ਆਯੂਸ਼
azadi ka amrit mahotsav

ਧਨਤੇਰਸ ‘ਤੇ ਸਿਹਤ ਨੂੰ ਦਿੱਤੀ ਪ੍ਰਾਥਮਿਕਤਾ, ਸਿਹਤਮੰਦ ਜੀਵਨਸ਼ੈਲੀ ਅਪਣਾਓ: ਪ੍ਰਤਾਪਰਾਓ ਜਾਧਵ


ਕੇਂਦਰੀ ਆਯੁਸ਼ ਮੰਤਰੀ ਨੇ ਪਰਿਵਾਰਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਬਿਮਾਰੀਆਂ ਦੀ ਰੋਕਥਾਮ ਨੂੰ ਤਰਜੀਹ ਦੇਣ ਦਾ ਦਿੱਤਾ ਸੱਦਾ

ਸਿਹਤਮੰਦ ਖਾਣ-ਪੀਣ, ਯੋਗਾ ਅਤੇ ਨਿਯਮਿਤ ਸਿਹਤ ਜਾਂਚ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ

Posted On: 04 NOV 2026 11:51AM by PIB Chandigarh

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਨਾਗਰਿਕਾਂ ਨੂੰ ਧਨਤੇਰਸ ਦੇ ਤਿਉਹਾਰ ਨੂੰ ਸਿਹਤ ਅਤੇ ਰੋਕਥਾਮ ਵਾਲੀ ਸਿਹਤ ਸੰਭਾਲ ਦੇ ਮਹੱਤਵ ਨਾਲ ਜੋੜਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਸਲ ਖੁਸ਼ਹਾਲੀ ਚੰਗੀ ਸਿਹਤ ਅਤੇ ਤੰਦਰੁਸਤੀ ਵਿੱਚ ਨਿਹਿਤ ਹੈ। ਕੇਂਦਰੀ ਮੰਤਰੀ ਨੇ ਪਰਿਵਾਰਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਬਿਮਾਰੀਆਂ ਦੀ ਰੋਕਥਾਮ ਨੂੰ ਤਰਜੀਹ ਦੇਣ ਅਤੇ ਆਪਣੇ ਲੰਬੇ ਸਮੇਂ ਦੀ ਸਿਹਤ ਲਈ ਜਾਗਰੂਕਤਾ ਨਾਲ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ।

ਧਨਤੇਰਸ, ਜਿਸ ਨੂੰ ਧਨਵੰਤਰੀ ਜਯੰਤੀ ਵਜੋਂ ਵੀ ਮਨਾਇਆ ਜਾਂਦਾ ਹੈ, ਸਮੁੰਦਰ ਮੰਥਨ ਦੌਰਾਨ ਅੰਮ੍ਰਿਤ ਕਲਸ਼ ਦੇ ਨਾਲ ਭਗਵਾਨ ਧਨਵੰਤਰੀ ਦੇ ਪ੍ਰਗਟ ਹੋਣ ਦੀ ਯਾਦ ਦਿਵਾਉਂਦਾ ਹੈ। ਦੇਵਤਿਆਂ ਦੇ ਦਿਵਯ ਵੈਦਯ ਦੇ ਰੂਪ ਵਿੱਚ ਪੂਜਨੀਕ ਭਗਵਾਨ ਧਨਵੰਤਰੀ ਦਾ ਸਬੰਧ ਭਾਰਤ ਦੀ ਰਵਾਇਤੀ ਜੀਵਨ ਅਤੇ ਸਿਹਤ ਵਿਗਿਆਨ ਪ੍ਰਣਾਲੀ ਆਯੁਰਵੇਦ ਨਾਲ ਹੈ। ਇਹ ਮੌਕਾ ਨਿੱਜੀ ਅਤੇ ਪਰਿਵਾਰਕ ਖੁਸ਼ਹਾਲੀ ਦੇ ਅਧਾਰ ਵਜੋਂ ਸਿਹਤ ਦੇ ਮਹੱਤਵ ‘ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਸ਼੍ਰੀ ਜਾਧਵ ਨੇ ਕਿਹਾ ਕਿ ਧਨਤੇਰਸ ਰਵਾਇਤੀ ਤੌਰ ‘ਤੇ ਸੋਨੇ, ਚਾਂਦੀ ਅਤੇ ਘਰੇਲੂ ਵਸਤੂਆਂ ਦੀ ਖਰੀਦਦਾਰੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਾਲਾਂਕਿ, ਇਹ ਤਿਉਹਾਰ ਇਸ ਗੱਲ ਦੀ ਵੀ ਯਾਦ ਦਿਵਾਉਂਦਾ ਹੈ ਕਿ ਭੌਤਿਕ ਸੰਪਦਾ ਦਾ ਅਸਲ ਮਹੱਤਵ ਤਾਂ  ਉਦੋਂ ਹੀ ਹੈ, ਜਦੋਂ ਉਸ ਦੇ ਨਾਲ ਚੰਗੀ ਸਿਹਤ ਵੀ ਹੋਵੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਰਿਵਾਰਾਂ ਨੂੰ ਆਪਣੇ ਸਿਹਤ ਦੀ ਸੁਰੱਖਿਆ ਨੂੰ ਓਨਾ ਹੀ ਮਹੱਤਵ ਦੇਣਾ ਚਾਹੀਦਾ ਹੈ, ਜਿੰਨਾ ਉਹ ਭਵਿੱਖ ਦੀ ਆਰਥਿਕ ਖੁਸ਼ਹਾਲੀ ਨੂੰ ਸੁਰੱਖਿਅਤ ਰੱਖਣ ਲਈ ਦਿੰਦੇ ਹਨ।

ਰੋਕਥਾਮ ਵਾਲੀ ਸਿਹਤ ਸੰਭਾਲ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਸਿਹਤ ਸਬੰਧੀ ਚਰਚਾ ਅਕਸਰ ਬਿਮਾਰੀ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ, ਜਦੋਂ ਕਿ ਤੰਦਰੁਸਤ ਜੀਵਨ ਸ਼ੈਲੀ ਅਪਣਾ ਕੇ ਬਿਮਾਰੀਆਂ ਦੀ ਰੋਕਥਾਮ ‘ਤੇ ਵੀ ਬਰਾਬਰ ਰੂਪ ਵਿੱਚ ਧਿਆਨ ਦੇਣਾ ਚਾਹੀਦਾ ਹੈ। ਆਯੁਰਵੇਦ ਦੇ ਸਿਧਾਂਤ “ਸਵਾਸਥਯ ਸਵਾਸਥਯ ਰਕਸ਼ਮਣ” ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਸਿਧਾਂਤ ਤੰਦਰੁਸਤ ਵਿਅਕਤੀ ਦੀ ਸਿਹਤ ਦੀ ਰੱਖਿਆ ‘ਤੇ ਜ਼ੋਰ ਦਿੰਦਾ ਹੈ। ਗੈਰ-ਸੰਚਾਰੀ ਬਿਮਾਰੀਆਂ, ਅਕਿਰਿਆਸ਼ੀਲ ਜੀਵਨ ਸ਼ੈਲੀ ਅਤੇ ਤਣਾਅ ਵਰਗੀਆਂ ਵਧ ਰਹੀਆਂ ਚੁਣੌਤੀਆਂ ਦੇ ਸੰਦਰਭ ਵਿੱਚ ਇਹ ਦ੍ਰਿਸ਼ਟੀਕੋਣ ਖਾਸ ਤੌਰ ‘ਤੇ ਢੁਕਵਾਂ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਸੰਤੁਲਿਤ ਪੋਸ਼ਣ, ਨਿਯਮਿਤ ਸਰੀਰਕ ਗਤੀਵਿਧੀ, ਲੋੜੀਂਦੀ ਨੀਂਦ ਅਤੇ ਤਣਾਅ ਪ੍ਰਬੰਧਨ ਵਰਗੀਆਂ ਰੋਜ਼ਾਨਾ ਦੀਆਂ ਆਦਤਾਂ ਸਮੁੱਚੀ ਸਿਹਤ ਅਤੇ ਤੰਦਰੁਸਤੀ ਬਣਾਏ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਪਰਿਵਾਰਾਂ ਨੂੰ ਘਰ ਵਿੱਚ ਬਣਿਆ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਅਪਣਾਉਣ, ਜੰਕ ਫੂਡ ਦੀ ਵੱਧ ਵਰਤੋਂ ਨੂੰ ਘਟਾਉਣ, ਨਿਯਮਿਤ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀ ਉੱਚਿਤ ਦੇਖਭਾਲ ਕਰਨ ਅਤੇ ਉਨ੍ਹਾਂ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਨਿਯਮਿਤ ਯੋਗ ਅਭਿਆਸ ਅਤੇ ਸਮੇਂ ਸਿਰ ਸਿਹਤ ਜਾਂਚ ਨੂੰ ਵੀ ਰੋਕਥਾਮ ਵਾਲੀ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਦੱਸਿਆ।

ਰੋਕਥਾਮ ਅਤੇ ਹੈਲਥ ਪ੍ਰਮੋਸ਼ਨ ਅਧਾਰਿਤ ਦੇਖਭਾਲ ਨੂੰ ਹੁਲਾਰਾ ਦੇਣ ਵਿੱਚ ਆਯੁਸ਼ ਪ੍ਰਣਾਲੀਆਂ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਜਾਧਵ ਨੇ ਕਿਹਾ ਕਿ ਆਯੁਸ਼ਮਾਨ ਆਰੋਗਯ ਮੰਦਿਰ ਵਰਗੀਆਂ ਪਹਿਲਕਦਮੀਆਂ ਕਮਿਊਨਿਟੀ ਪੱਧਰ ‘ਤੇ ਆਯੁਸ਼ ਅਧਾਰਿਤ ਸਿਹਤ ਸੇਵਾਵਾਂ ਦੀ ਪਹੁੰਚ ਦਾ ਵਿਸਥਾਰ ਕਰਨ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਦੀ ਰਵਾਇਤੀ ਮੈਡੀਕਲ ਵਿਧੀਆਂ ਦਾ ਦੇਸ਼ ਦੀ ਸਿਹਤ ਸੇਵਾ ਵਿਵਸਥਾ ਵਿੱਚ ਜ਼ਿੰਮੇਵਾਰੀਪੂਰਵਕ ਯੋਗਦਾਨ ਯਕੀਨੀ ਬਣਾਉਣ ਲਈ ਵਿਗਿਆਨਕ ਖੋਜ, ਗੁਣਵੱਤਾ ਮਾਪਦੰਡਾਂ ਅਤੇ ਸਬੂਤ-ਅਧਾਰਿਤ ਵਿਧੀਆਂ ਨੂੰ ਮਹੱਤਵ ਦੇਣਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਫਿੱਟ ਇੰਡੀਆ ਦੇ ਵਿਜ਼ਨ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਜਾਧਵ ਨੇ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਛੋਟੇ ਪਰ ਸਾਰਥਕ ਬਦਲਾਅ ਲਿਆਉਣ ਦੇ ਉਨ੍ਹਾਂ ਦੇ ਸੱਦੇ ਨੂੰ ਯਾਦ ਕੀਤਾ, ਜੋ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੀ ਰੋਕਥਾਮ ਵਿੱਚ ਸਹਾਇਕ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਫਿਟਨੈਸ ਸਿਰਫ਼ ਨਿੱਜੀ ਕੋਸ਼ਿਸ਼ ਨਹੀਂ ਹੈ, ਸਗੋਂ ਤੰਦਰੁਸਤ ਅਤੇ ਖੁਸ਼ਹਾਲ ਸਮਾਜ ਦੀ ਇੱਕ ਲਾਜ਼ਮੀ ਨੀਂਹ ਹੈ। ਭਾਰਤ ਜਦੋਂ ਵਿਕਸਿਤ ਭਾਰਤ 2047 ਦੇ ਟੀਚੇ ਵੱਲ ਵੱਧ ਰਿਹਾ ਹੈ, ਤਦ ਤੰਦਰੁਸਤ ਅਤੇ ਸਿਹਤ ਪ੍ਰਤੀ ਜਾਗਰੂਕ ਨਾਗਰਿਕ ਦੇਸ਼ ਦੀ ਵਿਕਾਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਧਨਤੇਰਸ ‘ਤੇ ਨਾਗਰਿਕਾਂ ਨੂੰ ਰੋਕਥਾਮ ਵਾਲੀ ਸਿਹਤ ਸੰਭਾਲ ਨੂੰ ਨਿੱਜੀ ਅਤੇ ਪਰਿਵਾਰਕ ਸੰਕਲਪ ਬਣਾਉਣ ਦਾ ਸੱਦਾ ਦਿੰਦੇ ਹੋਏ ਸ਼੍ਰੀ ਜਾਧਵ ਨੇ ਸਾਰਿਆਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਘੱਟੋ-ਘੱਟ ਇੱਕ ਸਕਾਰਾਤਮਕ ਸਿਹਤਮੰਦ ਆਦਤ ਸ਼ਾਮਲ ਕਰਨ ਅਤੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਪਰਿਵਾਰ ਦੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦੀ ਸਿਹਤ ‘ਤੇ ਵਿਸ਼ੇਸ਼ ਧਿਆਨ ਦੇਣ, ਸਮੇਂ ਸਿਰ ਡਾਕਟਰੀ ਸਲਾਹ ਲੈਣ ਅਤੇ ਤੰਦਰੁਸਤ ਜੀਵਨ ਸ਼ੈਲੀ ਨੂੰ ਸਾਂਝੀ ਪਰਿਵਾਰਕ ਜ਼ਿੰਮੇਵਾਰੀ ਬਣਾਉਣ ਦਾ ਵੀ ਸੱਦਾ ਦਿੱਤਾ।

ਕੇਂਦਰੀ ਆਯੁਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਧਨਤੇਰਸ ‘ਤੇ ਨਾਗਰਿਕਾਂ ਨੂੰ ਖੁਸ਼ਹਾਲੀ ਦੇ ਰਵਾਇਤੀ ਪ੍ਰਤੀਕਾਂ ਤੋਂ ਅੱਗੇ ਵਧ ਕੇ ਤੰਦਰੁਸਤ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ, ਆਪਣੇ ਪ੍ਰਿਯਜਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਰੋਕਥਾਮ ਵਾਲੀ ਸਿਹਤ ਸੰਭਾਲ ਨੂੰ ਆਪਣੇ ਪਰਿਵਾਰ ਦੇ ਭਵਿੱਖ ਦੀ ਨੀਂਹ ਬਣਾਉਣਾ ਚਾਹੀਦਾ ਹੈ। ਇਹ ਇਸ ਸਦੀਵੀ ਸਿਧਾਂਤ ਦੀ ਮੁੜ ਪੁਸ਼ਟੀ ਕਰਦਾ ਹੈ ਕਿ “ਸਿਹਤ ਹੀ ਸਭ ਤੋਂ ਵੱਡਾ ਧਨ ਹੈ।”

 

************

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2332608) ਵਿਜ਼ੀਟਰ ਕਾਊਂਟਰ : 7