ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਉੱਤਰ–ਪੂਰਬ ’ਚ ਏਅਰ ਕਾਰਗੋ ਰਾਹੀਂ ਜ਼ਰੂਰੀ ਵਸਤਾਂ ਤੇ ਮੈਡੀਕਲ ਉਪਕਰਣਾਂ ਦੀ ਸਪਲਾਈ ਨਿਯਮਿਤ ਤੌਰ ’ਤੇ ਹੋ ਰਹੀ ਹੈ: ਡਾ. ਜਿਤੇਂਦਰ ਸਿੰਘ

Posted On: 05 APR 2020 5:45PM by PIB Chandigarh

ਕੇਂਦਰੀ ਉੱਤਰਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਲੋਕ ਸ਼ਿਕਾਇਤਾਂ ਤੇ ਪੈਨਸ਼ਨ, ਪ੍ਰਮਾਣੂ ਊਰਜਾ ਤੇ ਪੁਲਾੜ ਵਿਭਾਗ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਉੱਤਰਪੂਰਬ ਚ ਏਅਰ ਕਾਰਗੋ ਰਾਹੀਂ ਜ਼ਰੂਰੀ ਵਸਤਾਂ ਤੇ ਮੈਡੀਕਲ ਉਪਕਰਣਾਂ ਆਦਿ ਦੀ ਨਿਯਮਿਤ ਰੂਪ ਵਿੱਚ ਸਪਲਾਈ ਹੋ ਰਹੀ ਹੈ। ਇਸ ਵੇਲੇ ਨਾ ਤਾਂ ਕਿਸੇ ਤਰ੍ਹਾਂ ਦੇ ਸਮਾਨ ਦੀ ਘਾਟ ਹੈ, ਨਾ ਹੀ ਆਉਣ ਵਾਲੇ ਸਮੇਂ ਚ ਹੋਣ ਦਿੱਤੀ ਜਾਵੇਗੀ।

ਮੀਡੀਆ ਨੂੰ ਸੰਖੇਪ ਸੰਬੋਧਨ ਚ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਲੌਕਡਾਊਨ ਦੇ ਐਲਾਨ ਦੇ ਤੁਰੰਤ ਬਾਅਦ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਖ਼ਲ ਤੇ ਫ਼ੈਸਲਾ ਲਿਆ ਗਿਆ ਸੀ ਕਿ ਉੱਤਰਪੂਰਬੀ ਖੇਤਰ ਦੇ ਨਾਲ ਹੀ ਜੰਮੂਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਟਾਪੂ ਖੇਤਰਾਂ ਸਮੇਤ ਦੂਰਦੁਰਾਡੇ ਦੇ ਹੋਰ ਇਲਾਕਿਆਂ ਚ ਏਅਰ ਕਾਰਗੋ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਤੁਰੰਤ ਬਾਅਦ ਏਅਰ ਇੰਡੀਆ ਦੇ ਨਾਲ ਹੀ ਭਾਰਤੀ ਵਾਯੂ ਸੈਨਾ ਰਾਹੀਂ ਏਅਰ ਕਾਰਗੋ ਦੇ ਸੰਚਾਲਨ ਸ਼ੁਰੂ ਕਰ ਦਿੱਤੇ ਗਏ।

ਇਸ ਦਾ ਵੇਰਵੇ ਦਿੰਦਿਆਂ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਏਅਰ ਇੰਡੀਆ ਰਾਹੀਂ ਪਹਿਲੀ ਖੇਪ 30 ਮਾਰਚ ਦੀ ਰਾਤ ਨੂੰ ਗੁਵਾਹਾਟੀ ਹਵਾਈ ਅੱਡੇ ਤੇ ਪੁੱਜੀ ਸੀ ਅਤੇ ਅਗਲੀ ਸਵੇਰ 31 ਮਾਰਚ ਨੂੰ ਭਾਰਤੀ ਵਾਯੂ ਸੈਨਾ ਦੀ ਮਾਲਵਾਹਕ ਉਡਾਨ ਦੀਮਾਪੁਰ ਪੁੱਜੀ ਸੀ। ਤਦ ਤੋਂ ਨਿਯਮਿਤ ਤੌਰ ਤੇ ਇਸ ਖੇਤਰ ਚ ਮਾਲਵਾਹਕ ਉਡਾਨਾਂ ਰਾਹੀਂ ਖੇਪ ਪੁੱਜ ਰਹੀ ਹੈ। ਉਦਾਹਰਣ ਵਜੋਂ, ਇਸ ਦੇ ਨਤੀਜੇ ਵਜੋਂ ਨਾਗਾਲੈਂਡ ਨੂੰ ਹਾਲੇ ਤੱਕ ਤਿੰਨ ਵੱਡੀਆਂ ਹਵਾਈ ਖੇਪਾਂ ਮਿਲ ਚੁੱਕੀਆਂ ਹਨ ਤੇ ਮਣੀਪੁਰ ਚ ਵੀ ਤਿੰਨ ਏਅਰ ਕਾਰਗੋ ਦੀ ਖੇਪ ਪੁੱਜ ਚੁੱਕੀ ਹੈ।

 

ਫ਼ੇਸ ਮਾਸਕ ਨਾਲ ਸਬੰਧਿਤ  ਮੰਗ ਬਾਰੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵੰਡਣ ਲਈ ਹੁਣ ਤੱਕ ਗੁਵਾਹਾਟੀ 30,000 ਐੱਨ–95 ਮਾਸਕ ਪੁੱਜ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸੈਲਫ ਹੈਲਪ ਗਰੁੱਪਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜੋ ਆਪਣੇ ਪੱਧਰ ਤੇ ਮਾਸਕ ਤੇ ਸੈਨੀਟਾਈਜ਼ਰ ਤਿਆਰ ਕਰਨ ਲਈ ਅੱਗੇ ਆਏ ਹਨ।

ਡਾ. ਜਿਤੇਂਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਭਵਿੱਖ ਚ ਮੰਗ ਜਾਂ ਜ਼ਰੂਰਤ ਵਧਣ ਤੇ ਏਅਰ ਕਾਰਗੋ ਰਾਹੀਂ ਬਹੁਤ ਘੱਟ ਸਮੇਂ ਚ ਜ਼ਰੂਰੀ ਸਮਾਨ ਦਾ ਇੰਤਜ਼ਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਪ ਦੇ ਸਰੂਪ ਜ਼ਰੂਰਤ ਨੂੰ ਦੇਖਦਿਆਂ ਏਅਰ ਇੰਡੀਆ ਤੇ ਭਾਰਤੀ ਵਾਯੂ ਸੈਨਾ ਇੱਕਦੂਜੇ ਨਾਲ ਤਾਲਮੇਲ ਬਿਠਾ ਕੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਐਨ ਮੌਕੇ ਤੇ ਨਿਗਰਾਨੀ ਲਈ ਇੱਕ ਪ੍ਰਣਾਲੀ ਵੀ ਵਿਕਸਿਤ ਕਰ ਲਈ ਗਈ ਹੈ ਤੇ ਅਸੀਂ ਰਾਜ ਸਰਕਾਰਾਂ ਨਾਲ ਵੀ ਲਗਾਤਾਰ ਸੰਪਰਕ ਚ ਹਾਂ।

ਇਸ ਦੇ ਨਾਲ ਹੀ, ਡਾ. ਜਿਤੇਂਦਰ ਸਿੰਘ ਨੇ ਸੂਚਿਤ ਕੀਤਾ ਕਿ 5,500 ਕਿਲੋਮੀਟਰ ਲੰਬੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਚ ਮਦਦ ਮਿਲੀ ਹੈ।

<><><><><>

ਵੀਜੀ/ਐੱਸਐੱਨਸੀ



(Release ID: 1611492) Visitor Counter : 103