ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਖੂਨ ਦਾਨ ਜ਼ਿੰਦਗੀਆਂ ਬਚਾਉਂਦਾ ਹੈ, ਆਓ ਅਸੀਂ ਖੂਨ ਦਾਨ ਬਾਰੇ ਜਾਗਰੂਕਤਾ ਪੈਦਾ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਲੋੜਵੰਦ ਦੀ ਸੁਰੱਖਿਅਤ ਅਤੇ ਕੁਆਲਿਟੀ ਦੇ ਖੂਨ ਤੱਕ ਪਹੁੰਚ ਅਸਾਨ ਹੋ ਸਕੇ
"ਆਓ ਸਾਰੇ ਖੂਨ ਦਾਨ ਕਰੀਏ, ਕਿਸੇ ਹੋਰ ਲਈ ਉੱਥੇ ਰਹੀਏ" - ਡਾ. ਹਰਸ਼ ਵਰਧਨ
ਸੰਚਾਰ ਲਈ ਲੋੜੀਂਦੀ ਮਾਤਰਾ ਵਿੱਚ ਖੂਨ ਦਾ ਸਟਾਕ ਰੱਖਿਆ ਜਾਵੇ ਅਤੇ ਇਸ ਦੇ ਲਈ ਸਵੈ-ਇੱਛੁਕ ਖੂਨਦਾਨੀਆਂ ਨੂੰ ਤਿਆਰ ਕੀਤਾ ਜਾਵੇ ਅਤੇ ਨਾਲ ਹੀ ਖੂਨ ਇਕੱਠਾ ਕਰਨ ਵਾਲੀਆਂ ਮੋਬਾਈਲ ਵੈਨਾਂ ਅਤੇ ਲਿਆਣ ਅਤੇ ਲਿਜਾਣ ਦੀਆਂ ਸਹੂਲਤਾਂ ਦਾ ਪ੍ਰਬੰਧ ਕਰੀਏ - ਡਾ. ਹਰਸ਼ ਵਰਧਨ
Posted On:
04 MAY 2020 3:08PM by PIB Chandigarh
"ਖੂਨ ਦਾਨ ਜ਼ਿੰਦਗੀਆਂ ਬਚਾਉਂਦਾ ਹੈ, ਆਓ ਅਸੀਂ ਖੂਨ ਦਾਨ ਬਾਰੇ ਜਾਗਰੂਕਤਾ ਪੈਦਾ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਲੋੜਵੰਦਾਂ ਦੀ ਸੁਰੱਖਿਅਤ ਅਤੇ ਕੁਆਲਿਟੀ ਦੇ ਖੂਨ ਤੱਕ ਅਸਾਨ ਪਹੁੰਚ ਹੋ ਸਕੇ। ਆਓ ਸਾਰੇ ਖੂਨ ਦਾਨ ਕਰੀਏ, ਕਿਸੇ ਹੋਰ ਲਈ ਹਾਜ਼ਰ ਰਹੀਏ।" ਇਹ ਸ਼ਬਦ ਡਾ. ਹਰਸ਼ ਵਰਧਨ ਨੇ ਨਵੀਂ ਦਿੱਲੀ ਵਿਖੇ ਅੱਜ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ ਇਮਾਰਤ ਵਿੱਚ ਆਯੋਜਿਤ ਖੂਨਦਾਨ ਕੈਂਪ ਨੂੰ ਸੰਬੋਧਨ ਕਰਦੇ ਹੋਏ ਪ੍ਰਗਟਾਏ।
"ਮੇਰੇ ਕੋਲ ਥੈਲੇਸੀਮੀਆ ਦੇ ਕਈ ਮਰੀਜ਼ ਕਈ ਵਾਰੀ ਨਿਜੀ ਤੌਰ ‘ਤੇ ਮਿਲਣ ਲਈ ਪਹੁੰਚੇ ਅਤੇ ਮੈਨੂੰ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਕਈ ਸ਼ਿਕਾਇਤਾਂ ਬਹੁਤ ਗੰਭੀਰ ਮਰੀਜ਼ਾਂ ਦੀਆਂ ਮਿਲੀਆਂ, ਜੋ ਚਾਹੁੰਦੇ ਸਨ ਕਿ ਉਨ੍ਹਾਂ ਦਾ ਖੂਨ ਸੰਚਾਰ ਰੈਗੂਲਰ ਤੌਰ ‘ਤੇ ਕੀਤਾ ਜਾਵੇ ਤਾਕਿ ਉਨ੍ਹਾਂ ਦੀ ਸਿਹਤ ਠੀਕ ਬਣੀ ਰਹੇ। ਇਹ ਸਾਡਾ ਸਭ ਦਾ ਫਰਜ਼ ਹੈ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਹਰ ਵੇਲੇ ਧਿਆਨ ਰੱਖਿਆ ਜਾਵੇ ਅਤੇ ਬਲੱਡ ਬੈਂਕਾਂ ਵਿੱਚ ਤਾਜ਼ਾ ਖੂਨ ਇਸ ਕੰਮ ਲਈ ਮੌਜੂਦ ਰਹੇ।"
ਉਨ੍ਹਾਂ ਨੇ ਸਵੈ-ਇੱਛੁਕ ਸੰਗਠਨਾਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਪੱਧਰ ਉੱਤੇ ਅੱਗੇ ਆਉਣ ਤਾਕਿ ਕਿਸੇ ਵੀ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰਨ ਲਈ ਖੂਨ ਦਾ ਕਾਫੀ ਸਟਾਕ ਮੌਜੂਦ ਰਹੇ। ਉਨ੍ਹਾਂ ਹੋਰ ਕਿਹਾ, "ਇਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰੀਏ, ਉਤਸ਼ਾਹਿਤ ਕਰੀਏ ਅਤੇ ਹਰ ਤਰ੍ਹਾਂ ਦੀਆਂ ਮਨੁੱਖਤਾਵਾਦੀ ਸਰਗਰਮੀਆਂ ਲਈ ਤਿਆਰ ਕਰੀਏ ਤਾਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਦੁੱਖ-ਤਕਲੀਫਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।"
ਉਨ੍ਹਾਂ ਰੈੱਡ ਕਰੌਸ ਨੂੰ ਕਿਹਾ ਕਿ ਉਸ ਕੋਲ ਕਾਫੀ ਮਾਤਰਾ ਵਿੱਚ ਖੂਨ ਦਾ ਸਟਾਕ ਹੋਣਾ ਚਾਹੀਦਾ ਹੈ ਤਾਕਿ ਸਵੈ-ਇੱਛੁਕ ਖੂਨਦਾਨ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਲਿਆਣ ਅਤੇ ਲਿਜਾਣ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਨੂੰ ਕਿਹਾ ਕਿ ਉਹ ਖੂਨ ਇਕੱਠਾ ਕਰਨਾ ਵਾਲੀਆਂ ਮੋਬਾਈਲ ਵੈਨਾਂ ਨੂੰ ਖੂਨਦਾਨੀਆਂ ਤੱਕ ਭੇਜੇ ਤਾਕਿ ਉਹ ਸਵੈ-ਇੱਛੁਕ ਤੌਰ ‘ਤੇ ਇਸ ਕੰਮ ਲਈ ਅੱਗੇ ਆਉਣ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਾਂ ਦੇ ਸਿਹਤ ਮੰਤਰੀਆਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਕਾਨਫਰੰਸ ਵੀ ਕੀਤੀ ਸੀ।
ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਕੋਵਿਡ-19 ਦੇ ਮੁਸ਼ਕਿਲ ਸਮੇਂ ਦੌਰਾਨ ਅਸੀਂ ਜ਼ਰੂਰਤਮੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕਰਨ ਵਿੱਚ ਸਫਲ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੈੱਡ ਕਰੌਸ ਅਧਿਕਾਰੀਆਂ ਦੀ ਇੱਕ ਮੀਟਿੰਗ ਬੁਲਾਈ ਹੈ ਤਾਕਿ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਲਈ 30,000 ਪਾਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲ ਸਕੇ।"
ਸਵੈ-ਇੱਛੁਕ ਖੂਨਦਾਨੀਆਂ ਨੂੰ ਸੱਦਾ ਦਿੰਦੇ ਹੋਏ ਮੰਤਰੀ ਨੇ ਕਿਹਾ, "ਹੋਰ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇੱਕ ਸੇਵਾ ਹੈ।" ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ, ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਭਾਵ ਕਿ ਕੋਈ ਵਿਅਕਤੀ ਸਾਲ ਵਿੱਚ ਚਾਰ ਵਾਰੀ ਖੂਨ ਦੇ ਸਕਦਾ ਹੈ ਅਤੇ ਫਿਰ ਵੀ ਸਿਹਤਮੰਦ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ - ਇਹ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ, ਬੀਪੀ ਕਾਬੂ ਕਰਦਾ ਹੈ, ਕੋਲੈਸਟਰਲ ਦਾ ਪੱਧਰ ਨੀਵਾਂ ਰਹਿੰਦਾ ਹੈ, ਮੋਟਾਪੇ ਉੱਤੇ ਕਾਬੂ ਰਹਿੰਦਾ ਹੈ। ਸੰਖੇਪ ਵਿੱਚ ਇਹ "ਮਾਨਵ ਸੇਵਾ ਕੇ ਸਾਥ ਸਵਾਸਥਯ ਕੀ ਸੁਰਕਸ਼ਾ" ਹੈ। ਉਨ੍ਹਾਂ ਹੋਰ ਸੂਚਿਤ ਕੀਤਾ ਕਿ "ਉਹ ਆਪ ਵੀ 100 ਵਾਰੀ ਤੋਂ ਵੱਧ ਖੂਨਦਾਨ ਕਰ ਚੁੱਕੇ ਹਨ। ਆਪਣੇ ਜੀਵਨ ਵਿੱਚ ਪਹਿਲੀ ਵਾਰੀ ਉਨ੍ਹਾਂ ਨੇ 1971 ਵਿੱਚ ਅਤੇ ਆਖਰੀ ਵਾਰੀ ਅਕਤੂਬਰ, 2019 ਵਿੱਚ ਖੂਨਦਾਨ ਕੀਤਾ ਸੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਘੱਟੋ ਘੱਟ ਸਾਲ ਵਿੱਚ ਇਕ ਵਾਰੀ ਆਪਣੇ ਜਨਮਦਿਨ ਜਾਂ ਆਪਣੇ ਵਿਆਹ ਦੀ ਵਰ੍ਹੇਗੰਢ ਉੱਤੇ ਖੂਨਦਾਨ ਕਰਨ। ਇਹ ਸਮਾਂ ਉਨ੍ਹਾਂ ਲਈ ਸਿਰਫ ਯਾਦਗਾਰ ਹੀ ਨਹੀਂ ਬਣੇਗਾ ਸਗੋਂ ਉਨ੍ਹਾਂ ਲਈ ਵੀ ਯਾਦਗਾਰੀ ਹੋਵੇਗਾ ਜਿਨ੍ਹਾਂ ਨੂੰ ਖੂਨ ਦੀ ਲੋੜ ਹੈ।"
ਮੰਤਰੀ ਨੇ ਹੋਰ ਦੱਸਿਆ ਕਿ "ਇੰਡੀਅਨ ਰੈੱਡ ਕਰੌਸ ਸੁਸਾਇਟੀ ਇੱਕ ਸਵੈ-ਇੱਛੁਕ ਮਨੁੱਖਤਾਵਾਦੀ ਸੰਗਠਨ ਹੈ ਜਿਸ ਦੀਆਂ ਦੇਸ਼ ਭਰ ਵਿੱਚ 1100 ਤੋਂ ਵੱਧ ਬਰਾਂਚਾਂ ਹਨ ਜਿਥੋਂ ਮੁਸੀਬਤ ਸਮੇਂ ਲੋਕਾਂ ਨੂੰ ਰਾਹਤ ਮਿਲਦੀ ਹੈ ਅਤੇ ਨਾਜ਼ੁਕ ਅਤੇ ਕਮਜ਼ੋਰ ਭਾਈਚਾਰਿਆਂ ਦੀ ਸਿਹਤ ਸੰਭਾਲ਼ ਹੁੰਦੀ ਹੈ। ਉਨ੍ਹਾਂ ਵਰਗੇ ਨੈੱਟਵਰਕ ਨਾਲ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਅਸੀਂ ਕੋਵਿਡ-19 ਮਹਾਮਾਰੀ ਦੌਰਾਨ ਵੀ ਖੂਨ ਦੀ ਸਪਲਾਈ ਬਹਾਲ ਰੱਖ ਸਕਦੇ ਹਾਂ।"
ਕੇਂਦਰੀ ਮੰਤਰੀ ਨੇ ਹੋਰ ਕਿਹਾ ਕਿ ਭਾਰਤ ਨੇ ਬਹੁਤ ਸਹੀ ਸਮੇਂ ਉੱਤੇ ਲੌਕਡਾਊਨ ਕਰਕੇ ਇਸ ਖਤਰਨਾਕ ਬਿਮਾਰੀ ਨੂੰ ਫੈਲਣ ਤੋਂ ਰੋਕਣ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਸਭ ਨੂੰ ਤਾਕੀਦ ਕੀਤੀ ਕਿ ਉਹ ਇਸ ਦੀ ਪੂਰੀ ਭਾਵਨਾ ਅਨੁਸਾਰ ਲੌਕਡਾਊਨ 3.0 ਦੀ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ। ਉਨ੍ਹਾਂ ਹੋਰ ਸੂਚਿਤ ਕੀਤਾ ਕਿ ਇਸ ਵੇਲੇ ਭਾਰਤ ਵਿੱਚ ਕੋਵਿਡ-19 ਨਾਲ ਨਜਿੱਠਣ ਲਈ ਬਹੁਤ ਸਾਰੇ ਸਮਰਪਿਤ ਹਸਪਤਾਲ, ਪੀਪੀਈਜ਼, ਐੱਨ-95 ਮਾਸਕ, ਵੈਂਟੀਲੇਟਰ ਅਤੇ ਦਵਾਈਆਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਵੇਲੇ ਬਾਕੀ ਦੁਨੀਆ ਨਾਲੋਂ ਬਿਹਤਰ ਥਾਂ ਤੇ ਖਡ਼ੇ ਹਾਂ। ਮੈਂ ਭਾਰਤੀ ਰੈੱਡ ਕਰੌਸ ਸੁਸਾਇਟੀ ਦੇ ਭਾਈਚਾਰੇ ਨੂੰ ਮਾਨਤਾ ਦੇਂਦਾ ਹਾਂ ਜਿਨ੍ਹਾਂ ਨੇ ਕਿ ਕੋਵਿਡ-19 ਨਾਲ ਜੰਗ ਵਿੱਚ ਵੱਡੀ ਭੂਮਿਕਾ ਨਿਭਾਈ ਅਤੇ ਨਾਲ ਹੀ ਭਾਰਤ ਦੇ ਕਈ ਹਸਪਤਾਲਾਂ ਵਿੱਚ ਉਨ੍ਹਾਂ ਨੇ ਉਪਕਰਣ, ਸੈਨੀਟਾਈਜ਼ਰ, ਖੁਰਾਕ, ਪੀਪੀਈ ਕਿੱਟਾਂ ਅਤੇ ਐੱਨ-95 ਮਾਸਕਾਂ ਦਾ ਪ੍ਰਬੰਧ ਕੀਤਾ।
ਅੰਤ ਵਿੱਚ ਡਾ. ਹਰਸ਼ ਵਰਧਨ ਨੇ ਖੂਨਦਾਨ ਕਰਨ ਆਉਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸੂਚਨਾ ਦਿੱਤੀ ਕਿ 200 ਤੋਂ ਵੱਧ ਲੋਕ ਖੂਨਦਾਨ ਕਰਨ ਲਈ ਆਪਣੇ ਨਾਂ ਦਰਜ ਕਰਵਾ ਚੁੱਕੇ ਹਨ ਅਤੇ ਸ਼ਾਮ 4 ਵਜੇ ਤੱਕ ਹੋਰ ਲੋਕਾਂ ਦੇ ਆਉਣ ਦੀ ਆਸ ਹੈ। ਉਹ ਵੱਖ-ਵੱਖ ਕਮਰਿਆਂ ਵਿੱਚ ਜਾ ਕੇ ਖੂਨ ਦਾਨ ਕਰਨ ਲਈ ਆਉਣ ਵਾਲਿਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਹ ਚੰਗਾ ਕੰਮ ਜਾਰੀ ਰੱਖਣ ਦਾ ਸੱਦਾ ਦਿੱਤਾ। ਖੂਨਦਾਨ ਕਰਨ ਵਿੱਚ ਆਉਣ ਵਾਲਿਆਂ ਵਿੱਚ ਦਿੱਲੀ ਪੁਲਿਸ ਦੇ ਕੁਝ ਲੋਕ ਵੀ ਸਨ, ਜਿਨ੍ਹਾਂ ਦੀ ਉੱਥੇ ਡਿਊਟੀ ਲੱਗੀ ਹੋਈ ਸੀ ਪਰ ਉਹ ਫਿਰ ਵੀ ਖੂਨਦਾਨ ਲਈ ਮੌਜੂਦ ਸਨ।
ਉੱਤਰੀ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਸ਼੍ਰੀ ਮਨੋਜ ਤਿਵਾਰੀ, ਆਈਆਰਸੀਐੱਸ ਦੇ ਸਕੱਤਰ ਸ਼੍ਰੀ ਆਰਕੇ ਜੈਨ, ਸੋਸ਼ਲ ਵਰਕਰ ਸ਼੍ਰੀ ਸ਼ਿਆਮ ਜਾਜੂ, ਸੁਨੀਲ ਯਾਦਵ ਅਤੇ ਹੋਰ ਕਈ ਹਸਤੀਆਂ ਇਸ ਮੌਕੇ ‘ਤੇ ਮੌਜੂਦ ਸਨ।
****
ਐੱਮਆਰ
(Release ID: 1620993)
Visitor Counter : 1194