Posted On:
03 NOV 2026 4:39PM by PIB Chandigarh
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਨੇ ਅਰੁਣਾਚਲ ਪ੍ਰਦੇਸ਼ ਦੇ ਜ਼ੀਰੋ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਨੂੰ 1.5 ਮੀਟ੍ਰਿਕ ਟਨ (ਐਮਟੀ) ਕੀਵੀ ਦੇ ਪਾਇਲਟ ਨਿਰਯਾਤ ਦਾ ਸਮਰਥਨ ਕੀਤਾ ਹੈ। ਇਹ ਖੇਪ ਸਫਲਤਾਪੂਰਵਕ ਦੁਬਈ ਪਹੁੰਚੀ ਅਤੇ ਇਸ ਨੂੰ ਅਲ ਕੁਸੈਸ ਦੇ ਲੂਲੂ ਹਾਈਪਰਮਾਰਕੀਟ ਵਿੱਚ ਪ੍ਰਦਰਸ਼ਿਤ ਕੀਤਾ ਗਿਆ । ਇਹ ਪਹਿਲ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਇਸ ਫਲ ਦੀ ਸੰਭਾਵਨਾ ਦੀ ਪੜਚੋਲ ਕਰਨ ਵੱਲ ਇੱਕ ਕਦਮ ਹੈ।
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ (ਐਮਡੀਓਐਨਈਆਰ) ਦੇ ਅਧੀਨ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ, "ਕੀਵੀ: ਅਰੁਣਾਚਲ ਪ੍ਰਦੇਸ਼ ਦੀ ਵਿਸ਼ੇਸ਼ਤਾ" ਸਿਰਲੇਖ ਵਾਲੀ ਬ੍ਰਾਂਡਿੰਗ ਮੁਹਿੰਮ ਰਾਹੀਂ ਅਰੁਣਾਚਲ ਪ੍ਰਦੇਸ਼ ਦੇ ਕੀਵੀ ਸੈਕਟਰ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਵਪਾਰ ਅਤੇ ਵਣਜ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਲਾਗੂ ਕੀਤੀ ਗਈ, ਇਸ ਪਹਿਲਕਦਮੀ ਦਾ ਉਦੇਸ਼ ਰਾਜ ਦੇ ਕੀਵੀ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਉਤਸ਼ਾਹਿਤ ਕਰਨਾ, ਖਪਤਕਾਰਾਂ ਦੀ ਫੀਡਬੈਕ ਨੂੰ ਸਮਝਣਾ ਅਤੇ ਸਥਾਨਕ ਉਤਪਾਦਕਾਂ ਲਈ ਨਿਰਯਾਤ ਦੇ ਮੌਕਿਆਂ ਨੂੰ ਵਧਾਉਣ ਲਈ ਮਜ਼ਬੂਤ ਬਾਜ਼ਾਰ ਸਬੰਧ ਵਿਕਸਿਤ ਕਰਨਾ ਹੈ।
ਅਰੁਣਾਚਲ ਪ੍ਰਦੇਸ਼ ਦਾ ਉੱਚ-ਉਚਾਈ ਵਾਲਾ ਇਲਾਕਾ ਅਤੇ ਕੁਦਰਤੀ ਵਾਤਾਵਰਣ ਸ਼ਾਨਦਾਰ ਗੁਣਵੱਤਾ ਅਤੇ ਸੁਆਦ ਵਾਲੇ ਕੀਵੀ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੈ। ਰਾਜ ਵਿੱਚ ਉਗਾਏ ਜਾਣ ਵਾਲੇ ਕੀਵੀ ਵਿੱਚ ਪ੍ਰੀਮੀਅਮ ਘਰੇਲੂ ਬਜ਼ਾਰਾਂ, ਨਿਰਯਾਤ ਪ੍ਰੋਤਸਾਹਨ ਅਤੇ ਮੁੱਲ-ਵਰਧਿਤ ਉਤਪਾਦਾਂ ਵਜੋਂ ਚੰਗੀ ਸੰਭਾਵਨਾ ਹੈ। ਇੱਥੇ ਉਗਾਈਆਂ ਜਾਣ ਵਾਲੀਆਂ ਮੁੱਖ ਕਿਸਮਾਂ ਹੇਵਰਡ, ਮੋਂਟੀ, ਐਲੀਸਨ ਅਤੇ ਬਰੂਨੋ ਹਨ, ਜਿਨ੍ਹਾਂ ਵਿੱਚੋਂ 'ਹੇਵਰਡ' ਕਿਸਮ ਦੀ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਬਹੁਤ ਮੰਗ ਹੈ।
ਕੀਵੀ ਦੀ ਖੇਪ ਦੁਬਈ ਦੇ ਅਲ ਕੁਸੈਸ ਵਿੱਚ ਲੂਲੂ ਹਾਈਪਰਮਾਰਕੀਟ ਦੇ ਪ੍ਰਚੂਨ ਕਾਊਂਟਰਾਂ ਤੱਕ ਪਹੁੰਚਣ ਦੇ ਨਾਲ, ਇਹ ਪਹਿਲ ਹੁਣ ਸ਼ੁਰੂਆਤੀ ਲਾਂਚ ਪੜਾਅ ਤੋਂ ਅੱਗੇ ਵਧ ਕੇ ਪ੍ਰਚੂਨ ਪੱਧਰ 'ਤੇ ਮਾਰਕੀਟ ਮੁਲਾਂਕਣ ਤੱਕ ਪਹੁੰਚ ਗਈ ਹੈ। ਗਾਹਕਾਂ ਨੂੰ ਕੀਵੀ ਦਾ ਸੁਆਦ ਚੱਖਣ ਅਤੇ ਫੀਡਬੈਕ ਪ੍ਰਾਪਤ ਕਰਨ ਨਾਲ ਕੀਵੀ ਦੀ ਪ੍ਰਸਿੱਧੀ ਅਤੇ ਸੰਭਾਵੀ ਮੰਗ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਹੈ। ਇਸ ਮੁਲਾਂਕਣ ਤੋਂ ਖਪਤਕਾਰਾਂ ਦੀਆਂ ਤਰਜੀਹਾਂ, ਗੁਣਵੱਤਾ ਦੀਆਂ ਉਮੀਦਾਂ, ਪੈਕੇਜਿੰਗ ਅਤੇ ਪੇਸ਼ਕਾਰੀ ਦੀਆਂ ਜ਼ਰੂਰਤਾਂ ਬਾਰੇ ਵਿੱਚ ਵੀ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਇਹ ਨਤੀਜੇ ਉਤਪਾਦਕਾਂ, ਸਹਿਕਾਰੀ ਸਭਾਵਾਂ ਅਤੇ ਨਿਰਯਾਤਕਾਂ ਨੂੰ ਭਵਿੱਖ ਵਿੱਚ ਵੱਡੇ ਪੱਧਰ 'ਤੇ ਵਪਾਰਕ ਨਿਰਯਾਤ ਲਈ ਤਿਆਰੀ ਕਰਨ ਅਤੇ ਢੁਕਵੇਂ ਬਾਜ਼ਾਰ ਮੌਕਿਆਂ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦੇ ਹਨ।
ਇਸ ਪਹਿਲਕਦਮੀ ਦਾ ਉਦੇਸ਼ ਸਥਾਨਕ ਕੀਵੀ ਉਤਪਾਦਕਾਂ ਨੂੰ ਸੰਭਾਵੀ ਵਿਦੇਸ਼ੀ ਬਜ਼ਾਰਾਂ ਨਾਲ ਜੋੜਨਾ ਹੈ, ਜਿਸ ਨਾਲ ਵਿਕਰੀ ਦੇ ਨਵੇਂ ਮੌਕੇ ਖੁੱਲ੍ਹਣਗੇ ਅਤੇ ਭਵਿੱਖ ਵਿੱਚ ਕਿਸਾਨਾਂ ਨੂੰ ਨਿਰਯਾਤ ਰਾਹੀਂ ਬਿਹਤਰ ਆਮਦਨ ਮਿਲ ਸਕੇ । ਇਹ ਪਾਇਲਟ ਨਿਰਯਾਤ ਨਾਲ ਬਾਜ਼ਾਰ ਪ੍ਰਤੀਕਿਰਿਆ ਨੂੰ ਸਮਝਣ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਅਰੁਣਾਚਲ ਪ੍ਰਦੇਸ਼ ਦੀ ਕੀਵੀ ਦੀ ਪਹੁੰਚ ਨੂੰ ਵਧਾਉਣ ਲਈ ਲੋੜੀਂਦੀਆਂ ਜ਼ਰੂਰਤਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਮਿਲੇਗੀ।
ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਵਿੱਚ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਦੇ ਮੰਤਰੀ ਸ਼੍ਰੀ ਗੈਬਰੀਅਲ ਡੀ. ਵਾਂਗਸੂ ਅਤੇ ਵਪਾਰ ਅਤੇ ਵਣਜ ਮੰਤਰੀ ਦੇ ਸਲਾਹਕਾਰ ਡਾ. ਮਹੇਸ਼ ਚਾਈ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜ਼ੀਰੋ ਦੇ ਵਿਧਾਇਕ ਸ਼੍ਰੀ ਹੇਜ ਅੱਪਾ; ਵਿਸ਼ੇਸ਼ ਸਕੱਤਰ (ਖੇਤੀਬਾੜੀ/ਬਾਗਬਾਨੀ); ਵਪਾਰ ਅਤੇ ਵਣਜ ਸਕੱਤਰ ਸ਼੍ਰੀਮਤੀ ਬੁੱਲੋ ਮਾਮੂ (ਆਈਆਰਐਸ); ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਬਾਗਬਾਨੀ ਸਕੱਤਰ ਸ਼੍ਰੀਮਤੀ ਕੋਜ ਰਿਣਿਆ; ਅਤੇ ਸ਼ਿਲਾਂਗ ਦੇ ਆਈਸੀਈਆਰ ਦੇ ਡਾਇਰੈਕਟਰ ਸ਼੍ਰੀ ਕਾਰਦੀਰਾਵੇਲ ਗੋਵਿੰਦਾਸਾਮੀ ਵੀ ਮੌਜੂਦ ਸਨ।
ਇਸ ਸਮਾਗਮ ਵਿੱਚ ਕੀਵੀ ਉਤਪਾਦਕ ਸਹਿਕਾਰੀ ਸਭਾ ਅਤੇ ਫੇਅਰ ਐਕਸਪੋਰਟਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦਿਆਂ ਦੇ ਨਾਲ-ਨਾਲ ਏਪੀਈਡੀਏ, ਵਪਾਰ ਅਤੇ ਵਣਜ ਵਿਭਾਗ, ਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਖੇਪ ਦੇ ਨਾਲ ਆਏ ਕੀਵੀ ਕਿਸਾਨ ਅਤੇ ਹੋਰ ਨੁਮਾਇੰਦੇ ਸ਼ਾਮਲ ਹੋਏ।
ਇਸ ਪਹਿਲਕਦਮੀ ਰਾਹੀਂ, ਏਪੀਈਡੀਏ ਉੱਤਰ-ਪੂਰਬੀ ਖੇਤਰ ਦੇ ਖੇਤੀਬਾੜੀ ਅਤੇ ਬਾਗਬਾਨੀ ਉਤਪਾਦਾਂ ਦੇ ਪ੍ਰਚਾਰ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਉਨ੍ਹਾਂ ਦੀ ਪਹੁੰਚ ਦਾ ਲਗਾਤਾਰ ਸਮਰਥਨ ਕਰ ਰਿਹਾ ਹੈ। ਦੁਬਈ ਵਿੱਚ ਅਰੁਣਾਚਲ ਪ੍ਰਦੇਸ਼ ਦੀ ਕੀਵੀ ਦਾ ਪਹੁੰਚਣਾ ਅਤੇ ਪ੍ਰਚੂਨ ਬਜ਼ਾਰਾਂ ਵਿੱਚ ਉਪਲਬਧ ਹੋਣਾ ਵਿਦੇਸ਼ੀ ਬਾਜ਼ਾਰ ਦੀ ਸੰਭਾਵਨਾ ਦੀ ਪੜਚੋਲ ਕਰਨ ਅਤੇ ਸਥਾਨਕ ਉਤਪਾਦਕਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਹਿੱਸਾ ਲੈਣ ਲਈ ਤਿਆਰ ਕਰਨ ਦਾ ਇੱਕ ਚੰਗਾ ਮੌਕਾ ਹੈ।
*********
ਅਭਿਸ਼ੇਕ ਦਿਆਲ/ਗਰੀਮਾ ਸਿੰਘ/ਅਨੁਸ਼ਕਾ ਪਾਂਡੇ /ਬਲਜੀਤ