ਖੇਤੀਬਾੜੀ ਮੰਤਰਾਲਾ
azadi ka amrit mahotsav

ਧਰਤੀ ਦੀ ਸਿਹਤ ਸੁਧਾਰਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਪੰਜਾਬ ਦੇ ਖੇਤਾਂ ਵਿੱਚ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


ਪਰਾਲੀ ਪ੍ਰਬੰਧਨ ਵਿੱਚ ਬੂਹ ਹਵੇਲੀਆਂ ('Booh Haveliyaan') ਨੇ ਦੇਸ਼ ਨੂੰ ਦਿਖਾਈ ਨਵੀਂ ਰਾਹ, ਛੇ ਸਾਲ ਤੋਂ ਬਿਨਾ ਪਰਾਲੀ ਸਾੜੇ ਕਰ ਰਹੇ ਖੇਤੀ; ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕੀਤਾ ਕਿਸਾਨਾਂ ਅਤੇ ਪੰਚਾਇਤਾਂ ਦੀ ਸ਼ਲਾਘਾ

ਪੰਜਾਬ ਵਿੱਚ ਰਾਜ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਨਾ ਕਰਨ ‘ਤੇ ਬੋਲੇ ਸ਼੍ਰੀ ਸ਼ਿਵਰਾਜ ਸਿੰਘ- ਹੜ੍ਹਾਂ ਅਤੇ ਨੁਕਸਾਨ ਦੀ ਪੂਰਤੀ ਲਈ ਇਸ ਨੂੰ ਲਾਗੂ ਕਰਨਾ ਜ਼ਰੂਰੀ

ਖੇਤੀਬਾੜੀ ਮਸ਼ੀਨਾਂ ਨੂੰ ਲੈ ਕੇ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ- ਕੇਂਦਰ ਕਰੋੜਾਂ ਰੁਪਏ ਦਿੰਦਾ ਹੈ, ਰਾਜ ਸਰਕਾਰ ਗੁਣਵੱਤਾ ਨੂੰ ਯਕੀਨੀ ਬਣਾਏ

Posted On: 25 NOV 2026 12:01PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ‘ਬੂਹ ਹਵੇਲੀਆਂ’ ਵਿਖੇ ਆਯੋਜਿਤ ‘ਕਿਸਾਨ ਚੌਪਾਲ’ ਵਿੱਚ ਸ਼ਿਰਕਤ ਕਰਕੇ ਅੰਨਦਾਤਾਵਾਂ ਦੇ ਨਾਲ ਸਿੱਧਾ ਸੰਵਾਦ ਕੀਤਾ। ਖੇਤਾਂ ਦੇ ਵਿਚਕਾਰ ਕਿਸਾਨਾਂ ਦੇ ਨਾਲ ਬੈਠ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਸੁਣਦੇ ਹੋਏ ਸ਼੍ਰੀ ਚੌਹਾਨ ਨੇ ਪਰਾਲੀ ਸਾੜੇ ਬਗੈਰ ਆਧੁਨਿਕ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨਾਂ  ਅਤੇ ਪੰਚਾਇਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਉਹ ਕੋਈ ਵੱਡੀ ਰਾਜਨੀਤਕ ਸਭਾ ਕਰਨ ਨਹੀਂ, ਸਗੋਂ ਇੱਕ ਸੇਵਕ ਦੇ ਰੂਪ ਵਿੱਚ ਕਿਸਾਨਾਂ ਦੇ ਵਿਚਕਾਰ ਬੈਠ ਕੇ ਉਨ੍ਹਾਂ ਦੀ ਗੱਲ ਸਮਝਣ ਆਏ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹਿਤ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕਰਨ ਦੀ ਤਾਕੀਦ ਕੀਤੀ ਅਤੇ ਮੋਦੀ ਸਰਕਾਰ ਦੀ ਕਿਸਾਨ ਹਿਤੈਸ਼ੀ ਨੀਤੀਆਂ ਅਤੇ ਐੱਮਐੱਸਪੀ ‘ਤੇ ਰਿਕਾਰਡ ਖਰੀਦ ਦੀ ਵਚਨਬੱਧਤਾ ਨੂੰ ਦੁਹਰਾਇਆ।

 

ਕਿਸਾਨਾਂ ਦੀ ਸੇਵਾ ਹੀ ਸਤਿਗੁਰੂ ਦੀ ਸੱਚੀ ਪੂਜਾ

ਕਿਸਾਨ ਚੌਪਾਲ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਵੁਕ ਅੰਦਾਜ ਵਿੱਚ ਕਿਹਾ ਕਿ ਕਿਸਾਨ ਦਿਨ-ਰਾਤ ਮਿਹਨਤ ਕਰਕੇ ਪੂਰੇ ਦੇਸ਼ ਦਾ ਪੇਟ ਭਰਦਾ ਹੈ। ਉਨ੍ਹਾਂ ਨੇ ਕਿਹਾ, “ਮੈਂ ਕੋਈ ਨੇਤਾ ਨਹੀਂ ਹਾਂ, ਮੈਂ ਤਾਂ ਕਿਸਾਨਾਂ ਦਾ ਸੇਵਕ ਹਾਂ। ਗੁਰੂ ਨਾਨਕ ਦੇਵ ਜੀ ਨੇ ਇਹੀ ਸੁਨੇਹਾ ਦਿੱਤਾ ਹੈ ਕਿ ਹੰਕਾਰ, ਈਰਖਾ ਅਤੇ ਕ੍ਰੋਧ ਤੋਂ ਦੂਰ ਰਹਿ ਕੇ ਸੇਵਾ ਕਰਨੀ ਚਾਹੀਦੀ ਹੈ। ਮੰਤਰੀ ਪਦ ਕਿਸੇ ਹੰਕਾਰ ਲਈ ਨਹੀਂ, ਸਗੋਂ ਜਨਤਾ ਦੀ ਸੇਵਾ ਲਈ ਮਿਲਿਆ ਹੈ ਅਤੇ ਮੇਰੇ ਲਈ ਕਿਸਾਨਾਂ ਦੀ ਸੇਵਾ ਹੀ ਸਤਿਗੁਰੂ ਭਗਵਾਨ ਦੀ ਪੂਜਾ ਹੈ।”

 ‘ਗ੍ਰੀਨ ਰੈਵੋਲਿਊਸ਼ਨ’ ਦੁਆਰਾ ‘ਖੇਤ ਬਚਾਓ ਅਭਿਆਨ’ ਤੱਕ ਦਾ ਸਫ਼ਰ

ਪੰਜਾਬ ਦੇ ਕਿਸਾਨਾਂ ਦੇ ਇਤਿਹਾਸਕ ਯੋਗਦਾਨ ਨੂੰ ਨਮਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਅਨਾਜ ਦਾ ਸੰਕਟ ਸੀ ਅਤੇ ਬਾਹਰੋਂ ‘ਲਾਲ ਕਣਕ’ ਮੰਗਵਾਉਣੀ ਪੈਂਦੀ ਸੀ, ਤਾਂ ਪੰਜਾਬ ਦੇ ਕਿਸਾਨਾਂ ਨੇ ਹੀ ਗ੍ਰੀਨ ਰੈਵੋਲਿਊਸ਼ਨ ਲਿਆ ਕੇ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਸਨ। ਪਰ ਅੱਜ ਬਹੁਤ ਜ਼ਿਆਦਾ ਰਸਾਇਣਿਕ ਖਾਦਾਂ, ਕੀਟਨਾਸ਼ਕ ਅਤੇ ਪਰਾਲੀ ਸਾੜਨ ਕਰਕੇ ਸਾਡੀ ਧਰਤੀ ਮਾਤਾ ਦੀ ਸਿਹਤ ਵਿਗੜ ਰਹੀ ਹੈ। ਮਿੱਤਰ ਕੀੜੇ ਅਤੇ ਗੰਡੋਏ ਖਤਮ ਹੋ ਰਹੇ ਹਨ। ਉਨ੍ਹਾਂ ਨੇ ਸੁਚੇਤ ਕੀਤਾ ਕਿ ਜੇਕਰ ਅਸੀਂ ਅੱਜ ਮਿੱਟੀ ਦੀ ਉਪਜਾਊ ਸ਼ਕਤੀ ਨਾ ਬਚਾਈ, ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਵੱਡਾ ਖ਼ਤਰਾ ਖੜ੍ਹਾ ਹੋ ਜਾਵੇਗਾ। ਉਨ੍ਹਾਂ ਨੇ ਪਿੰਡ ਬੂਹ ਹਵੇਲੀਆਂ ਅਤੇ ਆਲੇ-ਦੁਆਲੇ ਦੇ ਕਿਸਾਨਾਂ ਦੁਆਰਾ ਪਿਛਲੇ ਛੇ ਵਰ੍ਹਿਆਂ ਤੋਂ ਪਰਾਲੀ ਨਾ ਸਾੜਨ ਅਤੇ ਹੈਪੀ ਸੀਡਰ ਅਤੇ ਡਾਇਰੈਕਟਰ ਸੀਡਿੰਗ ਅਪਣਾਉਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪਿੰਡ ਨੇ ਪੂਰੇ ਦੇਸ਼ ਨੂੰ ‘ਖੇਤ ਬਚਾਓ ਅਭਿਆਨ’ ਦੀ ਨਵੀਂ ਦਿਸ਼ਾ ਦਿਖਾਈ ਹੈ।

 

ਖੇਤੀਬਾੜੀ ਮਸ਼ੀਨਾਂ ਨੂੰ ਲੈ ਕੇ ਰਾਜ ਸਰਕਾਰ ਨੂੰ ਦਿੱਤੀ ਨਸੀਹਤ

ਸੰਵਾਦ ਦੌਰਾਨ, ਅਗਾਂਹਵਧੂ ਕਿਸਾਨ ਸਰਦਾਰ ਸੁਖਵਿੰਦਰ ਸਿੰਘ (ਕਿਰਤੋਵਾਲ), ਸਰਦਾਰ ਜਤਿੰਦਰ ਸਿੰਘ (ਮੁੰਡਾ ਪਿੰਡ) ਅਤੇ ਸਾਬਕਾ ਸਰਪੰਚ ਸਰਦਾਰ ਗੁਰਨਾਮ ਸਿੰਘ ਨੇ ਪਰਾਲੀ ਪ੍ਰਬੰਧਨ ਵਿੱਚ ਆ ਰਹੀਆਂ ਵਿਵਹਾਰਕ ਰੁਕਾਵਟਾਂ ਅਤੇ ਬੇਲਰ ਮਸ਼ੀਨਾਂ ਦੀ ਸਬਸਿਡੀ ਨਾਲ ਜੁੜੇ ਸੁਝਾਅ ਪੇਸ਼ ਕੀਤੇ। ਸ਼੍ਰੀ ਚੌਹਾਨ ਨੇ ਕਿਸਾਨਾਂ ਦੇ ਸੁਝਾਵਾਂ ‘ਤੇ ਗੰਭੀਰਤਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਵਿਸਥਾਰ ਨਾਲ ਚਰਚਾ ਕਰਨ ਦਾ ਭਰੋਸਾ ਦਿੱਤਾ। ਨਾਲ ਹੀ,  ਸਬਸਿਡੀ ‘ਤੇ ਮਿਲਣ ਵਾਲੀ ਮਸ਼ੀਨਾਂ ਦੀ ਸ਼ਿਕਾਇਤ ਬਾਰੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਸੀਆਰਐੱਮ (ਫਸਲ ਰਹਿੰਦ-ਖੂੰਹਦ ਪ੍ਰਬੰਧਨ) ਲਈ ਇਸ ਸਾਲ ਵੀ ਲਗਭਗ 286 ਕਰੋੜ ਰੁਪਏ ਵਰਗੀ ਵੱਡੀ ਰਾਸ਼ੀ ਰਾਜ ਸਰਕਾਰ ਨੂੰ ਦੇ ਰਹੀ ਹੈ। ਰਾਜ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਵਧੀਆ ਗੁਣਵੱਤਾ ਦੀਆਂ ਮਸ਼ੀਨਾਂ ਮਿਲਣ ਅਤੇ ਖਰਾਬ ਹੋਣ ‘ਤੇ ਉਨ੍ਹਾਂ ਦੀ ਮੁਰੰਮਤ ਦੀ ਢੁਕਵੀਂ ਵਿਵਸਥਾ ਹੋਵੇ।

 

ਫਸਲ ਬੀਮਾ ਯੋਜਨਾ ਅਤੇ ਵਿਭਿੰਨੀਕਰਣ ‘ਤੇ ਜ਼ੋਰ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀ ਨੂੰ ਲਾਭ ਦਾ ਕਾਰੋਬਾਰ ਬਣਾਉਣ ਲਈ ਉਤਪਾਦਨ ਵਧਾਉਣ, ਲਾਗਤ ਘਟਾਉਣ ਅਤੇ ਫਸਲਾਂ ਦੇ ਵਿਭਿੰਨੀਕਰਣ (ਡਾਇਵਰਸੀਫਿਕੇਸ਼ਨ) ਨਾਲ ਪਸ਼ੂ ਪਾਲਣ, ਮੱਛੀ ਪਾਲਣ ਅਤੇ ਮੁਰਗੀ ਪਾਲਣ ਵਰਗੀ ਏਕੀਕ੍ਰਿਤ ਖੇਤੀ (ਇੰਟੀਗ੍ਰੇਟਿਡ ਫਾਰਮਿੰਗ) ਨੂੰ ਅਪਣਾਉਣਾ ਹੋਵੇਗਾ। ਉਨ੍ਹਾਂ ਨੇ ਦੁਖ ਪ੍ਰਗਟਾਇਆ ਕਿ ਪੰਜਾਬ ਵਿੱਚ ਹੁਣ ਤੱਕ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹੜ੍ਹਾਂ ਦੇ ਸਮੇਂ ਵੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਨੂੰ ਲਾਗੂ ਕਰਨ ਦੀ ਤਾਕੀਦ ਕੀਤੀ ਸੀ ਤਾਂ ਜੋ ਕੁਦਰਤੀ ਆਫਤ ਸਮੇਂ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਹੋ ਸਕੇ।

 

ਪੰਜਾਬ ਵਿੱਚ ਗਠਜੋੜ ਨਾਲ ਤਰੱਕੀ ਅਤੇ ਵਿਕਾਸ ਦਾ ਨਵਾਂ ਰਾਹ ਖੁੱਲ੍ਹੇਗਾ

ਪ੍ਰੋਗਰਾਮ ਤੋਂ ਬਾਅਦ ਮੀਡੀਆ ਨਾਲ ਚਰਚਾ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਝੋਨੇ ਅਤੇ ਕਣਕ ਦੀ ਐੱਮਐੱਸਪੀ ‘ਤੇ ਪੂਰੀ ਖਰੀਦ ਕੇਂਦਰ ਸਰਕਾਰ ਹੀ ਕਰਦੀ ਹੈ। ਇਸ ਤੋਂ ਇਲਾਵਾ ਦਾਲਾਂ (ਤੁਅਰ, ਮਸੂਰ ਅਤੇ ਉੜਦ) ਦੀ 100 ਪ੍ਰਤੀਸ਼ਤ ਖਰੀਦ ਅਤੇ ਕਪਾਹ ਦੀ ਐੱਮਐੱਸਪੀ ‘ਤੇ ਖਰੀਦ ਮੋਦੀ ਸਰਕਾਰ ਦੀ ਗਰੰਟੀ ਹੈ। ਪਹਿਲਾਂ ਦੀ ਯੂਪੀਏ ਸਰਕਾਰ ਦੇ ਮੁਕਾਬਲੇ ਵਿੱਚ ਮੋਦੀ ਸਰਕਾਰ ਨੇ ਕਈ ਗੁਣਾ ਵੱਧ ਖਰੀਦ ਕੀਤੀ ਹੈ ਅਤੇ ਇਹ ਅੱਗੇ ਵੀ ਨਿਰੰਤਰ ਜਾਰੀ ਰਹੇਗੀ।

 

****

ਪੀਕੇ/ਕੇਸੀ/ਆਰਟੀ/ਆਰ/ਏਕੇ
 


(Release ID: 2341278) ਵਿਜ਼ੀਟਰ ਕਾਊਂਟਰ : 5