ਵਿੱਤ ਮੰਤਰਾਲਾ
azadi ka amrit mahotsav

ਸੈਂਟਰਲ ਬਿਊਰੋ ਆਫ ਨਾਰਕੋਟਿਕਸ (ਸੀਬੀਐੱਨ) ਨੇ ਉੱਤਰ ਪ੍ਰਦੇਸ਼ ਦੇ ਮਊ ਵਿੱਚ ਮੈਫੇਡ੍ਰੋਨ ਦੀ ਗੁਪਤ ਪ੍ਰਯੋਗਸ਼ਾਲਾ ਦਾ ਪਰਦਾਫਾਸ਼ ਕੀਤਾ ; 11.7 ਕਿਲੋਗ੍ਰਾਮ ਮੈਫੇਡ੍ਰੋਨ, ਪੂਰਵਗਾਮੀ ਰਸਾਇਣ ਅਤੇ ਪ੍ਰਯੋਗਸ਼ਾਲਾ ਦੇ ਉਪਕਰਣ ਜ਼ਬਤ ਕੀਤੇ; ਆਪ੍ਰੇਸ਼ਨ ਵਜ੍ਰ 3.0 ਦੇ ਤਹਿਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ


Posted On: 11 NOV 2026 3:51PM by PIB Chandigarh

ਸੈਂਟਰਲ ਬਿਊਰੋ ਆਫ ਨਾਰਕੋਟਿਕਸ (ਸੀਬੀਐੱਨ) ਨੇ  ਇਂਟਰ-ਸਟੇਟ ਡਰੱਗ ਸਿੰਥੈਟਿਕ ਨੈੱਟਵਰਕ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਤਾਜੋਪੁਰ ਉਦਯੋਗਿਕ ਖੇਤਰ ਵਿੱਚ ਮੈਫੇਡ੍ਰੋਨ (ਐੱਮਡੀ) ਦਾ ਨਿਰਮਾਣ ਕਰਨ ਵਾਲੀ ਇੱਕ ਗੁਪਤ ਪ੍ਰਯੋਗਸ਼ਾਲਾ ਦਾ ਪਰਦਾਫਾਸ਼ ਕੀਤਾ।  ਇਹ ਕਾਰਵਾਈ ਆਪ੍ਰੇਸ਼ਨ ਵਜ੍ਰ 3.0 ਦੇ ਤਹਿਤ ਕੀਤੀ ਗਈ।

ਸੀਬੀਐੱਨ ਦੀ ਮੱਧ ਪ੍ਰਦੇਸ਼ ਯੂਨਿਟ ਦੁਆਰਾ ਵਿਕਸਿਤ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ ‘ਤੇ, ਸੀਬੀਐੱਨ ਦੀ ਮੱਧ ਪ੍ਰਦੇਸ਼ ਯੂਨਿਟ ਅਤੇ ਉੱਤਰ ਪ੍ਰਦੇਸ਼ ਯੂਨਿਟ ਦੀ ਸਾਂਝੀ ਟੀਮ ਨੇ 8.11.2026 ਨੂੰ ਤਾਲਮੇਲ ਵਾਲੀ ਕਾਰਵਾਈ ਕੀਤੀ ਅਤੇ ਸਿੰਥੈਟਿਕ ਡਰੱਗਸ ਦੇ ਨਿਰਮਾਣ ਵਿੱਚ ਕਿਰਿਆਸ਼ੀਲ ਇੱਕ ਗੁਪਤ ਪ੍ਰਯੋਗਸ਼ਾਲਾ ਦੀ ਸਫਲਤਾਪੂਰਵਕ ਪਛਾਣ ਕਰਕੇ ਉਸ ਦਾ ਪਰਦਾਫਾਸ਼ ਕੀਤਾ।

ਇਸ ਕਾਰਵਾਈ ਦੌਰਾਨ ਪ੍ਰੋਸੈੱਸਿੰਗ ਦੇ ਵੱਖ-ਵੱਖ ਪੜਾਵਾਂ ਵਿੱਚ 11.7 ਕਿਲੋਗ੍ਰਾਮ ਮੈਫੇਡ੍ਰੋਨ (ਐੱਮਡੀ) ਬਰਾਮਦ ਕੀਤਾ ਗਿਆ। ਟੀਮ ਨੇ ਮੈਫੇਡ੍ਰੋਨ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਵਾਲੇ ਪ੍ਰਮੁੱਖ ਪੂਰਵਗਾਮੀ ਰਸਾਇਣ 20.9 ਕਿਲੋਗ੍ਰਾਮ 2-ਬ੍ਰੋਮੋ-4-ਮੈਥਾਇਲਪ੍ਰੋਪਿਯੋਫੇਨੋਨ ਨੂੰ ਵੀ ਜ਼ਬਤ ਕੀਤਾ। ਇਸ ਤੋਂ ਇਲਾਵਾ 3.5 ਕਿਲੋਗ੍ਰਾਮ ਐਸਟਿਕ ਐਨਹਾਈਡ੍ਰਾਇਡ ਅਤੇ ਡਾਇਕਲੋਰੋਮੀਥੇਨ, ਹਾਈਡ੍ਰੋਕਲੋਰਿਕ ਐਸਿਡ, ਸੋਡੀਅਮ ਬਾਈਕਾਰਬੋਨੇਟ, ਸੋਡੀਅਮ ਕਲੋਰਾਈਡ ਅਤੇ ਕਾਰਬਨਿਕ ਅਮੀਨ ਸਮੇਤ ਵੱਖ-ਵੱਖ ਰਸਾਇਣਾਂ, ਸੌਲਵੈਂਟ ਅਤੇ ਪ੍ਰੋਸੈੱਸਿੰਗ ਰੀਏਜੈਂਟ ਦੀ ਲਗਭਗ 119.9 ਕਿਲੋਗ੍ਰਾਮ /ਲੀਟਰ ਮਾਤਰਾ ਵੀ ਜ਼ਬਤ ਕੀਤੀ ਗਈ। 

 

 

ਉਤਪਾਦਨ ਦੇ ਵੱਖ-ਵੱਖ ਪੜਾਵਾਂ ਵਿੱਚ ਜ਼ਬਤ ਮੈਫੇਡ੍ਰੋਨ

ਇਸ ਕਾਰਵਾਈ ਦੌਰਾਨ ਅਵੈਧ ਤੌਰ ‘ਤੇ ਸਿੰਥੈਟਿਕ ਡਰੱਗਸ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਉਦਯੋਗਿਕ ਗ੍ਰਾਈਂਡਰ ਅਤੇ ਮਿਕਸਰ, ਸਟੀਲ ਦੇ ਟੈਂਕ ਅਤੇ ਵੈਸਲਸ, ਹੀਟਿੰਗ ਉਪਕਰਣ, ਕੱਚ ਦੇ ਰੀਐਕਸ਼ਨ ਅਤੇ ਆਸਵਨ ਉਪਕਰਣ (reaction and distillation apparatus) ਤਾਪਮਾਨ ਮਾਪਣ ਵਾਲੇ ਯੰਤਰ, ਵੋਲਟੇਜ ਬੈਲੈਂਸਰ ਅਤੇ ਹੋਰ ਉਪਕਰਣਾਂ ਸਮੇਤ ਗੁਪਤ ਪ੍ਰਯੋਗਸ਼ਾਲਾ ਦੇ ਸੰਪੂਰਨ ਬੁਨਿਆਦੀ ਢਾਂਚੇ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ, ਨਿਜੀ ਸੁਰੱਖਿਆ ਉਪਕਰਣ (ਪੀਪੀਈ) ਵੀ ਜ਼ਬਤ ਕੀਤੇ ਗਏ।

ਨਸ਼ੀਲੇ ਪਦਾਰਥ ਬਣਾਉਣ ਵਾਲੀ ਇੱਕ ਗੁਪਤ ਪ੍ਰਯੋਗਸ਼ਾਲਾ ਦਾ ਪਰਦਾਫਾਸ਼

ਇਸ ਕਾਰਵਾਈ ਦੌਰਾਨ, ਗੈਰ-ਕਾਨੂੰਨੀ ਨਿਰਮਾਣ ਨੈੱਟਵਰਕ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ NDPS ਐਕਟ, 1985 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਵਿਆਪਕ ਇੰਟਰ-ਸਟੇਟ ਨੈੱਟਵਰਕ, ਨਸ਼ੇ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ (precursor chemicals) ਦੇ ਸਰੋਤਾਂ, ਵਿੱਤੀ ਸਬੰਧਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੰਡ ਲਈ ਵਰਤੇ ਜਾਣ ਵਾਲੇ ਸੰਭਾਵੀ ਮਾਧਿਅਮਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਹ ਜ਼ਬਤੀ ਅਤੇ ਇਸ ਤੋਂ ਬਾਅਦ ਦੀਆਂ ਸਾਰੀਆਂ ਕਾਨੂੰਨੀ ਕਾਰਵਾਈਆਂ, NDPS ਐਕਟ, 1985 ਦੀਆਂ ਧਾਰਾਵਾਂ ਅਤੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆਵਾਂ ਅਨੁਸਾਰ ਅਮਲ ਵਿੱਚ ਲਿਆਂਦੀਆਂ ਗਈਆਂ ਹਨ।

ਇਸ ਗੁਪਤ ਪ੍ਰਯੋਗਸ਼ਾਲਾ ਦਾ ਪਰਦਾਫਾਸ਼ ਕੀਤੇ ਜਾਣ ਨਾਲ ਵੱਡੀ ਮਾਤਰਾ ਵਿੱਚ ਅਵੈਧ ਮੈਫੇਡ੍ਰੋਨ ਦੇ ਅੱਗੇ ਹੋਣ ਵਾਲੇ ਨਿਰਮਾਣ ਅਤੇ ਵੰਡ ਨੂੰ ਰੋਕਣ ਵਿੱਚ ਮਦਦ ਮਿਲੀ ਹੈ। ਨਾਲ ਹੀ, ਇਸ ਨਾਲ ਇੰਟਰ-ਸਟੇਟ ਸਿੰਥੈਟਿਕ ਡਰੱਗਸ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ।

ਸਾਲ 2026 ਦੌਰਾਨ, ਹੁਣ ਤੱਕ ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (CBN) ਨੇ ਛੇ ਗੁਪਤ ਪ੍ਰਯੋਗਸ਼ਾਲਾਵਾਂ (labs) ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਕਾਰਵਾਈਆਂ ਵਿੱਚ, 130.2 ਕਿਲੋਗ੍ਰਾਮ ਮੈਫੇਡ੍ਰੋਨ (MD) ਅਤੇ 1,465.4 ਕਿਲੋਗ੍ਰਾਮ/ਲੀਟਰ 'ਪ੍ਰੀਕਰਸਰ' ਰਸਾਇਣ ਜ਼ਬਤ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਦੇ ਸਬੰਧ ਵਿੱਚ 20 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਕਾਰਵਾਈਆਂ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਅਤੇ ਮਨੋ-ਪ੍ਰਭਾਵੀ (psychotropic) ਸਬਸਟਾਂਸ ਦੇ ਗੁਪਤ ਨਿਰਮਾਣ ਵਿਰੁੱਧ ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (CBN) ਦੀ ਨਿਰੰਤਰ ਚੌਕਸੀ, ਸਮਰਪਣ ਅਤੇ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

CBN ਨਸ਼ੀਲੇ ਪਦਾਰਥਾਂ ਦੇ ਗੁਪਤ ਨਿਰਮਾਣ ਨੈੱਟਵਰਕਾਂ ਨੂੰ ਖਤਮ ਕਰਨ, 'ਪ੍ਰੀਕਰਸਰ' ਰਸਾਇਣਾਂ ਦੀ ਗੈਰ-ਕਾਨੂੰਨੀ ਵਰਤੋਂ ਅਤੇ ਸਪਲਾਈ ਨੂੰ ਰੋਕਣ, ਇੰਟਰ-ਸਟੇਟ ਤਸਕਰੀ ਗਿਰੋਹਾਂ ਦੀ ਪਛਾਣ ਕਰਕੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ, NDPS ਐਕਟ, 1985 ਦੀਆਂ ਧਾਰਾਵਾਂ ਨੂੰ ਲਾਗੂ ਕਰਨ ਅਤੇ 'ਨਸ਼ਾ ਮੁਕਤ ਭਾਰਤ, ਵਿਕਸਿਤ ਭਾਰਤ' ਦੇ ਰਾਸ਼ਟਰੀ ਮਿਸ਼ਨ ਵਿੱਚ ਯੋਗਦਾਨ ਪਾਉਣ ਲਈ ਆਪਣੇ ਯਤਨਾਂ ਪ੍ਰਤੀ ਵਚਨਬੱਧ ਹੈ। 

****

ਕੇਟੀ/ਕੇਐੱਮਐੱਨ/ਬਲਜੀਤ ਸਿੰਘ


(Release ID: 2335469) ਵਿਜ਼ੀਟਰ ਕਾਊਂਟਰ : 13