ਬੈਲਜ਼ੀਅਮ ਦੇ ਫਿਲਮਮੇਕਰ ਇਸਾਬੇਲ ਟੋਲਨੇਰੇ ਨੇ ਅੱਜ ਗੋਆ ਵਿਖੇ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਦੌਰਾਨ ਪੱਤਰ ਸੂਚਨਾ ਦਫਤਰ (ਪੀਆਈਬੀ) ਦੁਆਰਾ ਆਯੋਜਿਤ ਪ੍ਰੈੱਸ ਕਾਨਫਰੰਸ ਵਿੱਚ ਆਪਣੀ ਫਿਲਮ ‘ਪੈਰਿਸ ਪੈਰਿਸ’ ਇਸ ਦੇ ਰਚਨਾਤਮਕ ਸਫਰ ਅਤੇ ਪ੍ਰਵਾਸਨ, ਵਿਸਥਾਪਨ ਅਤੇ ਆਪਣੇਪਣ ਵਰਗੇ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਅੰਤਰਰਾਸ਼ਟਰੀ ਸਿਨੇਮਾ ਸ਼੍ਰੇਣੀ ਵਿੱਚ ਪ੍ਰਦਰਸ਼ਿਤ ਇਹ ਫਿਲਮ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰਹਿਣ ਵਾਲੇ ਤਿੰਨ ਪੁਰਸ਼ਾਂ ਦੇ ਜੀਵਨ ਰਾਹੀਂ ਘਰ ਦੇ ਅਸਲੀ ਅਰਥ ਨੂੰ ਲੱਭਦੀ ਹੈ।

ਪੈਰਿਸ ਦੀ ਇੱਕ ਬਿਲਡਿੰਗ ਦੇ ਪਿਛੋਕੜ ‘ਤੇ ਅਧਾਰਿਤ ਫਿਲਮ ‘ਪੈਰਿਸ ਪੈਰਿਸ’ ਵਿੱਚ ਵੱਖ-ਵੱਖ ਪਿਛੋਕੜਾਂ ਤੋਂ ਆਏ ਤਿੰਨ ਪੁਰਸ਼ਾਂ ਦੀ ਕਹਾਣੀ ਦਿਖਾਈ ਗਈ ਹੈ, ਜੋ ਇੱਕ squatted apartment ਵਿੱਚ ਆਪਣੇ ਲਈ ਘਰ ਵਸਾਉਣ ਦੀ ਕੋਸ਼ਿਸ਼ ਕਰਦੇ ਹਨ। ਸੀਮਤ ਸੰਸਾਧਨਾਂ ਨੂੰ ਸਾਂਝਾ ਕਰਦੇ ਹੋਏ ਅਤੇ ਆਪਣੇ ਅਤੀਤ ਅਤੇ ਭਵਿੱਖ ਬਾਰੇ ਗੱਲਬਾਤ ਕਰਦੇ ਹੋਏ, ਇਹ ਤਿੰਨੋਂ ਵਿਅਕਤੀ ਪਛਾਣ, ਵਿਸਥਾਪਨ ਅਤੇ ਆਪਣੇਪਣ ਨਾਲ ਜੁੜੇ ਸਵਾਲਾਂ ਦਾ ਸਾਹਮਣਾ ਕਰਦੇ ਹਨ। ਫਿਲਮ ਰਾਹੀਂ ਅਜਿਹੇ ਮਨੁੱਖੀ ਤਜ਼ਰਬਿਆਂ ਨੂੰ ਦਰਸਾਇਆ ਗਿਆ ਹੈ, ਜੋ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਇੱਕ-ਦੂਜੇ ਦੇ ਨਾਲ ਜੋੜਦੇ ਹਨ।
ਟੋਲਨੇਰੇ ਨੇ ਪਹਿਲੀ ਵਾਰ ਭਾਰਤ ਆਉਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਇੱਫੀ ਵਿੱਚ ਆਪਣੀ ਫਿਲਮ ਪੇਸ਼ ਕਰਨ ਦੇ ਮੌਕੇ ਨੂੰ ਸਨਮਾਨ ਦੀ ਗੱਲ ਦੱਸੀ। ਉਨ੍ਹਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਫਿਲਮ ਦੀ ਸਕ੍ਰੀਨਿੰਗ ਨੂੰ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਆਡੀਟੋਰੀਅਮ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਸੀ। ਇਸ ਤੋਂ ਬਾਅਦ ਹੋਏ ਸਵਾਲ-ਜਵਾਬ ਦੇ ਸੈਸ਼ਨ ਦੌਰਾਨ, ਉਨ੍ਹਾਂ ਨੂੰ ਭਾਰਤੀ ਦਰਸ਼ਕਾਂ ਨਾਲ ਗੱਲਬਾਤ ਕਰਨ ਅਤੇ ਫ਼ਿਲਮ ਬਾਰੇ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣ ਦਾ ਮੌਕਾ ਮਿਲਿਆ।
ਟੋਲਨੇਰੇ ਨੇ ਆਪਣੀ ਰਚਨਾਤਮਕ ਕਾਰਜਸ਼ੈਲੀ ਬਾਰੇ ਦੱਸਦੇ ਹੋਏ ਕਿਹਾ ਕਿ ਦਸਤਾਵੇਜ਼ੀ ਫਿਲਮ ਨਿਰਮਾਣ ਦਾ ਉਨ੍ਹਾਂ ਦੇ ਪਿਛੋਕੜ ਨੇ ਕਲਾਕਾਰਾਂ ਦੀ ਚੋਣ ਕਰਨ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਅਜਿਹੇ ਵਿਅਕਤੀਆਂ ਦੀ ਚੋਣ ਕੀਤੀ, ਜਿਨ੍ਹਾਂ ਦਾ ਨਿਜੀ ਇਤਿਹਾਸ ਅਤੇ ਜੀਵਨ ਦੇ ਅਸਲ ਤਜ਼ਰਬੇ ਉਨ੍ਹਾਂ ਦੁਆਰਾ ਨਿਭਾਏ ਜਾ ਰਹੇ ਕਿਰਦਾਰਾਂ ਨਾਲ ਮੇਲ ਖਾਂਦੇ ਹਨ। ਇਸ ਨਾਲ ਫਿਲਮ ਦੀ ਕਹਾਣੀ ਵਿੱਚ ਪ੍ਰਮਾਣਿਕਤਾ ਅਤੇ ਡੂੰਘਾਈ ਆਈ ਹੈ।

ਟੋਲਨੇਰੇ ਨੇ ਫਿਲਮ ਨਿਰਮਾਣ ਦੌਰਾਨ ਆਈਆਂ ਚੁਣੌਤੀਆਂ ਬਾਰੇ ਵੀ ਗੱਲ ਕੀਤੀ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਸੀਮਤ ਬਜਟ ਅਤੇ ਫਿਲਮ ਦੀ ਸ਼ੂਟਿੰਗ ਲਈ ਢੁਕਵੀਆਂ ਥਾਵਾਂ ਦੀ ਤਲਾਸ਼ ਨਾਲ ਜੁੜੀਆਂ ਮੁਸ਼ਕਲਾਂ ਸਾਹਮਣੇ ਆਈਆਂ ਸਨ। ਫਿਲਮ ਦੇ ਪਿੱਛੇ ਦੀ ਨਿਜੀ ਪ੍ਰੇਰਣਾ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ-ਦਾਦੀ ਅਪ੍ਰਵਾਸੀ ਸਨ। ਇਸ ਪਰਿਵਾਰਕ ਅਨੁਭਵ ਨੇ ਪ੍ਰਵਾਸਨ, ਵਿਸਥਾਪਨ ਅਤੇ ਆਪਣੇਪਣ ਦੀ ਭਾਲ ਵਰਗੇ ਵਿਸ਼ਿਆਂ ਵਿੱਚ ਉਨ੍ਹਾਂ ਦੀ ਦਿਲਚਸਪੀ ਨੂੰ ਵਧਾਇਆ।
ਟੋਲਨੇਰੇ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਫਿਲਮ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਤੱਕ ਪਹੁੰਚੇ ਅਤੇ ਆਪਣੇ ਵਿਸ਼ਵ-ਵਿਆਪੀ ਵਿਸ਼ਿਆਂ ਅਤੇ ਸਾਂਝੇ ਮਨੁੱਖੀ ਅਨੁਭਵਾਂ ਰਾਹੀਂ ਦੁਨੀਆ ਭਰ ਦੇ ਦਰਸ਼ਕਾਂ ਨਾਲ ਜੁੜ ਸਕੇ।
ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਐਂਡਰਿਊ ਲਾਲਚੰਦਾਮਾ ਨੇ ਕੀਤਾ।
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:
Read IFFILOID here: https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ| ਰਜਿਤ / ਸੁਪ੍ਰਿਆ/ ਯਸ਼/ ਦਰਸ਼ਨਾ /ਏਕੇ | IFFI 57 - 113