ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ -19 ਨਾਲ ਨਜਿੱਠਣ ਲਈ ਅਗਲੀ ਯੋਜਨਾ ਬਣਾਉਣ ਵਾਸਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ

ਲੌਕਡਾਊਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ, ਦੇਸ਼ ਨੇ ਪਿਛਲੇ 1.5 ਮਹੀਨੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ: ਪ੍ਰਧਾਨ ਮੰਤਰੀ

ਸਾਡਾ ਉਦੇਸ਼ ਤੇਜ਼ ਪ੍ਰਤੀਕ੍ਰਮ ਹੋਣਾ ਚਾਹੀਦਾ ਹੈ, 'ਦੋ ਗਜ਼ ਦੂਰੀ' ਦੇ ਮੰਤਰ ਦੀ ਪਾਲਣਾ ਕਰਨ ਦੀ ਜ਼ਰੂਰਤ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾਂ ਦੇ ਪ੍ਰਯਤਨ ਰੈੱਡ ਜ਼ੋਨਾਂ ਨੂੰ ਔਰੇਂਜ ਅਤੇ ਫਿਰ ਗ੍ਰੀਨ ਜ਼ੋਨਾਂ ਵਿੱਚ ਤਬਦੀਲ ਕਰਨ ਵੱਲ ਨਿਰਦੇਸ਼ਿਤ ਕੀਤੇ ਜਾਣੇ ਚਾਹੀਦੇ ਹਨ

ਸਾਨੂੰ ਬਹਾਦਰ ਬਣਨਾ ਪਵੇਗਾ ਅਤੇ ਅਜਿਹੇ ਸੁਧਾਰ ਲਿਆਉਣੇ ਪੈਣਗੇ ਜੋ ਆਮ ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਛੂਹ ਲੈਣ: ਪ੍ਰਧਾਨ ਮੰਤਰੀ

ਅਸੀਂ ਅਰਥਵਿਵਸਥਾ ਨੂੰ ਮਹੱਤਵ ਦੇਣਾ ਹੈ ਅਤੇ ਨਾਲ ਹੀ ਕੋਵਿਡ -19 ਖ਼ਿਲਾਫ਼ ਲੜਾਈ ਜਾਰੀ ਰੱਖਣੀ ਹੈ: ਪ੍ਰਧਾਨ ਮੰਤਰੀ

ਆਉਣ ਵਾਲੇ ਮਹੀਨਿਆਂ ਵਿੱਚ ਕੋਰੋਨਾਵਾਇਰਸ ਦਾ ਪ੍ਰਭਾਵ ਦਿਖਾਈ ਦਿੰਦਾ ਰਹੇਗਾ, ਮਾਸਕ ਅਤੇ ਫੇਸ ਕਵਰ ਸਾਡੀ ਜ਼ਿੰਦਗੀ ਦਾ ਹਿੱਸਾ ਹੋਣਗੇ: ਪ੍ਰਧਾਨ ਮੰਤਰੀ

ਮੁੱਖ ਮੰਤਰੀਆਂ ਨੇ ਫੀਡਬੈਕ ਦਿੱਤੀ, ਆਰਥਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਿਤ ਕਰਨ ਲਈ ਉਪਾਅ ਸੁਝਾਏ

Posted On: 27 APR 2020 1:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ  ਉੱਭਰਦੀ ਸਥਿਤੀ ਬਾਰੇ ਚਰਚਾ ਕਰਨ ਲਈ ਅਤੇ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਵਾਸਤੇ ਅੱਜ, ਵੀਡੀਓ ਕਾਨਫਰੰਸਿੰਗ ਜ਼ਰੀਏ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਇਹ ਚੌਥੀ ਗੱਲਬਾਤ ਸੀ, ਇਸ ਤੋਂ ਪਹਿਲਾਂ 20 ਮਾਰਚ, 2 ਅਪ੍ਰੈਲ ਅਤੇ 11 ਅਪ੍ਰੈਲ, 2020 ਨੂੰ ਗੱਲਬਾਤ ਹੋਈ ਸੀ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੌਕਡਾਊਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਦੇਸ਼, ਪਿਛਲੇ ਡੇਢ ਮਹੀਨੇ  ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ ਹੈ। ਉਨ੍ਹਾਂ  ਅੱਗੇ ਕਿਹਾ ਕਿ ਭਾਰਤ ਦੀ ਅਬਾਦੀ ਦੀ ਤੁਲਨਾ ਕਈ ਦੇਸ਼ਾਂ ਦੀ ਸੰਯੁਕਤ ਅਬਾਦੀ ਨਾਲ ਕੀਤੀ ਜਾ ਸਕਦੀ ਹੈ। ਭਾਰਤ ਸਮੇਤ ਕਈ ਦੇਸ਼ਾਂ ਦੀ ਸਥਿਤੀ ਮਾਰਚ ਦੇ ਸ਼ੁਰੂ ਵਿੱਚ  ਤਕਰੀਬਨ ਇੱਕੋ ਜਿਹੀ ਸੀ। ਫਿਰ ਵੀ, ਸਮੇਂ ਸਿਰ ਉਪਰਾਲੇ ਕਰਨ ਕਰਕੇ ਭਾਰਤ ਬਹੁਤ ਸਾਰੇ ਲੋਕਾਂ ਦੀ ਰੱਖਿਆ ਕਰਨ ਵਿੱਚ ਸਫ਼ਲ ਰਿਹਾ ਹੈ। ਹਾਲਾਂਕਿ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਗਈ ਸੀ ਕਿ ਵਾਇਰਸ ਦਾ ਖ਼ਤਰਾ ਬਹੁਤ ਦੇਰ ਤੱਕ ਰਹੇਗਾ ਅਤੇ ਨਿਰੰਤਰ ਚੌਕਸੀ ਸਭ ਤੋਂ ਮਹੱਤਵਪੂਰਨ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਹੁਣ ਤੱਕ ਦੋ ਲੌਕਡਾਊਨ ਦੇਖੇ ਹਨ, ਦੋਵੇਂ ਕੁਝ ਪੱਖਾਂ ਤੋਂ ਵੱਖਰੇ ਹਨ ਅਤੇ ਹੁਣ ਸਾਨੂੰ ਅੱਗੇ ਦੇ ਰਸਤੇ ਬਾਰੇ ਸੋਚਣਾ ਪਏਗਾ। ਉਨ੍ਹਾਂ ਕਿਹਾ ਕਿ ਮਾਹਰਾਂ ਦੇ ਅਨੁਸਾਰ, ਆਉਣ ਵਾਲੇ ਮਹੀਨਿਆਂ ਵਿੱਚ ਕੋਰੋਨਾਵਾਇਰਸ ਦਾ ਪ੍ਰਭਾਵ ਦਿਖਾਈ ਦਿੰਦਾ ਰਹੇਗਾ। ਦੋ ਗਜ਼ ਦੂਰੀਦੇ ਮੰਤਰ ਨੂੰ ਦੁਹਰਾਉਂਦਿਆਂ, ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਮਾਸਕ ਅਤੇ ਫੇਸ ਕਵਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ  ਅਜਿਹੇ ਹਾਲਾਤਾਂ ਵਿੱਚ, ਹਰੇਕ ਦਾ ਉਦੇਸ਼ ਤੇਜ਼ ਪ੍ਰਤੀਕ੍ਰਮ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਖੁਦ ਐਲਾਨ ਕਰ ਰਹੇ ਹਨ ਕਿ  ਉਨ੍ਹਾਂ ਨੂੰ ਖੰਘ ਅਤੇ ਜ਼ੁਕਾਮ ਹੈ ਜਾਂ ਫਿਰ ਲੱਛਣ ਹਨ, ਅਤੇ ਇਹ ਇੱਕ ਚੰਗਾ ਸੰਕੇਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਅਰਥਵਿਵਸਥਾ ਨੂੰ ਮਹੱਤਵ ਦੇਣਾ ਹੈ ਅਤੇ ਨਾਲ ਹੀ ਕੋਵਿਡ -19 ਖ਼ਿਲਾਫ਼ ਲੜਾਈ ਜਾਰੀ ਰੱਖਣੀ ਹੈ। ਉਨ੍ਹਾਂ ਨੇ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਦੀ ਮਹੱਤਤਾ ਅਤੇ ਸੁਧਾਰ ਉਪਾਵਾਂ ਨੂੰ ਅਪਣਾਉਣ ਲਈ ਸਮੇਂ ਦੇ ਉਪਯੋਗ  'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਸੁਨਿਸ਼ਚਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿ ਵਧੇਰੇ ਲੋਕ ਕੋਵਿਡ -19 ਦੇ ਖ਼ਿਲਾਫ਼ ਲੜਾਈ ਵਿੱਚ ਦੇਸ਼ ਦੇ ਯਤਨਾਂ ਨੂੰ ਹੁਲਾਰਾ ਦੇਣ ਲਈ ਆਰੋਗਯ ਸੇਤੂ ਐਪ ਨੂੰ ਡਾਊਨਲੋਡ ਕਰਨ।

ਉਨ੍ਹਾਂ ਕਿਹਾ, “ਸਾਨੂੰ ਬਹਾਦਰ ਬਣਨਾ ਹੋਵੇਗਾ ਅਤੇ ਅਜਿਹੇ ਸੁਧਾਰ ਲਿਆਉਣੇ ਪੈਣਗੇ ਜੋ ਆਮ ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਛੂਹ ਲੈਣ।ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਯੂਨੀਵਰਸਿਟੀਆਂ ਨਾਲ ਜੁੜੇ ਲੋਕਾਂ ਨੂੰ ਮਹਾਮਾਰੀ ਨਾਲ ਲੜਨ ਅਤੇ ਖੋਜ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਇਨੋਵੇਸ਼ਨ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਵਿਓਂਤਬੰਦੀ 'ਤੇ ਏਕੀਕ੍ਰਿਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਰਾਜਾਂ ਲਈ ਹੌਟਸਪੌਟਸ ਯਾਨੀ ਰੈੱਡ ਜ਼ੋਨ  ਖੇਤਰਾਂ ਵਿੱਚ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮਹੱਤਵ ਉੱਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਰਾਜਾਂ ਦੇ ਪ੍ਰਯਤਨ ਰੈੱਡ ਜ਼ੋਨਾਂ  ਤੋਂ ਔਰੇਂਜ ਅਤੇ ਫਿਰ ਗ੍ਰੀਨ ਜ਼ੋਨਾਂ ਵਿੱਚ ਤਬਦੀਲ ਕਰਨ ਵੱਲ ਨਿਰਦੇਸਿਤ ਕੀਤੇ ਜਾਣੇ ਚਾਹੀਦੇ ਹਨ।

ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਲਿਆਉਣ  ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਇਸ ਤੱਥ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪਰੇਸ਼ਾਨੀ ਨਾ ਹੋਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਜੋਖ਼ਮ  ਨਾ ਹੋਵੇ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਤਾਕੀਦ ਕੀਤੀ ਕਿ ਅਗਲੀ ਰਣਨੀਤੀ ਬਣਾਉਂਦੇ ਸਮੇਂ  ਉਹ ਮੌਸਮ ਵਿੱਚ ਹੋਣ ਵਾਲੀਆਂ ਤਬਦੀਲੀਆਂ ਗਰਮੀ ਅਤੇ ਮੌਨਸੂਨ ਦੇ ਆਗਮਨ - ਅਤੇ ਬਿਮਾਰੀਆਂ ਜੋ ਇਸ ਮੌਸਮ ਵਿੱਚ ਸੰਭਾਵਿਤ ਰੂਪ ਵਿੱਚ ਆ ਸਕਦੀਆਂ ਹਨ, ਨੂੰ ਧਿਆਨ ਵਿੱਚ ਰੱਖਣ।

ਕੇਂਦਰੀ ਗ੍ਰਹਿ ਮੰਤਰੀ ਨੇ ਲੌਕਡਾਊਨ ਨੂੰ ਲਾਗੂ ਕਰਨ ਦੀ ਜ਼ਰੂਰਤ ਦੀ ਫਿਰ ਤੋਂ ਪੁਸ਼ਟੀ ਕੀਤੀ ਤਾਂ ਜੋ ਵੱਧ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਣ।

ਮੁੱਖ ਮੰਤਰੀਆਂ ਨੇ ਇਸ ਸੰਕਟ ਦੀ ਘੜੀ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਵਾਇਰਸ ਨੂੰ ਰੋਕਣ ਲਈ  ਆਪਣੇ ਦੁਆਰਾ ਕੀਤੇ ਪ੍ਰਯਤਨਾਂ ʼਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਅੰਤਰਰਾਸ਼ਟਰੀ ਸਰਹੱਦਾਂ 'ਤੇ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤਆਰਥਿਕ ਚੁਣੌਤੀ ਦੇ ਸਮਾਧਾਨ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਦੇਣ ਦੇ ਤਰੀਕਿਆਂ ਬਾਰੇ ਵੀ ਦੱਸਿਆ। ਇਨ੍ਹਾਂ ਨੇਤਾਵਾਂ ਨੇ ਪੁਲਿਸ ਬਲ ਅਤੇ ਮੈਡੀਕਲ ਸਟਾਫ ਦਾ, ਕੋਵਿਡ -19 ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਮਿਸਾਲੀ ਕਾਰਜ ਲਈ ਧੰਨਵਾਦ ਕੀਤਾ।

 

****

 

ਵੀਆਰਆਰਕੇ / ਐੱਸਐੱਚ


(Release ID: 1618716) Visitor Counter : 223