ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਭਾਰਤ ਨਵਿਆਉਣਯੋਗ ਊਰਜਾ ਸਿਖਰ ਸੰਮੇਲਨ ਅਤੇ ਪ੍ਰਦਰਸ਼ਨੀ 2026' ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਨੇ ਸਾਡੇ ਸਟਾਰਟਅੱਪਸ, ਆਈ.ਆਈ.ਟੀਸ., ਨਵੀਨਤਾਕਾਰਾਂ ਤੇ ਉੱਦਮੀਆਂ ਨੂੰ ਹਰੇਕ ਘਰ ਦੀ ਊਰਜਾ ਸਬੰਧੀ ਜ਼ਿਆਦਾਤਰ ਲੋੜਾਂ ਸੌਰ ਊਰਜਾ ਤੋਂ ਪੂਰੀਆਂ ਹੋਣਾ ਯਕੀਨੀ ਬਣਾਉਣ ਵਾਲੇ ਮਾਡਲ ਵਿਕਸਿਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ

ਭਾਰਤ ਦੀ ਨਵਿਆਉਣਯੋਗ ਊਰਜਾ ਯਾਤਰਾ ਇਸ ਦੇ ਪੈਮਾਨੇ, ਗਤੀ ਅਤੇ ਆਤਮਨਿਰਭਰਤਾ ਨੂੰ ਦਰਸਾਉਂਦੀ ਹੈ: ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ

Posted On: 02 NOV 2026 8:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 'ਭਾਰਤ ਨਵਿਆਉਣਯੋਗ ਊਰਜਾ ਸਿਖਰ ਸੰਮੇਲਨ ਅਤੇ ਪ੍ਰਦਰਸ਼ਨੀ 2026' ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਵਿਦੇਸ਼ਾਂ ਦੇ ਉਦਯੋਗਪਤੀਆਂ, ਨਿਵੇਸ਼ਕਾਂ, ਸਟਾਰਟਅੱਪ ਨੁਮਾਇੰਦਿਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਦਾ ਸਿਖਰ ਸੰਮੇਲਨ ਅਜਿਹੇ ਵਿਸ਼ੇਸ਼ ਹਾਲਾਤਾਂ ਵਿੱਚ ਹੋ ਰਿਹਾ ਹੈ, ਜਦੋਂ ਦੁਨੀਆ ਊਰਜਾ ਦੇ ਝਟਕਿਆਂ ਦਾ ਸਾਹਮਣਾ ਕਰ ਰਹੀ ਹੈ। ਇਹਨਾਂ ਹਾਲਾਤਾਂ ਨੇ ਸਾਡੇ ਰੋਜ਼ਾਨਾ ਜੀਵਨ ਅਤੇ ਰਾਸ਼ਟਰੀ ਵਿਕਾਸ ਵਿੱਚ ਨਵਿਆਉਣਯੋਗ ਊਰਜਾ ਦੀ ਅਥਾਹ ਮਹੱਤਤਾ ਨੂੰ ਉਜਾਗਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਇਸ ਸਾਲ ਦੇ ਆਯੋਜਨ ਦਾ ਦਾਇਰਾ ਬਹੁਤ ਵਿਆਪਕ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਸੌਰ ਗੱਠਜੋੜ ਦੀ ਨੌਵੀਂ ਸਭਾ ਦੇ ਨਾਲ ਹੋ ਰਿਹਾ ਹੈ ਅਤੇ ਇਸ ਵਿੱਚ 'ਗ੍ਰੀਨ ਹਾਈਡ੍ਰੋਜਨ' 'ਤੇ ਚੌਥੇ ਸੰਮੇਲਨ ਦੇ ਨੁਮਾਇੰਦੇ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਆਲਮੀ ਸੰਕਟਾਂ ਨੇ ਇਹ ਦਿਖਾ ਦਿੱਤਾ ਹੈ ਕਿ 'ਊਰਜਾ ਸੁਰੱਖਿਆ' ਅਤੇ 'ਆਰਥਿਕ ਸੁਰੱਖਿਆ' ਵਿਚਕਾਰ ਸਿੱਧਾ ਸਬੰਧ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਅਸੀਂ ਲਗਾਤਾਰ ਜੀਵਾਸ਼ਮ ਬਾਲਣ 'ਤੇ ਬਹੁਤ ਜ਼ਿਆਦਾ ਨਿਰਭਰ ਰਹੇ, ਤਾਂ ਇਸ ਨਾਲ ਵਾਰ-ਵਾਰ ਆਲਮੀ ਅਰਥਵਿਵਸਥਾ ਵਿੱਚ ਰੁਕਾਵਟ ਆਵੇਗੀ; ਕਿਉਂਕਿ ਜੀਵਾਸ਼ਮ ਬਾਲਣ ਦੇ ਭੰਡਾਰ ਸੀਮਤ ਹਨ ਅਤੇ ਉਹ ਕੇਵਲ ਕੁਝ ਹੀ ਖੇਤਰਾਂ ਵਿੱਚ ਕੇਂਦਰਿਤ ਹਨ। ਉਹਨਾਂ ਨੇ ਇਸ ਕਮਜ਼ੋਰੀ ਦੀ ਤੁਲਨਾ ਸਵੱਛ ਊਰਜਾ ਯਾਨੀ ਨਵਿਆਉਣਯੋਗ ਊਰਜਾ ਦੀ ਅਸੀਮਤ ਅਤੇ ਹਰ ਜਗ੍ਹਾ ਉਪਲਬਧ ਸੰਭਾਵਨਾਵਾਂ ਨਾਲ ਕੀਤੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਅਸੀਂ ਸਾਰੇ ਜਾਣਦੇ ਹਾਂ ਕਿ ਊਰਜਾ ਸੁਰੱਖਿਆ ਦਾ ਭਵਿੱਖ 'ਸਵੱਛ ਊਰਜਾ' ਯਾਨੀ ਨਵਿਆਉਣਯੋਗ ਊਰਜਾ ਵਿੱਚ ਹੀ ਸ਼ਾਮਲ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੌਰ ਕ੍ਰਾਂਤੀ ਦੇ ਨਵੇਂ ਦੌਰ ਵਿੱਚ 'ਨਵੀਨਤਾ' ਅਤੇ 'ਅਪਣਾਏ ਜਾਣ' ਦੋਵਾਂ ਦਾ ਸਮਾਨ ਮਹੱਤਵ ਹੈ। ਉਹਨਾਂ ਨੇ ਸਟਾਰਟਅੱਪਸ, ਆਈ.ਆਈ.ਟੀ., ਨਵੀਨਤਾਕਾਰਾਂ ਅਤੇ ਉੱਦਮੀਆਂ ਨੂੰ ਅਜਿਹੇ ਸੌਰ ਮਾਡਲ ਵਿਕਸਿਤ ਕਰਨ ਦੀ ਅਪੀਲ ਕੀਤੀ ਜੋ ਚੌਵੀ ਘੰਟੇ ਅਤੇ ਹਰ ਮੌਸਮ ਵਿੱਚ ਕੰਮ ਕਰ ਸਕਣ। ਇਹ ਮਾਡਲ ਘਰਾਂ ਦੀਆਂ ਜ਼ਿਆਦਾਤਰ ਲੋੜਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣੇ ਚਾਹੀਦੇ ਹਨ—ਜਿਵੇਂ ਕਿ ਦਰਾਮਦ ਕੀਤੀ ਗੈਸ 'ਤੇ ਨਿਰਭਰਤਾ ਘਟਾਉਣ ਲਈ 'ਰੂਫਟੌਪ ਸੋਲਰ ਕੁਕਿੰਗ' ਯਾਨੀ ਛੱਤ 'ਤੇ ਸੌਰ ਊਰਜਾ ਨਾਲ ਖਾਣਾ ਪਕਾਉਣਾ ਅਤੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਅਤੇ ਕਾਰਾਂ ਲਈ 'ਹੋਮ ਸੋਲਰ ਚਾਰਜਿੰਗ'। ਸ਼੍ਰੀ ਮੋਦੀ ਨੇ ਕਿਹਾ, "ਇਸ ਨਾਲ ਦੇਸ਼ ਦੇ ਮੱਧਮ ਵਰਗੀ ਪਰਿਵਾਰਾਂ ਨੂੰ ਹਰ ਸਾਲ ਹਜ਼ਾਰਾਂ ਰੁਪਏ ਦੀ ਬਚਤ ਹੋ ਸਕਦੀ ਹੈ।"

ਨਵੀਂ ਅਤੇ ਨਵਿਆਉਣਯੋਗ ਊਰਜਾ, ਸਿੱਖਿਆ, ਖ਼ਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਦਾ ਜ਼ਿਕਰ ਕੀਤਾ। ਉਹਨਾਂ ਨੇ ਦੇਸ਼ ਦੇ ਊਰਜਾ ਦ੍ਰਿਸ਼ ਨੂੰ ਬਦਲਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਚਾਨਣਾ ਪਾਇਆ।

ਕੇਂਦਰੀ ਮੰਤਰੀ ਨੇ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਭਾਰਤ ਦੇ ਊਰਜਾ ਖੇਤਰ ਨੂੰ ਇੱਕ ਨਵੀਂ ਊਰਜਾ, ਦਿਸ਼ਾ ਅਤੇ ਆਤਮ-ਵਿਸ਼ਵਾਸ ਦਿੱਤਾ ਹੈ।

ਉਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 5,000 ਕਰੋੜ ਰੁਪਏ ਤੋਂ ਵੱਧ ਦੇ ਖ਼ਰਚੇ ਨਾਲ 'ਪ੍ਰਧਾਨ ਮੰਤਰੀ ਸੂਰਯ ਸਰੋਵਰ ਯੋਜਨਾ' ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਤਹਿਤ 5,000 ਮੈਗਾਵਾਟ ਦੀ ਤੈਰਦੀ ਹੋਈ ਸੌਰ ਸਮਰੱਥਾ ਵਿਕਸਿਤ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ 1.86 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 'ਗ੍ਰੀਨ ਊਰਜਾ ਕਾਰੀਡੋਰ ਪੜਾਅ-III' ਨੂੰ ਮਨਜ਼ੂਰੀ ਦਿੱਤੀ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਪਰਖੇ ਅਤੇ ਸਫਲ ਸਾਬਤ ਹੋਏ ਵਿਚਾਰਾਂ ਨੂੰ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਲਾਗੂ ਕੀਤਾ ਗਿਆ, ਜਿਸ ਨਾਲ ਭਾਰਤ ਦੀ ਨਵਿਆਉਣਯੋਗ ਊਰਜਾ ਯਾਤਰਾ ਨੂੰ ਇੱਕ ਨਵੀਂ ਦਿਸ਼ਾ ਅਤੇ ਗਤੀ ਮਿਲੀ। 

ਸ਼੍ਰੀ ਜੋਸ਼ੀ ਨੇ ਭਾਰਤ ਦੀ ਆਰਥਿਕ ਵਾਧੇ ਅਤੇ ਵਧਦੀਆਂ ਊਰਜਾ ਲੋੜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਅੱਜ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈਐੱਮਐੱਫ) ਨੇ ਸਾਲ 2026-27 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਸੋਧ ਕੇ 7 ਪ੍ਰਤੀਸ਼ਤ ਕਰ ਦਿੱਤਾ ਹੈ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਆਰਥਿਕ ਵਿਕਾਸ ਦੇ ਨਾਲ-ਨਾਲ ਊਰਜਾ ਦੀ ਮੰਗ ਵੀ ਵਧ ਰਹੀ ਹੈ, ਜਿਸ ਦੇ ਚਲਦਿਆਂ ਦੇਸ਼ ਦੀਆਂ ਲੋੜਾਂ ਨੂੰ ਟਿਕਾਊ ਤਰੀਕੇ ਨਾਲ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ਦੀ ਲੋੜ ਹੈ।

ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸਤੰਬਰ 2024 ਵਿੱਚ ਭਾਰਤ ਦੀ ਗੈਰ-ਜੀਵਾਸ਼ਮ ਈਂਧਣ ਅਧਾਰਿਤ ਸਥਾਪਿਤ ਸਮਰੱਥਾ 200 ਗੀਗਾਵਾਟ ਤੋਂ ਵੱਧ ਹੋ ਗਈ ਸੀ। ਉਹਨਾਂ ਦੱਸਿਆ ਕਿ ਹੁਣ ਇਹ ਸਮਰੱਥਾ 310 ਗੀਗਾਵਾਟ ਤੱਕ ਪਹੁੰਚ ਗਈ ਹੈ, ਜਿਸ ਦਾ ਮਤਲਬ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਇਸ ਵਿੱਚ 110 ਗੀਗਾਵਾਟ ਤੋਂ ਵੱਧ ਦਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ, 'ਪੀਐੱਮ ਸੂਰਿਆ ਘਰ' ਯੋਜਨਾ ਦੇ ਤਹਿਤ 65 ਲੱਖ ਤੋਂ ਵੱਧ ਸਥਾਪਨਾਵਾਂ ਹੋ ਚੁੱਕੀਆਂ ਹਨ ਅਤੇ ਹਰ ਛੇ ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਨਵੀਂਆਂ ਸਥਾਪਨਾਵਾਂ ਹੋ ਰਹੀਆਂ ਹਨ।

ਨਵਿਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ 'ਤੇ ਚਾਨਣਾ ਪਾਉਂਦਿਆਂ ਸ਼੍ਰੀ ਜੋਸ਼ੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਕੁੱਲ ਨਿਵੇਸ਼ 67 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋ ਗਿਆ ਹੈ, ਜੋ ਕਿ ਕਿਸੇ ਵੀ ਖੇਤਰ ਵਿੱਚ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਇਸ ਖੇਤਰ ਵਿੱਚ 6.2 ਬਿਲੀਅਨ ਅਮਰੀਕੀ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਆਇਆ ਹੈ। ਉਹਨਾਂ ਕਿਹਾ ਕਿ ਇਹ ਇਸ ਖੇਤਰ ਵਿੱਚ ਨਿਵੇਸ਼ਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ।

ਪਿਛਲੇ 12 ਸਾਲਾਂ ਵਿੱਚ ਨਵਿਆਉਣਯੋਗ ਊਰਜਾ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਦਾ ਜ਼ਿਕਰ ਕਰਦਿਆਂ, ਮਾਣਯੋਗ ਮੰਤਰੀ ਨੇ ਦੱਸਿਆ ਕਿ ਦੇਸ਼ ਦੀ ਗੈਰ-ਜੀਵਾਸ਼ਮ ਬਾਲਣ ਅਧਾਰਿਤ ਸਥਾਪਿਤ ਸਮਰੱਥਾ 80.3 ਗੀਗਾਵਾਟ ਤੋਂ ਵਧ ਕੇ 310 ਗੀਗਾਵਾਟ ਤੋਂ ਵੱਧ ਹੋ ਗਈ ਹੈ, ਜੋ 280 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੀ ਹੈ। ਸੌਰ ਊਰਜਾ ਸਮਰੱਥਾ 2.8 ਗੀਗਾਵਾਟ ਤੋਂ ਵਧ ਕੇ 171 ਗੀਗਾਵਾਟ ਹੋ ਗਈ ਹੈ, ਜੋ 5,800 ਪ੍ਰਤੀਸ਼ਤ ਦਾ ਵਾਧਾ ਹੈ, ਜਦਕਿ ਪਵਨ ਊਰਜਾ ਸਮਰੱਥਾ 21 ਗੀਗਾਵਾਟ ਤੋਂ ਵਧ ਕੇ 60 ਗੀਗਾਵਾਟ ਹੋ ਗਈ ਹੈ, ਜੋ 176 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੀ ਹੈ।

ਉਹਨਾਂ ਨੇ ਅੱਗੇ ਦੱਸਿਆ ਕਿ ਭਾਰਤ ਦੀ ਸੌਰ ਮੋਡੀਊਲ ਨਿਰਮਾਣ ਸਮਰੱਥਾ 2 ਗੀਗਾਵਾਟ ਤੋਂ ਵਧ ਕੇ 225 ਗੀਗਾਵਾਟ ਹੋ ਗਈ ਹੈ, ਜੋ 11,150 ਪ੍ਰਤੀਸ਼ਤ ਦਾ ਵਾਧਾ ਹੈ, ਜਦਕਿ ਸੌਰ ਸੈੱਲ ਨਿਰਮਾਣ ਸਮਰੱਥਾ ਸਿਫ਼ਰ ਤੋਂ ਵਧ ਕੇ 45 ਗੀਗਾਵਾਟ ਹੋ ਗਈ ਹੈ। ਪਵਨ ਟਰਬਾਈਨ ਨਿਰਮਾਣ ਸਮਰੱਥਾ ਵੀ 10 ਗੀਗਾਵਾਟ ਤੋਂ ਵਧ ਕੇ 24 ਗੀਗਾਵਾਟ ਹੋ ਗਈ ਹੈ।

ਨਵਿਆਉਣਯੋਗ ਊਰਜਾ ਦੀ ਲਾਗਤ ਵਿੱਚ ਆਈ ਕਮੀ ਦਾ ਜ਼ਿਕਰ ਕਰਦਿਆਂ ਸ਼੍ਰੀ ਜੋਸ਼ੀ ਨੇ ਦੱਸਿਆ ਕਿ ਸੌਰ ਊਰਜਾ ਦੀਆਂ ਦਰਾਂ 2011-12 ਵਿੱਚ 10-11 ਰੁਪਏ ਪ੍ਰਤੀ ਯੂਨਿਟ ਤੋਂ ਘੱਟ ਕੇ 2024-25 ਵਿੱਚ 2.15 ਰੁਪਏ ਪ੍ਰਤੀ ਯੂਨਿਟ ਰਹਿ ਗਈਆਂ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਗ੍ਰੀਨ ਹਾਈਡ੍ਰੋਜਨ 279 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ 'ਤੇ ਉਪਲਬਧ ਹੈ, ਜੋ ਦੁਨੀਆ ਵਿੱਚ ਸਭ ਤੋਂ ਘੱਟ ਕੀਮਤ ਹੈ; ਉੱਥੇ ਹੀ ਹਰਿਤ ਅਮੋਨੀਆ ਦੀ ਕੀਮਤ 49.75 ਰੁਪਏ ਪ੍ਰਤੀ ਕਿੱਲੋਗਰਾਮ ਤੱਕ ਆ ਗਈ ਹੈ, ਜੋ ਇਹ ਵੀ ਦੁਨੀਆ ਵਿੱਚ ਸਭ ਤੋਂ ਘੱਟ ਹੈ। ਗਲੋਬਲ ਗ੍ਰੀਨ ਹਾਈਡ੍ਰੋਜਨ ਖੇਤਰ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਸ਼੍ਰੀ ਜੋਸ਼ੀ ਨੇ ਕਿਹਾ ਕਿ ਗ੍ਰੀਨ ਹਾਈਡ੍ਰੋਜਨ ਦੀ ਖ਼ਰੀਦ ਵਚਨਬੱਧਤਾਵਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਸਥਾਨ 'ਤੇ ਹੈ।

ਭਾਰਤ ਦੀਆਂ ਪ੍ਰਾਪਤੀਆਂ ਦੇ ਪੈਮਾਨੇ ਅਤੇ ਗਤੀ 'ਤੇ ਜ਼ੋਰ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ, "ਇਹੀ ਪੈਮਾਨਾ ਹੈ। ਇਹੀ ਗਤੀ ਹੈ। ਇਹੀ ਆਤਮਨਿਰਭਰਤਾ ਹੈ ਅਤੇ ਇਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਊਰਜਾ ਹੈ।"

ਸ਼੍ਰੀ ਜੋਸ਼ੀ ਨੇ ਕਿਹਾ ਕਿ 'ਭਾਰਤ ਨਵਿਆਉਣਯੋਗ ਊਰਜਾ ਸਿਖਰ ਸੰਮੇਲਨ ਅਤੇ ਪ੍ਰਦਰਸ਼ਨੀ 2026' ਇਸ ਨਿਵੇਸ਼ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ। ਉਹਨਾਂ ਨੇ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਭਾਰਤ ਦੀ ਨਵਿਆਉਣਯੋਗ ਊਰਜਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਿਆਂ ਕਿਹਾ, "ਭਾਰਤ ਵਿੱਚ ਨਿਵੇਸ਼ ਕਰੋ। ਭਾਰਤ ਵਿੱਚ ਨਵੀਨਤਾ ਕਰੋ। ਭਾਰਤ ਦੇ ਨਾਲ ਅੱਗੇ ਵਧੋ।"

***********

ਐੱਨਐੱਸ/ਐੱਲਐੱਲ


(Release ID: 2332062) ਵਿਜ਼ੀਟਰ ਕਾਊਂਟਰ : 7