Posted On:
03 NOV 2026 8:00PM by PIB Chandigarh
ਭਾਰਤ ਨਵਿਆਉਣਯੋਗ ਊਰਜਾ ਸਿਖਰ ਸੰਮੇਲਨ ਅਤੇ ਐਕਸਪੋ 2026 ਦੇ ਦੂਜੇ ਦਿਨ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ, ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਤੇ ਬਿਜਲੀ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਨੇ ਅੰਤਰਰਾਸ਼ਟਰੀ ਸੌਰ ਗਠਜੋੜ ਸੀਈਈਡਬਲਿਊ ਅਤੇ ਐਨਰਜੀਵਾ ਵੈਂਚਰਸ ਵੱਲੋਂ ਆਯੋਜਿਤ ਇੱਕ ਉੱਚ-ਪੱਧਰੀ ਸੰਵਾਦ 'ਦ ਨੈਕਸਟ ਟੈਰਾਵਾਟ' ਦੇ ਮੰਤਰੀ ਪੱਧਰੀ ਸੈਸ਼ਨ ਵਿੱਚ ਹਿੱਸਾ ਲਿਆ। ਇਸ ਸ਼ੁਰੂਆਤੀ ਸੈਸ਼ਨ ਵਿੱਚ ਸਰਕਾਰ ਅਤੇ ਉਦਯੋਗ ਜਗਤ ਦੇ ਸੀਨੀਅਰ ਨੁਮਾਇੰਦਿਆਂ ਨੂੰ ਇੱਕ ਮੰਚ 'ਤੇ ਲਿਆਂਦਾ ਗਿਆ, ਤਾਂ ਜੋ ਆਉਣ ਵਾਲੇ ਦਹਾਕਿਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਨਵਿਆਉਣਯੋਗ ਊਰਜਾ ਨੂੰ ਲਾਗੂ ਕਰਨ ਦੇ ਢਾਂਚੇ ਦੀ ਰੂਪ-ਰੇਖਾ ਤਿਆਰ ਕੀਤੀ ਜਾ ਸਕੇ।
ਇਨ੍ਹਾਂ ਚਰਚਾਵਾਂ ਵਿੱਚ ਗਲੋਬਲ ਨਵਿਆਉਣਯੋਗ ਊਰਜਾ ਵਿਸਤਾਰ ਦੇ ਅਗਲੇ ਪੜਾਅ ਨੂੰ ਤੇਜ਼ੀ ਦੇਣ ਲਈ ਚਾਰ ਮੁੱਖ ਤਰਜੀਹਾਂ ਵਾਲੇ ਖੇਤਰਾਂ 'ਤੇ ਵਿਚਾਰ ਕੀਤਾ ਗਿਆ। ਇਨ੍ਹਾਂ ਵਿੱਚ ਏਕੀਕ੍ਰਿਤ ਊਰਜਾ ਯੋਜਨਾ, ਸਪਲਾਈ ਅਤੇ ਭੰਡਾਰਨ; ਊਰਜਾ ਬੁਨਿਆਦੀ ਢਾਂਚੇ ਦਾ ਵਿਸਤਾਰ ਅਤੇ ਉਸ ਦੀ ਮਜ਼ਬੂਤੀ; ਪ੍ਰੋਜੈਕਟਾਂ ਅਤੇ ਈਕੋਸਿਸਟਮ ਲਈ ਟੈਰਾਵਾਟ-ਪੱਧਰ ਦੀ ਫੰਡਿੰਗ ਦੇ ਨਾਲ-ਨਾਲ ਸੁਰੱਖਿਅਤ ਅਤੇ ਸਸਤੀ ਊਰਜਾ ਲਈ ਡਿਜੀਟਾਈਜ਼ੇਸ਼ਨ ਅਤੇ ਏ.ਆਈ. ਸ਼ਾਮਲ ਹਨ। ਇਨ੍ਹਾਂ ਚਰਚਾਵਾਂ ਵਿੱਚ ਅੱਜ ਤੋਂ ਲੈ ਕੇ 2050 ਤੱਕ ਲਈ ਇੱਕ ਰਣਨੀਤਕ ਰੋਡਮੈਪ ਤਿਆਰ ਕੀਤਾ ਗਿਆ, ਜੋ 2047 ਤੱਕ 'ਵਿਕਸਿਤ ਭਾਰਤ' ਦੇ ਭਾਰਤ ਦੀ ਪਰਿਕਲਪਨਾ ਦੇ ਅਨੁਕੂਲ ਹੈ।
ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਉਪ ਮੁੱਖ ਮੰਤਰੀ ਕਨਕ ਵਰਧਨ ਸਿੰਘ ਦੇਵ ਦੀ ਮੌਜੂਦਗੀ ਵਿੱਚ ਲਗਭਗ 1.17 ਲੱਖ ਕਰੋੜ ਰੁਪਏ ਦੇ ਕੁੱਲ ਪ੍ਰਸਤਾਵਿਤ ਨਿਵੇਸ਼ ਨੂੰ ਦਰਸਾਉਣ ਵਾਲੇ 18 ਸਮਝੌਤਾ ਪੱਤਰਾਂ (ਐੱਮਓਯੂ) 'ਤੇ ਦਸਤਖ਼ਤ ਕੀਤੇ ਗਏ।
ਇਸ ਤੋਂ ਇਲਾਵਾ ਬੋਂਡਾਡਾ ਗਰੁੱਪ ਦੀ ਕੰਪਨੀ ਬੋਂਡਾਡਾ ਇੰਜੀਨੀਅਰਿੰਗ ਲਿਮਟਿਡ ਨੇ ਗੋਆ ਵਿੱਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਲਈ ਲਗਭਗ 3,000 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਲਈ ਗੋਆ ਨਿਵੇਸ਼ ਪ੍ਰੋਤਸਾਹਨ ਅਤੇ ਸੁਵਿਧਾ ਬੋਰਡ (ਗੋਆ-ਆਈਪੀਬੀ) ਨਾਲ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ।
ਬੀ.ਆਰ.ਈ. ਸਿਖਰ ਸੰਮੇਲਨ ਅਤੇ ਐਕਸਪੋ 2026 ਵਿੱਚ 130 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਇਕੱਠੇ ਹੋਏ। ਇਨ੍ਹਾਂ ਵਿੱਚ 40 ਤੋਂ ਵੱਧ ਮੰਤਰੀ, ਸੀਨੀਅਰ ਨੀਤੀ ਘਾੜੇ, ਨਿਵੇਸ਼ਕ, ਵਿੱਤੀ ਸੰਸਥਾਵਾਂ ਅਤੇ ਉਦਯੋਗ ਜਗਤ ਦੇ ਦਿੱਗਜ ਸ਼ਾਮਲ ਹਨ। ਭਾਈਵਾਲ ਦੇਸ਼ਾਂ ਦੇ ਰੂਪ ਵਿੱਚ ਆਸਟ੍ਰੇਲੀਆ, ਡੈਨਮਾਰਕ, ਯੂਰੋਪੀਅਨ ਯੂਨੀਅਨ, ਫਰਾਂਸ, ਜਰਮਨੀ, ਨੀਦਰਲੈਂਡ, ਨਾਰਵੇ, ਸਵੀਡਨ ਅਤੇ ਯੂਨਾਈਟਿਡ ਕਿੰਗਡਮ ਹਿੱਸਾ ਲੈ ਰਹੇ ਹਨ, ਜੋ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਵੱਛ ਊਰਜਾ ਮੁੱਲ ਲੜੀ ਵਿੱਚ ਨਿਵੇਸ਼ ਅਤੇ ਤਕਨਾਲੋਜੀ ਭਾਈਵਾਲੀ ਨੂੰ ਸੁਖਾਲਾ ਬਣਾਉਣ ਦੇ ਮੌਕੇ ਪ੍ਰਦਾਨ ਕਰ ਰਹੇ ਹਨ।
13 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੀ ਨਵਿਆਉਣਯੋਗ ਊਰਜਾ ਸਮਰੱਥਾ, ਬਕਾਇਆ ਪ੍ਰੋਜੈਕਟਾਂ, ਨਿਰਮਾਣ ਸਮਰੱਥਾਵਾਂ ਅਤੇ ਨੀਤੀਗਤ ਉਪਰਾਲਿਆਂ ਦਾ ਪ੍ਰਦਰਸ਼ਨ ਕਰ ਰਹੇ ਹਨ, ਜੋ ਪੂਰੇ ਭਾਰਤ ਵਿੱਚ ਨਿਵੇਸ਼ ਦੇ ਮੌਕਿਆਂ ਦੀ ਵਿਆਪਕਤਾ ਅਤੇ ਵਿਭਿੰਨਤਾ ਨੂੰ ਦਰਸਾਉਂਦੇ ਹਨ।
ਇਸ ਮੌਕੇ 'ਤੇ 'ਵੌਟਸ ਨੈਕਸਟ: ਇਨੋਵੇਟਰਸ ਆਈਡੀਆਜ਼ ਫਾਰ ਇੰਡੀਆਜ਼ ਐਨਰਜੀ ਸਿਕਿਓਰਿਟੀ, ਏਜੰਡਾ 2047' ਦਾ ਪਹਿਲਾ ਪੜਾਅ ਵੀ ਆਯੋਜਿਤ ਕੀਤਾ ਗਿਆ। ਇਹ ਵਿਚਾਰਾਂ 'ਤੇ ਆਧਾਰਿਤ ਇੱਕ ਅਜਿਹਾ ਮੰਚ ਸੀ, ਜਿਸ ਵਿੱਚ ਸਿਰਫ਼ ਸੱਦਾ ਪੱਤਰ ਵਾਲੇ ਮਹਿਮਾਨਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ ਅਤੇ ਇਸਨੂੰ ਬਲੂਮਬਰਗ-ਐੱਨ.ਈ.ਐੱਫ. ਦੀ ਭਾਈਵਾਲੀ ਨਾਲ ਤਿਆਰ ਕੀਤਾ ਗਿਆ ਸੀ। ਰਵਾਇਤੀ ਪੈਨਲ ਚਰਚਾਵਾਂ ਤੋਂ ਅੱਗੇ ਵਧ ਕੇ ਇਸ ਸੈਸ਼ਨ ਵਿੱਚ ਮੁੱਖ ਇਨੋਵੇਟਰਾਂ, ਉਦਮੀਆ ਅਤੇ ਉਦਯੋਗ ਜਗਤ ਦੇ ਦਿੱਗਜਾਂ ਨੂੰ ਇਕੱਠੇ ਲਿਆਂਦਾ ਗਿਆ। ਜਦੋਂ ਦੇਸ਼ ਆਪਣੀ ਆਜ਼ਾਦੀ ਦੀ ਸ਼ਤਾਬਦੀ ਵੱਲ ਵਧ ਰਿਹਾ ਹੈ, ਅਜਿਹੇ ਸਮੇਂ ਵਿੱਚ ਇਨ੍ਹਾਂ ਦਿੱਗਜਾਂ ਨੇ ਤਕਨਾਲੋਜੀ, ਵਿੱਤ ਅਤੇ ਨੀਤੀ ਦੇ ਖੇਤਰਾਂ ਵਿੱਚ ਅਜਿਹੇ ਸਾਹਸੀ ਅਤੇ ਵਿਹਾਰਕ ਵਿਚਾਰ ਪੇਸ਼ ਕੀਤੇ, ਜੋ ਭਾਰਤ ਦੇ ਊਰਜਾ ਢਾਂਚੇ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹਨ।
ਬੁਲਾਰਿਆਂ ਵਿੱਚ ਸੁਮੰਤ ਸਿਨਹਾ ਰਿਨਿਊ ਦੇ ਸੰਸਥਾਪਕ, ਪ੍ਰਧਾਨ ਅਤੇ ਸੀ.ਈ.ਓ., ਸੋਲਰਸਕੁਆਇਰ ਦੀ ਸਹਿ-ਸੰਸਥਾਪਕ ਅਤੇ ਸੀ.ਈ.ਓ. ਸ਼੍ਰੇਆ ਮਿਸ਼ਰਾ, ਸੁਜ਼ਲੋਨ ਗਰੁੱਪ ਦੇ ਸਹਿ-ਸੰਸਥਾਪਕ ਗਿਰੀਸ਼ ਆਰ. ਤਾਂਤੀ, ਆਈ.ਆਈ.ਟੀ. ਮਦਰਾਸ ਦੇ ਪ੍ਰੋ. ਅਸ਼ੋਕ ਝੁਨਝੁਨਵਾਲਾ ਅਤੇ ਬਲੂਮਬਰਗ-ਐੱਨ.ਈ.ਐੱਫ. ਦੇ ਸਵੱਛ ਊਰਜਾ ਖੋਜ ਪ੍ਰਮੁੱਖ ਮੇਰੇਡਿਥ ਏਨੇਕਸ ਸ਼ਾਮਲ ਸਨ।
ਭਾਰਤ ਵਿੱਚ ਨਵਿਆਉਣਯੋਗ ਊਰਜਾ ਦੇ ਵਿਸਤਾਰ ਲਈ ਉਤਪਾਦਨ ਸਮਰੱਥਾ, ਊਰਜਾ ਭੰਡਾਰਨ, ਟ੍ਰਾਂਸਮਿਸ਼ਨ ਨੈੱਟਵਰਕ, ਘਰੇਲੂ ਉਤਪਾਦਨ ਅਤੇ ਸਹਾਇਕ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਨਿਵੇਸ਼ ਦੀ ਲੋੜ ਹੋਵੇਗੀ। ਇਹ ਸਿਖਰ ਸੰਮੇਲਨ ਸਰਕਾਰੀ ਅਤੇ ਨਿੱਜੀ ਖੇਤਰ ਦੇ ਹਿੱਸੇਦਾਰਾਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰ ਰਿਹਾ ਹੈ, ਜਿੱਥੇ ਉਹ ਵਿੱਤੀ ਪੋਸ਼ਣ ਦੇ ਨਵੇਂ ਮਾਡਲਾਂ 'ਤੇ ਵਿਚਾਰ ਕਰ ਸਕਣ, ਨਿਵੇਸ਼ ਭਾਈਵਾਲੀਆਂ ਨੂੰ ਮਜ਼ਬੂਤ ਕਰ ਸਕਣ ਅਤੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਹੱਲ ਲੱਭ ਸਕਣ।
ਦੂਜੇ ਦਿਨ ਦੀਆਂ ਝਲਕੀਆਂ





***********
ਐੱਨਐੱਸ/ਆਰਐੱਸ/ਐੱਲਐੱਲ