Posted On:
04 NOV 2026 11:48AM by PIB Chandigarh
ਰਾਸ਼ਟਰੀ ਭੂਮੀ ਮੁਦਰੀਕਰਣ ਨਿਗਮ (ਐੱਨਐੱਲਐੱਮਸੀ) ਨੇ 3 ਨਵੰਬਰ, 2026 ਨੂੰ ਰਾਸ਼ਟਰੀਯ ਇਸਪਾਤ ਨਿਗਮ ਲਿਮਿਟੇਡ (ਆਰਆਈਐੱਨਐੱਲ) ਦੇ ਪਲਾਟਾਂ ਦੀ ਈ-ਨਿਲਾਮੀ ਦਾ ਦੂਜਾ ਪੜਾਅ ਸਫ਼ਲਤਾਪੂਰਵਕ ਸੰਪੰਨ ਕੀਤਾ ਹੈ। ਆਰਆਈਐੱਨਐੱਲ ਉਹ ਕੰਪਨੀ ਹੈ ਜੋ ਵਿਸ਼ਾਖਾਪਟਨਮ ਇਸਪਾਤ ਪਲਾਂਟ ਦਾ ਸੰਚਾਲਨ ਕਰਦੀ ਹੈ। ਐੱਨਐੱਲਐੱਮਸੀ, ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ (ਡੀਪੀਈ) ਦੇ ਅਧੀਨ ਕੰਮ ਕਰਦੀ ਹੈ।
ਦੂਜੇ ਪੜਾਅ ਦੀ ਸਫ਼ਲ ਸਮਾਪਤੀ, ਜਨਤਕ ਖੇਤਰ ਦੀਆਂ ਵਾਧੂ ਜਾਇਦਾਦਾਂ ਦੇ ਮੁਦਰੀਕਰਣ ਨੂੰ ਸੁਚਾਰੂ, ਪਾਰਦਰਸ਼ੀ, ਪ੍ਰਤੀਯੋਗੀ ਅਤੇ ਤਕਨਾਲੋਜੀ-ਅਧਾਰਿਤ ਨਿਲਾਮੀ ਪ੍ਰਕਿਰਿਆ ਰਾਹੀਂ ਆਸਾਨ ਬਣਾਉਣ ਦੇ ਐੱਨਐੱਲਐੱਮਸੀ ਦੇ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ।
ਇਸ ਨਿਲਾਮੀ ਵਿੱਚ 114 ਪਲਾਟਾਂ ਦੀ ਸਫ਼ਲਤਾਪੂਰਵਕ ਵਿਕਰੀ ਹੋਈ, ਜਿਸ ਨਾਲ ਕੁੱਲ 218 ਕਰੋੜ ਰੁਪਏ ਦੀ ਸਫ਼ਲ ਬੋਲੀ ਰਾਸ਼ੀ ਪ੍ਰਾਪਤ ਹੋਈ। ਇਨ੍ਹਾਂ ਪਲਾਟਾਂ ਦਾ ਕੁੱਲ ਰਿਜ਼ਰਵ ਮੁੱਲ 184.8 ਕਰੋੜ ਰੁਪਏ ਸੀ। ਸਫ਼ਲ ਬੋਲੀਆਂ ਕੁੱਲ ਰਿਜ਼ਰਵ ਮੁੱਲ ਨਾਲੋਂ 17.96 ਫੀਸਦੀ ਵੱਧ ਰਹੀਆਂ। ਇਹ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਅਤੇ ਬਜ਼ਾਰ 'ਤੇ ਅਧਾਰਿਤ ਪ੍ਰਭਾਵਸ਼ਾਲੀ ਕੀਮਤ ਨਿਰਧਾਰਣ ਨੂੰ ਦਰਸਾਉਂਦਾ ਹੈ।
ਦੂਜੇ ਪੜਾਅ ਵਿੱਚ ਸਭ ਤੋਂ ਉੱਚੀ ਸਫ਼ਲ ਬੋਲੀ 1,82,650 ਰੁਪਏ ਪ੍ਰਤੀ ਵਰਗ ਗਜ਼ ਦਰਜ ਕੀਤੀ ਗਈ, ਜਦੋਂ ਕਿ ਕਿਸੇ ਇੱਕ ਪਲਾਟ ਦੇ ਰਿਜ਼ਰਵ ਮੁੱਲ ਦੇ ਮੁਕਾਬਲੇ ਸਭ ਤੋਂ ਵੱਧ ਪ੍ਰੀਮੀਅਮ 67.65 ਫੀਸਦੀ ਰਿਹਾ।
ਇਹ ਨਤੀਜੇ ਵਿਸ਼ਾਖਾਪਟਨਮ ਵਿੱਚ ਢੁਕਵੇਂ ਸਥਾਨਾਂ 'ਤੇ ਸਥਿਤ ਪਲਾਟਾਂ ਵਿੱਚ ਬਜ਼ਾਰ ਦੀ ਲਗਾਤਾਰ ਦਿਲਚਸਪੀ ਨੂੰ ਦਰਸਾਉਂਦੇ ਹਨ। ਨਾਲ ਹੀ, ਇਹ ਵੀ ਦੱਸਦੇ ਹਨ ਕਿ ਪਾਰਦਰਸ਼ੀ ਅਤੇ ਪ੍ਰਤੀਯੋਗੀ ਈ-ਨਿਲਾਮੀ ਵਿਵਸਥਾ ਰਾਹੀਂ ਜਨਤਕ ਖੇਤਰ ਦੀਆਂ ਵਾਧੂ ਜਾਇਦਾਦਾਂ ਦੇ ਆਰਥਿਕ ਮੁੱਲ ਦਾ ਪ੍ਰਭਾਵਸ਼ਾਲੀ ਸ਼ੋਸ਼ਣ ਕੀਤਾ ਜਾ ਸਕਦਾ ਹੈ।
ਆਰਆਈਐੱਨਐੱਲ ਦੀ ਜ਼ਮੀਨ ਦੀ ਈ-ਨਿਲਾਮੀ ਦੇ ਦੋਵਾਂ ਪੜਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਪਹਿਲੇ ਪੜਾਅ ਵਿੱਚ ਐੱਨਐੱਲਐੱਮਸੀ ਨੇ 150 ਪਲਾਟਾਂ ਦੀ ਸਫ਼ਲਤਾਪੂਰਵਕ ਨਿਲਾਮੀ ਕੀਤੀ ਸੀ, ਜਿਸ ਨਾਲ ਕੁੱਲ 366.33 ਕਰੋੜ ਰੁਪਏ ਦੀ ਸਫ਼ਲ ਬੋਲੀ ਰਾਸ਼ੀ ਪ੍ਰਾਪਤ ਹੋਈ ਸੀ। ਇਨ੍ਹਾਂ ਪਲਾਟਾਂ ਦਾ ਕੁੱਲ ਰਿਜ਼ਰਵ ਮੁੱਲ 312.48 ਕਰੋੜ ਰੁਪਏ ਸੀ। ਸਫ਼ਲ ਬੋਲੀਆਂ ਰਿਜ਼ਰਵ ਮੁੱਲ ਨਾਲੋਂ ਔਸਤਨ 17.23 ਫੀਸਦੀ ਵੱਧ ਰਹੀਆਂ। ਇਸ ਦੌਰਾਨ ਨਿਲਾਮੀ ਦੀ ਸਭ ਤੋਂ ਉੱਚੀ ਕੀਮਤ 1.80 ਲੱਖ ਰੁਪਏ ਪ੍ਰਤੀ ਵਰਗ ਗਜ਼ ਤੋਂ ਵੱਧ ਰਹੀ।
ਈ-ਨਿਲਾਮੀ ਦੇ ਦੋਵਾਂ ਪੜਾਵਾਂ ਦੇ ਪੂਰੇ ਹੋਣ ਦੇ ਨਾਲ ਹੀ ਕੁੱਲ 264 ਪਲਾਟਾਂ ਦੀ ਸਫ਼ਲਤਾਪੂਰਵਕ ਨਿਲਾਮੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਤੋਂ ਕੁੱਲ 584.33 ਕਰੋੜ ਰੁਪਏ ਦੀ ਸਫ਼ਲ ਬੋਲੀ ਰਾਸ਼ੀ ਪ੍ਰਾਪਤ ਹੋਈ ਹੈ, ਜਦੋਂ ਕਿ ਇਨ੍ਹਾਂ ਦਾ ਸੰਯੁਕਤ ਰਿਜ਼ਰਵ ਮੁੱਲ 497.29 ਕਰੋੜ ਰੁਪਏ ਸੀ।
ਆਰਆਈਐੱਨਐੱਲ ਜ਼ਮੀਨ ਈ-ਨਿਲਾਮੀ ਦਾ ਸੰਯੁਕਤ ਪ੍ਰਦਰਸ਼ਨ
|
ਵੇਰਵੇ
|
ਫੇਜ਼ I
|
ਫੇਜ਼ II
|
ਸੰਯੁਕਤ
|
|
ਨਿਲਾਮੀ ਦੀ ਮਿਤੀ
|
12 ਅਕਤੂਬਰ 2026
|
3 ਨਵੰਬਰ 2026
|
—
|
|
ਲੈਂਡ ਪਾਰਸਲਸ ਸਫ਼ਲਤਾਪੂਰਵਕ ਨਿਲਾਮ ਕੀਤੇ ਗਏ
|
150
|
114
|
264
|
|
ਸਫ਼ਲ ਪਲਾਟਾਂ ਦੀ ਕੁੱਲ ਰਿਜ਼ਰਵ ਕੀਮਤ
|
312.48 ਕਰੋੜ ਰੁਪਏ
|
184.81 ਕਰੋੜ ਰੁਪਏ
|
497.29 ਕਰੋੜ ਰੁਪਏ
|
|
ਕੁੱਲ ਸਫ਼ਲ ਬਿਡ ਵੈਲਿਊ
|
366.33 ਕਰੋੜ ਰੁਪਏ
|
218 ਕਰੋੜ ਰੁਪਏ
|
584.33 ਕਰੋੜ ਰੁਪਏ
|
|
ਰਿਜ਼ਰਵ ਕੀਤਮ ਤੋਂ ਵੱਧ ਪ੍ਰੀਮੀਅਮ
|
17.23%
|
17.96%
|
17.50%
|
ਐੱਨਐੱਲਐੱਮਸੀ ਦੀ ਪਹਿਲੀ ਸੰਪੂਰਨ ਈ-ਨਿਲਾਮੀ ਨੇ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ
ਆਰਆਈਐੱਨਐੱਲ ਪਲਾਟਾਂ ਦੀ ਈ-ਨਿਲਾਮੀ ਰਾਸ਼ਟਰੀ ਭੂਮੀ ਮੁਦਰੀਕਰਣ ਨਿਗਮ (ਐੱਨਐੱਲਐੱਮਸੀ) ਦੀ ਪਹਿਲੀ ਅਜਿਹੀ ਪਹਿਲਕਦਮੀ ਹੈ, ਜਿਸ ਵਿੱਚ ਨਿਲਾਮੀ ਦੀ ਪੂਰੀ ਪ੍ਰਕਿਰਿਆ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਸੰਚਾਲਿਤ ਕੀਤੀ ਗਈ। ਇਹ ਨਿਗਮ ਦੀ ਕਾਰਜਪ੍ਰਣਾਲੀ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਪ੍ਰਕਿਰਿਆ ਨੇ ਵੱਡੇ ਪੱਧਰ 'ਤੇ ਜਾਇਦਾਦ ਦੇ ਮੁਦਰੀਕਰਣ ਨਾਲ ਜੁੜੇ ਕੰਮਾਂ ਨੂੰ ਸੰਚਾਲਿਤ ਕਰਨ ਵਿੱਚ ਐੱਨਐੱਲਐੱਮਸੀ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ ਹੈ। ਇਸ ਵਿੱਚ ਜਾਇਦਾਦਾਂ ਦੀ ਤਿਆਰੀ, ਲੈਣ-ਦੇਣ ਦਾ ਢਾਂਚਾ ਤਿਆਰ ਕਰਨਾ, ਨਿਵੇਸ਼ਕਾਂ ਤੱਕ ਪਹੁੰਚ ਬਣਾਉਣਾ, ਬੋਲੀਕਾਰਾਂ ਨੂੰ ਜ਼ਰੂਰੀ ਸਹੂਲਤਾਂ ਉਪਲਬਧ ਕਰਵਾਉਣਾ ਅਤੇ ਮੁਕਾਬਲੇਬਾਜ਼ੀ ਵਾਲੀ ਔਨਲਾਈਨ ਨਿਲਾਮੀ ਆਯੋਜਿਤ ਕਰਨਾ ਸ਼ਾਮਲ ਹੈ।
12 ਅਕਤੂਬਰ, 2026 ਅਤੇ 3 ਨਵੰਬਰ, 2026 ਨੂੰ ਇੱਕ ਮਹੀਨੇ ਦੇ ਅੰਦਰ ਈ-ਨਿਲਾਮੀ ਦੇ ਦੋਵਾਂ ਪੜਾਵਾਂ ਦਾ ਸਫ਼ਲਤਾਪੂਰਵਕ ਪੂਰਾ ਹੋਣਾ ਐੱਨਐੱਲਐੱਮਸੀ ਲਈ ਇੱਕ ਮਹੱਤਵਪੂਰਨ ਸੰਚਾਲਨ ਮਿਆਰ ਸਥਾਪਿਤ ਕਰਦਾ ਹੈ। ਇਸ ਨਾਲ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਅਤੇ ਸਰਕਾਰੀ ਸੰਸਥਾਵਾਂ ਦੀ ਵਾਧੂ ਜ਼ਮੀਨ ਅਤੇ ਹੋਰ ਅਚੱਲ ਜਾਇਦਾਦਾਂ ਦੇ ਮੁਦਰੀਕਰਣ ਨਾਲ ਜੁੜੇ ਇਸੇ ਤਰ੍ਹਾਂ ਦੇ ਲੈਣ-ਦੇਣ ਸੰਚਾਲਿਤ ਕਰਨ ਦੀ ਉਸ ਦੀ ਸਮਰੱਥਾ ਹੋਰ ਮਜ਼ਬੂਤ ਹੋਈ ਹੈ।
ਦੋਵਾਂ ਪੜਾਵਾਂ ਦੀ ਸਫ਼ਲਤਾ ਦੇ ਅਧਾਰ 'ਤੇ ਐੱਨਐੱਲਐੱਮਸੀ ਬਾਕੀ ਬਚੇ ਬਿਨਾ ਵਿਕੇ ਜ਼ਮੀਨੀ ਪਲਾਟਾਂ ਲਈ ਜਲਦੀ ਹੀ ਈ-ਨਿਲਾਮੀ ਦਾ ਤੀਜਾ ਪੜਾਅ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸਬੰਧਿਤ ਪ੍ਰਵਾਨਗੀਆਂ ਅਤੇ ਨਿਰਧਾਰਿਤ ਸ਼ਰਤਾਂ ਦੇ ਅਧੀਨ ਹੋਵੇਗਾ। ਇਸ ਦਾ ਸਮਾਂ-ਸਾਰਣੀ ਅਤੇ ਹੋਰ ਵੇਰਵੇ ਸਹੀ ਸਮੇਂ 'ਤੇ ਐਲਾਨੇ ਜਾਣਗੇ। ਇਹ ਪਹਿਲਕਦਮੀ ਪਾਰਦਰਸ਼ੀ ਅਤੇ ਮੁਕਾਬਲੇਬਾਜ਼ੀ ਵਾਲੀਆਂ ਪ੍ਰਕਿਰਿਆਵਾਂ ਰਾਹੀਂ ਜਨਤਕ ਖੇਤਰ ਦੀਆਂ ਵਾਧੂ ਜਾਇਦਾਦਾਂ ਦੇ ਮੁਦਰੀਕਰਣ ਵਿੱਚ ਤੇਜ਼ੀ ਲਿਆਉਣ ਦੇ ਐੱਨਐੱਲਐੱਮਸੀ ਦੇ ਲਗਾਤਾਰ ਯਤਨਾਂ ਨੂੰ ਦਰਸਾਉਂਦੀ ਹੈ।
ਸਰਕਾਰ ਦੇ ਜਾਇਦਾਦ ਮੁਦਰੀਕਰਣ ਉਦੇਸ਼ਾਂ ਨੂੰ ਸਮਰਥਨ
ਆਰਆਈਐੱਨਐੱਲ ਦੀ ਜ਼ਮੀਨ ਦੀ ਈ-ਨਿਲਾਮੀ ਦੀ ਸਫ਼ਲ ਸਮਾਪਤੀ ਸਰਕਾਰ ਦੇ ਜਾਇਦਾਦ ਮੁਦਰੀਕਰਣ ਸਬੰਧੀ ਉਦੇਸ਼ਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਐੱਨਐੱਲਐੱਮਸੀ ਦੇ ਯਤਨਾਂ ਦੀ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਰਾਹੀਂ ਵਾਧੂ ਅਤੇ ਘੱਟ ਵਰਤੋਂ ਵਿੱਚ ਲਿਆਂਦੀ ਜਾ ਰਹੀ ਜਨਤਕ ਜਾਇਦਾਦ ਦੀ ਆਰਥਿਕ ਸਮਰੱਥਾ ਦੀ ਵਰਤੋਂ ਯਕੀਨੀ ਬਣਾਈ ਜਾ ਰਹੀ ਹੈ।
ਇਹ ਪਹਿਲਕਦਮੀ ਸੁਚਾਰੂ ਜਾਇਦਾਦ ਤਿਆਰੀ, ਪ੍ਰਭਾਵਸ਼ਾਲੀ ਹਿਤਧਾਰਕ ਤਾਲਮੇਲ ਅਤੇ ਪਾਰਦਰਸ਼ੀ, ਤਕਨਾਲੋਜੀ-ਅਧਾਰਿਤ ਨਿਲਾਮੀ ਪ੍ਰਕਿਰਿਆਵਾਂ ਰਾਹੀਂ ਵੱਡੇ ਪੱਧਰ 'ਤੇ ਮੁਦਰੀਕਰਣ ਸਬੰਧੀ ਲੈਣ-ਦੇਣ ਸੰਚਾਲਿਤ ਕਰਨ ਵਿੱਚ ਐੱਨਐੱਲਐੱਮਸੀ ਦੀ ਵਧਦੀ ਸੰਸਥਾਗਤ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੀ ਹੈ। ਇਹ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਲਈ ਮੁਕਾਬਲੇਬਾਜ਼ੀ ਵਾਲੀਆਂ ਬਜ਼ਾਰ ਪ੍ਰਕਿਰਿਆਵਾਂ ਰਾਹੀਂ ਕੀਮਤ ਨਿਰਧਾਰਣ ਅਤੇ ਜਾਇਦਾਦਾਂ ਦੇ ਅਸਲ ਮੁੱਲ ਨੂੰ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕਰਦੀ ਹੈ।
ਇਸ ਉਪਲਬਧੀ ਦੇ ਅਧਾਰ 'ਤੇ ਐੱਨਐੱਲਐੱਮਸੀ ਜਾਇਦਾਦਾਂ ਦੇ ਮਾਲਕ ਸੰਗਠਨਾਂ ਨਾਲ ਮਿਲ ਕੇ ਵਾਧੂ ਜ਼ਮੀਨ ਅਤੇ ਇਮਾਰਤ ਜਾਇਦਾਦਾਂ ਦੀ ਪਛਾਣ, ਤਿਆਰੀ ਅਤੇ ਮੁਦਰੀਕਰਣ ਦੀ ਪ੍ਰਕਿਰਿਆ ਜਾਰੀ ਰੱਖੇਗਾ। ਇਸ ਨਾਲ ਇਨ੍ਹਾਂ ਜਾਇਦਾਦਾਂ ਦੀ ਉਤਪਾਦਕ ਵਰਤੋਂ, ਜਨਤਕ ਜਾਇਦਾਦਾਂ ਦਾ ਕੁਸ਼ਲ ਪ੍ਰਬੰਧਨ ਅਤੇ ਵਿਆਪਕ ਆਰਥਿਕ ਵਿਕਾਸ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਐੱਨਐੱਲਐੱਮਸੀ ਬਾਰੇ
ਰਾਸ਼ਟਰੀ ਭੂਮੀ ਮੁਦਰੀਕਰਣ ਨਿਗਮ (ਐੱਨਐੱਲਐੱਮਸੀ) ਸਰਕਾਰ ਦੀ ਪੂਰਨ ਮਲਕੀਅਤ ਵਾਲੀ ਕੰਪਨੀ ਹੈ, ਜੋ ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ ਦੇ ਪ੍ਰਸ਼ਾਸਨਿਕ ਕੰਟਰੋਲ ਹੇਠ ਕੰਮ ਕਰਦੀ ਹੈ। ਇਹ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਅਤੇ ਹੋਰ ਸਰਕਾਰੀ ਸੰਸਥਾਵਾਂ ਕੋਲ ਉਪਲਬਧ ਵਾਧੂ ਜ਼ਮੀਨ ਅਤੇ ਇਮਾਰਤ ਜਾਇਦਾਦਾਂ ਦੀ ਪਛਾਣ, ਮੁਲਾਂਕਣ, ਤਿਆਰੀ ਅਤੇ ਮੁਦਰੀਕਰਣ ਦੀ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਬਜ਼ਾਰ-ਮੁਖੀ ਤਰੀਕਿਆਂ ਨਾਲ ਆਸਾਨ ਬਣਾਉਂਦੀ ਹੈ। ਇਸ ਤਰ੍ਹਾਂ ਇਹ ਕੁਸ਼ਲ ਜਾਇਦਾਦ ਪ੍ਰਬੰਧਨ ਅਤੇ ਉਨ੍ਹਾਂ ਦੇ ਅਸਲ ਮੁੱਲ ਦੀ ਵਰਤੋਂ ਸਬੰਧੀ ਸਰਕਾਰ ਦੇ ਉਦੇਸ਼ਾਂ ਵਿੱਚ ਯੋਗਦਾਨ ਪਾਉਂਦੀ ਹੈ।
ਅਧਿਕਾਰਤ ਵੈੱਬਸਾਈਟ: National Land Monetization Corporation
****
ਕੇਟੀ/ਏਡੀ/ਸ਼ੀਨਮ