Posted On:
11 NOV 2026 3:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਨੋਇਡਾ ਮੈਟਰੋ ਰੇਲ ਪ੍ਰੋਜੈਕਟ ਅਧੀਨ ਨੋਇਡਾ ਸੈਕਟਰ -51 ਤੋਂ ਗ੍ਰੇਟਰ ਨੋਇਡਾ ਸੈਕਟਰ-04 ਤੱਕ ਮੈਟਰੋ ਰੇਲ ਐਕੁਆ ਲਾਈਨ ਕੌਰੀਡੋਰ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕੌਰੀਡੋਰ ਦੀ ਕੁੱਲ ਲੰਬਾਈ 8.449 ਕਿਲੋਮੀਟਰ ਹੋਵੇਗੀ ਅਤੇ ਇਸ ਵਿੱਚ 5 ਐਲੀਵੇਟਿਡ ਸਟੇਸ਼ਨ ਹੋਣਗੇ। ਇਸ ਕੌਰੀਡੋਰ ਦੇ ਸ਼ੁਰੂ ਹੋਣ ਨਾਲ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਕੁੱਲ 71.878 ਕਿਲੋਮੀਟਰ ਦਾ ਐਕਟਿਵ ਮੈਟਰੋ ਰੇਲ ਨੈੱਟਵਰਕ ਸਥਾਪਿਤ ਹੋ ਜਾਵੇਗਾ।
ਲਾਭ ਅਤੇ ਵਿਕਾਸ ਨੂੰ ਹੁਲਾਰਾ:
ਨੋਇਡਾ ਮੈਟਰੋ ਰੇਲ ਪ੍ਰੋਜੈਕਟ ਅਧੀਨ ਨੋਇਡਾ ਸੈਕਟਰ-51 ਤੋਂ ਗ੍ਰੇਟਰ ਨੋਇਡਾ ਸੈਕਟਰ -04 ਤੱਕ ਐਕੁਆ ਲਾਈਨ ਮੈਟਰੋ ਰੇਲ ਕੌਰੀਡੋਰ ਦਾ ਵਿਸਥਾਰ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਦ੍ਰਿਸ਼ਟੀ ਪੱਖੋਂ ਮਹੱਤਵਪੂਰਵਨ ਹੈ। ਇਹ ਪ੍ਰੋਜੈਕਟ ਨਗਰ ਵਿੱਚ ਮੈਟਰੋ ਰੇਲ ਨੈੱਟਵਰਕ ਵਿੱਚ ਵਿਆਪਕ ਵਿਸਥਾਰ ਲਿਆਵੇਗਾ।
ਬਿਹਤਰ ਆਵਾਜਾਈ ਸੰਪਰਕ
ਨੋਇਡਾ ਮੈਟਰੋ ਪ੍ਰੋਜੈਕਟ ਦੇ ਇਸ ਵਿਸਥਾਰ ਵਿ4ਚ 8.449 ਕਿਲੋਮੀਟਰ ਦੀਆਂ ਨਵੀਆਂ ਮੈਟਰੋ ਲਾਈਨਾਂ ਜੁੜਨਗੀਆਂ। ਇਸ ਨਾਲ ਨੋਇਡਾ ਅਤੇ ਗ੍ਰੇਟਰ ਨੋਇਡਾ ਸ਼ਹਿਰ ਵਿੱਚ ਜਨਤਕ ਆਵਾਜਾਈ ਵਿਵਸਥਾ ਵਿੱਚ ਸੁਧਾਰ ਹੋਵੇਗਾ ਅਤੇ ਜਿੱਥੇ ਹਾਲੇ ਬਿਹਤਰ ਆਵਾਜਾਈ ਸੰਪਰਕ ਦੀ ਕਮੀ ਹੈ। ਇਹ ਵਧੇਰੇ ਇਸਤੇਮਾਲ ਹੋਣ ਵਾਲੇ ਮੈਟਰੋ ਕੌਰੀਡੋਰ ਦੇ ਨਾਲ ਸਿੱਧਾ ਸੰਪਰਕ ਵੀ ਪ੍ਰਦਾਨ ਕਰੇਗਾ, ਜਿਸ ਵਿੱਚ ਬਲੂ ਲਾਈਨ ‘ਤੇ ਨੋਇਡਾ ਸੈਕਟਰ-61 ਵਿੱਚ ਇੰਟਰਚੇਂਜ ਦੀ ਸਹੂਲਤ ਉਪਲਬਧ ਹੈ।
ਇਸ ਪੜਾਅ ਦਾ ਉਦੇਸ਼ ਨੋਇਡਾ ਦੇ ਪ੍ਰਮੁੱਖ ਖੇਤਰਾਂ ਨੂੰ ਆਪਸ ਵਿੱਚ ਸੁਚਾਰੂ ਢੰਗ ਨਾਲ ਜੋੜਨਾ ਹੈ, ਜਿਸ ਵਿੱਚ ਗੌਰ ਸਿਟੀ ਮਾਲ, ਐੱਚ ਐਂਡ ਐਸ (H&S) ਮਾਲ ਅਤੇ ਦਫ਼ਤਰੀ ਸਪੇਸ, ਗ੍ਰੇਟਰ ਨੋਇਡਾ ਸੈਕਟਰ -04 ਸਥਿਤ ਬਲੂ ਸੈਫਾਇਰ ਮਾਲ ਅਤੇ ਕਮਰਸ਼ੀਅਲ ਸਪੇਸ, ਨੋਇਡਾ ਸੈਕਟਰ-51 ਵਿੱਚ ਆਇਕੀਆ (IKEA) ਅਤੇ ਨੋਇਡਾ ਸੈਕਟਰ-73 ਐਂਥੂਰੀਅਮ ਮਾਲ; ਵਰਗੀਆਂ ਵਪਾਰਕ ਕੇਂਦਰ, ਨੋਇਡਾ ਸੈਕਟਰ-60 ਵਿੱਚ ਟੈੱਕ ਮਹਿੰਦਰਾ ਅਤੇ ਟੀਸੀਐਲ ਟੈੱਕ (TCL Tech) ਦੇ ਦਫ਼ਤਰ ਅਤੇ ਨੋਇਡਾ ਸੈਕਟਰ-73 ਵਿੱਚ ਤੇਲ ਉਦਯੋਗ ਵਿਕਾਸ ਬੋਰਡ ਅਤੇ ਗ੍ਰੇਟਰ ਨੋਇਡਾ ਸੈਕਟਰ-04 ਵਿੱਚ 'ਗੋਲਡਨ ਆਈ' (Golden I) ਆਫਿਸ ਅਤੇ ਵਪਾਰਕ ਸਥਾਨ ਵਰਗੀਆਂ ਬਹੁ-ਰਾਸ਼ਟਰੀ ਕੰਪਨੀਆਂ ਅਤੇ ਆਈ.ਟੀ. (IT) ਹੱਬ ਅਤੇ ਨੋਇਡਾ ਸੈਕਟਰ 122 ਸਥਿਤ ਦਿੱਲੀ ਪਬਲਿਕ ਸਕੂਲ ਆਦਿ ਵਿਦਿਅਕ ਸੰਸਥਾਵਾਂ, ਕੈਲਾਸ਼ ਹਸਪਤਾਲ, ਰਾਮਾ ਹਸਪਤਾਲ (ਨੋਇਡਾ ਸੈਕਟਰ-70), ਕਲਾਉਡ 9 ਹਸਪਤਾਲ (ਨੋਇਡਾ ਸੈਕਟਰ-51) ਅਤੇ ਰਾਮਾ ਹਸਪਤਾਲ (ਨੋਇਡਾ ਸੈਕਟਰ-62); ਅਤੇ ਨਾਲ ਹੀ ਵੱਡੀਆਂ ਰਿਹਾਇਸ਼ੀ ਸੋਸਾਇਟੀਆਂ ਜਿਵੇਂ ਕਿ ਨੋਇਡਾ ਸੈਕਟਰ-122 ਵਿੱਚ ਕਲੀਓ ਕਾਉਂਟੀ ਰੈਜ਼ੀਡੈਂਸੀ (Cleo County Residency) ਅਤੇ ਗ੍ਰੇਟਰ ਨੋਇਡਾ ਸੈਕਟਰ-04 ਵਿੱਚ ਗੌਰ ਸਿਟੀ 1 ਅਤੇ 2 ਵਰਗੀਆਂ ਮੁੱਖ ਰਿਹਾਇਸ਼ੀ ਸੋਸਾਇਟੀਆਂ ਸ਼ਾਮਲ ਹਨ।
ਇਹ ਵਿਸਥਾਰ ਇਨ੍ਹਾਂ ਮਹੱਤਵਪੂਰਨ ਖੇਤਰਾਂ ਨੂੰ ਮੈਟਰੋ ਨੈੱਟਵਰਕ ਨਾਲ ਜੋੜਨ ਨਾਲ ਸੰਪਰਕ ਵਧਾਉਣ ਦੇ ਨਾਲ ਹੀ ਆਰਥਿਕ ਗਤੀਵਿਧੀਆਂ ਨੂੰ ਵੀ ਗਤੀ ਦੇਵੇਗਾ ਅਤੇ ਰੁਜ਼ਗਾਰ, ਵਪਾਰ, ਸਿੱਖਿਆ ਅਤੇ ਸਧਾਰਣ ਆਵਾਜਾਈ ਲਈ ਨਿਵਾਸੀਆਂ ਅਤੇ ਯਾਤਰੀਆਂ ਦੀ ਸ਼ਹਿਰੀ ਗਤੀਸ਼ੀਲਤਾ ਨੂੰ ਅਸਾਨ ਬਣਾਏਗਾ।
ਆਵਾਜਾਈ ਦੀ ਭੀੜ-ਭੜੱਕੇ ਵਿੱਚ ਕਮੀ: ਮੈਟਰੋ ਰੇਲ ਦਾ ਇਹ ਵਿਸਤਾਰ, ਜੋ ਆਵਾਜਾਈ ਦੇ ਇੱਕ ਬਿਹਤਰ ਵਿਕਲਪ ਵਜੋਂ ਕੰਮ ਕਰੇਗਾ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਆਵਾਜਾਈ ਦੀ ਭੀੜ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਸੜਕਾਂ 'ਤੇ ਭੀੜ ਘਟਣ ਨਾਲ ਵਾਹਨਾਂ ਦੀ ਆਵਾਜਾਈ ਵਧੇਰੇ ਸੁਚਾਰੂ ਹੋਵੇਗੀ, ਸਫ਼ਰ ਦਾ ਸਮਾਂ ਘਟੇਗਾ ਅਤੇ ਸੜਕੀ ਸੁਰੱਖਿਆ ਵਿੱਚ ਸੁਧਾਰ ਆਵੇਗਾ।
ਵਾਤਾਵਰਣ ਸਬੰਧੀ ਲਾਭ: ਮੈਟਰੋ ਰੇਲ ਦੀ 'ਐਕੁਆ ਲਾਈਨ' (Aqua Line) ਕੌਰੀਡੋਰ ਦੇ ਵਿਸਤਾਰ ਅਤੇ ਸਮੁੱਚੇ ਮੈਟਰੋ ਨੈੱਟਵਰਕ ਦੇ ਵਾਧੇ ਨਾਲ, ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਰਵਾਇਤੀ ਆਵਾਜਾਈ ਸਾਧਨਾਂ ਦੇ ਮੁਕਾਬਲੇ ਕਾਰਬਨ ਨਿਕਾਸੀ ਵਿੱਚ ਕਾਫ਼ੀ ਕਮੀ ਆਵੇਗੀ।
ਆਰਥਿਕ ਵਿਕਾਸ: ਯਾਤਰਾ ਦੇ ਸਮੇਂ ਵਿੱਚ ਕਮੀ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ—ਨਾਲ ਹੀ ਦਿੱਲੀ ਦੇ ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਬੱਸ ਡਿਪੂਆਂ ਵਰਗੇ ਪ੍ਰਮੁੱਖ ਆਵਾਜਾਈ ਕੇਂਦਰਾਂ—ਤੱਕ ਬਿਹਤਰ ਪਹੁੰਚ ਲੋਕਾਂ ਦੀ ਕਾਰਜ-ਕੁਸ਼ਲਤਾ ਵਿੱਚ ਵਾਧਾ ਕਰੇਗੀ। ਇਸ ਨਾਲ ਉਹ ਆਪਣੇ ਕੰਮਕਾਜੀ ਸਥਾਨਾਂ ਅਤੇ ਮੰਜ਼ਿਲਾਂ ਤੱਕ ਵਧੇਰੇ ਅਸਾਨੀ ਨਾਲ ਪਹੁੰਚ ਸਕਣਗੇ। ਇਸ ਤੋਂ ਇਲਾਵਾ, ਬਿਹਤਰ ਆਵਾਜਾਈ ਸੰਪਰਕ ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਦੇਵੇਗਾ, ਖਾਸ ਤੌਰ 'ਤੇ ਨਵੇਂ ਮੈਟਰੋ ਸਟੇਸ਼ਨਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ; ਨਾਲ ਹੀ, ਇਹ ਉਨ੍ਹਾਂ ਇਲਾਕਿਆਂ ਵਿੱਚ ਨਿਵੇਸ਼ ਅਤੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਜਿੱਥੇ ਪਹਿਲਾਂ ਪਹੁੰਚਣਾ ਮੁਸ਼ਕਲ ਸੀ।
ਸਮਾਜਿਕ ਪ੍ਰਭਾਵ: ਨੋਇਡਾ ਵਿੱਚ 'ਐਕੁਆ ਲਾਈਨ' (Aqua Line) ਦਾ ਇਹ ਵਿਸਤਾਰ ਵੱਡੀ ਗਿਣਤੀ ਵਿੱਚ ਲੋਕਾਂ ਲਈ ਜਨਤਕ ਆਵਾਜਾਈ ਤੱਕ ਪਹੁੰਚ ਨੂੰ ਵਧਾਏਗਾ। ਇਸ ਨਾਲ ਵੱਖ-ਵੱਖ ਸਮਾਜਿਕ-ਆਰਥਿਕ ਵਰਗਾਂ ਨੂੰ ਲਾਭ ਹੋਵੇਗਾ ਅਤੇ ਆਵਾਜਾਈ ਨਾਲ ਸਬੰਧੀ ਅਸਮਾਨਤਾਵਾਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਸ ਦੇ ਨਤੀਜੇ ਵਜੋਂ ਆਉਣ-ਜਾਣ ਵਿੱਚ ਲੱਗਣ ਵਾਲਾ ਸਮਾਂ ਘਟੇਗਾ ਅਤੇ ਜ਼ਰੂਰੀ ਸੇਵਾਵਾਂ ਤੱਕ ਬਿਹਤਰ ਪਹੁੰਚ ਰਾਹੀਂ ਜੀਵਨ ਪੱਧਰ ਵਿੱਚ ਸੁਧਾਰ ਆਵੇਗਾ।
ਨੋਇਡਾ ਮੈਟਰੋ ਰੇਲ ਪ੍ਰੋਜੈਕਟ ਦੇ ਹਿੱਸੇ ਵਜੋਂ, ਇਹ ਵਿਸਤਾਰ ਸ਼ਹਿਰ ਲਈ ਇੱਕ ਕ੍ਰਾਂਤੀਕਾਰੀ ਵਿਕਾਸ ਸਾਬਤ ਹੋਵੇਗਾ। ਇਹ ਬਿਹਤਰ ਆਵਾਜਾਈ ਸੰਪਰਕ, ਟ੍ਰੈਫਿਕ ਜਾਮ ਵਿੱਚ ਕਮੀ, ਵਾਤਾਵਰਣ ਸਬੰਧੀ ਲਾਭ, ਆਰਥਿਕ ਵਿਕਾਸ ਅਤੇ ਜੀਵਨ ਪੱਧਰ ਵਿੱਚ ਸੁਧਾਰ ਦਾ ਵਾਅਦਾ ਕਰਦਾ ਹੈ। ਸ਼ਹਿਰੀ ਚੁਣੌਤੀਆਂ ਦਾ ਹੱਲ ਕਰਕੇ ਅਤੇ ਭਵਿੱਖ ਦੇ ਵਿਸਤਾਰ ਲਈ ਨੀਂਹ ਰੱਖ ਕੇ, ਇਹ ਸ਼ਹਿਰ ਦੇ ਵਿਕਾਸ ਦੇ ਰਾਹ ਅਤੇ ਸਥਿਰਤਾ (sustainability) ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

**************
ਐੱਮਜੇਪੀਐੱਸ /ਬਲਜੀਤ ਸਿੰਘ