨਾਂ ਤੋਂ ਇਲਾਵਾ ਸਕੂਲ ਪ੍ਰੀਖਿਆਵਾਂ, ਦਾਖ਼ਲਾ ਪ੍ਰੀਖਿਆਵਾਂ, ਅਕਾਦਮਿਕ ਕੈਲੰਡਰ, ਔਨਲਾਈਨ ਸਿੱਖਿਆ, ਫ਼ੀਸਾਂ, ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਅੰਤਰਰਾਸ਼ਟਰੀ ਵਿਦਿਆਰਥੀਆਂ, ਫ਼ੈਲੋਸ਼ਿਪਸ ਬਾਰੇ ਵਿਦਿਆਰਥੀਆਂ ਦੀਆਂ ਵਿਭਿੰਨ ਚਿੰਤਾਵਾਂ ਤੇ ਪ੍ਰਸ਼ਨਾਂ ਦਾ ਜਵਾਬ ਦਿੱਤਾ।
ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇਸ਼ ਦੇ ਵਿਦਿਆਰਥੀਆਂ ਦੀ ਤੰਦਰੁਸਤੀ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਬਹੁਤ ਫ਼ਿਕਰਮੰਦ ਹਨ। ਇਸੇ ਕਾਰਨ ਮੰਤਰਾਲਾ ਵਿਦਿਆਰਥੀਆਂ ਦੀਆਂ ਚਿੰਤਾਵਾਂ ਦਾ ਤੁਰੰਤ ਹੱਲ ਲੱਭਣ ਲਈ ਹਰ ਤਰ੍ਹਾਂ ਦੇ ਕਦਮ ਚੁੱਕ ਰਿਹਾ ਹੈ। ਸ਼੍ਰੀ ਪੋਖਰਿਯਾਲ ਨੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸੰਜੇ ਧੋਤ੍ਰੇ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਤੇ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਵਰਨਣਯੋਗ ਕੰਮ ਦੀ ਸ਼ਲਾਘਾ ਕੀਤੀ।
ਇਸ ਗੱਲਬਾਤ ਦੌਰਾਨ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਮੁਲਤਵੀ ਪਈਆਂ ਦਾਖ਼ਲ ਪ੍ਰੀਖਿਆਵਾਂ ਦਾ ਐਲਾਨ ਕੀਤਾ। ਉਨ੍ਹਾਂ ਸੂਚਿਤ ਕੀਤਾ ਕਿ ਐੱਨਈਈਟੀ (NEET) 26 ਜੁਲਾਈ, 2020 ਨੂੰ ਹੋਵੇਗੀ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਜੇਈਈ ਮੇਨ (JEE MAIN) 18, 20, 21, 22 ਅਤੇ 23 ਜੁਲਾਈ, 2020 ਨੂੰ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਈਈ (ਅਡਵਾਂਸ) (JEE (Advance) ਅਗਸਤ ’ਚ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯੂਜੀਸੀ ਐੱਨਈਟੀ (UGC NET) – 2020 ਅਤੇ ਸੀਬੀਐੰਸਈ (CBSE) 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ।
ਮਾਨਸਿਕ ਸਿਹਤ ਦੇ ਮੁੱਦੇ ’ਤੇ ਵਿਦਿਆਰਥੀਆਂ ਨਾਲ ਗੱਲ ਕਰਦਿਆਂ ਸ਼੍ਰੀ ਰਮੇਸ਼ ਪੋਖਰਿਯਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਰੂਰ ਹੀ ਸ਼ਾਂਤ ਰਹਿ ਕੇ ਆਪਣੇ ਅਧਿਐਨ ਕੋਰਸਾਂ ਉੱਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦਾ ਇੱਕ ਟਾਈਮ–ਟੇਬਲ ਤਿਆਰ ਕਰਨਾ ਚਾਹੀਦਾ ਹੈ ਤੇ ਪੜ੍ਹਾਈ ਦੌਰਾਨ ਛੋਟੇ ਵਕਫ਼ੇ ਲੈਣੇ ਚਾਹੀਦੇ ਹਨ। ਮੰਤਰੀ ਨੇ ਕਿਹਾ ਕਿ ਦਾਖ਼ਲਾ ਪ੍ਰੀਖਿਆ ਵਿੱਚ ਮੱਲ ਮਾਰਨ ਲਈ, ਸਿਲੇਬਸ ਤੇ ਪ੍ਰੀਖਿਆ ਦੀ ਪੱਧਤੀ ਜਾਣਨਾ ਮਹੱਤਵਪੂਰਣ ਹੁੰਦਾ ਹੈ। ਉਨ੍ਰਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚਿੰਤਾ ਨਾ ਕਰਨ, ਤੰਦਰੁਸਤੀ ਦੇਣ ਵਾਲਾ ਭੋਜਨ ਖਾਣ ਤੇ ਸੁਰੱਖਿਅਤ ਰਹਿਣ।
ਸ਼੍ਰੀ ਪੋਖਰਿਯਾਲ ਨੇ ਵਿਦਿਆਰਥੀਆਂ ਨੂੰ ਲਿੰਕ: https://nta.ac.in/LecturesContent ’ਤੇ ‘ਨੈਸ਼ਨਲ ਟੈਸਟਿੰਗ ਏਜੰਸੀ’ ਦੀ ਅਧਿਕਾਰਤ ਵੈੱਬਸਾਈਟ ’ਤੇ ਭੌਤਿਕ ਵਿਗਿਆਨ (ਫ਼ਿਜ਼ਿਕਸ), ਰਸਾਇਣ ਵਿਗਿਆਨ (ਕੈਮਿਸਟ੍ਰੀ), ਗਣਿਤ (ਮੈਥੇਮੈਟਿਕਸ) ਅਤੇ ਜੀਵ–ਵਿਗਿਆਨ (ਬਾਇਓਲੋਜੀ) ਬਾਰੇ ਲੈਕਚਰਾਂ ਤੱਕ ਪਹੁੰਚ ਕਰ ਕੇ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਵਿਭਿੰਨ ਮੰਚਾਂ ਦੀ ਵਰਤੋਂ ਦਾਖ਼ਲ ਪ੍ਰੀਖਿਆਵਾਂ ਦੀ ਤਿਆਰੀ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਸਵਯੰਪ੍ਰਭਾ ਡੀਟੀਐੱਚ ਚੈਨਲ, ਸਵਯੰਪ੍ਰਭਾ ਦਾ ਆਈਆਈਟੀ ਪਾਲ, ਦੀਕਸ਼ਾ, ਈ ਪਾਠਸ਼ਾਲਾ, ਨੈਸ਼ਨਲ ਡਿਜੀਟਲ ਲਾਇਬਰੇਰੀ, ਸਵਯੰ, ਈ–ਪੀਜੀ ਪਾਠਸ਼ਾਲਾ, ਸ਼ੋਧਗੰਗਾ, ਈ–ਸ਼ੋਧਸਿੰਧੂ, ਈ–ਯੰਤਰ, ਸਪੋਕਨ ਟਿਊਟੋਰੀਅਲ ਤੇ ਵਰਚੁਅਲ ਲੈਬਸ ਸ਼ਾਮਲ ਹਨ। ਮੰਤਰੀ ਨੇ ਵਿਦਿਆਰਥੀਆਂ ਨੂੰ ਇਹ ਸੂਚਿਤ ਕਰਦਿਆਂ ਖੁਸ਼ੀ ਪ੍ਰਗਟਾਈ ਕਿ ਉਚੇਰੀ ਸਿੱਖਿਆ ਦੇ ਸਵਯੰ, ਸਵਯੰ ਪ੍ਰਭਾ, ਵਰਚੁਅਲ ਲੈਬਸ, ਫ਼ੌਸੀ (FOSSEE), ਈ–ਯੰਤਰ ਤੇ ਸਪੋਕਨ ਟਿਊਟੋਰੀਅਲ ਜਿਹੇ ਪ੍ਰਮੁੱਖ ਔਨਲਾਈਨ ਵਿਦਿਅਕ ਪੋਰਟਲਜ਼ ਉੱਤੇ ‘ਹਿੱਟਸ’ ਦੀ ਗਿਣਤੀ ਲੌਕਡਾਊਨ ਦੇ ਸਮੇਂ ਦੌਰਾਨ 5 ਗੁਣਾ ਵਧ ਗਈ ਹੈ।
ਜਿਹੜੇ ਦਿਹਾਤੀ ਇਲਾਕਿਆਂ ਵਿੱਚ ਨੈੱਟਵਰਕਸ ਦੀ ਸਮੱਸਿਆ ਆਉਂਦੀ ਹੈ, ਉੱਥੋਂ ਦੇ ਵਿਦਿਆਰਥੀਆਂ ਨਾਲ ਸਬੰਧਿਤ ਇੱਕ ਸੁਆਲ ਦਾ ਜੁਆਬ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਟਾਟਾ ਸਕਾਈ ਅਤੇ ਏਅਰਟੈਲ ਡੀਟੀਐੱਚ ਆਪਰੇਟਰਜ਼, ਡੀਡੀ–ਡੀਟੀਐੱਚ, ਡਿਸ਼ ਟੀਵੀ ਤੇ ਜੀਓ ਟੀਵੀ ਐਪ ਉੱਤੇ ਸਵਯੰ ਪ੍ਰਭਾ ਚੈਨਲਾਂ ਦੇ ਪ੍ਰਸਾਰਣ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਦੱਸਿਆ ਕਿ ‘ਸਵਯੰ ਪ੍ਰਭਾ’ 32 ਡੀਟੀਐੱਚ ਚੈਨਲਾਂ ਦਾ ਇੱਕ ਸਮੂਹ ਹੈ, ਜੋ ਉੱਚ–ਮਿਆਰੀ ਵਿਦਿਅਕ ਪਾਠਕ੍ਰਮ ਆਧਾਰਤ ਕੋਰਸ ਵਿਸ਼ਾ–ਵਸਤੂ ਮੁਹੱਈਆ ਕਰਵਾਉਂਦਾ ਹੈ, ਜਿਸ ਅਧੀਨ ਆਰਟਸ, ਸਾਇੰਸ, ਕਾਮਰਸ, ਪਰਫ਼ਾਰਮਿੰਗ ਆਰਟਸ, ਸੋਸ਼ਲ ਸਾਇੰਸਜ਼ ਤੇ ਹਿਊਮੈਨਿਟੀਜ਼ ਦੇ ਵਿਸ਼ੇ, ਇੰਜੀਨੀਅਰਿੰਗ, ਟੈਕਨੋਲੋਜੀ, ਕਾਨੂੰਨ, ਮੈਡੀਸਨ, ਖੇਤੀਬਾੜੀ ਆਦਿ ਜਿਹੇ ਵਿਭਿੰਨ ਅਨੁਸ਼ਾਸਨ ਦੇਸ਼ ਭਰ ਦੇ ਉਨ੍ਹਾਂ ਸਾਰੇ ਅਧਿਆਪਕਾਂ, ਵਿਦਿਆਰਥੀਆਂ ਤੇ ਨਾਗਰਿਕਾਂ ਲਈ ਕਵਰ ਕੀਤੇ ਜਾਂਦੇ ਹਨ; ਜਿਨ੍ਹਾਂ ਦੀ ਦਿਲਚਸਪੀ ਜੀਵਨ ਭਰ ਦੀ ਸਿਖਲਾਈ ਹਾਸਲ ਕਰਨ ’ਚ ਹੈ। ਵਿਭਿੰਨ ਡੀਟੀਐੱਚ ਸਰਵਿਸ ਪ੍ਰੋਵਾਈਡਰਜ਼ ਵਿੱਚ ਚੈਨਲ ਨੰਬਰ ਨਿਮਨਲਿਖਤ ਅਨੁਸਾਰ ਹਨ: ਏਅਰਟੈਲ ਟੀਵੀ ਵਿੱਚ: ਚੈਨਲ # 437, ਚੈਨਲ # 438 ਅਤੇ ਚੈਨਲ # 439, ਵੀਐੱਮ ਵਿਡੀਓਕੋਨ ਵਿੱਚ: ਚੈਨਲ # 475, ਚੈਨਲ # 476, ਚੈਨਲ # 477, ਟਾਟਾ ਸਕਾਈ ਵਿੱਚ: ਚੈਨਲ # 756 ਜੋ ਸਵਯੰਪ੍ਰਭਾ, ਡੀਟੀਐੱਚ ਚੈਨਲਜ਼ ਲਈ ਇੱਕ ਵਿੰਡੋ ਪੌਪ–ਅੱਪ ਕਰਦਾ ਹੈ ਅਤੇ ਡਿਸ਼ ਟੀਵੀ ਵਿੱਚ: ਚੈਨਲ # 946, ਚੈਨਲ # 947, ਚੈਨਲ # 949, ਚੈਨਲ # 950. ਮੰਤਰੀ ਨੇ ਉਜਾਗਰ ਕੀਤਾ ਕਿ ਮੰਤਰਾਲਾ ਹੁਣ ਵਿਦਿਆਰਥੀਆਂ ਤੱਕ ਪਾਠਕ੍ਰਮ ਪਹੁੰਚਾਉਣ ਲਈ ਆਲ ਇੰਡੀਆ ਰੇਡੀਓ, ਦੂਰਦਰਸ਼ਨ ਦਾ ਵਿਕਲਪ ਲੱਭਣ ਅਤੇ 2ਜੀ ਨੈੱਟਵਰਕ ਦੀ ਵਰਤੋਂ ਕਰਨ ਦਾ ਜਤਨ ਕਰ ਰਿਹਾ ਹੈ।
ਅਕਾਦਮਿਕ ਸਾਲ 2020–21 ਲਈ ਐੱਨਆਈਟੀਜ਼, ਆਈਆਈਟੀਜ਼ ਅਤੇ ਆਈਆਈਆਈਟੀਜ਼ (NITs, IITs ਅਤੇ IIITs) ਲਈ ਫ਼ੀਸ ਵਾਧੇ ਨਾਲ ਸਬੰਧਿਤ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਅਕਾਦਮਿਕ ਸਾਲ 2020–21 ਲਈ ਆਈਆਈਟੀ, ਆਈਆਈਆਈਟੀਜ਼ ਅਤੇ ਐੱਨਆਈਟੀਜ਼ (IIT, IIITs ਅਤੇ NITs) ਲਈ ਫ਼ੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।
ਨਵੋਦਯ ਵਿਦਿਆਲਯ ਦੇ ਵਿਦਿਆਰਥੀਆਂ ਦੀ ਆਪਣੇ ਸਬੰਧਿਤ ਰਾਜਾਂ ਤੇ ਘਰਾਂ ਵੱਲ ਨੂੰ ਮਾਈਗ੍ਰੇਸ਼ਨ ਕਰਨ ਬਾਰੇ ਮੰਤਰੀ ਨੇ ਸੂਚਿਤ ਕੀਤਾ ਕਿ ਸਾਰੇ ਸਕੂਲਾਂ ਲਈ ਮਾਈਗ੍ਰੇਸ਼ਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਤੇ ਇਸ ਪ੍ਰਕਿਰਿਆ ਨੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੋਂ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਡੀਓ (DO) ਪੱਤਰ ਨਾਲ ਰਫ਼ਤਾਰ ਫੜ ਲਈ ਹੈ। ਉਨ੍ਹਾਂ ਸੂਚਿਤ ਕੀਤਾ ਕਿ 173 ਸਕੂਲਾਂ ਵਿੱਚੋਂ 62 ਤੋਂ ਵੱਧ ਸਕੂਲਾਂ ਨੇ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਹ ਸਾਰੇ ਸਕੂਲ, ਜਿਨ੍ਹਾਂ ਵਿੱਚ ਮਾੲਗ੍ਰੇਟ ਕੀਤੇ ਵਿਦਿਆਰਥੀ ਪੁੱਜੇ ਹਨ, ਉੱਤੇ ਨਿਯਮਤ ਤੌਰ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇੱਧਰ ਤੋਂ ਉੱਧਰ ਜਾ ਰਹੇ ਵਿਦਿਆਰਥੀਆਂ ਨੂੰ ਸੈਨੀਟਾਈਜ਼ਰਜ਼, ਮਾਸਕਸ, ਛੋਟੇ ਸਾਬਣ ਤੇ ਜੇਐੱਨਵੀ (JNV) ਮੈੱਸ ਵਿੱਚ ਬਣੇ ਖਾਣ ਲਈ ਸਨੈਕਸ ਦਿੱਤੇ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਯਾਤਰਾ ਦੌਰਾਨ ਸਾਰੇ ਜੇਐੱਨਵੀਜ਼ (JNVs) ਇਨ੍ਹਾਂ ਵਿਦਿਆਰਥੀਆਂ ਦੀ ਭੋਜਨ, ਠਹਿਰਨ, ਸਨੈਕਸ ਤੇ ਸਿਹਤ–ਸੰਭਾਲ਼ ਜਿਹੇ ਮਾਮਲਿਆਂ ਵਿੱਚ ਮਦਦ ਕਰ ਰਹੇ ਹਨ।
ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਸ਼੍ਰੀ ਪੋਖਰਿਯਾਲ ਨੇ ਸੂਚਿਤ ਕੀਤਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਇਆ ਅਕਾਦਮਿਕ ਪਾੜਾ ਪੂਰਨ ਦੀ ਯੋਜਨਾ ਉਲੀਕ ਰਿਹਾ ਹੈ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਪੜ੍ਹਦੇ ਤੇ ਸਿੱਖਦੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਇਸ ਲਈ ਸਕੂਲ ਤੇ ਉਚੇਰੀ ਸਿੱਖਿਆ ਦੋਵਾਂ ਹਿਤ ਵਿਭਿੰਨ ਈ–ਲਰਨਿੰਗ ਸਰੋਤਾਂ ਤੇ ਡਿਜੀਟਲ ਮੰਚਾਂ ਰਾਹੀਂ ਸਿੱਖਣ ਵਿੱਚ ਮਦਦ ਲੈਣ ਲਈ ਕਿਹਾ ਹੈ। ਸ਼੍ਰੀ ਪੋਖਰਿਯਾਲ ਨੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਕਿ ਪ੍ਰਾਇਮਰੀ, ਅਪਰ ਪ੍ਰਾਇਮਰੀ ਪੜਾਅ ਅਤੇ ਸੈਕੰਡਰੀ ਲਈ ਵੈਕਲਪਿਕ ਕੈਲੰਡਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਕੈਲੰਡਰ ਖੇਡ–ਖੇਡ ਤੇ ਦਿਲਚਸਪ ਤਰੀਕਿਆਂ ਨਾਲ ਸਿੱਖਿਆ ਦੇਣ ਲਈ ਉਪਲਬਧ ਵਿਭਿੰਨ ਟੈਕਨੋਲੋਜੀਕਲ ਟੂਲਸ ਤੇ ਸੋਸ਼ਲ ਮੀਡੀਆ ਟੂਲਸ ਦੀ ਵਰਤੋਂ ਬਾਰੇ ਅਧਿਆਪਕਾਂ ਲਈ ਦਿਸ਼ਾ–ਨਿਰਦੇਸ਼ ਮੁਹੱਈਆ ਕਰਵਾਉਂਦਾ ਹੈ, ਜਿਨ੍ਹਾਂ ਦੀ ਵਰਤੋਂ ਸਿੱਖਣ ਵਾਲਿਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਘਰ ’ਚ ਰਹਿ ਕੇ ਕੀਤੀ ਜਾ ਸਕਦੀ ਹੈ।
ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਵਿਦਿਆਰਥੀਆਂ ਵੱਲੋਂ ਪ੍ਰਗਟਾਈ ਗਈ ਚਿੰਤਾ ਬਾਰੇ ਮੰਤਰੀ ਨੇ ਸਪੱਸ਼ਟ ਕੀਤਾ ਕਿ ਬੋਰਡ ਸਿਰਫ਼ ਮੁੱਖ ਵਿਸ਼ਿਆਂ ਲਈ ਪ੍ਰੀਖਿਆਵਾਂ ਕਰਵਾਏਗਾ, ਜਿਹੜੇ ਪ੍ਰੋਮੋਸ਼ਨ ਲਈ ਜ਼ਰੂਰੀ ਹੋਣਗੇ ਤੇ ਉਚੇਰੇ ਵਿਦਿਅਕ ਸੰਸਥਾਨਾਂ ਵਿੱਚ ਦਾਖ਼ਲਿਆਂ ਲਈ ਅਹਿਮ ਹੋਣਗੇ। ਉਨ੍ਹਾਂ ਸੂਚਿਤ ਕੀਤਾ ਕਿ ਮਿਤੀ 01 ਅਪ੍ਰੈਲ, 2020 ਨੂੰ ਸੀਬੀਐੱਸਈ (CBSE) ਦੇ ਪ੍ਰੈੱਸ ਬਿਆਨ ਵਿੱਚ 29 ਵਿਸ਼ਿਆਂ ਤੇ ਹੋਰ ਵੇਰਵਿਆਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਤੱਕ ਪਹੁੰਚ ਬੋਰਡ ਦੀ ਵੈੱਬਸਾਈਟ http://cbse.nic.in/ ਉੱਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਸੂਚਿਤ ਕੀਤਾ ਕਿ ਉੱਤਰ–ਪੂਰਬੀ ਦਿੱਲੀ ਨੂੰ ਛੱਡ ਕੇ ਸਮੁੱਚੇ ਦੇਸ਼ ਵਿੱਚ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਸਬੰਧਿਤ ਧਿਰਾਂ ਨੂੰ 10 ਦਿਨਾਂ ਦਾ ਉਚਿਤ ਸਮਾਂ ਦਿੱਤਾ ਜਾਵੇਗਾ। ਮੰਤਰੀ ਨੇ ਉੱਤਰ–ਪੂਰਬੀ ਦਿੱਲੀ ਦੇ ਵਿਦਿਆਰਥੀਆਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਜੇ ਤੁਸੀਂ ਪਹਿਲਾਂ ਹੀ ਪ੍ਰੀਖਿਆਵਾਂ ਦੇ ਚੁੱਕੇ ਹੋ, ਤਾਂ ਇਨ੍ਹਾਂ ਪ੍ਰੀਖਿਆਵਾਂ ਵਿੱਚ ਦੋਬਾਰਾ ਬੈਠਣ ਦੀ ਲੋੜ ਨਹੀਂ ਹੈ। ਇਹ ਪ੍ਰੀਖਿਆਵਾਂ ਉਨ੍ਹਾਂ ਕੁਝ ਵਿਦਿਆਰਥੀਆਂ ਲਈ ਦੋਬਾਰਾ ਕਰਵਾਈਆਂ ਜਾਣਗੀਆਂ, ਜਿਹੜੇ ਕਾਨੂੰਨ ਤੇ ਵਿਵਸਥਾ ਦੀਆਂ ਕੁਝ ਸਮੱਸਿਆਵਾਂ ਕਾਰਨ ਅਨੁਸੂਚਿਤ ਮਿਤੀਆਂ ਨੂੰ ਇਹ ਪ੍ਰੀਖਿਆਵਾਂ ਨਹੀਂ ਦੇ ਸਕੇ ਸਨ। ਵਿਦਿਆਰਥੀ ਸੀਬੀਐੱਸਈ (CBSE) ਵੱਲੋਂ ਅੱਪਲੋਡ ਕੀਤੇ ਆਪਣੀ ਵੈੱਬਸਾਈਟ ਉੱਤੇ ‘ਆਮ ਪੁੱਛੇ ਜਾਣ ਵਾਲੇ ਪ੍ਰਸ਼ਨ’ (ਫ਼੍ਰੀਕੁਐਂਟਲੀ ਆਸਕਡ ਕੁਐਸਚਨਜ਼) ਵੀ ਵੇਖ ਸਕਦੇ ਹਨ।
ਸ਼੍ਰੀ ਪੋਖਰਿਯਾਲ ਨੇ ਇਹ ਵੀ ਦੱਸਿਆ ਕਿ ਸਰਕਾਰ, ਲੌਕਡਾਊਨ ਦੇ ਸਮੇਂ ਦੌਰਾਨ ਹੋਏ ਵਿਦਿਆਰਥੀਆਂ ਦੇ ਅਕਾਦਮਿਕ ਨੁਕਸਾਨ ਦੀ ਭਰਪਾਈ ਲਈ ਯੋਜਨਾ ਉਲੀਕ ਰਹੀ ਹੈ। ਕੋਵਿਡ–19 ਲੌਕਡਾਊਨ ਦੇ ਜਵਾਬ ਵਿੱਚ ਸੀਬੀਐੱਸਈ (CBSE) ਬੋਰਡ ਪ੍ਰੀਖਿਆਵਾਂ 2021 ਲਈ ਪਾਠਕ੍ਰਮ ਲੋਡ ਵਿੱਚ ਅਨੁਪਾਤਕ ਕਮੀ ਲਈ ਨਿਰਦੇਸ਼ਾਤਮਕ ਸਮੇਂ ਦੇ ਨੁਕਸਾਨ ਦਾ ਮੁੱਲਾਂਕਣ ਕਰੇਗਾ। ਉਸੇ ਅਨੁਸਾਰ ਬੋਰਡ ਦੀਆਂ ਕੋਰਸ ਕਮੇਟੀਆਂ ਨੇ ਵਿਭਿੰਨ ਦ੍ਰਿਸ਼ਾਂ ਵਿੱਚ ਘਟਾਏ ਸਿਲੇਬਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀਆਂ ਨੂੰ ਉਸ ਬਾਰੇ ਛੇਤੀ ਅਧਿਸੂਚਿਤ ਕਰ ਦਿੱਤਾ ਜਾਵੇਗਾ।
ਯੂਨੀਵਰਸਿਟੀਜ਼ ਵਿੱਚ ਪ੍ਰੀਖਿਆ ਬਾਰੇ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਸਲਾਹ ਨਾਲ ਯੂਜੀਸੀ (UGC) ਨੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਤੱਕ ਯੂਜੀਸੀ (UGC) ਦੀ ਵੈੱਬਸਾਈਟ ਉੱਤੇ ਪਹੁੰਚ ਕੀਤੀ ਜਾ ਸਕਦੀ ਹੈ। ਪ੍ਰੀਖਿਆਵਾਂ ਦੇ ਸੰਦਰਭ ਵਿੱਚ, ਮੁੱਖ ਸਿਫ਼ਾਰਸ਼ਾਂ ਨਿਮਨਲਿਖਤ ਅਨੁਸਾਰ ਹਨ –
• ਅਕਾਦਮਿਕ ਆਸਾਂ ਤੇ ਪ੍ਰੀਖਿਆ ਪ੍ਰੀਕਿਰਿਆ ਦੀ ਅਖੰਡਤਾ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਯੂਨੀਵਰਸਿਟੀਜ਼ ਵੈਕਲਪਿਕ ਤੇ ਸਰਲੀਕ੍ਰਿਤ ਵਿਧੀਆਂ ਅਤੇ ਪ੍ਰੀਖਿਆਵਾਂ ਦੀਆਂ ਅਜਿਹੀਆਂ ਵਿਧੀਆਂ ਅਪਣਾ ਸਕਦੀਆਂ ਹਨ ਕਿ ਤਾਂ ਜੋ ਸਮੇਂ–ਸਮੇਂ ’ਤੇ ਯੂਜੀਸੀ (UGC) ਵੱਲੋਂ ਨਿਰਧਾਰਤ ਸੀਬੀਸੀਐੱਸ ਦੀਆਂ ਆਵਸ਼ਕਤਾਵਾਂ ਦੀ ਪਾਲਣਾ ਕਰਦਿਆਂ ਥੋੜ੍ਹੇ ਸਮੇਂ ਅੰਦਰ ਇਹ ਪ੍ਰਕਿਰਿਆ ਮੁਕੰਮਲ ਹੋ ਸਕੇ।
• ਇੰਟਰਮੀਡੀਏਟ ਸਮੈਸਟਰ / ਸਾਲਾਨਾ ਵਿਦਿਆਰਥੀਆਂ ਲਈ, ਯੂਨੀਵਰਸਿਟੀਜ਼ ਵਿਦਿਆਰਥੀਆਂ ਦੀ ਤਿਆਰੀ ਦੇ ਪੱਧਰ, ਉਨ੍ਹਾਂ ਦੀ ਰਿਹਾਇਸ਼ੀ ਸਥਿਤੀ ਅਤੇ ਵੱਖੋ–ਵੱਖਰੇ ਖੇਤਰਾਂ / ਰਾਜਾਂ ਵਿੱਚ ਫੈਲੀ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਤੇ ਹੋਰ ਤੱਤਾਂ ਦੀ ਸਥਿਤੀ ਦਾ ਵਿਆਪਕ ਮੁੱਲਾਂਕਣ ਕਰਨ ਤੋਂ ਬਾਅਦ ਪ੍ਰੀਖਿਆਵਾਂ ਲੈ ਸਕਦੇ ਹਨ।
• ਜੇ ਕੋਵਿਡ–19 ਦੀ ਸਥਿਤੀ ਆਮ ਵਰਗੀ ਨਹੀਂ ਹੁੰਦੀ, ਤਾਂ ‘ਸਮਾਜਕ–ਦੂਰੀ’, ਵਿਦਿਆਰਥੀਆਂ ਦੀ ਸੁਰੱਖਿਅਤ ਤੇ ਸਿਹਤ ਕਾਇਮ ਰੱਖਣ ਲਈ ਵਿਦਿਆਰਥੀਆਂ ਦੀ ਗ੍ਰੇਡਿੰਗ ਯੂਨੀਵਰਸਿਟੀਜ਼ ਵੱਲੋਂ ਅਪਣਾਈ ਅੰਦਰੂਨੀ ਮੁੱਲਾਂਕਣ ਦੀ ਪੱਧਤੀ ਦੇ ਆਧਾਰ ਉੱਤੇ 50% ਅੰਕਾਂ ਲਈ ਕੀਤੀ ਜਾ ਸਕਦੀ ਹੈ ਅਤੇ ਬਾਕੀ ਦੇ 50% ਅੰਕ ਸਿਰਫ਼ ਪਿਛਲੇ ਸਮੈਸਟਰ (ਜੇ ਉਪਲਬਧ ਹੋਵੇ) ਦੀ ਕਾਰਗੁਜ਼ਾਰੀ ਦੇ ਆਧਾਰ ਉੱਤੇ ਦਿੱਤੇ ਜਾ ਸਕਦੇ ਹਨ। ਅੰਦਰੂਨੀ ਮੁੱਲਾਂਕਣ; ਨਿਰੰਤਰ ਮੁੱਲਾਂਕਣ, ਪ੍ਰੀਲਿਮਸ, ਮਿਡ–ਸਮੈਸਟਰ, ਅੰਦਰੂਨੀ ਮੁੱਲਾਂਕਣ ਜਾਂ ਵਿਦਿਆਰਥੀਆਂ ਦੀ ਪ੍ਰਗਤੀ ਲਈ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ, ਹੋ ਸਕਦਾ ਹੈ।
• ਜੇ ਵਿਦਿਆਰਥੀ ਗ੍ਰੇਡ ਸੁਧਾਰਨਾ ਚਾਹੁੰਦਾ/ਚਾਹੁੰਦੀ ਹੈ, ਤਾਂ ਉਹ ਅਗਲੇ ਸਮੈਸਟਰ ਦੌਰਾਨ ਅਜਿਹੇ ਵਿਸ਼ਿਆਂ ਦੀਆਂ ਵਿਸ਼ੇਸ਼ ਪ੍ਰੀਖਿਆਵਾਂ ਵਿੱਚ ਬੈਠ ਸਕਦਾ/ਸਕਦੀ ਹੈ।
• ਪ੍ਰੀਖਿਆਵਾਂ ਦੀ ਟਾਈਮਲਾਈਨ – ਪ੍ਰੀਖਿਆਵਾਂ ਦਾ ਆਯੋਜਨ:
• (i) ਟਰਮੀਨਲ ਸਮੈਸਟਰ / ਸਾਲ – 01 ਜੁਲਾਈ, 2020 ਤੋਂ 15 ਜੁਲਾਈ, 2020
• (ii) ਇੰਟਰਮੀਡੀਏਟ ਸਮੈਸਟਰ / ਸਾਲ – 16 ਜੁਲਾਈ, 2020 ਤੋਂ 31 ਜੁਲਾਈ, 2020
ਮੰਤਰੀ ਨੇ ਦੱਸਿਆ ਕਿ ਸੈਸ਼ਨ 2020–21 ਲਈ ਅੰਡਰ–ਗ੍ਰੈਜੂਏਟ ਤੇ ਪੋਸਟ–ਗ੍ਰੈਜੂਏਟ ਪ੍ਰੋਗਰਾਮਾਂ ਲਈ ਦਾਖ਼ਲੇ 31 ਅਗਸਤ, 2020 ਤੱਕ ਮੁਕੰਮਲ ਕੀਤੇ ਜਾ ਸਕਦੇ ਹਨ। ਜੇ ਜ਼ਰੂਰਤ ਹੋਵੇ, ਤਾਂ ਅਸਥਾਈ ਦਾਖ਼ਲੇ ਵੀ ਕੀਤੇ ਜਾ ਸਕਦੇ ਹਨ ਅਤੇ ਯੋਗਤਾ ਪ੍ਰੀਖਿਆ ਲਈ ਵਾਜਬ ਦਸਤਾਵੇਜ਼ 30 ਸਤੰਬਰ, 2020 ਤੱਕ ਪ੍ਰਵਾਨ ਕੀਤੇ ਜਾ ਸਕਦੇ ਹਨ। ਅਕਾਦਮਿਕ ਸੈਸ਼ਨ 2020–21 ਪੁਰਾਣੇ ਵਿਦਿਆਰਥੀਆਂ ਲਈ 01 ਅਗਸਤ, 2020 ਤੋਂ ਅਤੇ ਨਵੇਂ ਵਿਦਿਆਰਥੀਆਂ ਲਈ 01 ਸਤੰਬਰ, 2020 ਤੋਂ ਸ਼ੁਰੂ ਹੋ ਸਕਦਾ ਹੈ। ਹੋਰ ਵੇਰਵੇ ਯੂਜੀਸੀ (UGC) ਦੀ ਵੈੱਬਸਾਈਟ ਤੋਂ ਲਏ ਜਾ ਸਕਦੇ ਹਨ।
ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ’ਚ ਖੁਸ਼ੀ ਪ੍ਰਗਟਾਈ। ਉਨ੍ਹਾਂ ਵਿਦਿਆਰਥੀਆਂ ਨੂੰ ਦਹਿਸ਼ਤ ’ਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੰਤਰਾਲਾ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਅਕਾਦਮਿਕ ਭਲਾਈ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਪ੍ਰੀਖਿਆਵਾਂ, ਅਕਾਦਮਿਕ ਕੈਲੰਡਰ ਆਦਿ ਬਾਰੇ ਤਾਜ਼ਾ ਜਾਣਕਾਰੀ ਸਮੇਂ–ਸਮੇਂ ’ਤੇ ਮੰਤਰਾਲੇ ਅਤੇ ਉਸ ਦੇ ਖੁਦਮੁਖਤਿਆਰ ਸੰਸਥਾਨਾਂ ਦੀ ਵੈੱਬਸਾਈਟ ’ਤੇ ਉਪਲਬਧ ਹੋਵੇਗੀ।
*****
ਐੱਨਬੀ/ਏਕੇਜੇ/ਏਕੇ
(Release ID: 1621278)
Read this release in:
English
,
Urdu
,
Marathi
,
Hindi
,
Bengali
,
Gujarati
,
Odia
,
Tamil
,
Telugu
,
Kannada
,
Malayalam