Posted On:
25 NOV 2026 4:21PM by PIB Chandigarh
ਭਾਰਤ ਅਤੇ ਨੇਪਾਲ ਵਿਚਕਾਰ 20ਵਾਂ ਸਾਂਝਾ ਫੌਜੀ ਅਭਿਆਸ 'ਸੂਰਯ ਕਿਰਨ' ਅੱਜ ਨੇਪਾਲ ਦੇ ਸਲਝੰਡੀ ਸਥਿਤ ਨੇਪਾਲ ਆਰਮੀ ਬੈਟਲ ਸਕੂਲ ਵਿਖੇ ਸ਼ੁਰੂ ਹੋਇਆ। ਇਹ ਅਭਿਆਸ 25 ਨਵੰਬਰ ਤੋਂ 8 ਦਸੰਬਰ, 2026 ਤੱਕ ਆਯੋਜਿਤ ਕੀਤਾ ਜਾਵੇਗਾ। ਨੇਪਾਲ ਫੌਜ ਦੇ ਸੈਂਟਰਲ ਵੈਸਟਰਨ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਮੇਜਰ ਜਨਰਲ ਪੂਰਣ ਬਹਾਦੁਰ ਖੱਤਰੀ ਅਭਿਆਸ ਦੇ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਭਾਰਤੀ ਫੌਜ ਦੇ 334 ਸੈਨਿਕਾਂ ਦੀ ਇੱਕ ਟੁਕੜੀ, ਜਿਸ ਦੀ ਨੁਮਾਇੰਦਗੀ ਕੁਮਾਉਂ ਰੈਜ਼ੀਮੈਂਟ ਦੇ ਸੈਨਿਕ ਕਰ ਰਹੇ ਹਨ, ਅਭਿਆਸ ਵਿੱਚ ਹਿੱਸਾ ਲੈ ਰਹੀ ਹੈ। ਨੇਪਾਲ ਫੌਜ ਦੇ 334 ਸੈਨਿਕਾਂ ਦੀ ਇੱਕ ਟੁਕੜੀ, ਜਿਸਦੀ ਨੁਮਾਇੰਦਗੀ ਸ਼੍ਰੀ ਜਵਾਲਾ ਦਲ ਬਟਾਲੀਅਨ ਕਰ ਰਹੀ ਹੈ, ਵੀ ਹਿੱਸਾ ਲੈ ਰਹੀ ਹੈ।
ਇਸ ਸਾਂਝੇ ਫੌਜੀ ਅਭਿਆਸ ਦਾ ਉਦੇਸ਼ ਚੁਣੌਤੀਪੂਰਨ ਖੇਤਰ ਵਿੱਚ ਅੱਤਵਾਦ ਵਿਰੋਧੀ ਅਤੇ ਬਗਾਵਤ ਵਿਰੋਧੀ ਕਾਰਵਾਈਆਂ ਲਈ ਸਾਂਝੀ ਸਿਖਲਾਈ ਰਾਹੀਂ ਦੋਵਾਂ ਫੌਜਾਂ ਵਿਚਕਾਰ ਅੰਤਰ-ਕਾਰਜਸ਼ੀਲਤਾ, ਸੰਚਾਲਨ ਤਾਲਮੇਲ ਅਤੇ ਆਪਸੀ ਸਮਝ ਨੂੰ ਵਧਾਉਣਾ ਹੈ।
ਇਸ ਅਭਿਆਸ ਦੇ ਦਾਇਰੇ ਵਿੱਚ ਸਾਂਝੇ ਰਣਨੀਤਿਕ ਕਾਰਜ, ਹੈਲੀਕੌਪਟਰ ਤੈਨਾਤੀ, ਆਫ਼ਤ ਪ੍ਰਤੀਕਿਰਿਆ ਅਤੇ ਡਾਕਟਰੀ ਸਿਖਲਾਈ ਸ਼ਾਮਲ ਹੈ। ਦੋਵੇਂ ਫੌਜਾਂ ਦੇ ਸੈਨਿਕ ਆਪਣੇ ਸੰਚਾਲਨ ਅਨੁਭਵ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨਗੇ ਅਤੇ ਸਾਂਝੇ ਕਾਰਜਾਂ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਆਪਣੀਆਂ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਨੂੰ ਹੋਰ ਬਿਹਤਰ ਬਣਾਉਣਗੇ।
ਸੂਰਯ ਕਿਰਨ ਭਾਰਤ ਅਤੇ ਨੇਪਾਲ ਵਿਚਕਾਰ ਇੱਕ ਸਾਲਾਨਾ ਦੁਵੱਲਾ ਫੌਜੀ ਅਭਿਆਸ ਹੈ, ਜੋ ਭਾਰਤ ਅਤੇ ਨੇਪਾਲ ਵਿੱਚ ਵਾਰੀ-ਵਾਰੀ ਕੀਤਾ ਜਾਂਦਾ ਹੈ। ਇਹ ਅਭਿਆਸ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਦੋਵੇਂ ਫੌਜਾਂ ਵਿਚਕਾਰ ਆਪਸੀ ਵਿਸ਼ਵਾਸ, ਸਦਭਾਵਨਾ ਅਤੇ ਦੋਸਤੀ ਨੂੰ ਉਤਸ਼ਾਹਿਤ ਕਰਦਾ ਹੈ। ਇਹ ਖੇਤਰੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਪ੍ਰਤੀ ਦੋਵੇਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਵੀ ਪੁਸ਼ਟੀ ਕਰਦਾ ਹੈ।

_20261125162250_2c751f.JPG)
*****
ਨਿਸ਼ਾਂਤ / ਆਸ਼ੀਸ਼ /ਏਕੇ