ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਕੋਵਿਡ–19 ਦੇ ਪ੍ਰਬੰਧਾਂ ਦੀ ਸਮੀਖਿਆ ਲਈ ਲੇਡੀ ਹਾਰਡਿੰਗ ਮੈਡੀਕਲ ਕਾਲਜ ਹਸਪਤਾਲ ਦਾ ਕੀਤਾ ਦੌਰਾ
ਲੌਕਡਾਊਨ 3.0 ਦੌਰਾਨ ਰੋਜ਼ਮੱਰਾ ਦੇ ਜੀਵਨ ’ਚ ਨਿਰੰਤਰ ਅਨੁਸ਼ਾਸਨ ਦੀ ਪਾਲਣਾ ਨਾਲ ਕੋਵਿਡ–19 ਵਿਰੁੱਧ ਸਾਡੀ ਅੰਤਿਮ ਜੰਗ ਦੇ ਨਿੱਕਲਣਗੇ ਵਧੀਆ ਨਤੀਜੇ
‘ਕੋਰੋਨਾ ਜੋਧਿਆਂ ਵੱਲੋਂ ਕੀਤੇ ਨਾਇਕਾਨਾ ਕਾਰਜ ਲਈ ਭਾਰਤ ਰਿਣੀ ਹੈ – ਦੇਸ਼ ਸਚਮੁਚ ਉਨ੍ਹਾਂ ਦੀਆਂ ਸੇਵਾਵਾਂ ਲਈ ਸ਼ੁਕਰਗੁਜ਼ਾਰ ਹੈ’
‘ਭਾਰਤ ’ਚ ਵਧਦੀ ਜਾ ਰਹੀ ਸਿਹਤਯਾਬੀ ਦਰ ਸਾਡੇ ਮੋਹਰੀ ਸਿਹਤ ਕਰਮਚਾਰੀਆਂ ਵੱਲੋਂ ਮੁਹੱਈਆ ਕਰਵਾਈ ਦੇਖਭਾਲ ਦੇ ਮਿਆਰ ਨੂੰ ਦਰਸਾਉਂਦੀ ਹੈ’: ਡਾ. ਹਰਸ਼ ਵਰਧਨ
Posted On:
03 MAY 2020 5:08PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਕੋਵਿਡ–19 ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭਾਰਤ ਦੇ ਸਭ ਤੋਂ ਪੁਰਾਣੇ ਮੈਡੀਕਲ ਕਾਲਜ ਲੇਡੀ ਹਾਰਡਿੰਗ ਮੈਡੀਕਲ ਕਾਲਜ (ਐੱਲਐੱਚਐੱਮਸੀ – LHMC) ਦਾ ਦੌਰਾ ਕੀਤਾ। ਹਸਪਤਾਲ ਦੀ ਤਿਆਰੀ ਲਈ ਵਧਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਐੱਲਐੱਚਐੱਮਸੀ ਅਤੇ ਸਹਾਇਕ ਹਸਪਤਾਲ – ਸ਼੍ਰੀਮਤੀ ਸੁਚੇਤਾ ਕ੍ਰਿਪਲਾਨੀ ਹਸਪਤਾਲ (ਐੱਸਐੱਸਕੇਐੱਚ – SSKH) ਅਤੇ ਕਲਾਵਤੀ ਸਰਨ ਬਾਲ ਹਸਪਤਾਲ (ਕੇਐੱਸਸੀਐੱਚ – KSCH) ਸਮਰਪਿਤ 30–ਬਿਸਤਰਿਆਂ ਵਾਲੇ ਕੋਵਿਡ–19 ਹਸਪਤਾਲ ਵਜੋਂ ਕੰਮ ਕਰ ਰਹੇ ਹਨ, ਜਿੱਥੇ ਉਚਿਤ ਆਈਸੋਲੇਸ਼ਨ ਵਾਰਡ ਤੇ ਬਿਸਤਰੇ ਹਨ।
ਇਸ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਐੱਲਐੱਚਐੱਮਸੀ (LHMC) ਦੇ ਡਾਇਰੈਕਟਰ (ਪ੍ਰੋਫ਼ੈਸਰ) ਐੱਨਐੱਨ ਮਾਥੁਰ ਨੇ ਕੇਂਦਰੀ ਮੰਤਰੀ ਨੂੰ ਐੱਲਐੱਚਐੱਮਸੀ (LHMC) ਅਤੇ ਸਬੰਧਿਤ ਹਸਪਤਾਲਾਂ ਵਿੱਚ ਕੋਵਿਡ–19 ਦੇ ਰੋਗੀਆਂ ਲਈ ਉਪਲਬਧ ਸਹੂਲਤਾਂ ਅਤੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਹ ਸੂਚਿਤ ਕੀਤਾ ਗਿਆ ਕਿ ਇਸ ਸਮਰਪਿਤ ਕੋਵਿਡ ਸੁਵਿਧਾ ਵਿੱਚ 24 ਆਈਸੋਲੇਸ਼ਨ ਬਿਸਤਰੇ ਅਤੇ 5 ਆਈਸੀਯੂ ਬਿਸਤਰੇ ਹਨ। ਸ਼ੱਕੀ ਰੋਗੀਆਂ ਲਈ ਐੱਸਐੱਸਕੇਐੱਚ (SSKH) ਅਤੇ ਕੇਐੱਸਸੀਐੱਚ (KSCH) ਵਿੱਚ ਸੁਵਿਧਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ ਹਰੇਕ ਹਸਪਤਾਲ ਵਿੱਚ ਕ੍ਰਮਵਾਰ 40 ਅਤੇ 41 ਬਿਸਤਰੇ ਹਨ।
ਇਸ ਦੌਰੇ ਦੌਰਾਨ ਕੇਂਦਰੀ ਮੰਤਰੀ ਉੱਥੇ ਡਾਇਰੈਕਟਰ ਦੇ ਦਫ਼ਤਰ, ਐਮਰਜੈਂਸੀ, ਓਪੀਡੀ, ਸੈਂਪਲਿੰਗ ਕੇਂਦਰ, ਕੋਵਿਡ ਬਲਾਕ – ਜ਼ਮੀਨੀ ਤੇ ਪਹਿਲੀ ਮੰਜ਼ਿਲ ਦੇ ਅਹਿਮ ਖੇਤਰਾਂ, ਰੈੱਡ ਜ਼ੋਨ ਖੇਤਰ ਤੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਲਈ ਕੱਪੜੇ ਆਦਿ ਬਦਲਣ ਦੀ ਸੁਵਿਧਾ ਜਿਹੇ ਸਥਾਨਾਂ ਉੱਤੇ ਗਏ। ਡਾ. ਹਰਸ਼ ਵਰਧਨ ਨੂੰ ਇਹ ਜਾਣ ਕੇ ਤਸੱਲੀ ਹੋਈ ਕਿ ਕੋਵਿਡ–19 ਦੀ ਇਸ ਵਿਸ਼ੇਸ਼ ਸੁਵਿਧਾ ਦਾ ਪ੍ਰਬੰਧ ਵੇਖਣ ਵਾਲੇ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਨੂੰ ਨਹਾਉਣ, ਕੱਪੜੇ ਬਦਲਣ ਤੇ ਓਨਕੌਲੋਜੀ ਭਵਨ ’ਚ ਉਨ੍ਹਾਂ ਨੂੰ ਕੀਟਾਣੂ–ਮੁਕਤ ਕਰਨ ਲਈ ਛਿੜਕਾਅ ਦੀ ਸਹੂਲਤ ਮੌਜੂਦ ਹੈ। ਕੇਂਦਰੀ ਮੰਤਰੀ ਨੂੰ ਇਹ ਦੱਸਿਆ ਗਿਆ ਕਿ ਸਿਹਤ ਕਰਮਚਾਰੀਆਂ ਲਈ ਪੈਦਲ ਦੂਰੀ ’ਤੇ ਮੌਜੂਦ ਕੁਝ ਲਾਗਲੇ ਹੋਟਲਾਂ ਵਿੱਚ ਭੋਜਨ ਤੇ ਰਿਹਾਇਸ਼ ਦੇ ਇੰਤਜ਼ਾਮ ਕੀਤੇ ਗਏ ਹਨ; ਤਾਂ ਜੋ ਉਨ੍ਹਾਂ ਨੂੰ ਆਉਣ–ਜਾਣ ਵਿੱਚ ਕੋਈ ਸਮੱਸਿਆ ਨਾ ਆਵੇ ਤੇ ਉਨ੍ਹਾਂ ਦਾ ਪਰਿਵਾਰ ਕਿਸੇ ਤਰ੍ਹਾਂ ਦੀ ਲਾਗ ਤੋਂ ਬਚ ਸਕੇ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ‘ਯੰਗ ਮੈੱਨ’ਜ਼ ਕ੍ਰਿਸਚੀਅਨ ਐਸੋਸੀਏਸ਼ਨ’ (ਵਾਈਐੱਮਸੀਏ – YMCA) ਦੀ ਲਾਗਲੀ ਇਮਾਰਤ ਨੂੰ ਕੋਵਿਡ ਦੇਖਭਾਲ ਕੇਂਦਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਤੇ ਉੱਥੋਂ ਦਾ ਪ੍ਰਬੰਧ ਐੱਲਐੱਚਐੱਮਸੀ (LHMC) ਦੇ ਡਾਕਟਰਾਂ ਤੇ ਨਰਸਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਹਾਲ ਦੀ ਘੜੀ ਉੱਥੇ 70 ਅਜਿਹੇ ਮਰੀਜ਼ ਹਨ, ਜਿਹੜੇ ਕੋਵਿਡ–ਪਾਜ਼ਿਟਿਵ ਤਾਂ ਹਨ ਪਰ ਸਾਹਮਣੇ ਤੋਂ ਉਨ੍ਹਾਂ ਦੇ ਇਸ ਰੋਗ ਦਾ ਕੋਈ ਲੱਛਣ ਨਹੀਂ ਦਿਸਦਾ ਤੇ ਇੱਥੇ ਹੀ ਐੱਲਐੱਚਐੱਮਸੀ (LHMC) ਦੇ ਉਹ ਸਿਹਤ–ਸੰਭਾਲ ਕਰਮਚਾਰੀ ਵੀ ਰੱਖੇ ਗਏ ਹਨ, ਜਿਹੜੇ ਡਿਊਟੀ ਦਿੰਦੇ ਸਮੇਂ ਜਾਂ ਕਿਸੇ ਹੋਰ ਕਾਰਨ ਕਰਕੇ ਪਾਜ਼ਿਟਿਵ ਹੋਏ ਹਨ।
ਕੋਵਿਡ ਬਲਾਕ ’ਚ, ਮੰਤਰੀ ਨੇ; ਐੱਲਐੱਚਐੱਮਸੀ (LHMC) ਦੇ ਰੋਗੀਆਂ ਦਾ ਇਲਾਜ ਕਰਦੇ ਸਮੇਂ ਕੋਵਿਡ–19 ਦੀ ਲਾਗ ਤੋਂ ਪ੍ਰਭਾਵਿਤ ਤੇ ਇਸ ਸੁਵਿਧਾ ਵਿੱਚ ਦਾਖ਼ਲ ਦੋ ਇੰਟਰਨ ਡਾਕਟਰਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਕੇਂਦਰੀ ਮੰਤਰੀ ਨੇ ਵੀਡੀਓ ਰਾਹੀਂ ਕੋਵਿਡ ਵਾਰਡ ’ਚ ਦਾਖ਼ਲ ਦੋ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਮੰਤਰੀ ਨੂੰ ਕੋਵਿਡ ਵਾਰਡ ਵਿੱਚ ਮੌਜੂਦ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ,‘ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਉਹ ਸਾਰੇ ਡਾਢੇ ਖੁਸ਼ ਹਨ ਤੇ ਇਸ ਹਸਪਤਾਲ ’ਚ ਸਿਹਤਯਾਬ ਹੋ ਰਹੇ ਹਨ। ਖਾਸ ਤੌਰ ’ਤੇ ਇੱਥੇ ਦਾਖ਼ਲ ਇੰਟਰਨ ਡਾਕਟਰਾਂ ਦੇ ਕੋਵਿਡ ਤੋਂ ਪੀੜਤ ਹੋਣ ਦੇ ਬਾਵਜੂਦ ਉਨ੍ਹਾਂ ਦਾ ਉੱਚਾ ਮਨੋਬਲ ਵੇਖ ਕੇ ਮੈਂ ਬਹੁਤ ਉਤਸ਼ਾਹਿਤ ਹਾਂ।’
ਹਸਪਤਾਲ ਦੇ ਵਿਭਿੰਨ ਵਾਰਡਾਂ ਤੇ ਖੇਤਰਾਂ ਦੀ ਵਿਸਤ੍ਰਿਤ ਸਮੀਖਿਆ ਤੇ ਨਿਰੀਖਣ ਤੋਂ ਬਾਅਦ ਉਨ੍ਹਾਂ ਵੱਖੋ–ਵੱਖਰੀਆਂ ਇਕਾਈਆਂ ਦੇ ਕੰਮਕਾਜ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ: ‘ਪਿਛਲੇ ਕੁਝ ਦਿਨਾਂ ’ਚ, ਮੈਂ ਕੋਵਿਡ–19 ਦੀਆਂ ਤਿਆਰੀਆਂ ਦੀ ਸਮੀਖਿਆ ਲਈ ਏਮਸ (AIIMS - ਦਿੱਲੀ), ਐੱਲਐੱਨਜੇਪੀ (LNJP), ਆਰਐੰਮਐੱਲ (RML), ਸਫ਼ਦਰਜੰਗ, ਏਮਸ (AIIMS) ਝੱਜਰ ਰਾਜੀਵ ਗਾਂਧੀ ਸੁਪਰ ਸਪੈਸ਼ਿਐਲਿਟੀ ਅਤੇ ਹੁਣ ਐੱਲਐੱਚਐੱਮਸੀ (LHMC) ਜਿਹੇ ਵੱਖੋ–ਵੱਖਰੇ ਹਸਪਤਾਲਾਂ ਦੇ ਦੌਰੇ ਕੀਤੇ ਹਨ ਅਤੇ ਮੈਨੂੰ ਇਨ੍ਹਾਂ ਹਸਪਤਾਲਾਂ ਵੱਲੋਂ ਕੀਤੇ ਗਏ ਇੰਤਜ਼ਾਮਾਂ ਉੱਤੇ ਤਸੱਲੀ ਹੈ ਕਿ ਉਨ੍ਹਾਂ ਨੇ ਇਸ ਮਹਾਮਾਰੀ ਦਾ ਮੁਕਾਬਲਾ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੈ।’
ਕੋਵਿਡ–19 ਨਾਲ ਜੂਝ ਰਹੇ ਅਗਲੀ ਕਤਾਰ ਦੇ ਸਿਹਤ ਕਰਮਚਾਰੀਆਂ; ਜਿਵੇਂ ਨਰਸਾਂ, ਡਾਕਟਰਾਂ ਤੇ ਹੋਰ ਸਿਹਤ–ਸੰਭਾਲ ਮੁਲਾਜ਼ਮਾਂ ਦੀ ਸਹਿਣਸ਼ੀਲਤਾ, ਸਖ਼ਤ ਮਿਹਨਤ, ਸਮਰਪਣ ਤੇ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ ਦਰ ਸਥਿਰਤਾ ਨਾਲ ਵਧਦੀ ਜਾ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਵੱਧ ਤੋਂ ਵੱਧ ਮਰੀਜ਼ ਠੀਕ ਹੋ ਕੇ ਆਪੋ–ਆਪਣੇ ਘਰਾਂ ਨੂੰ ਪਰਤ ਰਹੇ ਹਨ। ਹੁਣ ਤੱਕ ਕੋਵਿਡ ਦੇ 10,000 ਮਰੀਜ਼ ਠੀਕ ਹੋ ਚੁੱਕੇ ਹਨ ਤੇ ਆਪਣੇ ਆਮ ਵਰਗੇ ਜੀਵਨ ਵਿੱਚ ਪਰਤ ਗਏ ਹਨ। ਹੋਰ ਹਸਪਤਾਲਾਂ ’ਚ ਦਾਖ਼ਲ ਬਹੁ–ਗਿਣਤੀ ਮਰੀਜ਼ ਵੀ ਹੁਣ ਸਿਹਤਯਾਬੀ ਦੇ ਮਾਰਗ ’ਤੇ ਹਨ। ਇਸ ਤੋਂ ਭਾਰਤ ’ਚ ਸਾਡੇ ਅਗਲੀ ਕਤਾਰ ਦੇ ਸਿਹਤ ਕਾਮਿਆਂ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਦੇਖਭਾਲ ਦੇ ਮਿਆਰ ਦਾ ਪਤਾ ਲੱਗਦਾ ਹੈ। ਮੈਂ ਉਨ੍ਹਾਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਅਜਿਹੇ ਸਮਿਆਂ ’ਚ ਤੁਹਾਡੀਆਂ ਸੇਵਾਵਾਂ ਲਈ ਦੇਸ਼ ਤੁਹਾਡਾ ਸ਼ੁਕਰਗੁਜ਼ਾਰ ਹੈ। ਪ੍ਰੀਖਿਆ ਦੀ ਇਸ ਘੜੀ ’ਚ ਸਾਡੇ ਸਿਹਤ–ਜੋਧਿਆਂ ਦੇ ਉਚੇਰੇ ਮਨੋਬਲ ਨੂੰ ਵੇਖ ਕੇ ਖੁਸ਼ੀ ਹੋ ਰਹੀ ਹੈ।’
ਡਾ. ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਕੋਵਿਡ–19 ਦੀ ਰੋਕਥਾਮ, ਉਸ ਦੇ ਖਾਤਮੇ ਤੇ ਹੋਰ ਸਬੰਧਿਤ ਪ੍ਰਬੰਧਾਂ ਉੱਤੇ ਰਾਜਾਂ ਦੇ ਤਾਲਮੇਲ ਨਾਲ ਉੱਚ–ਪੱਧਰੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ,‘ਨਵੇਂ ਮਾਮਲੇ ਸਾਹਮਣੇ ਆਉਣ ਦੀ ਵਾਧਾ ਦਰ ਵੀ ਕੁਝ ਚਿਰ ਲਈ ਸਥਿਰ ਹੋ ਗਈ ਹੈ। ਅੱਜ ਪ੍ਰਾਪਤ ਅੰਕੜਿਆਂ ਅਨੁਸਾਰ, ਪਿਛਲੇ ਤਿੰਨ ਦਿਨਾਂ ਦੀ ਡਬਲਿੰਗ ਦਰ 12.0, ਸੱਤ ਦਿਨਾਂ ਦੀ 11.7 ਅਤੇ 14 ਦਿਨਾਂ ਲਈ 10.4 ਹੈ।’ ਉਨ੍ਹਾਂ ਅੱਗੇ ਦੱਸਿਆ,‘ਸਾਨੂੰ ਸਖ਼ਤੀ ਨਾਲ ਇੱਕ–ਦੂਜੇ ਤੋਂ ਸਰੀਰਕ–ਦੂਰੀ ਦੀ ਪਾਲਣਾ ਕਰਨੀ ਹੋਵੇਗੀ ਅਤੇ ਲੌਕਡਾਊਨ 3.0 ਦੇ ਇੱਕ ਤਰਕਪੂਰਨ ਖਾਤਮੇ ਤੱਕ ਸਫ਼ਾਈ ਦੀ ਹੱਥ ਧੋਣ ਦੀ ਮੁਢਲੀ ਸਾਵਧਾਨੀ ਦਾ ਵਾਜਬ ਤਰੀਕੇ ਖ਼ਿਆਲ ਰੱਖਣਾ ਹੋਵੇਗਾ।’
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ 130 ਹੋਟ ਸਪੌਟ ਜ਼ਿਲ੍ਹੇ, 284 ਨਾਨ–ਹੌਟਸਪੌਟ ਜ਼ਿਲ੍ਹੇ ਅਤੇ 319 ਗ਼ੈਰ–ਛੂਤਗ੍ਰਸਤ ਜ਼ਿਲ੍ਹੇ ਹਨ। ‘‘ਸਾਨੂੰ ਸਾਡੇ ਦੁਸ਼ਮਣਾਂ ਦੀ ਗਿਣਤੀ ਬਾਰੇ ਜਾਣਕਾਰੀ ਹੈ ਤੇ ਸਾਨੂੰ ਇਸ ਦੇ ਸਥਾਨ ਸਥਾਨ ਦਾ ਪਤਾ ਹੈ ਅਤੇ ਇਸ ਨਾਲ ਪੂਰੇ ਪ੍ਰਣਾਲੀਬੱਧ ਤਰੀਕੇ ਨਾਲ ਨਿਪਟਿਆ ਜਾਵੇਗਾ।’’ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਗ੍ਰੀਨ, ਆਰੈਂਜ ਅਤੇ ਰੈੱਡ ਜ਼ੋਨਜ਼ ਵਿੱਚ ਵੰਡੇ ਗਏ ਹਨ ਅਤੇ ਭਾਰਤ ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਖੋਲ੍ਹੇ ਜਾਣਗੇ।
ਉਨ੍ਹਾਂ ਕਿਹਾ,‘ਹੁਣ ਤੱਕ ਅਸੀਂ 10 ਲੱਖ ਟੈਸਟ ਕਰ ਚੁੱਕੇ ਹਨ ਅਤੇ ਇਸ ਵੇਲੇ ਅਸੀਂ ਇੱਕ ਦਿਨ ਵਿੱਚ 74,000 ਟੈਸਟ ਕਰ ਰਹੇ ਹਾਂ।’ ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਸਮੁੱਚੇ ਭਾਰਤ ’ਚ 20 ਲੱਖ ਦੇ ਲਗਭਗ ਪੀਪੀਈ ਕਿਟਸ ਵੰਡੀਆਂ ਹਨ ਅਤੇ ਸਮੁੱਚੇ ਵਿਸ਼ਵ ਦੇ 100 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ [ਹਾਈਡ੍ਰੌਕਸੀਕਲੋਰੋਕੁਈਨ (ਐੱਚਸੀਕਿਊ – HCQ) ਅਤੇ ਪੈਰਾਸੀਟਾਮੋਲ (PCM)] ਸਪਲਾਈ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ ਹੈ ਅਤੇ ਪੂਰੇ ਦੇਸ਼ ਵਿੱਚ ਸਮਰਪਿਤ ਕੋਵਿਡ ਹਸਪਤਾਲਾਂ ਤੇ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਵਿੱਚ 2.5 ਲੱਖ ਤੋਂ ਵੱਧ ਬਿਸਤਰਿਆਂ ਨਾਲ ਹਰ ਤਰ੍ਹਾਂ ਦੇ ਹਾਲਾਤ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ।
ਵੱਖੋ–ਵੱਖਰੇ ਸਥਾਨਾਂ ਉੱਤੇ ਫਸੇ ਪ੍ਰਵਾਸੀ ਮਜ਼ਦੂਰਾਂ ਬਾਰੇ ਗੱਲ ਕਰਦਿਆਂ ਉਨ੍ਰਾਂ ਕਿਹਾ,‘ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ, ਪ੍ਰਵਾਸੀ ਆਬਾਦੀ ਨੂੰ ਬੱਸਾਂ ਤੇ ਰੇਲ–ਗੱਡੀਆਂ ਰਾਹੀਂ ਵਾਪਸ ਜਾਣ ਵਿੱਚ ਮਦਦ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਰੱਖੀਆਂ ਜਾ ਰਹੀਆਂ ਹਨ ਤੇ ਸਰੀਰਕ–ਦੂਰੀ ਦੀ ਪਾਲਣਾ ਕੀਤੀ ਜਾ ਰਹੀ ਹੈ।’
ਮੰਤਰੀ ਨੇ ਵਿਭਿੰਨ ਗਤੀਵਿਧੀਆਂ ਖੋਲ੍ਹਣ ਬਾਰੇ ਬੋਲਦਿਆਂ ਕਿਹਾ,‘ਹੌਲੀ–ਹੌਲੀ ਇੱਕ–ਇੱਕ ਕਰ ਕੇ ਆਰਥਿਕ ਗਤੀਵਿਧੀਆਂ ਵੀ ਖੋਲ੍ਹ ਦਿੱਤੀਆਂ ਜਾਣਗੀਆਂ। ਇਸ ਦੀ ਇੱਕ ਵਿਸਤ੍ਰਿਤ ਯੋਜਨਾਬੰਦੀ ਹੈ, ਜਿਸ ਅਨੁਸਾਰ ਡ੍ਰੱਗ, ਫ਼ਾਰਮਾਸਿਊਟੀਕਲਜ਼ ਆਦਿ ਜਿਹੇ ਵਿਭਿੰਨ ਉਦਯੋਗਾਂ ਦਾ ਕੰਮ ਛੇਤੀ ਤੋਂ ਛੇਤੀ ਪੁਰਾਣੀ ਲੀਹ ’ਤੇ ਲਿਆਉਣ ਵਿੱਚ ਮਦਦ ਕੀਤੀ ਜਾ ਰਹੀ ਹੈ।’
ਡਾ. ਹਰਸ਼ ਵਰਧਨ ਨੇ ਭਾਰਤ ਦੀ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਲੌਕਡਾਊਨ 3.0 ਦੀ (17 ਮਈ, 2020 ਤੱਕ) ਅੱਗੇ ਵਧਾਈ ਗਈ ਮਿਆਦ ਦੀ ਇੰਨ੍ਹ–ਬਿੰਨ੍ਹ ਪਾਲਣਾ ਕਰਨ ਤੇ ਇਸ ਨੂੰ ਕੋਵਿਡ–19 ਫੈਲਣ ਦੀ ਲੜੀ ਰੋਕਣ ਲਈ ਇੱਕ ਪ੍ਰਭਾਵਸ਼ਾਲੀ ਦਖ਼ਲ ਸਮਝਣ। ਉਨ੍ਹਾਂ ਕਿਹਾ,‘ਕੀਟਾਣੂ–ਮੁਕਤ ਕਰਨ ਲਈ ਹੱਥਾਂ ਦੀ ਸਫ਼ਾਈ ਜਾਰੀ ਰੱਖਣਾ ਅਹਿਮ ਹੈ, ਜਿਵੇਂ ਸਾਬਣ ਤੇ ਪਾਣੀ ਜਾਂ ਸੈਨੀਟਾਈਜ਼ਰ ਦੀ ਮਦਦ ਨਾਲ ਹੱਥ ਅਤੇ ਆਮ ਤੌਰ ’ਤੇ ਛੋਹੀਆਂ ਜਾਣ ਵਾਲੀਆਂ ਸਤਹਾਂ ਧੋਣਾ ਅਹਿਮ ਹੈ। ਹਰੇਕ ਵਿਅਕਤੀ ਨੂੰ ਵਾਜਬ ਢੰਗ ਨਾਲ ਇੱਕ ਮਾਸਕ ਜਾਂ ਫ਼ੇਸ–ਕਵਰ ਪਹਿਨਣਾ ਚਾਹੀਦਾ ਹੈ, ਖ਼ਤਰੇ ਦੇ ਸਵੈ–ਮੁੱਲਾਂਕਣ ਲਈ ਕੋਰੋਨਾ ਟ੍ਰੈਕਰ ਐਪ ‘ਆਰੋਗਯ–ਸੇਤੂ’ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ; ਅਤੇ ਸਰੀਰਕ ਦੂਰੀ ਕਾਇਮ ਰੱਖਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਲੌਕਡਾਊਨ 3.0 ਦੇ ਦੌਰਾਨ ਰੋਜ਼ਾਨਾ ਜੀਵਨ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨ ਨਾਲ ਕੋਵਿਡ–19 ਦਾ ਮੁਕਾਬਲਾ ਕਰਨ ਦੇ ਮਾਮਲੇ ਵਿੱਚ ਚੰਗੇ ਨਤੀਜੇ ਹਾਸਲ ਹੋਣਗੇ। ‘ਅਸੀਂ ਕਾਮਯਾਬੀ ਦੇ ਮਾਰਗ ਉੱਤੇ ਹਾਂ ਅਤੇ ਅਸੀਂ ਕੁੱਲ–ਮਿਲਾ ਕੇ ਕੋਵਿਡ–19 ਵਿਰੁੱਧ ਜੰਗ ਨੂੰ ਜਿੱਤਾਂਗੇ।’
ਉਨ੍ਹਾਂ ਦੇਸ਼ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ–19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਬਾਈਕਾਟ ਨਾ ਕਰਨ ਤੇ ਨਾ ਹੀ ਕੋਵਿਡ–19 ਦੀ ਜੰਗ ਜਿੱਤਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦਾਗ਼ੀ ਸਮਝਣ। ‘ਉਹ ਸਾਡੇ ਨਾਇਕ ਹਨ ਤੇ ਉਨ੍ਹਾਂ ਨਾਲ ਉਹੋ ਜਿਹਾ ਹੀ ਵਿਵਹਾਰ ਕਰਨ ਦੀ ਜ਼ਰੂਰਤ ਹੈ।’ ਉਨ੍ਹਾਂ ਅੱਗੇ ਕਿਹਾ ਕਿ ‘ਅੱਜ ਭਾਰਤੀ ਹਵਾਈ ਫ਼ੌਜ ਸਮੁੱਚੇ ਦੇਸ਼ ਵਿੱਚ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀਆਂ ਪੱਤੀਆਂ ਉਨ੍ਹਾਂ ਉੱਤੇ ਛਿੜਕ ਕੇ ਇਨ੍ਹਾਂ ਜੋਧਿਆਂ ਦਾ ਸਤਿਕਾਰ ਕਰ ਰਿਹਾ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ‘ਕੋਵਿਡ ਨਾਲ ਭਾਰਤ ਦੀ ਜੰਗ ਦੀ ਸ਼ਲਾਘਾ ਸਿਰਫ਼ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ – WHO) ਹੀ ਨਹੀਂ, ਸਗੋਂ ਸਮੁੱਚਾ ਵਿਸ਼ਵ ਪੂਰੀ ਇੱਕਜੁਟਤਾ ਨਾਲ ਕਰ ਰਿਹਾ ਹੈ।’
ਕੇਂਦਰੀ ਮੰਤਰੀ ਦੇ ਇਸ ਐੱਲਐੱਚਐੱਮਸੀ (LHMC) ਦੌਰੇ ਦੌਰਾਨ ਡਾ. ਰਾਜੀਵ ਗਰਗ, ਡਾਇਰੈਕਟਰ ਜਨਰਲ ਆਵ੍ ਹੈਲਥ ਸਰਵਿਸੇਜ਼, ਭਾਰਤ ਸਰਕਾਰ, ਡਾ. ਐੱਨ.ਐੱਨ. ਮਾਥੁਰ, ਡਾਇਰੈਕਟਰ, ਐੱਲਐੱਚਐੱਸੀ ਅਤੇ ਹੋਰ ਸੀਨੀਅਰ ਡਾਕਟਰ ਵੀ ਮੌਜੂਦ ਸਨ।
*****
ਐੱਮਆਰ
(Release ID: 1620801)
Visitor Counter : 211