ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਸਿਵਲ ਸੇਵਾਵਾਂ ਦਿਵਸ ’ਤੇ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ’ਚ ਸਿਵਲ ਸੇਵਕਾਂ ਦੁਆਰਾ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ
Posted On:
21 APR 2020 4:09PM by PIB Chandigarh
ਕੇਂਦਰੀ ਪਰਸੋਨਲ, ਜਨ ਸ਼ਿਕਾਇਤਾਂ ਤੇ ਪੈਨਸ਼ਨਾਂ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ’ਚ ‘ਸਿਵਲ ਸੇਵਾਵਾਂ ਦਿਵਸ 2020’ ਮੌਕੇ ਅੱਜ ਇੱਥੇ 25 ਰਾਜਾਂ ਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਰਾਸ਼ਟਰੀ ਪੱਧਰ ਦੀ ਆਪਸੀ ਗੱਲਬਾਤ ’ਚ ਕੋਵਿਡ–19 ਖ਼ਿਲਾਫ਼ ਜੰਗ ’ਚ ਭਾਰਤ ਦੇ ਸਿਵਲ ਸੇਵਕਾਂ (ਸਿਵਲ ਸਰਵੈਂਟਸ) ਦੁਆਰਾ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਇਸ ਮੌਕੇ ਕਰੁਣਾ (CARUNA) ਪਲੈਟਫ਼ਾਰਮ ਜਿਹੀ ਸਫ਼ਲ ਉਦਾਹਰਣ ਦਾ ਜ਼ਿਕਰ ਕੀਤਾ, ਜਿਸ ਨਾਲ ਕੁਦਰਤੀ ਆਪਦਾ ਦੀ ਹਾਲਤ ’ਚ ਮਦਦ ਕਰਨ ਦੇ ਯਤਨ ਵਿੱਚ 29 ਸੇਵਾ ਸੰਗਠਨਾਂ ਨੂੰ ਨਾਲ ਲਿਆਉਣਾ ਸੰਭਵ ਹੋਇਆ। ਡਾ. ਜਿਤੇਂਦਰ ਸਿੰਘ ਨੇ ਵਿਆਪਕ ਨਿਸ਼ਕਾਮ ਇੰਟਰ–ਸਰਵਿਸ ਮੇਲਮਿਲਾਪ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਕੇਅਰਸ ਫ਼ੰਡ ’ਚ ਇੱਕ ਦਿਨ ਦੀ ਤਨਖ਼ਾਹ ਦੀ ਪੇਸ਼ਕਸ਼ ਦੁਆਰਾ ਸਰਕਾਰ ਦੇ ਕੋਵਿਡ–19 ਰਾਹਤ ਕਾਰਜਾਂ ’ਚ; ਸਮਰਥਨ ਦੇਣ ਲਈ ਸਿਵਲ–ਸੇਵਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ–19 ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਅਗਵਾਈ ਕੀਤੀ ਜਾ ਰਹੀ ਹੈ ਤੇ ਮਹਾਮਾਰੀ ਤੋਂ ਰੋਕਥਾਮ ’ਚ ਭਾਰਤ ਦੀਆਂ ਸੰਭਾਵਨਾਵਾਂ ਜਨ–ਸੇਵਕਾਂ ਦੇ ਮਜ਼ਬੂਤ ਮੋਢਿਆਂ ’ਤੇ ਟਿਕੀਆਂ ਹੋਈਆਂ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ‘ਘੱਟ ਤੋਂ ਘੱਟ ਸਰਕਾਰ, ਵੱਧ ਤੋਂ ਵੱਧ ਪ੍ਰਸ਼ਾਸਨ’ ਮੋਦੀ ਸਰਕਾਰ ਦਾ ਆਦਰਸ਼–ਵਾਕ ਰਿਹਾ ਹੈ। ਪਿਛਲੇ 6 ਸਾਲਾਂ ’ਚ ਇਹ ਰਾਸ਼ਟਰੀ ਸਰਕਾਰੀ ਸੰਸਥਾਨਾਂ ਦੇ ਪੁਨਰਗਠਨ ਤੇ ਉਨ੍ਹਾਂ ਨੂੰ ਉਚਿਤ ਆਕਾਰ ਦੇਣ ਵਿੱਚ ਅਹਿਮ ਸਿਵਲ ਸੇਵਾ ਸੁਧਾਰਾਂ, ਸੰਯੁਕਤ ਸਕੱਤਰ ਪੱਧਰ ਉੱਤੇ ਦੇਰ ਨਾਲ ਦਾਖ਼ਲਾ (ਲੇਟਰਲ ਐਂਟਰੀ) ਜਿਹੇ ਨਿਯੁਕਤੀ ਸੁਧਾਰਾਂ, ਈ–ਸੇਵਾਵਾਂ ਦੀ ਉਪਲਬਧਤਾ ’ਤੇ ਜ਼ੋਰ ਦੇਣ ਦੇ ਨਾਲ ਜਨਤਕ ਸੇਵਾਵਾਂ ਦੀ ਬਿਹਤਰ ਡਿਲਿਵਰੀ ਦੇ ਨਾਲ ਹੀ ਨਾਗਰਿਕਾਂ ਨੂੰ ਕੇਂਦਰ ’ਚ ਰੱਖਦਿਆਂ ਕੀਤੀਆਂ ਗਈਆਂ ਪਹਿਲਾਂ ਦਾ ਵੀ ਗਵਾਹ ਬਣਿਆ ਹੈ।
2019 ’ਚ ਸੁਸ਼ਾਸਨ ਸੂਚਕ–ਅੰਕ ਅਤੇ ਰਾਸ਼ਟਰੀ ਈ–ਸੇਵਾ ਡਿਲਿਵਰੀ ਮੁੱਲਾਂਕਣ ਦੇ ਪ੍ਰਕਾਸ਼ਨ ਨਾਲ ਭਾਰਤ ਦੇ ਆਪਣੀਆਂ ਸਿਵਲ ਸੇਵਾਵਾਂ ਨੂੰ ਵਿਸ਼ਵ ਪੱਧਰ ’ਤੇ ਸਰਬ–ਸ੍ਰੇਸ਼ਟ ਪ੍ਰਕਿਰਿਆਵਾਂ ਮੁਤਾਬਕ ਬਣਾਉਣ ਦੀ ਦਿਸ਼ਾ ’ਚ ਕੀਤੇ ਜਾ ਰਹੇ ਯਤਨਾਂ ਦਾ ਪਤਾ ਚਲਦਾ ਹੈ। ਭਾਰਤ ਦੇ ਪ੍ਰਸ਼ਾਸਨਿਕ ਮਾਡਲ ਨੂੰ ਪ੍ਰਤਿਭਾ ਤੇ ਸੰਵਿਧਾਨਕ ਕਦਰਾਂ–ਕੀਮਤਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਰੂਪ ਵਿੱਚ ਵਿਆਪਕ ਪੱਧਰ ’ਤੇ ਮਾਨਤਾ ਮਿਲੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਤੰਬਰ 2019 ਤੋਂ ਜਨ–ਸ਼ਿਕਾਇਤ ਨਿਵਾਰਣ ਪ੍ਰਣਾਲੀ ’ਚ ਵਿਆਪਕ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਸ਼ਿਕਾਇਤਾਂ ਦੇ ਨਿਵਾਰਣ ’ਚ ਸੁਧਾਰ ਹੋਇਆ ਹੈ ਤੇ ਸ਼ਿਕਾਇਤ–ਨਿਵਾਰਣ ਦੀ ਸਮਾਂ–ਸੀਮਾ ਵਿੱਚ ਕਮੀ ਆਈ ਹੈ। ਇਸ ਸਬੰਧੀ ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ 1 ਅਪ੍ਰੈਲ ਤੋਂ ਹੁਣ ਤੱਕ ਪਿਛਲੇ 20 ਦਿਨਾਂ ’ਚ ਨੈਸ਼ਨਲ ਮੌਨੀਟਰ ਫ਼ਾਰ ਕੋਵਿਡ–19 ਪਬਲਿਕ ਗ੍ਰੀਵੈਂਸਜ਼ (https://www.darpg.gov.in) ਬਾਰੇ ਮਿਲੀਆਂ ਕੋਵਿਡ–19 ਨਾਲ ਸਬੰਧਿਤ 25,000 ਸ਼ਿਕਾਇਤਾਂ ਦਾ ਹੱਲ ਕੀਤਾ ਗਿਆ ਹੈ, ਜਿਨ੍ਹਾਂ ਦਾ ਔਸਤ ਨਿਵਾਰਣ ਸਮਾਂ 1.57 ਦਿਨ/ਸ਼ਿਕਾਇਤ ਰਿਹਾ ਹੈ।
ਸਿਵਲ ਸੇਵਾ ਦਿਵਸ 21 ਅਪ੍ਰੈਲ, 2020 ਨੂੰ ਮਨਾਇਆ ਜਾਣਾ ਸੀ ਪਰ ਕੋਵਿਡ–19 ਦੀ ਮਹਾਮਾਰੀ ਦੇ ਚਲਦਿਆਂ ਜਾਰੀ ਦੇਸ਼ਵਿਆਪੀ ਲੌਕਡਾਊਨ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਹੈ। ਲੋਕ ਪ੍ਰਸ਼ਾਸਨ 2019 ਅਤੇ 2020 ’ਚ ਚੰਗੇ ਕੰਮਾਂ ਲਈ ਪ੍ਰਧਾਨ ਮੰਤਰੀ ਪੁਰਸਕਾਰ ਹੁਣ 31 ਅਕਤੂਬਰ, 2020 ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਮੌਕੇ ਪ੍ਰਦਾਨ ਕੀਤੇ ਜਾਣਗੇ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ’ਤੇ ਵੀ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਹਾਲੇ ਤੱਕ ਕੋਵਿਡ ਖ਼ਿਲਾਫ਼ ਜੰਗ ’ਚ ਡੀਓਪੀਟੀ ਦੇ ਈ–ਲਰਨਿੰਗ ਪਲੈਟਫ਼ਾਰਮ (https://igot.gov.in) ਉੱਤੇ 1,44,736 ਤੋਂ ਵੱਧ ਲੋਕ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਜਿਸ ਦੀ ਸ਼ੁਰੂਆਤ ਇਸੇ ਮਹੀਨੇ ਦੀ 8 ਤਰੀਕ ਨੂੰ ਕੀਤੀ ਗਈ ਸੀ ਅਤੇ ਲਗਭਗ 96,268 ਵਿਅਕਤੀ ਕੋਰਸ ਮੁਕੰਮਲ ਕਰ ਚੁੱਕੇ ਹਨ।
ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸਰਕਾਰ ਦੇ ਕੋਵਿਡ–19 ਰਾਹਤ ਕਾਰਜਾਂ ’ਚ ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਦੇ ਸਿਵਲ–ਸੇਵਕਾਂ ਨੇ ਇੱਕ ਦਿਨ ਦੀ ਤਨਖ਼ਾਹ ਤੇ ਸੀਐੱਸਆਰ ਅੰਸ਼ਦਾਨ ਵਜੋਂ ਪੀਐੱਮ ਕੇਅਰਸ ਫ਼ੰਡ ਵਿੱਚ ਹਾਲੇ ਤੱਕ 4,227 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।
******
ਵੀਜੀ/ਐੱਸਐੱਨਸੀ
(Release ID: 1616819)
Visitor Counter : 152