ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਸੀਸੀਪੀਏ (CCPA) ਨੇ ਯਾਤਰਾ ਤੋਂ ਪਹਿਲਾਂ ‘ਟਿਪ ਫੀਚਰ’ ਲਈ ਓਲਾ (Ola) 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ; ਨੂੰ ਇਸ ਪ੍ਰਥਾ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ


​ਅਥਾਰਿਟੀ ਨੇ ਓਲਾ ਦੇ ਐਡਵਾਂਸਡ ਭੁਗਤਾਨ ਸੰਕੇਤਾਂ ਨੂੰ ਗੁੰਮਰਾਹਕੁੰਨ ਪਾਇਆ; ਇਸ ਪ੍ਰਥਾ ਨੂੰ ਅਣਉਚਿਤ ਵਪਾਰਕ ਵਿਵਹਾਰ ਅਤੇ ਭਰਮਾਉਣ ਵਾਲਾ ਮੰਨਿਆ

Posted On: 13 NOV 2026 1:04PM by PIB Chandigarh

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ  (ਸੀਸੀਪੀਏ) ਨੇ ਰਾਈਡ-ਹੇਲਿੰਗ ਪਲੈਟਫਾਰਮ  ਓਲਾ ਦਾ ਸੰਚਾਲਨ ਕਰਨ ਵਾਲੀ ਏਐੱਨਆਈ ਟੈਕਨਾਲੋਜੀਜ਼ ਪ੍ਰਾਈਵੇਟ ਲਿਮਿਟੇਡ 'ਤੇ ਆਪਣੀ ਯਾਤਰਾ ਤੋਂ ਪਹਿਲਾਂ ‘ਟਿੱਪ’/‘ਐਡ-ਔਨ’ ਸੁਵਿਧਾ ਰਾਹੀਂ ਖਪਤਕਾਰਾਂ ਤੋਂ ਉਨ੍ਹਾਂ ਦੀ ਯਾਤਰਾ ਪੂਰੀ ਹੋਣ ਤੋਂ ਪਹਿਲਾਂ ਵਾਧੂ ਭੁਗਤਾਨ ਮੰਗਣ ਲਈ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਥਾਰਿਟੀ  ਨੇ ਓਲਾ ਨੂੰ ਇਸ ਪ੍ਰਥਾ ਨੂੰ ਤੁਰੰਤ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਮੰਨਿਆ ਹੈ ਕਿ ਇਹ ਖਪਤਕਾਰਾਂ ਨੂੰ ਗੁੰਮਰਾਹ ਕਰਦੀ ਹੈ, ਇੱਕ ਅਣਉਚਿਤ ਵਪਾਰਕ ਵਿਵਹਾਰ ਹੈ ਅਤੇ ਇਹ ਭਰਮ ਪੈਦਾ ਕਰਦੀ ਹੈ।

ਚੀਫ ਕਮਿਸ਼ਨਰ ਸ਼੍ਰੀਮਤੀ ਨਿਧੀ ਖਰੇ ਅਤੇ ਕਮਿਸ਼ਨਰ ਸ਼੍ਰੀ ਅਨੁਪਮ ਮਿਸ਼ਰਾ ਦੀ ਪ੍ਰਧਾਨਗੀ ਵਾਲੇ ਸੀਸੀਪੀਏ (CCPA) ਵੱਲੋਂ ਇਹ ਹੁਕਮ ਉਸ ਫੀਚਰ ਸੁਵਿਧਾ ਦੀ ਜਾਂਚ ਤੋਂ ਬਾਅਦ ਪਾਸ ਕੀਤਾ ਗਿਆ, ਜੋ ਐਪ ਵੱਲੋਂ ਡਰਾਈਵਰ ਦੀ ਭਾਲ ਕੀਤੇ ਜਾਣ ਦੌਰਾਨ ਖਪਤਕਾਰਾਂ ਨੂੰ ਵਾਧੂ ਭੁਗਤਾਨ ਕਰਨ ਲਈ ਪ੍ਰੇਰਿਤ ਕਰਦੀ ਸੀ ਅਤੇ ਇਹ ਸੁਝਾਅ ਦਿੰਦੀ ਸੀ ਕਿ ਇਸ ਨਾਲ ਤੇਜ਼ੀ ਨਾਲ ਰਾਈਡ ਮਿਲਣ ਦੀ ਸੰਭਾਵਨਾ ਵੱਧ ਸਕਦੀ ਹੈ। ਹਾਲਾਂਕਿ ਓਲਾ ਨੇ ਬਾਅਦ ਵਿੱਚ ‘ਟਿੱਪ’ ਦਾ ਨਾਮ ਬਦਲ ਕੇ ‘ਐਡ-ਔਨ’ ਕਰ ਦਿੱਤਾ, ਪਰ ਇਸ ਦੇ ਪਿੱਛੇ ਦੀ ਮੂਲ ਪ੍ਰਥਾ ਅਣਬਦਲੀ ਰਹੀ।

https://x.com/JoshiPralhad/status/2120910014428889504

ਵਾਧੂ ਭੁਗਤਾਨ ਦੇ ਸੰਕੇਤਾਂ ਨਾਲ ਤੇਜ਼ੀ ਨਾਲ ਰਾਈਡ ਕਨਫਰਮ ਹੋਣ ਦਾ ਗੁੰਮਰਾਹਕੁੰਨ ਪ੍ਰਭਾਵ ਪੈਦਾ ਹੋਇਆ

​

ਸੀਸੀਪੀਏ (CCPA) ਨੇ ਓਲਾ ਐਪ ਇੰਟਰਫੇਸ ਦੇ ਵੱਖ-ਵੱਖ ਸੰਸਕਰਣਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ “ਟਿੱਪ ਜੋੜਨ ਨਾਲ ਤੇਜ਼ੀ ਨਾਲ ਰਾਈਡ ਮਿਲਣ ਦੀ ਸੰਭਾਵਨਾ ਵੱਧ ਸਕਦੀ ਹੈ”, “ਜਲਦੀ ਰਾਈਡ ਮਿਲਣ ਦੀ ਸੰਭਾਵਨਾ ਵਧਾਉਣ ਲਈ ਹੁਣੇ ਟਿੱਪ ਦਿਓ” ਅਤੇ “ਤੇਜ਼ੀ ਨਾਲ ਰਾਈਡ ਕਨਫਰਮ ਹੋਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਸੁਧਾਰੋ!” ਜਿਵੇਂ ਸੰਦੇਸ਼ ਇਹ ਸੁਝਾਅ ਦਿੰਦੇ ਸਨ ਕਿ ਵਾਧੂ ਭੁਗਤਾਨ ਕਰਨ ਨਾਲ ਖਪਤਕਾਰਾਂ ਨੂੰ ਜਲਦੀ ਰਾਈਡ ਮਿਲਣ ਵਿੱਚ ਮਦਦ ਮਿਲੇਗੀ।

ਅਥਾਰਿਟੀ  ਨੇ ਦੇਖਿਆ ਕਿ ਇਹ ਸੁਨੇਹੇ ਉਦੋਂ ਦਿਖਾਈ ਦਿੰਦੇ ਸਨ ਜਦੋਂ ਐਪ ਡਰਾਈਵਰ ਦੀ ਭਾਲ ਕਰ ਰਹੀ ਹੁੰਦੀ ਸੀ ਅਤੇ ਇਹ ਸਿੱਧੇ ਤੌਰ ‘ਤੇ ਪਹਿਲਾਂ ਤੋਂ ਤੈਅ (ਪ੍ਰੀ-ਸੈੱਟ) ਭੁਗਤਾਨ ਰਾਸ਼ੀਆਂ ਦੇ ਉੱਪਰ ਨਜ਼ਰ ਆਉਂਦੇ ਸਨ। ਇਸ ਨਾਲ ਇਹ ਧਾਰਨਾ ਬਣੀ ਕਿ ਵਾਧੂ ਭੁਗਤਾਨ ਕਰਨ ਨਾਲ ਬੁਕਿੰਗ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ। ‘ਸ਼ਾਇਦ’ (might) ਅਤੇ ‘ਸੰਭਾਵਨਾ’ (chance) ਵਰਗੇ ਸ਼ਬਦਾਂ ਦੀ ਵਰਤੋਂ ਕਰਨ ਨਾਲ ਵੀ ਖਪਤਕਾਰਾਂ ਦੇ ਮਨਾਂ ਵਿੱਚ ਪੈਦਾ ਹੋਣ ਵਾਲੇ ਸਮੁੱਚੇ ਪ੍ਰਭਾਵ ਵਿੱਚ ਕੋਈ ਬਦਲਾਅ ਨਹੀਂ ਆਇਆ।

​1 ਤੋਂ 15 ਜੂਨ 2026 ਦੇ ਦਰਮਿਆਨ ਓਲਾ ਦੇ ਆਪਣੇ ਬੁਕਿੰਗ ਡੇਟਾ ਨੇ ਵੀ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ। ‘ਐਡ-ਔਨ  ਤੋਂ ਬਿਨਾ ਵਾਲੀਆਂ ਰਾਈਡ ਬੇਨਤੀਆਂ ਦੇ ਮੁਕਾਬਲੇ ‘ਐਡ-ਔਨ ਵਾਲੀਆਂ ਰਾਈਡ ਬੇਨਤੀਆਂ ਨੂੰ ਘੱਟ ਸਵੀਕਾਰ ਕੀਤਾ ਗਿਆ:

ਸ਼ਹਿਰ

ਐਡ-ਔਨ ਦੇ ਨਾਲ

ਐਡ-ਔਨ ਤੋਂ ਬਿਨਾਂ

ਦਿੱਲੀ

38%

62%

ਬੰਗਲੁਰੂ

40%

68%

ਮੁੰਬਈ

39%

68%

ਅਥਾਰਿਟੀ  ਨੇ ਇਹ ਵੀ ਗੌਰ ਕੀਤਾ ਕਿ ਓਲਾ ਦਾ ਰੁਖ਼ ਵਿਰੋਧਾਭਾਸੀ ਸੀ। ਇੱਕ ਪਾਸੇ ਕੰਪਨੀ ਨੇ ਕਿਹਾ ਕਿ ‘ਐਡ-ਔਨ’ (ਵਾਧੂ ਰਕਮ) ਦਾ ਰਾਈਡ ਅਲਾਟਮੈਂਟ ‘ਤੇ ਕੋਈ ਅਸਰ ਨਹੀਂ ਪੈਂਦਾ, ਉੱਥੇ ਹੀ ਦੂਜੇ ਪਾਸੇ ਉਸ ਦੀ ਐਪ ‘ਤੇ ਇਹ ਸੁਝਾਅ ਦਿੱਤਾ ਗਿਆ ਕਿ ਵਾਧੂ ਭੁਗਤਾਨ ਕਰਨ ਨਾਲ ਜਲਦੀ ਰਾਈਡ ਮਿਲਣ ਦੀ ਸੰਭਾਵਨਾ ਵੱਧ ਸਕਦੀ ਹੈ।

ਇਸ ਤੋਂ ਇਲਾਵਾ, ਖਪਤਕਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਪਲੈਟਫਾਰਮ  ਦੇ ਆਪਣੇ ਡੇਟਾ ਅਨੁਸਾਰ ‘ਐਡ-ਔਨ’ ਵਾਲੀਆਂ ਬੇਨਤੀਆਂ ਦੀ ਸਵੀਕ੍ਰਿਤੀ ਦਰ (ਐਕਸੈਪਟੈਂਸ ਰੇਟ) ਘੱਟ ਸੀ, ਅਤੇ ਨਾ ਹੀ ਇਹ ਦੱਸਿਆ ਗਿਆ ਕਿ ਸੁਝਾਈਆਂ ਗਈਆਂ ਭੁਗਤਾਨ ਰਾਸ਼ੀਆਂ ਕਿਸ ਅਧਾਰ ‘ਤੇ ਤੈਅ ਕੀਤੀਆਂ ਗਈਆਂ ਸਨ। ਸੀਸੀਪੀਏ (CCPA) ਨੇ ਮੰਨਿਆ ਕਿ ਇਨ੍ਹਾਂ ਗੱਲਾਂ ਨੂੰ ਛੁਪਾਉਣਾ ਖਪਤਕਾਰ ਸੁਰੱਖਿਆ ਐਕਟ, 2019 ਦੀ ਧਾਰਾ 2(28)(iv) ਦੇ ਤਹਿਤ ਮਹੱਤਵਪੂਰਨ ਜਾਣਕਾਰੀ ਛੁਪਾਉਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

ਸੀਸੀਪੀਏ (CCPA) ਨੇ ਐਡਵਾਂਸ ਟਿੱਪ (ਐਡਵਾਂਸ ਟਿਪਿੰਗ) ਨੂੰ ਅਣਉਚਿਤ ਵਪਾਰਕ ਵਿਵਹਾਰ ਮੰਨਿਆ

​ਅਥਾਰਿਟੀ  ਨੇ ਦੇਖਿਆ ਕਿ ਟਿੱਪ ਆਮ ਤੌਰ ‘ਤੇ ਕੋਈ ਸੇਵਾ ਪ੍ਰਦਾਨ ਕੀਤੇ ਜਾਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਦਿੱਤਾ ਜਾਣ ਵਾਲਾ ਭੁਗਤਾਨ ਹੁੰਦਾ ਹੈ। ਯਾਤਰਾ ਤੋਂ ਪਹਿਲਾਂ ਇਸਦੀ ਮੰਗ ਕਰਨਾ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਸਵੈ-ਇੱਛਤ ਬਖ਼ਸ਼ਿਸ਼ ਨੂੰ ਸੇਵਾ ਤੋਂ ਪਹਿਲਾਂ ਦੇ ਭੁਗਤਾਨ ਵਿੱਚ ਬਦਲ ਦਿੰਦਾ ਹੈ। ਮਹਿਜ਼ ਇਸ ਫੀਚਰ ਦਾ ਨਾਮ ‘ਟਿੱਪ’ ਤੋਂ ਬਦਲ ਕੇ ‘ਐਡ-ਔਨ’ ਰੱਖਣ ਨਾਲ ਇਸ ਪ੍ਰਥਾ ਦੀ ਪ੍ਰਕਿਰਤੀ ਵਿੱਚ ਕੋਈ ਬਦਲਾਅ ਨਹੀਂ ਆਇਆ।

ਸੀਸੀਪੀਏ (CCPA) ਨੇ ਅੱਗੇ ਇਹ ਵੀ ਨੋਟ ਕੀਤਾ ਕਿ:

  • ​ਵਾਧੂ ਭੁਗਤਾਨ ਉਦੋਂ ਮੰਗਿਆ ਗਿਆ ਜਦੋਂ ਖਪਤਕਾਰ ਪਹਿਲਾਂ ਹੀ ਇੱਕ ਐਡਵਾਂਸ ਕਿਰਾਏ (ਅੱਪਫਰੰਟ ਫੇਅਰ) ‘ਤੇ ਰਾਈਡ ਬੁੱਕ ਕਰ ਚੁੱਕੇ ਸਨ, ਜਿਸ ਵਿੱਚ ਪੀਕ ਪ੍ਰਾਈਸਿੰਗ ਅਤੇ ਪਿਕ-ਅੱਪ ਪੁਆਇੰਟ ਤੱਕ ਡਰਾਈਵਰ ਦੀ ਦੂਰੀ ਦਾ ਹਿਸਾਬ ਸ਼ਾਮਲ ਹੁੰਦਾ ਹੈ। ਉਨ੍ਹਾਂ ਹੀ ਸਪਲਾਈ ਰੁਕਾਵਟਾਂ ਦੇ ਕਾਰਨ ਇੱਕ ਹੋਰ ਭੁਗਤਾਨ ਮੰਗਣਾ ਵਾਧੂ ਪ੍ਰੀਮੀਅਮ ਵਸੂਲਣ ਦੇ ਬਰਾਬਰ ਸੀ।
  • ​ਸੁਝਾਈਆਂ ਗਈਆਂ ਰਾਸ਼ੀਆਂ ਪਲੈਟਫਾਰਮ  ਵੱਲੋਂ ਇੱਕ ਅਣਐਲਾਨੇ ਅਧਾਰ ‘ਤੇ ਤਿਆਰ ਕੀਤੀਆਂ ਗਈਆਂ ਸਨ। ਇਹ ਰਾਸ਼ੀਆਂ ਮਈ 2025 ਵਿੱਚ 10 ਰੁਪਏ – 40 ਰੁਪਏ ਤੋਂ ਵੱਧ ਕੇ 140 ਰੁਪਏ ਤੱਕ ਹੋ ਗਈਆਂ, ਜਦਕਿ ਇੰਟਰਫੇਸ 499 ਰੁਪਏ ਤੱਕ ਦੇ ਭੁਗਤਾਨ ਦੀ ਇਜਾਜ਼ਤ ਦਿੰਦਾ ਸੀ।
  • ਖਪਤਕਾਰ ਵਾਧੂ ਭੁਗਤਾਨ ਦੀ ਲੋੜ ਦੀ ਸੁਤੰਤਰ ਤੌਰ ‘ਤੇ ਤਸਦੀਕ ਨਹੀਂ ਕਰ ਸਕਦੇ ਸਨ, ਕਿਉਂਕਿ ਡਰਾਈਵਰ ਦੀ ਉਪਲਬਧਤਾ ਨਾਲ ਸਬੰਧਿਤ ਜਾਣਕਾਰੀ ਪਲੈਟਫਾਰਮ  ਵੱਲੋਂ ਨਿਯੰਤਰਿਤ ਸੀ।
  • ​ਪਹਿਲਾਂ ਤੋਂ ਬੁੱਕ ਕੀਤੀ ਗਈ ਰਾਈਡ ਦੀ ਸਮੇਂ ਸਿਰ ਸਵੀਕ੍ਰਿਤੀ ਲਈ ਵਾਧੂ ਭੁਗਤਾਨ ਨੂੰ ਜ਼ਰੂਰੀ ਦਿਖਾਉਣਾ ਵੀ ਇੱਕ ਅਣਉਚਿਤ ਇਕਰਾਰਨਾਮੇ (ਕੰਟਰੈਕਟ) ਦੀਆਂ ਚਿੰਤਾਵਾਂ ਨੂੰ ਜਨਮ ਦਿੰਦਾ ਹੈ।

 

ਇਹ ਪ੍ਰਥਾ ਮੋਟਰ ਵਾਹਨ ਐਗਰੀਗੇਟਰ ਦਿਸ਼ਾ-ਨਿਰਦੇਸ਼, 2025 ਦੇ ਖੰਡ 14.15 ਦੇ ਵੀ ਉਲਟ ਪਾਈ ਗਈ, ਜੋ ਸਿਰਫ਼ ਯਾਤਰਾ ਪੂਰੀ ਹੋਣ ਤੋਂ ਬਾਅਦ ਹੀ ਟਿੱਪਿੰਗ ਸੁਵਿਧਾ ਦਾ ਪ੍ਰਾਵਧਾਨ ਕਰਦਾ ਹੈ। ਅਥਾਰਿਟੀ  ਨੇ ਨੋਟ ਕੀਤਾ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ 11 ਅਗਸਤ 2026 ਨੂੰ ਇਹ ਸਪਸ਼ਟ ਕੀਤੇ ਜਾਣ ਤੋਂ ਬਾਅਦ ਵੀ ਕਿ ਰਾਈਡ ਪੂਰੀ ਹੋਣ ਤੋਂ ਪਹਿਲਾਂ ਅਜਿਹੇ ਸੰਕੇਤ ਪ੍ਰਦਰਸ਼ਿਤ ਨਹੀਂ ਕੀਤੇ ਜਾ ਸਕਦੇ, ਓਲਾ ਨੇ ਇਹ ਸੰਕੇਤ ਪ੍ਰਦਰਸ਼ਿਤ ਕਰਨਾ ਜਾਰੀ ਰੱਖਿਆ।

ਖਪਤਕਾਰ ਸੁਰੱਖਿਆ ਐਕਟ, 2019 ਦੀ ਧਾਰਾ 2(47) ਦੇ ਤਹਿਤ: ਅਣਉਚਿਤ ਵਪਾਰਕ ਵਿਵਹਾਰ ਵਿੱਚ ਅਣਉਚਿਤ ਜਾਂ ਗੁੰਮਰਾਹਕੁੰਨ ਤਰੀਕਿਆਂ ਦੀ ਵਰਤੋਂ ਅਤੇ ਕਿਸੇ ਸੇਵਾ ਦੇ ਲਾਭਾਂ ਜਾਂ ਉਪਯੋਗਤਾ ਦੇ ਸਬੰਧ ਵਿੱਚ ਝੂਠੀ ਜਾਂ ਗੁੰਮਰਾਹਕੁੰਨ ਪ੍ਰਤੀਨਿਧਤਾ ਸ਼ਾਮਲ ਹੈ। ਸੀਸੀਪੀਏ (CCPA) ਨੇ ਮੰਨਿਆ ਕਿ ਓਲਾ ਦੇ ਵਾਧੂ ਭੁਗਤਾਨ ਸੰਕੇਤ ਇਸ ਪ੍ਰਾਵਧਾਨ ਦੇ ਅਧੀਨ ਆਉਂਦੇ ਹਨ।

ਵਾਧੂ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਇੰਟਰਫੇਸ ਡਿਜ਼ਾਈਨ ਵਿੱਚ ‘ਕਨਫਰਮ ਸ਼ੇਮਿੰਗ’ ਦੀ ਵਰਤੋਂ ਕੀਤੀ ਗਈ

ਸੀਸੀਪੀਏ (CCPA) ਨੇ ਇਸ ਗੁੰਮਰਾਹਕੁੰਨ ਸਰੂਪ (ਡਾਰਕ ਪੈਟਰਨ) ਦੀ ਰੋਕਥਾਮ ਅਤੇ ਰੈਗੂਲੇਸ਼ਨ ਲਈ ਦਿਸ਼ਾ-ਨਿਰਦੇਸ਼, 2023 ਦੇ ਤਹਿਤ ਵੀ ਇਸ ਸੁਵਿਧਾ ਦੀ ਜਾਂਚ ਕੀਤੀ। ਇਹ ਸੰਕੇਤ ਉਦੋਂ ਦਿਖਾਈ ਦਿੰਦੇ ਸਨ ਜਦੋਂ ਖਪਤਕਾਰ ਡਰਾਈਵਰ ਵੱਲੋਂ ਆਪਣੀ ਬੁਕਿੰਗ ਸਵੀਕਾਰ ਕੀਤੇ ਜਾਣ ਦੀ ਉਡੀਕ ਕਰ ਰਹੇ ਹੁੰਦੇ ਸਨ। ਇਹ ਸੁਝਾਅ ਦੇ ਕੇ ਕਿ ਵਾਧੂ ਭੁਗਤਾਨ ਕਰਨ ਨਾਲ ਰਾਈਡ ਸੁਰੱਖਿਅਤ ਕਰਨ ਦੀ ਉਨ੍ਹਾਂ ਦੀ ਸੰਭਾਵਨਾ ਵੱਧ ਜਾਵੇਗੀ, ਇੰਟਰਫੇਸ ਨੇ ਇਹ ਸੰਕੇਤ ਦਿੱਤਾ ਕਿ ਜਿਹੜੇ ਖਪਤਕਾਰ ਭੁਗਤਾਨ ਨਹੀਂ ਕਰਦੇ ਹਨ, ਉਨ੍ਹਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਉਨ੍ਹਾਂ ਨੂੰ ਰਾਈਡ ਨਹੀਂ ਮਿਲ ਸਕਦੀ ਹੈ। ਅਥਾਰਿਟੀ  ਨੇ ਮੰਨਿਆ ਕਿ ਇਸ ਨਾਲ ਡਰ ਦੀ ਭਾਵਨਾ ਪੈਦਾ ਹੋਈ ਅਤੇ ਇਹ ਦਿਸ਼ਾ-ਨਿਰਦੇਸ਼ਾਂ ਦੇ ਅਨੁਬੰਧ 1 ਦੇ ਖੰਡ 3 ਦੇ ਤਹਿਤ ਨਿਰਧਾਰਿਤ ‘ਕਨਫਰਮ ਸ਼ੇਮਿੰਗ’ ਦੇ ਬਰਾਬਰ ਹੈ।

ਅਥਾਰਿਟੀ  ਨੇ ਇਹ ਵੀ ਦੇਖਿਆ ਕਿ:

 

  • ਸੰਕੇਤ ਦੇ ਹੇਠਾਂ ਪ੍ਰਦਰਸ਼ਿਤ ਪਹਿਲਾਂ ਤੋਂ ਤੈਅ ਭੁਗਤਾਨ ਰਾਸ਼ੀਆਂ ਨੇ ਖਪਤਕਾਰਾਂ ਨੂੰ ‘ਬਹੁਤ ਜ਼ਿਆਦਾ ਅੰਕੜਿਆਂ’ ਤੱਕ ਸੀਮਤ ਕਰ ਦਿੱਤਾ।
  • “ਉਦਾਰ ਐਡ-ਔਨ! (ਜੈਨਰਸ ਐਡ-ਔਨ!)” ਸੰਦੇਸ਼ ਨੇ ਖਪਤਕਾਰਾਂ ਨੂੰ ਵਾਧੂ ਭੁਗਤਾਨ ਕਰਨ ਲਈ ਹੋਰ ਉਤਸ਼ਾਹਿਤ ਕੀਤਾ।
  • ਇੰਟਰਫੇਸ ਵਿੱਚ ਸੰਕੇਤ ਨੂੰ ਬੰਦ ਕਰਨ ਦਾ ਕੋਈ ਵਿਕਲਪ ਪ੍ਰਦਾਨ ਨਹੀਂ ਕੀਤਾ ਗਿਆ ਸੀ।
  • ਇਹ ਸੰਕੇਤ ਰਾਈਡ ਬੁੱਕ ਹੋ ਜਾਣ ਤੋਂ ਬਾਅਦ ਦਿਖਾਈ ਦਿੱਤਾ ਜਦੋਂ ਖਪਤਕਾਰ ਪੁਸ਼ਟੀ ਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਕੋਲ ਡਰਾਈਵਰ ਦੀ ਉਪਲਬਧਤਾ ਜਾਂ ਵਾਧੂ ਭੁਗਤਾਨ ਕਰਨ ਦੇ ਸੰਭਾਵਿਤ ਪ੍ਰਭਾਵ ਬਾਰੇ ਸੀਮਤ ਜਾਣਕਾਰੀ ਸੀ।

ਅਥਾਰਿਟੀ  ਨੇ ਇਹ ਵੀ ਨੋਟ ਕੀਤਾ ਕਿ ਓਲਾ ਦੇ ਬੁਕਿੰਗ ਡੇਟਾ ਵਿੱਚ ਹਸਪਤਾਲਾਂ, ਰੇਲਵੇ ਸਟੇਸ਼ਨਾਂ, ਅੰਤਰ-ਰਾਜੀ ਬੱਸ ਟਰਮੀਨਲਾਂ ਅਤੇ ਹਵਾਈ ਅੱਡਿਆਂ ਤੋਂ ਅਜਿਹੀਆਂ ਬੇਨਤੀਆਂ ਦਰਜ ਕੀਤੀਆਂ ਗਈਆਂ ਸਨ। ਮਰੀਜ਼, ਬਜ਼ੁਰਗ ਵਿਅਕਤੀ, ਸਾਮਾਨ ਲਿਜਾਣ ਵਾਲੇ ਯਾਤਰੀ ਅਤੇ ਇਕੱਲੇ ਜਾਂ ਰਾਤ ਨੂੰ ਯਾਤਰਾ ਕਰਨ ਵਾਲੇ ਵਿਅਕਤੀ ਵਰਗੇ ਖਪਤਕਾਰ ਅਜਿਹੇ ਸੰਕੇਤਾਂ ਪ੍ਰਤੀ ਵਿਸ਼ੇਸ਼ ਤੌਰ 'ਤੇ ਸੰਵੇਦਨਸ਼ੀਲ ਹੋ ਸਕਦੇ ਹਨ।

ਓਲਾ ਨੂੰ ਸਾਰੇ ਰਾਈਡ-ਪੂਰਵ ਭੁਗਤਾਨ ਸੰਕੇਤਾਂ ਨੂੰ ਬੰਦ ਕਰਨ ਅਤੇ 10 ਲੱਖ ਰੁਪਏ ਦਾ ਜੁਰਮਾਨਾ ਭਰਨ ਦਾ ਨਿਰਦੇਸ਼ ਦਿੱਤਾ ਗਿਆ

​ਸੀਸੀਪੀਏ (CCPA) ਨੇ ਓਲਾ ਨੂੰ ਹੇਠ ਲਿਖੇ ਨਿਰਦੇਸ਼ ਦਿੱਤੇ ਹਨ:

 

  •   ਯਾਤਰਾ ਪੂਰੀ ਹੋਣ ਤੋਂ ਪਹਿਲਾਂ ਐਡਵਾਂਸ ਕਿਰਾਏ ਤੋਂ ਇਲਾਵਾ ਕਿਸੇ ਵੀ ਭੁਗਤਾਨ—ਭਾਵੇਂ ਉਸ ਨੂੰ ਟਿੱਪ, ਐਡ-ਔਨ, ਵਾਧੂ ਕਿਰਾਇਆ ਜਾਂ ਕਿਸੇ ਹੋਰ ਨਾਮ ਨਾਲ ਦਰਸਾਇਆ ਗਿਆ ਹੋਵੇ—ਦੀ ਮੰਗ ਕਰਨ ਵਾਲੇ ਸਾਰੇ ਸੰਕੇਤਾਂ, ਸੁਨੇਹਿਆਂ, ਪਹਿਲਾਂ ਤੋਂ ਤੈਅ ਰਾਸ਼ੀਆਂ ਅਤੇ ਇੰਟਰਫੇਸ ਡਿਜ਼ਾਈਨਾਂ ਨੂੰ ਤੁਰੰਤ ਬੰਦ ਕਰੋ।
  • ਖਪਤਕਾਰ ਸੁਰੱਖਿਆ ਐਕਟ, 2019 ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ; ਗੁੰਮਰਾਹਕੁੰਨ ਸਰੂਪ (ਡਾਰਕ ਪੈਟਰਨ) ਦੀ ਰੋਕਥਾਮ ਅਤੇ ਰੈਗੂਲੇਸ਼ਨ ਲਈ ਦਿਸ਼ਾ-ਨਿਰਦੇਸ਼, 2023; ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼, 2022 ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਓ।
  • ​10 ਲੱਖ ਰੁਪਏ ਦਾ ਜੁਰਮਾਨਾ ਅਦਾ ਕਰੋ। ਸੀਸੀਪੀਏ (CCPA) ਨੇ ਇਸੇ ਪ੍ਰਥਾ ਦੇ ਸਬੰਧ ਵਿੱਚ ਹੋਰ ਕੈਬ ਐਗਰੀਗੇਟਰ ਪਲੈਟਫਾਰਮਾਂ ਵਿਰੁੱਧ ਵੀ ਖ਼ੁਦ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਹੈ। ਇਸ ਨੇ ਪਹਿਲਾਂ ਰੈਪਿਡੋ (ਰੋਪੇਨ ਟਰਾਂਸਪੋਰਟੇਸ਼ਨ ਸਰਵਿਸਿਸ ਪ੍ਰਾਈਵੇਟ ਲਿਮਿਟੇਡ) ਵਿਰੁੱਧ ਹੁਕਮ ਪਾਸ ਕਰਦਿਆਂ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਉਬਰ ਅਤੇ ਨੰਮਾ ਯਾਤਰੀ ਵਿਰੁੱਧ ਕਾਰਵਾਈ ਵਰਤਮਾਨ ਵਿੱਚ ਜਾਂਚ ਅਧੀਨ ਹੈ।

ਜਿਹੜੇ ਖਪਤਕਾਰ ਇਸ ਤਰ੍ਹਾਂ ਦੀਆਂ ਅਣਉਚਿਤ ਪ੍ਰਥਾਵਾਂ ਦਾ ਸਾਹਮਣਾ ਕਰਦੇ ਹਨ ਜਾਂ ਸੇਵਾਵਾਂ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਅਨੁਭਵ ਕਰਦੇ ਹਨ, ਉਹ ਰਾਸ਼ਟਰੀ ਖਪਤਕਾਰ ਹੈਲਪਲਾਈਨ 1915 ‘ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਜਾਂ com-ccpa[at]gov[dot]in ‘ਤੇ ਲਿਖ ਸਕਦੇ ਹਨ।

​ਅੰਤਿਮ ਹੁਕਮ ਸੀਸੀਪੀਏ (CCPA) ਦੀ ਵੈੱਬਸਾਈਟ ‘ਤੇ ਉਪਲਬਧ ਹੈ।

*******

ਆਰਟੀ/ਐੱਸਬੀ/ਏਆਰਸੀ/ਸ਼ੀਨਮ ਜੈਨ
 


(Release ID: 2336800) ਵਿਜ਼ੀਟਰ ਕਾਊਂਟਰ : 8