ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਵਿਕਸਿਤ ਭਾਰਤ @2047 ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਪ-ਰਾਸ਼ਟਰਪਤੀ ਨੇ ਸਮੁੱਚੇ ਪੇਂਡੂ ਵਿਕਾਸ ’ਤੇ ਜ਼ੋਰ ਦਿੱਤਾ; ਗਾਂਧੀਗ੍ਰਾਮ ਗ੍ਰਾਮੀਣ ਸੰਸਥਾਨ ਦੇ ਗੋਲਡਨ ਜੁਬਲੀ ਸਮਾਗਮ ਅਤੇ 39ਵੇਂ ਡਿਗਰੀ ਵੰਡ ਸਮਾਗਮ ਵਿੱਚ ਹੋਏ ਸ਼ਾਮਲ


“ਵਿਕਸਿਤ ਭਾਰਤ @2047 ਦੀ ਯਾਤਰਾ ਸਸ਼ਕਤ ਪਿੰਡਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ”: ਉਪ-ਰਾਸ਼ਟਰਪਤੀ

ਵਿਕਸਤ ਭਾਰਤ ਦੇ ਨਿਰਮਾਣ ਵਿੱਚ ਗਾਂਧੀਵਾਦੀ ਆਤਮ-ਨਿਰਭਰਤਾ ਅਤੇ ਸਮਾਜ ਸੇਵਾ ਦੇ ਆਦਰਸ਼ ਅੱਜ ਵੀ ਪ੍ਰਸੰਗਿਕ ਹਨ: ਉਪ-ਰਾਸ਼ਟਰਪਤੀ

Posted On: 30 OCT 2026 3:02PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਅੱਜ ਤਾਮਿਲਨਾਡੂ ਦੇ ਡਿੰਡੀਗੁਲ ਵਿਖੇ ਸਥਿਤ ਗਾਂਧੀਗ੍ਰਾਮ ਗ੍ਰਾਮੀਣ ਸੰਸਥਾਨ (ਡੀਮਡ ਯੂਨੀਵਰਸਿਟੀ) ਦੇ ਗੋਲਡਨ ਜੁਬਲੀ ਸਮਾਗਮ ਅਤੇ 39ਵੇਂ ਡਿਗਰੀ ਵੰਡ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਸੋਨ ਤਗਮੇ ਪ੍ਰਦਾਨ ਕੀਤੇ ਅਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਉਪ-ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਕਸਿਤ ਭਾਰਤ@2047 ਦੇ ਸੰਕਲਪ ਨੂੰ ਸਿਰਫ਼ ਪਿੰਡਾਂ ਦੇ ਸਮੁੱਚੇ ਵਿਕਾਸ ਰਾਹੀਂ ਹੀ ਸਾਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਸਲ ਤਾਕਤ ਉਸ ਦੇ ਪਿੰਡਾਂ ਵਿੱਚ ਮੌਜੂਦ ਹੈ ਅਤੇ ਪੇਂਡੂ ਵਿਕਾਸ ਨੂੰ ਰਾਸ਼ਟਰੀ ਵਿਕਾਸ ਦਾ ਮੂਲ ਆਧਾਰ ਬਣਾਏ ਰੱਖਣਾ ਜ਼ਰੂਰੀ ਹੈ।

ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਰੇਕ ਪਿੰਡ ਨੂੰ ਸ਼ਹਿਰ ਵਿੱਚ ਬਦਲਣਾ ਵਿਕਾਸ ਦਾ ਮਕਸਦ ਨਹੀਂ ਹੋਣਾ ਚਾਹੀਦਾ, ਸਗੋਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੇਂਡੂ ਨਾਗਰਿਕਾਂ ਨੂੰ ਵੀ ਸ਼ਹਿਰੀ ਖੇਤਰਾਂ ਦੇ ਬਰਾਬਰ ਉੱਚ ਗੁਣਵੱਤਾ ਵਾਲਾ ਬੁਨਿਆਦੀ ਢਾਂਚਾ , ਜ਼ਰੂਰੀ ਜਨਤਕ ਸੇਵਾਵਾਂ, ਰੋਜ਼ਗਾਰ ਦੇ ਮੌਕੇ ਅਤੇ ਸਨਮਾਨਜਨਕ ਜੀਵਨ ਪੱਧਰ ਦੀਆਂ ਸਹੂਲਤਾਂ ਮੁਹੱਈਆ ਹੋਣ ।

ਮਹਾਤਮਾ ਗਾਂਧੀ ਦੀ ਵਿਰਾਸਤ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀਗ੍ਰਾਮ ਦਾ ਇਤਿਹਾਸ ਗਾਂਧੀਵਾਦੀ ਫ਼ਲਸਫ਼ੇ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਯਾਦ ਕਰਵਾਇਆ ਕਿ ਡਾ. ਜੀ. ਰਾਮਚੰਦਰਨ ਅਤੇ ਡਾ. ਟੀ. ਐੱਸ. ਸੌਂਦਰਮ ਰਾਮਚੰਦਰਨ ਨੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਪੇਂਡੂ ਸਿੱਖਿਆ, ਵਿਕਾਸ ਅਤੇ ਸਮਾਜਿਕ ਬਦਲਾਅ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਸ ਸੰਸਥਾਨ ਦੀ ਸਥਾਪਨਾ ਕੀਤੀ ਸੀ।

ਸੱਚ ਅਤੇ ਅਹਿੰਸਾ ਦੀ ਸਥਾਈ ਸ਼ਕਤੀ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਇਨ੍ਹਾਂ ਹੀ ਸਿਧਾਂਤਾਂ ਦੇ ਜ਼ੋਰ ’ਤੇ ਬ੍ਰਿਟਿਸ਼ ਸਾਮਰਾਜ ਦੀ ਤਾਕਤ ਨੂੰ ਚੁਣੌਤੀ ਦਿੱਤੀ ਅਤੇ ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਗਾਂਧੀਵਾਦੀ ਮੁੱਲ ਅੱਜ ਵੀ ਸਮਾਜ ਅਤੇ ਰਾਸ਼ਟਰ ਦਾ ਰਾਹ-ਦਸੇਰਾ ਬਣਦੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ 12 ਸਾਲਾਂ ਦੌਰਾਨ ਭਾਰਤ ਦੀ ਵਿਕਾਸ ਯਾਤਰਾ ਦਾ ਜ਼ਿਕਰ ਕਰਦਿਆਂ ,  ਉਪ ਰਾਸ਼ਟਰਪਤੀ ਨੇ ਪੇਂਡੂ ਰਿਹਾਇਸ਼, ਪੀਣ ਵਾਲੇ ਪਾਣੀ, ਬਿਜਲੀ, ਸੜਕਾਂ, ਸਫ਼ਾਈ, ਖੇਤੀਬਾੜੀ ਅਤੇ ਡਿਜੀਟਲ ਕਨੈਕਟੀਵਿਟੀ ਦੇ ਖੇਤਰਾਂ ਵਿੱਚ ਹੋਈ ਸ਼ਾਨਦਾਰ ਪ੍ਰਗਤੀ ਦਾ ਜ਼ਿਕਰ ਕੀਤਾ।

ਸੰਪਰਕ ਸਹੂਲਤਾਂ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ, ਸਿਹਤ ਸੇਵਾਵਾਂ, ਮੰਡੀਆਂ  ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਪੇਂਡੂ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਪਿੰਡਾਂ ਨੂੰ ਬਿਹਤਰ ਸੜਕ ਅਤੇ ਆਵਾਜਾਈ ਦੇ ਬੁਨਿਆਦੀ ਢਾਂਚੇ ਰਾਹੀਂ ਕਸਬਿਆਂ ਅਤੇ ਸ਼ਹਿਰਾਂ ਨਾਲ ਜੋੜਨਾ ਜ਼ਰੂਰੀ ਹੈ।

ਉਨ੍ਹਾਂ ਨੇ ਸਫ਼ਾਈ ਪ੍ਰਤੀ ਜਨਤਕ ਜਾਗਰੂਕਤਾ ਵਧਾਉਣ ਵਿੱਚ ਸਵੱਛ ਭਾਰਤ ਮਿਸ਼ਨ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ। ਜਨਤਕ ਥਾਵਾਂ ਦੀ ਸਫ਼ਾਈ ਵਿੱਚ ਆਏ ਸੁਧਾਰਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰੇਕ ਨਾਗਰਿਕ ਦੀ ਸਮੂਹਿਕ ਜ਼ਿੰਮੇਵਾਰੀ ਹੈ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਦੇਸ਼ ਦੀ ਖੁਰਾਕੀ ਸੁਰੱਖਿਆ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ ਅਤੇ ਇਸ ਲਈ ਕਿਸਾਨੀ ਭਾਈਚਾਰੇ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ‘ਪੀ.ਐੱਮ.-ਕਿਸਾਨ’  ਯੋਜਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਦੇ ਤਹਿਤ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਆਟੋਮੇਸ਼ਨ ਅਤੇ ਡਿਜੀਟਲ ਤਕਨਾਲੋਜੀਆਂ ਤੇਜ਼ੀ ਨਾਲ ਦੁਨੀਆ ਨੂੰ ਬਦਲ ਰਹੀਆਂ ਹਨ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਤਬਦੀਲੀ ਲਿਆ ਰਹੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਭਰਦੀਆਂ ਤਕਨਾਲੋਜੀਆਂ ਵਿੱਚ ਹੁਨਰ ਹਾਸਲ ਕਰਨ ਦੇ ਨਾਲ-ਨਾਲ ਰਚਨਾਤਮਕਤਾ, ਸਮੱਸਿਆ ਹੱਲ ਕਰਨ ਦੀ ਸਮਰੱਥਾ ਅਤੇ ਉੱਦਮੀ ਦ੍ਰਿਸ਼ਟੀਕੋਣ ਵਿਕਸਤ ਕਰਨ ਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਮਹਾਤਮਾ ਗਾਂਧੀ ਦੇ ਸਵਦੇਸ਼ੀ ਫ਼ਲਸਫ਼ੇ ਦੀ ਮੌਜੂਦਾ ਪ੍ਰਾਸੰਗਿਕਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਘਰੇਲੂ ਉਤਪਾਦਨ , ਸਵਦੇਸ਼ੀ ਤਕਨਾਲੋਜੀਆਂ, ਸਥਾਨਕ ਉਦਯੋਗਾਂ ਅਤੇ ਨੌਜਵਾਨ ਭਾਰਤੀਆਂ ਦੀਆਂ ਨਵੀਨਤਾਵਾਂ  ਨੂੰ ਉਤਸ਼ਾਹਿਤ ਕਰਨਾ ਸਵਦੇਸ਼ੀ ਦਾ ਆਧੁਨਿਕ ਰੂਪ ਹੈ।

ਉਨ੍ਹਾਂ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਸਿੱਖਿਆ ਅਤੇ ਹੁਨਰ  ਦੀ ਵਰਤੋਂ ਕੇਵਲ ਨਿੱਜੀ ਤਰੱਕੀ ਲਈ ਹੀ ਨਹੀਂ, ਸਗੋਂ ਸਮਾਜ ਦੀ ਭਲਾਈ ਲਈ ਵੀ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਦਗੀ, ਆਤਮ-ਨਿਰਭਰਤਾ, ਸਮਾਜਿਕ ਜ਼ਿੰਮੇਵਾਰੀ ਅਤੇ ਸੇਵਾ ਦੇ ਗਾਂਧੀਵਾਦੀ ਮੁੱਲਾਂ ਨੂੰ ਆਪਣੇ ਜੀਵਨ ਦਾ ਰਾਹ-ਦਸੇਰਾ ਸਿਧਾਂਤ ਬਣਾਉਣ ਦੀ ਅਪੀਲ ਕੀਤੀ।

ਉਪ-ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਦੂਰ ਰਹਿਣ ਅਤੇ ਆਪਣੇ ਦੋਸਤਾਂ, ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਜਾਗਰੂਕਤਾ ਫੈਲਾ ਕੇ ‘ਨਸ਼ਾ ਮੁਕਤ ਸਮਾਜ’ ਦੇ ਰਾਜਦੂਤ ਬਣਨ ਦਾ ਵੀ ਸੱਦਾ ਦਿੱਤਾ।

ਡੀਮਡ ਯੂਨੀਵਰਸਿਟੀ ਦੇ ਰੂਪ ਵਿੱਚ ਆਪਣੀ ਸਥਾਪਨਾ ਦੇ 50 ਸਾਲ ਪੂਰੇ ਕਰਨ ’ਤੇ ਗਾਂਧੀਗ੍ਰਾਮ ਗ੍ਰਾਮੀਣ ਸੰਸਥਾ ਨੂੰ ਵਧਾਈ ਦਿੰਦਿਆਂ ਉਪ-ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਸੰਸਥਾ ਸਥਿਰ ਪੇਂਡੂ ਵਿਕਾਸ, ਸਮਾਵੇਸ਼ੀ ਵਿਕਾਸ ਅਤੇ ਨਵੀਨਤਾ ’ਤੇ ਆਧਾਰਿਤ ਖੋਜ ਦੇ ਇੱਕ ਮੋਹਰੀ ਕੇਂਦਰ ਵਜੋਂ ਨਿਰੰਤਰ ਅੱਗੇ ਵਧਦੀ ਰਹੇਗੀ।

ਇਸ ਮੌਕੇ ’ਤੇ ਉਪ-ਰਾਸ਼ਟਰਪਤੀ ਨੇ ਆਪਣੇ-ਆਪਣੇ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਲਈ ਤਿੰਨ ਉੱਘੀਆਂ ਸ਼ਖ਼ਸੀਅਤਾਂ ਨੂੰ ਆਨਰੇਰੀ ਡਾਕਟਰੇਟ (ਡਾਕਟਰ ਆਫ਼ ਲੈਟਰਜ਼/ਆਨੋਰਿਸ ਕਾਸਾ) ਦੀ ਡਿਗਰੀ ਪ੍ਰਦਾਨ ਕੀਤੀ। ਇਨ੍ਹਾਂ ਵਿੱਚ ਪ੍ਰਸਿੱਧ ਅਧਿਆਤਮਿਕ ਗੁਰੂ ਅਤੇ ਤਾਮਿਲ ਵਿਦਵਾਨ ਤਪੱਸਵੀ ਕੁੰਦਰਾਕੁੜੀ ਪੋਨੰਬਲਾ ਆਦਿਗਲਾਰ, ਇਸਰੋ ਦੇ ਸਾਬਕਾ ਸੀਨੀਅਰ ਏਰੋਸਪੇਸ ਵਿਗਿਆਨੀ ਸ਼੍ਰੀ ਐੱਸ. ਨੰਬੀ ਨਾਰਾਇਣਨ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਪ੍ਰੋਫ਼ੈਸਰ ਐੱਸ. ਐੱਸ. ਐੱਮ. ਸੁੰਦਰਮ ਸ਼ਾਮਲ ਹਨ।

ਸੰਸਥਾ ਦੀਆਂ ਵਿੱਦਿਅਕ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਉਪ ਰਾਸ਼ਟਰਪਤੀ ਨੇ ਦੋ ਨਵੇਂ ਬਣੇ ਭਵਨਾਂ - ਪ੍ਰੀਖਿਆ ਅਤੇ ਸੈਮੀਨਾਰ ਭਵਨ ਅਤੇ ਪੁਸ਼ਪਕੁੰਜ ਵਿਰਾਸਤ ਭਵਨ - ਦਾ ਉਦਘਾਟਨ ਕੀਤਾ।

ਉਨ੍ਹਾਂ ਨੇ ਡਿਜੀਟਲ ਮਾਧਿਅਮ ਰਾਹੀਂ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ 22 ਕੇ.ਵੀ. ਬਿਜਲੀ ਸਬਸਟੇਸ਼ਨ ਅਤੇ ਕੰਟਰੋਲ ਰੂਮ, ਸਿੱਖਿਆ ਫੈਕਲਟੀ ਲਈ ਅਕਾਦਮਿਕ ਭਵਨ, ਅਤੇ 30 ਕਲਾਸਰੂਮਾਂ ਵਾਲਾ ਇੱਕ ਅਕਾਦਮਿਕ ਭਵਨ ਕੰਪਲੈਕਸ ਸ਼ਾਮਲ ਹਨ।

ਉਪ ਰਾਸ਼ਟਰਪਤੀ ਨੇ ਇਸ ਮੌਕੇ ’ਤੇ ‘ਇਨਕਲੂਸਿਵਿਟੀ ਆਫ਼ ਇੰਡੀਆਜ਼ ਏਜਿੰਗ ਪਾਪੂਲੇਸ਼ਨ' ਨਾਮਕ ਕਿਤਾਬ ਜਾਰੀ ਕੀਤੀ। ਉਨ੍ਹਾਂ ਨੇ ਸੰਸਥਾ ਦੀ ਗੋਲਡਨ ਜੁਬਲੀ ਦੇ ਮੌਕੇ ਤੇ ਜਾਰੀ ਯਾਦਗਾਰੀ ਡਾਕ ਟਿਕਟ ਅਤੇ ਡਾਕ ਲਿਫ਼ਾਫ਼ੇ  ਦਾ ਵੀ ਉਦਘਾਟਨ ਕੀਤਾ। ਇਹ ਸੰਸਥਾ ਦੀ ਯਾਤਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ।

ਇਸ ਮੌਕੇ ’ਤੇ ਤਾਮਿਲਨਾਡੂ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਸੰਸਥਾ ਦੇ ਚਾਂਸਲਰ, ਡਾ. ਕੇ. ਐਮ. ਅੰਨਾਮਲਾਈ, ਵਾਈਸ-ਚਾਂਸਲਰ ਡਾ. ਐਨ. ਪੰਚਨਾਥਮ, ਰਜਿਸਟਰਾਰ ਡਾ. ਕੇ. ਮਾਰੀਮੁਥੂ, ਫੈਕਲਟੀ ਮੈਂਬਰ, ਖੋਜਕਰਤਾ, ਵਿਦਿਆਰਥੀ, ਮਾਪੇ ਅਤੇ ਹੋਰ ਉੱਘੇ ਪਤਵੰਤੇ ਮੌਜੂਦ ਸਨ।

***************

ਪੀਆਰ/ਏਐਸਐਮ/ਵੀਐਮ


(Release ID: 2331657) ਵਿਜ਼ੀਟਰ ਕਾਊਂਟਰ : 14