57th International Film Festival of India 2026
20 – 28 Nov 2026

“ਸਿਰਫ਼ ਫਿਲਮ ਨਿਰਮਾਤਾ ਹੀ ਨਹੀਂ, ਸਗੋਂ ਹਰ ਇਨਸਾਨ ਕਹਾਣੀਆਂ ਦੇ ਸਹਾਰੇ ਹੀ ਸਾਹ ਲੈਂਦਾ ਹੈ”- ਇੱਫੀ ਮਾਸਟਰ ਕਲਾਸ ਵਿੱਚ ਬੋਗਦਾਨ ਮੁਰੇਸਾਨੂ (Mureșanu)


“ਜਦੋਂ ਤੁਹਾਡੇ ਦਿਮਾਗ ਦਾ ਅਕਾਲਾਪ (ਮੋਨੋਲੌਗ) ਸੰਵਾਦ (ਡਾਇਲੌਗ) ਵਿੱਚ ਬਦਲ ਜਾਂਦਾ ਹੈ, ਤਾਂ ਉਹ ਫਿਲਮ ਸਿਰਫ਼ ਤੁਹਾਡੀ ਨਹੀਂ ਰਹਿ ਜਾਂਦੀ” ਮੁਰੇਸਾਨੂ

Posted On: 24 NOV 2026 7:42PMby PIB ChandigarhRelease ID: 2341363Views: 12

ਹਰ ਕਹਾਣੀ ਵਿੱਚ ਅਸਲੀਅਤ ਦਾ ਇੱਕ ਅੰਸ਼ ਹੁੰਦਾ ਹੈ, ਜਿਵੇਂ ਹਰ ਯਾਦ ਵਿੱਚ ਕਲਪਨਾ ਦੀ ਸੰਭਾਵਨਾ ਹੁੰਦੀ ਹੈ। ਜੀਵੰਤ ਅਨੁਭਵ ਅਤੇ ਸਿਨੇਮੈਟਿਕ ਕਲਪਨਾ ਦੇ ਵਿਚਕਾਰ ਇਸ ਜਟਿਲ ਸਥਾਨ ਦੀ ਖੋਜ ਕਰਦੇ ਹੋਏ, ਮਸ਼ਹੂਰ ਰੋਮਾਨੀ ਲੇਖਕ-ਨਿਰਦੇਸ਼ਕ ਅਤੇ ਨਿਰਮਾਤਾ ਬੋਗਦਾਨ ਮੁਰੇਸਾਨੂ ਨੇ ਅੱਜ ਗੋਆ ਵਿਖੇ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਵਿੱਚ ‘ਦ ਥਿਨ ਬੋਰਡਰਸ ਬਿਟਵੀਨ ਦ ਰਿਐਲਿਟੀ ਐਂਡ ਫਿਕਸ਼ਨ’ ਨਾਮ ਦੀ ਇੱਕ ਆਕਰਸ਼ਕ ਮਾਸਟਰ ਕਲਾਸ ਦਾ ਆਯੋਜਨ ਕੀਤਾ।

ਸਿਨੇ ਪ੍ਰੇਮੀਆਂ, ਵਿਦਿਆਰਥੀਆਂ ਅਤੇ ਫਿਲਮ ਪੇਸ਼ੇਵਰਾਂ ਦੀ ਇੱਕ ਉਤਸ਼ਾਹੀ ਸਭਾ ਨੂੰ ਸੰਬੋਧਨ ਕਰਦੇ ਹੋਏ, ਮੁਰੇਸਾਨੂ ਨੇ ਇਸ ਗੱਲ ‘ਤੇ ਵਿਵਹਾਰਕ ਵਿਚਾਰ ਸਾਂਝੇ ਕੀਤੇ ਕਿ ਕਹਾਣੀ ਸੁਣਾਉਣਾ ਮਨੁੱਖ ਹੋਂਦ ਲਈ ਅਨਿੱਖੜਵਾਂ ਅੰਗ ਕਿਉਂ ਹੈ ਅਤੇ ਕਿਵੇਂ ਕਹਾਣੀਆਂ ਸਾਨੂੰ ਦੁਨੀਆ ਨੂੰ ਸਮਝਣ ਵਿੱਚ ਮਦਦ ਕਰਦੀਆਂ ਹਨ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਕਹਾਣੀ ਸੁਣਾਉਣਾ ਕਲਾਕਾਰਾਂ ਦਾ ਵਿਸ਼ੇਸ਼ ਖੇਤਰ ਨਹੀਂ ਹੈ, ਉਨ੍ਹਾਂ ਕਿਹਾ ਕਿ ਦੋਸਤਾਂ ਵਿਚਕਾਰ ਸਾਂਝੇ ਕੀਤੇ ਜਾਣ ਵਾਲੇ ਰੋਜ਼ਾਨਾ ਦੇ ਕਿੱਸਿਆਂ ਤੋਂ ਲੈ ਕੇ ਸਿਨੇਮਾ ਰਾਹੀਂ ਦੱਸੀਆਂ ਗਈਆਂ ਕਹਾਣੀਆਂ ਤੱਕ, ਕਥਾਵਾਂ ਸਾਨੂੰ ਸੰਭਾਵੀ ਅਸਲੀਅਤ ਦਾ ਪਤਾ ਲਗਾਉਣ ਅਤੇ ਸਾਡੀ ਆਤਮਾ ਨੂੰ ਰੀਚਾਰਜ ਕਰਨ ਦੀ ਮਨਜ਼ੂਰੀ ਦਿੰਦੀਆਂ ਹਨ।

ਉਨ੍ਹਾਂ ਫਿਲਮ ਨਿਰਮਾਣ ਨੂੰ ਇੱਕ ਬੇਹਦ ਨਿਜੀ ਪ੍ਰਕਿਰਿਆ ਦੱਸਿਆ, ਜੋ ਅੰਤ ਵਿੱਚ ਇੱਕ ਸਮੂਹਿਕ ਅਨੁਭਵ ਵਿੱਚ ਬਦਲ ਜਾਂਦੀ ਹੈ। ਉਨ੍ਹਾਂ ਕਿਹਾ, ‘ਜਦੋਂ ਤੁਹਾਡੇ ਮਨ ਦਾ ਇੱਕਪਾਸੜ ਵਿਚਾਰ (ਮੋਨੋਲੌਗ) ਸੰਵਾਦ (ਡਾਇਲੌਗ) ਵਿੱਚ ਬਦਲ ਜਾਂਦਾ ਹੈ, ਤਾਂ ਉਹ ਫਿਲਮ ਸਿਰਫ਼ ਤੁਹਾਡੀ ਨਹੀਂ ਰਹਿ ਜਾਂਦੀ।” ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇੱਕ ਫਿਲਮ ਨਿਰਮਾਤਾ ਦਾ ਨਿਜੀ ਦ੍ਰਿਸ਼ਟੀਕੋਣ, ਦਰਸ਼ਕਾਂ ਦੀ ਸਮਝ ਰਾਹੀਂ ਇੱਕ ਨਵਾਂ ਅਰਥ ਪ੍ਰਾਪਤ ਕਰ ਲੈਂਦਾ ਹੈ। ਸਿਨੇਮਾ ਦੀ ਕਲਾ ਬਾਰੇ ਚਰਚਾ ਕਰਦੇ ਹੋਏ, ਮੁਰੇਸਾਨੂ ਨੇ ਇੱਕ ਸਪਸ਼ਟ ਕੇਂਦਰੀ ਵਿਚਾਰ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਇੱਕ ਨਾਵਲ ਦੇ ਉਲਟ, ਜਿਸ ਵਿੱਚ ਕਹਾਣੀ ਦੇ ਕਈ ਵੱਖ-ਵੱਖ ਮੋੜ ਹੋ ਸਕਦੇ ਹਨ, ਦੋ ਘੰਟਿਆਂ ਦੀ ਫਿਲਮ ਨੂੰ ਪੂਰੀ ਤਰ੍ਹਾਂ ਨਾਲ ਕੇਂਦ੍ਰਿਤ ਹੋਣਾ ਚਾਹੀਦਾ ਹੈ। ਇਸ ਦਾ ਸੰਦਰਭ, ਅਧਾਰ ਅਤੇ ਵਿਸ਼ਾ ਇੱਕ ਮਜ਼ਬੂਤ ਕੇਂਦਰੀ ਦ੍ਰਿਸ਼ਟੀਕੋਣ ਨਾਲ ਜੁੜੇ ਹੋਣੇ ਚਾਹੀਦੇ ਹਨ।”

ਉਨ੍ਹਾਂ ਨੇ ਸਿਨੇਮੈਟਿਕ ਕਹਾਣੀ ਕਹਿਣ ਦੀ ਕਲਾ ਵਿੱਚ ‘ਅਣਕਹੀਆਂ’ ਗੱਲਾਂ ਦੀ ਤਾਕਤ ‘ਤੇ ਵੀ ਜ਼ੋਰ ਦਿੱਤਾ। ਆਪਣੀ ਇੱਕ ਫਿਲਮ ਦੇ ਇੱਕ ਦ੍ਰਿਸ਼ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਜਾਨ-ਬੁੱਝ ਕੇ ਇਹ ਦਿਖਾਇਆ ਕਿ ਕੋਈ ਕਰੈਕਟਰ ਪਟਾਖੇ ਚਲਾ ਰਿਹਾ ਹੈ, ਸਗੋਂ ਇਸ ਪਲ ਨੂੰ ਦਰਸ਼ਕਾਂ ਦੀ ਕਲਪਨਾ ‘ਤੇ ਛੱਡ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਰਚਨਾਤਮਕ ਸੰਜਮ ਨਾਲ ਦਰਸ਼ਕਾਂ ਨੂੰ ਕਹਾਣੀ ਨਾਲ ਭਾਵਨਾਤਮਕ ਤੌਰ ‘ਤੇ ਜੁੜਨ ਦਾ ਮੌਕਾ ਮਿਲਦਾ ਹੈ।

ਮੁਰੇਸਾਨੂੰ ਨੇ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਕਿ ਆਰਕਾਇਵਲ ਫੁਟੇਜ ਇਤਿਹਾਸ ਨੂੰ ਪੂਰੀ ਤਰ੍ਹਾਂ ਨਾਲ ਨਿਰਪੱਖ ਤੌਰ ‘ਤੇ ਦਿਖਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਕੈਮਰਾ ਸਿਰਫ਼ ਇੱਕ ਹੀ ਦ੍ਰਿਸ਼ਟੀਕੋਣ ਨੂੰ ਕੈਦ ਕਰ ਸਕਦਾ ਹੈ। ਆਪਣੀਆਂ ਫਿਲਮਾਂ ‘ਦ ਕ੍ਰਿਸਮਸ ਗਿਫਟ’ ਅਤੇ ‘ਦ ਨਿਊ ਈਅਰ ਦੈਟ ਨੈਵਰ ਕੇਮ’ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਚਰਚਾ ਕੀਤੀ ਕਿ ਕਿਵੇਂ ਆਰਕਾਇਵਲ ਸਮੱਗਰੀ ਅਤੇ ਕਾਲਪਨਿਕ ਕਹਾਣੀਆਂ ਇੱਕ-ਦੂਜੇ ਦੀਆਂ ਪੂਰਕ ਹੋ ਸਕਦੀਆਂ ਹਨ। ਇੱਕ ਦਿਲਚਸਪ ਕਿੱਸਾ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ, ‘ਜਦੋਂ ਕਲਪਨਾ ਹਕੀਕਤ ਨੂੰ ਸਮਝਣ ਲਈ ਇੱਕ ਸਰਲ ਮਾਡਲ ਦੇ ਰੂਪ ਵਿੱਚ ਕੰਮ ਕਰਦੀ ਹੈ, ਤਾਂ ਉਹ ਹਕੀਕਤ ਦਾ ਹੀ ਹਿੱਸਾ ਬਣ ਜਾਂਦੀ ਹੈ। ਉਹ ਇੱਕ-ਦੂਜੇ ਨੂੰ ਸਮ੍ਰਿੱਧ ਕਰਦੀਆਂ ਹਨ।”

ਮੁਰੇਸਾਨੂ ਨੇ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਵਿਜ਼ੁਅਲ ਭਾਸ਼ਾ ਕਹਾਣੀ ਕਹਿਣ ਦੇ ਤਰੀਕੇ ਨੂੰ ਅਕਾਰ ਦਿੰਦੀ ਹੈ। ਉਨ੍ਹਾਂ ਨੇ ਸਮਝਾਇਆ ਕਿ ਰੋਮਾਨੀਆ ਦੇ ਕਮਿਊਨਿਸਟ ਦੌਰ ‘ਤੇ ਬਣੀਆਂ ਆਪਣੀਆਂ ਫਿਲਮਾਂ ਵਿੱਚ ਉਨ੍ਹਾਂ ਨੇ 4:3 ਆਸਪੈਕਟ ਰੇਸ਼ੋ ਦੀ ਵਰਤੋਂ ਕਿਉਂ ਕੀਤੀ –ਤਾਂ ਜੋ ਇਹ ਆਰਕਾਇਵਲ ਫੁਟੇਜ ਦੇ ਨਾਲ ਮੇਲ ਖਾ ਸਕੇ ਅਤੇ ਇੱਕ ਤਰ੍ਹਾਂ ਦੀ ਨੇੜਤਾ ਅਤੇ ਸੀਮਾਬੱਧਤਾ ਦਾ ਅਹਿਸਾਸ ਪੈਦਾ ਕਰ ਸਕੇ। ਇਸ ਦੇ ਉਲਟ, ਉਨ੍ਹਾਂ ਦੀ ਐਨੀਮੇਟਿਡ ਸ਼ੌਰਟ ਫਿਲਮ ‘ਦ ਮੈਜੀਸ਼ੀਅਨ’ ਵਿੱਚ ਇੱਕ ਵਿਸਤ੍ਰਿਤ ਵਾਇਡਸਕ੍ਰੀਨ ਫਾਰਮੈੱਟ ਦੀ ਵਰਤੋਂ ਕੀਤੀ ਗਈ, ਜਿਸ ਨੇ ਬੰਦਰਗਾਹ ਨੂੰ ਕਹਾਣੀ ਦਾ ਇੱਕ ਸਰਗਰਮ ਹਿੱਸਾ ਬਣਾ ਦਿੱਤਾ।

ਸਮਕਾਲੀ ਸਿਨੇਮਾ ‘ਤੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਨੇਮਾ ਦੀ ਅਸਲੀ ਤਾਕਤ ਸਿਰਫ਼ ਉਸ ਦੀ ਗਤੀ ਜਾਂ ਸੁੰਦਰਤਾ ਵਿੱਚ ਨਹੀਂ ਹੈ, ਸਗੋਂ ਮਨੁੱਖੀ ਚਿਹਰੇ ਦੇ ਪ੍ਰਗਟਾਵੇ ਦੀਆਂ ਸੰਭਾਵਨਾਵਾਂ ਅਤੇ ਨਜ਼ਰਾਂ ਰਾਹੀਂ ਪ੍ਰਗਟ ਹੋਣ ਵਾਲੀਆਂ ਭਾਵਨਾਵਾਂ ਵਿੱਚ ਸ਼ਾਮਲ ਹੈ। ਗੱਲਬਾਤ ਅਤੇ ਸਵਾਲ-ਜਵਾਬਾਂ ਦੇ ਇਸ ਸੈਸ਼ਨ ਵਿੱਚ ਇਤਿਹਾਸਕ ਬਾਇਓਪਿਕ, ਮਿਥਿਹਾਸਕ ਕਥਾਵਾਂ ਅਤੇ ਅਸਲ ਜੀਵਨ ਦੀਆਂ ਹਸਤੀਆਂ ਨੂੰ ਪਰਦੇ ‘ਤੇ ਉਤਾਰਨ ਨਾਲ ਜੁੜੀਆਂ ਨੈਤਿਕ ਜ਼ਿੰਮੇਵਾਰੀਆਂ ਬਾਰੇ ਚਰਚਾ ਹੋਈ। ਇੱਕ ਮਹਾਨ ਹਸਤੀ ‘ਤੇ ਬਾਇਓਪਿਕ ਬਣਾਉਣ ਦੇ ਹਾਲੀਆ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ, ਮੁਰੇਸਾਨੂ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਜੀਵਨ ਦੇ ਇੱਕ ਅਹਿਮ ਹਿੱਸੇ ਵੱਲ ਧਿਆਨ ਕੇਂਦ੍ਰਿਤ ਕਰਨ ਨਾਲ ਅਕਸਰ ਉਨ੍ਹਾਂ ਬਾਰੇ ਕਿਤੇ ਵਧੇਰੇ ਡੂੰਘੀ ਸੱਚਾਈ ਸਾਹਮਣੇ ਆ ਸਕਦੀ ਹੈ, ਬਜਾਏ ਇਸ ਦੇ ਕਿ ਉਨ੍ਹਾਂ ਦੇ ਪੂਰੇ ਜੀਵਨ ਦਾ ਵਿਸਤ੍ਰਿਤ ਵੇਰਵਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਆਪਣੀ ਗੱਲ ਨੂੰ ਇੱਕ ਦਾਰਸ਼ਨਿਕ ਦ੍ਰਿਸ਼ਟੀਕੋਣ ਦੇ ਨਾਲ ਖਤਮ ਕਰਦੇ ਹੋਏ, ਉਨ੍ਹਾਂ ਨੇ ਕਹਾਣੀਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਰਵਾਇਤੀ ਅਤੇ ਪੁਰਾਣੀ ਸੋਚ ਤੋਂ ਅੱਗੇ ਵਧਣ, ਦੁਨੀਆ ਨਾਲ ਜੁੜਨ ਅਤੇ ਹਿੰਮਤ ਅਤੇ ਸਪਸ਼ਟਤਾ ਦੇ ਨਾਲ ਆਪਣੀਆਂ ਜੜ੍ਹਾਂ ਵੱਲ ਵਾਪਸ ਪਰਤਣ।

Read IFFILOID here: https://www.pib.gov.in/iffi/57/iffiLoid.aspx?yr=2026&lang=1&reg=48

* * *

ਪੀਆਈਬੀ ਇੱਫੀ ਟੀਮ | ਰਬੀਹਾਸ਼ਮੀ / ਲਕਸ਼ਮੀਪ੍ਰਿਆ/ ਸਵਾਧੀਨ/ ਦਰਸ਼ਨਾ / ਏਕੇ| ਇੱਫੀ 57 - 087


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2341363
•
Media Centre: Goa
•
Festival Dates: Nov 20 – 28, 2026