ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਮੇਰਾ ਭਾਰਤ- ਐੱਨ.ਐੱਸ.ਐੱਸ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਛੇਵੇਂ ਹਫ਼ਤੇ ਵਿੱਚ ਦੇਸ਼ ਭਰ ਦੇ ਪਿੰਡਾਂ ਵਿੱਚ ‘ਗ੍ਰਾਮ ਸੇਵਾ ਅਤੇ ਰਵਾਇਤੀ ਖੇਡ ਦਿਵਸ’ ਮਨਾ ਰਿਹਾ ਹੈ

Posted On: 24 OCT 2026 4:54PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ‘ਮਾਈ ਭਾਰਤ’  ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਨੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ 100 ਸਪਤਾਹ ਸੰਕਲਪ ਅਭਿਆਨ’ ਦੇ ਛੇਵੇਂ ਹਫ਼ਤੇ ਦੇ ਹਿੱਸੇ ਵਜੋਂ ‘ਗ੍ਰਾਮ ਸੇਵਾ ਅਤੇ ਰਵਾਇਤੀ ਖੇਡ ਦਿਵਸ’ ਦਾ ਆਯੋਜਨ ਕੀਤਾ। ਇਸ ਨਾਲ ਮੁਹਿੰਮ ਨੂੰ ਵਿੱਦਿਅਕ ਸੰਸਥਾਵਾਂ ਤੋਂ ਅੱਗੇ ਵਧਾ ਕੇ ਪੇਂਡੂ ਭਾਈਚਾਰਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਐੱਨ.ਐੱਸ.ਐੱਸ.ਡਾਇਰੈਕਟੋਰੇਟ ਅਤੇ 15 ਐੱਨ.ਐੱਸ.ਐੱਸ. ਖੇਤਰੀ ਡਾਇਰੈਕਟੋਰੇਟਾਂ ਵੱਲੋਂ ਲਾਗੂ ਕੀਤੀ ਗਈ, ਇਸ ਪਹਿਲਕਦਮੀ ਨੂੰ 160 ਤੋਂ ਵੱਧ ਸੰਸਥਾਵਾਂ ਅਤੇ ਉਨ੍ਹਾਂ ਵੱਲੋਂ ਗੋਦ ਲਏ ਪਿੰਡਾਂ ਵਿੱਚ ਚਲਾਇਆ ਗਿਆ। ਇਸ ਵਿੱਚ ਨੌਜਵਾਨਾਂ, ਗ੍ਰਾਮ ਪੰਚਾਇਤ ਮੈਂਬਰਾਂ, ਪਿੰਡ ਦੇ ਬਜ਼ੁਰਗਾਂ ਅਤੇ ਸਥਾਨਕ ਨਿਵਾਸੀਆਂ ਸਮੇਤ 80,000 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਦਾ ਆਯੋਜਨ ਦੂਜੇ ਮਹੀਨੇ ਦੇ ਵਿਸ਼ੇ, ‘ਨਸ਼ਾ-ਮੁਕਤ ਯੁਵਾ’ ਦੇ ਤਹਿਤ ਕੀਤਾ ਗਿਆ, ਜਿਸ ਵਿੱਚ ਨਸ਼ਾ-ਮੁਕਤ ਸਮਾਜ ਨੂੰ ਉਤਸ਼ਾਹਿਤ ਕਰਨ ਵਿੱਚ ਸਰੀਰਕ ਤੰਦਰੁਸਤੀ, ਭਾਈਚਾਰਕ ਭਾਗੀਦਾਰੀ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਦੱਸਿਆ ਗਿਆ ।

ਐੱਨ.ਐੱਸ.ਐੱਸ. ਯੂਨਿਟਾਂ ਨੇ ਰਵਾਇਤੀ ਖੇਡ ਗਤੀਵਿਧੀਆਂ ਦੇ ਤਹਿਤ ਕਬੱਡੀ, ਖੋ-ਖੋ, ਰੱਸਾਕਸ਼ੀ  ਅਤੇ ਕੁਸ਼ਤੀ ਵਰਗੇ ਸਥਾਨਕ ਟੂਰਨਾਮੈਂਟ ਆਯੋਜਿਤ ਕੀਤੇ। ਇਨ੍ਹਾਂ ਗਤੀਵਿਧੀਆਂ ਵਿੱਚ 21,500 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ, ਜਿਸ ਨਾਲ ਪੇਂਡੂ ਨੌਜਵਾਨਾਂ ਵਿੱਚ ਸਿਹਤਮੰਦ ਮਨੋਰੰਜਨ, ਟੀਮ ਵਰਕ ਅਤੇ ਸਕਾਰਾਤਮਿਕ ਭਾਗੀਦਾਰੀ ਨੂੰ ਹੁਲਾਰਾ ਮਿਲਿਆ।

ਗ੍ਰਾਮ ਸੇਵਾ ਪ੍ਰੋਗਰਾਮ ਦੇ ਤਹਿਤ ਐੱਨ.ਐੱਸ.ਐੱਸ.  ਵਲੰਟੀਅਰਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਇੱਕਜੁੱਟ ਕਰਕੇ ਭਾਈਚਾਰਕ ਸੇਵਾ ਗਤੀਵਿਧੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ ਪਿੰਡ ਦੀਆਂ ਗਲੀਆਂ ਦੀ ਸਫ਼ਾਈ, ਜਨਤਕ ਖੂਹਾਂ ਅਤੇ ਹੈਂਡਪੰਪਾਂ ਦੇ ਆਲ਼ੇ-ਦੁਆਲੇ ਸਫ਼ਾਈ ਅਤੇ ਬੂਟੇ ਲਗਾਉਣ ਦੀ ਮੁਹਿੰਮ ਸ਼ਾਮਲ ਸੀ। ਇਨ੍ਹਾਂ ਗਤੀਵਿਧੀਆਂ ਵਿੱਚ 19,800 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ, ਜੋ ਪੇਂਡੂ ਵਿਕਾਸ ਲਈ ਸਾਂਝੇ ਯਤਨਾਂ ਰਾਹੀਂ ਐੱਨ.ਐੱਸ.ਐੱਸ. ਦੇ ਆਦਰਸ਼ ਵਾਕ, 'ਮੈਂ ਨਹੀਂ, ਤੂੰ ਨੂੰ ਦਰਸਾਉਂਦਾ ਹੈ।

ਇਸ ਤੋਂ ਇਲਾਵਾ, ਸਿਹਤਮੰਦ ਜੀਵਨ ਸ਼ੈਲੀ ’ਤੇ ਭਾਈਚਾਰਕ ਜਾਗਰੂਕਤਾ ਪ੍ਰੋਗਰਾਮਾਂ, ਨੌਜਵਾਨਾਂ ਦੀ ਅਗਵਾਈ ਹੇਠ ਕਰਵਾਏ ਗਏ ਸੰਵਾਦਾਂ  ਅਤੇ ਨਸ਼ਾ ਮੁਕਤ ਅਭਿਆਨ ਵਿੱਚ 18,600 ਤੋਂ ਵੱਧ ਲੋਕ ਸ਼ਾਮਲ ਹੋਏ। ਇਸ ਪਹਿਲਕਦਮੀ ਵਿੱਚ ਖੇਡਾਂ ਅਤੇ ਭਾਈਚਾਰਕ ਸੇਵਾ ਗਤੀਵਿਧੀਆਂ ਵਿੱਚ 29,500 ਤੋਂ ਵੱਧ ਮਹਿਲਾਵਾਂ ਦੀ ਭਾਗੀਦਾਰੀ ਵੀ ਦਰਜ ਕੀਤੀ ਗਈ, ਜੋ ਲਿੰਗ ਸਮਾਵੇਸ਼ ’ਤੇ ਮਜ਼ਬੂਤ ਜ਼ੋਰ ਨੂੰ ਦਰਸਾਉਂਦੀ ਹੈ।

ਮੁਹਿੰਮ ਦੀ ਪਹੁੰਚ ਵਧਾਉਣ ਲਈ, ਨੌਜਵਾਨ ਭਾਗੀਦਾਰਾਂ ਨੇ #NashaMuktYuva ਹੈਸ਼ਟੈਗ ਦੀ ਵਰਤੋਂ ਕਰਦੇ ਹੋਏ 4,000 ਤੋਂ ਵੱਧ ਸੋਸ਼ਲ ਮੀਡੀਆ ਪੋਸਟਾਂ ਬਣਾਈਆਂ, ਜਿਸ ਨਾਲ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਬਾਰੇ ਜਾਗਰੂਕਤਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੀ।

ਰਵਾਇਤੀ ਖੇਡਾਂ, ਭਾਈਚਾਰਕ ਸੇਵਾ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਜੋੜ ਕੇ, ਮੁਹਿੰਮ ਦੇ ਛੇਵੇਂ ਹਫ਼ਤੇ ਨੇ ਵਿੱਦਿਅਕ ਸੰਸਥਾਵਾਂ ਅਤੇ ਪੇਂਡੂ ਭਾਈਚਾਰਿਆਂ ਵਿਚਕਾਰ ਸਬੰਧ ਨੂੰ ਮਜ਼ਬੂਤ ​​ਕੀਤਾ। ਇਸ ਪਹਿਲਕਦਮੀ ਨੇ ਸਿਹਤਮੰਦ ਜੀਵਨ ਸ਼ੈਲੀ, ਸਕਾਰਾਤਮਿਕ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਨਸ਼ਾ-ਮੁਕਤ, ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਸਮੂਹਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਮੁੜ ਸਥਾਪਿਤ ਕੀਤਾ।

*****

ਪਵਨ ਸਿੰਘ ਫੌਜਦਾਰ


(Release ID: 2331929) ਵਿਜ਼ੀਟਰ ਕਾਊਂਟਰ : 24