57th International Film Festival of India 2026
20 – 28 Nov 2026

ਪਰਿਵਾਰ ਕੀ ਹੈ ਅਤੇ ਆਪਣੇਪਣ ਦਾ ਅਸਲ ਅਰਥ ਕੀ ਹੈ? 57ਵੇਂ ਇੱਫੀ ਦੀ ਸਮਾਪਤੀ ਫ਼ਿਲਮ ਰਿਸ਼ਤਿਆਂ ਦੀ ਡੂੰਘਾਈ ਨੂੰ ਦਰਸਾਉਂਦੀ ਹੈ


ਵੀ ਆਰ ਆਲ ਸਟ੍ਰੇਂਜਰਸ’ (We Are All Strangers) ਦੇ ਕਲਾਕਾਰਾਂ ਨੇ ਪਰਿਪੱਕਤਾ, ਜ਼ਿੰਮੇਵਾਰੀ ਅਤੇ ਮਨੁੱਖੀ ਰਿਸ਼ਤਿਆਂ ਦੀ ਅਹਿਮੀਅਤ ‘ਤੇ ਆਪਣੇ ਵਿਚਾਰ ਰੱਖੇ

Posted On: 28 NOV 2026 3:48PMby PIB ChandigarhRelease ID: 2343315Views: 6

ਪਰਿਵਾਰ ਦਾ ਅਧਾਰ ਕੀ ਹੈ—ਖ਼ੂਨ ਦਾ ਰਿਸ਼ਤਾ, ਇੱਕੋ ਘਰ ਵਿੱਚ ਰਹਿਣਾ ਜਾਂ ਫਿਰ ਉਹ ਰਿਸ਼ਤੇ ਅਤੇ ਜੁੜਾਅ, ਜੋ ਲੋਕ ਹੌਲੀ-ਹੌਲੀ ਇੱਕ-ਦੂਜੇ ਨਾਲ ਮਿਲ ਕੇ ਬਣਾਉਂਦੇ ਹਨ? ਇਹੀ ਸਵਾਲ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਦੀ ਸਮਾਪਤੀ ਫ਼ਿਲਮ ‘ਵੀ ਆਰ ਆਲ ਸਟ੍ਰੇਂਜਰਸ’ ਦੇ ਕੇਂਦਰ ਵਿੱਚ ਹੈ। ਐਂਥਨੀ ਚੇਨ ਦੇ ਨਿਰਦੇਸ਼ਨ ਵਿੱਚ ਬਣੀ 157 ਮਿੰਟ ਦੀ ਇਹ ਫ਼ਿਲਮ ਮੰਦਾਰਿਨ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਹੈ। ਇਸ ਵਿੱਚ ਪਰਿਵਾਰਕ ਰਿਸ਼ਤਿਆਂ, ਬਾਲਗ਼ ਜੀਵਨ ਦੀਆਂ ਅਨਿਸ਼ਚਿਤਤਾਵਾਂ ਅਤੇ ਆਪਣੇਪਣ ਦੇ ਅਰਥ ਨੂੰ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਹੈ। ਸਿੰਗਾਪੁਰ ਦੇ ਕਲਾਕਾਰ ਕੋਹ ਜੀਆ ਲੇਰ ਅਤੇ ਰੀਜੀਨ ਲਿਮ ਨੇ ਅੱਜ ਗੋਆ ਵਿੱਚ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਵੱਲੋਂ ਕਰਵਾਈ ਗਈ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਫ਼ਿਲਮ ਦੇ ਇਨ੍ਹਾਂ ਪਹਿਲੂਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਫ਼ਿਲਮ ਐਂਥਨੀ ਚੇਨ ਦੀ ‘ਗਰੋਇੰਗ ਅੱਪ’ ਟ੍ਰਾਇਲੋਜੀ ਨੂੰ ਪੂਰਾ ਕਰਦੀ ਹੈ। ਇਸ ਤੋਂ ਪਹਿਲਾਂ ਇਸ ਲੜੀ ਦੀਆਂ ਦੋ ਫ਼ਿਲਮਾਂ ‘ਇਲੋ ਇਲੋ’ (2013) ਅਤੇ ‘ਵੈੱਟ ਸੀਜ਼ਨ’ (2019) ਰਿਲੀਜ਼ ਹੋਈਆਂ ਸਨ।

ਸਮਕਾਲੀ ਸਿੰਗਾਪੁਰ ਦੇ ਪਿਛੋਕੜ ‘ਤੇ ਬਣੀ ਇਹ ਫ਼ਿਲਮ 21 ਸਾਲਾ ਜੁਨਯਾਂਗ ਅਤੇ ਉਸ ਦੇ ਪਿਤਾ ਬੂਨ ਕਿਆਤ ਦੀ ਕਹਾਣੀ ਬਿਆਨ ਕਰਦੀ ਹੈ, ਜਿਨ੍ਹਾਂ ਦੇ ਜੀਵਨ ਵਿੱਚ ਨਵੇਂ ਰਿਸ਼ਤਿਆਂ ਅਤੇ ਅਚਾਨਕ ਆਈਆਂ ਜ਼ਿੰਮੇਵਾਰੀਆਂ ਕਰਕੇ ਕਈ ਬਦਲਾਅ ਆਉਂਦੇ ਹਨ। ਚਾਰ ਲੋਕਾਂ ਦੇ ਇੱਕੋ ਘਰ ਵਿੱਚ ਇਕੱਠਿਆਂ ਰਹਿਣ ਦੌਰਾਨ ਕਹਾਣੀ ਪਰਿਵਾਰਕ ਰਿਸ਼ਤਿਆਂ, ਬਾਲਗ਼ ਜੀਵਨ ਦੀਆਂ ਅਨਿਸ਼ਚਿਤਤਾਵਾਂ ਅਤੇ ਉਨ੍ਹਾਂ ਲੋਕਾਂ ਦਰਮਿਆਨ ਹੌਲੀ-ਹੌਲੀ ਪਨਪਦੇ ਆਪਸੀ ਜੁੜਾਅ ਨੂੰ ਸਾਹਮਣੇ ਲਿਆਉਂਦੀ ਹੈ, ਜਿਨ੍ਹਾਂ ਨੂੰ ਸ਼ੁਰੂ ਵਿੱਚ ਇੱਕ-ਦੂਜੇ ਨੂੰ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ।

ਗਰੋਇੰਗ ਅੱਪ’ ਟ੍ਰਾਇਲੋਜੀ (ਤਿੰਨ ਫ਼ਿਲਮਾਂ ਦੀ ਲੜੀ) ਦੇ ਨਾਲ ਆਪਣੇ ਸਫ਼ਰ ਨੂੰ ਯਾਦ ਕਰਦੇ ਹੋਏ ਕੋਹ ਨੇ ਕਿਹਾ ਕਿ ਇਨ੍ਹਾਂ ਫ਼ਿਲਮਾਂ ਦੇ ਨਾਲ-ਨਾਲ ਇੱਕ ਅਦਾਕਾਰ ਵਜੋਂ ਵੀ ਉਨ੍ਹਾਂ ਦਾ ਵਿਕਾਸ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਰੀਬ 8,000 ਬੱਚਿਆਂ ਵਿੱਚੋਂ ਉਨ੍ਹਾਂ ਦੀ ਚੋਣ ਕੀਤੀ ਗਈ ਸੀ। ਐਂਥਨੀ ਚੇਨ ਦੇ ਨਾਲ ਕੰਮ ਸ਼ੁਰੂ ਕਰਦੇ ਸਮੇਂ ਉਨ੍ਹਾਂ ਨੂੰ ਅਦਾਕਾਰੀ ਦੀ ਕੋਈ ਰਸਮੀ ਸਿਖਲਾਈ ਨਹੀਂ ਮਿਲੀ ਸੀ। ਸ਼ੁਰੂਆਤ ਵਿੱਚ ਸਕੂਲ ਦੀਆਂ ਛੁੱਟੀਆਂ ਦੌਰਾਨ ਇਹ ਉਨ੍ਹਾਂ ਲਈ ਇੱਕ ਮਨੋਰੰਜਕ ਅਨੁਭਵ ਸੀ, ਪਰ ਬਾਅਦ ਵਿੱਚ ਨਿਰਦੇਸ਼ਕ ਦੇ ਨਾਲ ਲਗਾਤਾਰ ਕੰਮ ਕਰਦੇ ਹੋਏ ਸਿਨੇਮਾ ਅਤੇ ਅਦਾਕਾਰੀ ਪ੍ਰਤੀ ਉਨ੍ਹਾਂ ਦੀ ਸਮਝ ਅਤੇ ਰੁਚੀ ਡੂੰਘੀ ਹੁੰਦੀ ਚਲੀ ਗਈ।

ਆਪਣੇ ਕਿਰਦਾਰ ਜੁਨਯਾਂਗ ਬਾਰੇ ਗੱਲ ਕਰਦੇ ਹੋਏ ਕੋਹ ਨੇ ਕਿਹਾ ਕਿ ਉਸ ‘ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕਣ ਦਾ ਦਬਾਅ ਹੈ ਅਤੇ ਇਸੇ ਦੌਰਾਨ ਉਹ ਸਮਾਜ ਵਿੱਚ ਆਪਣੀ ਪਛਾਣ ਅਤੇ ਥਾਂ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਿਜੀ ਜੀਵਨ ਦੇ ਕੁਝ ਅਨੁਭਵ ਵੀ ਫ਼ਿਲਮ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦੇ ਅਨੁਸਾਰ, ਬਾਲਗ਼ ਜੀਵਨ ਵਿੱਚ ਕਦਮ ਰੱਖਣ, ਔਖੇ ਫ਼ੈਸਲੇ ਲੈਣ ਅਤੇ ਜੀਵਨ ਵਿੱਚ ਆਪਣੀ ਰਾਹ ਲੱਭਣ ਦੀਆਂ ਚੁਣੌਤੀਆਂ ਅਜਿਹੀਆਂ ਹਨ, ਜਿਨ੍ਹਾਂ ਨਾਲ ਦੁਨੀਆ ਭਰ ਦੇ ਨੌਜਵਾਨ ਦਰਸ਼ਕ ਖ਼ੁਦ ਨੂੰ ਜੋੜ ਸਕਦੇ ਹਨ।

ਫ਼ਿਲਮ ਦੇ ਸਿਰਲੇਖ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਲੀਡੀਆ ਦੀ ਭੂਮਿਕਾ ਨਿਭਾਉਣ ਵਾਲੀ ਲਿਮ ਨੇ ਕਿਹਾ ਕਿ ਖ਼ੂਨ ਦੇ ਰਿਸ਼ਤੇ ਨਾਲ ਜੁੜੇ ਲੋਕ ਵੀ ਇੱਕ-ਦੂਜੇ ਲਈ ਅਜਨਬੀ ਹੋ ਸਕਦੇ ਹਨ। ਫ਼ਿਲਮ ਵਿੱਚ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਚਾਰ ਲੋਕ ਇੱਕੋ ਛੱਤ ਹੇਠ ਰਹਿਣ ਲੱਗਦੇ ਹਨ, ਤਾਂ ਹੌਲੀ-ਹੌਲੀ ਉਹ ਇੱਕ-ਦੂਜੇ ਨੂੰ ਸਮਝਣਾ ਅਤੇ ਸਵੀਕਾਰ ਕਰਨਾ ਸਿੱਖਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਪਰਿਵਾਰ ਸਿਰਫ਼ ਖ਼ੂਨ ਦੇ ਰਿਸ਼ਤਿਆਂ ਨਾਲ ਨਹੀਂ ਬਣਦਾ, ਸਗੋਂ ਆਪਸੀ ਸਮਝ, ਸਵੀਕਾਰਤਾ ਅਤੇ ਭਾਵਨਾਤਮਕ ਜੁੜਾਅ ਨਾਲ ਵੀ ਬਣਦਾ ਹੈ।

 

ਲਿਮ ਨੇ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਕਮਿਊਨੀਕੇਸ਼ਨਜ਼ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਵਿੱਚ ਵਾਪਸ ਆਉਣ ਬਾਰੇ ਵੀ ਗੱਲ ਕੀਤੀ। ਇਸ ਦੌਰਾਨ ਅਦਾਕਾਰੀ ਪ੍ਰਤੀ ਉਨ੍ਹਾਂ ਦੀ ਰੁਚੀ ਮੁੜ ਜਾਗ੍ਰਿਤ ਹੋਈ। ਉਨ੍ਹਾਂ ਨੇ ਸਿਨੇਮਾ ਨੂੰ ਅਜਿਹਾ ਮਾਧਿਅਮ ਦੱਸਿਆ, ਜੋ ਦਰਸ਼ਕਾਂ ਨੂੰ ਆਪਣੇ ਜੀਵਨ ਤੋਂ ਵੱਖਰੀਆਂ ਜੀਵਨਸ਼ੈਲੀਆਂ, ਦੇਸ਼ਾਂ ਅਤੇ ਸੱਭਿਆਚਾਰਾਂ ਨੂੰ ਜਾਣਨ-ਸਮਝਣ ਦਾ ਮੌਕਾ ਦਿੰਦਾ ਹੈ।

ਕੋਹ ਨੇ ਉਮੀਦ ਜਤਾਈ ਕਿ ਇਹ ਫ਼ਿਲਮ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਸਿੰਗਾਪੁਰ ਦੇ ਲੋਕਾਂ ਦੇ ਰੋਜ਼ਾਨਾ ਦੇ ਜੀਵਨ ਤੋਂ ਜਾਣੂ ਕਰਵਾਏਗੀ ਅਤੇ ਦੇਸ਼ ਦੀ ਖ਼ੁਸ਼ਹਾਲੀ ਦੀ ਜਾਣੀ-ਪਛਾਣੀ ਤਸਵੀਰ ਤੋਂ ਅੱਗੇ ਉੱਥੋਂ ਦੇ ਸਮਾਜ ਨੂੰ ਸਮਝਣ ਦਾ ਮੌਕਾ ਦੇਵੇਗੀ। ਪਰਿਵਾਰ, ਜ਼ਿੰਮੇਵਾਰੀਆਂ ਅਤੇ ਵੱਡੇ ਹੋਣ ਦੌਰਾਨ ਆਉਣ ਵਾਲੀਆਂ ਅਨਿਸ਼ਚਿਤਤਾਵਾਂ ਨੂੰ ਨੇੜਿਓਂ ਦਰਸਾਉਂਦੀ ‘ਵੀ ਆਰ ਆਲ ਸਟ੍ਰੇਂਜਰਜਸ’ ਇੱਫੀ 2026 ਦੇ ਥੀਮ ‘ਸਟੋਰੀਜ਼ ਵਿਦਾਊਟ ਬਾਰਡਰਜ਼’ ਦੇ ਅਨੁਸਾਰ ਸਮਾਪਤੀ ਪੇਸ਼ ਕਰਦੀ ਹੈ। ਫ਼ਿਲਮ ਵਿੱਚ ਆਪਣੇਪਣ ਅਤੇ ਮਨੁੱਖੀ ਰਿਸ਼ਤਿਆਂ ਦੀ ਪੜਤਾਲ ਇਹ ਰੇਖਾਂਕਿਤ ਕਰਦੀ ਹੈ ਕਿ ਭਾਵਨਾਵਾਂ ਅਤੇ ਜੀਵਨ ਦੇ ਅਨੁਭਵ ਵੱਖ-ਵੱਖ ਸੱਭਿਆਚਾਰਾਂ ਅਤੇ ਭੂਗੋਲਿਕ ਸੀਮਾਵਾਂ ਤੋਂ ਪਾਰ ਵੀ ਲੋਕਾਂ ਨੂੰ ਆਪਸ ਵਿੱਚ ਜੋੜ ਸਕਦੇ ਹਨ।

ਪ੍ਰੈੱਸ ਕਾਨਫ਼ਰੰਸ ਦਾ ਸੰਚਾਲਨ ਸ਼੍ਰੀ ਕਿਰਨ ਮੁਰਲੀ ਨੇ ਕੀਤਾ।

ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ

https://www.youtube.com/channel/UCGn6a5SI8SNlj7WylmPD6GQ

ਇੱਫੀਲੌਇਡ ਇੱਥੇ ਪੜ੍ਹੋ: https://www.pib.gov.in/iffi/57/iffiLoid.aspx?yr=2026&lang=1&reg=48

 

*********

 

ਪੀਆਈਬੀ ਇੱਫੀ ਟੀਮ/ ਰਜਿਤ/ਸੁਪ੍ਰਿਆ/ਪ੍ਰਵੀਨ/ਦਰਸ਼ਨਾ /ਏਕੇ| IFFI 57 – 127


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2343315
•
Media Centre: Goa
•
Festival Dates: Nov 20 – 28, 2026