Posted On:
31 OCT 2026 6:07PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਵਿੱਚ ਉਪ-ਰਾਸ਼ਟਰਪਤੀ ਭਵਨ ਵਿਖੇ ਆਯੋਜਿਤ 'ਸਰਦਾਰ ਕਥਾ' ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਹ ਪ੍ਰੋਗਰਾਮ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਨਮ ਵਰ੍ਹੇਗੰਢ ਅਤੇ 'ਰਾਸ਼ਟਰੀ ਏਕਤਾ ਦਿਵਸ' ਦੇ ਮੌਕੇ 'ਤੇ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ਵਿੱਚ ਪ੍ਰਸਿੱਧ ਕਥਾ ਵਾਚਕ ਡਾ. ਸ਼ੋਭਨਾ ਰਾਧਾਕ੍ਰਿਸ਼ਨਨ ਨੇ ਸਰਦਾਰ ਪਟੇਲ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਰਾਸ਼ਟਰ ਲਈ ਉਨ੍ਹਾਂ ਦੇ ਬੇਮਿਸਾਲ ਯੋਗਦਾਨ 'ਤੇ ਇੱਕ ਪ੍ਰੇਰਨਾਦਾਇਕ ਕਥਾ ਪੇਸ਼ ਕੀਤੀ।
ਉਪ-ਰਾਸ਼ਟਰਪਤੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ 'ਰਾਸ਼ਟਰੀ ਏਕਤਾ ਦਿਵਸ' ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦੀ ਕਹਾਣੀ ਸਿਰਫ਼ ਭਾਰਤ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਦੀ ਕਹਾਣੀ ਨਹੀਂ ਹੈ, ਸਗੋਂ ਇਹ ਭਾਰਤ ਦੀ ਏਕਤਾ, ਹਿੰਮਤ ਅਤੇ ਰਾਸ਼ਟਰ-ਨਿਰਮਾਣ ਦੀ ਵੀ ਕਹਾਣੀ ਹੈ।
ਉਪ-ਰਾਸ਼ਟਰਪਤੀ ਨੇ ਭਾਰਤ ਦੇ ਸਿਆਸੀ ਏਕੀਕਰਨ ਵਿੱਚ ਸਰਦਾਰ ਪਟੇਲ ਦੇ ਮਹਾਨ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਸਮੇਂ ਦੇਸ਼ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਸਨ। ਉਨ੍ਹਾਂ ਕਿਹਾ ਕਿ ਵੰਡ ਦੇ ਕਾਰਨ ਅਨਿਸ਼ਚਿਤਤਾ ਦਾ ਮਾਹੌਲ ਸੀ ਅਤੇ 550 ਤੋਂ ਵੱਧ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਨ ਦੀ ਚੁਣੌਤੀ ਸੀ। ਸ਼੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ, ਸਮਝਾਉਣ-ਬੁਝਾਉਣ ਦੀ ਕਲਾ, ਪ੍ਰਸ਼ਾਸਨਿਕ ਸਮਰੱਥਾ ਅਤੇ ਦੂਰਅੰਦੇਸ਼ੀ ਅਗਵਾਈ ਦੇ ਜ਼ਰੀਏ, ਸਰਦਾਰ ਪਟੇਲ ਨੇ ਇਸ ਇਤਿਹਾਸਕ ਕਾਰਜ ਨੂੰ ਪੂਰਾ ਕੀਤਾ ਅਤੇ ਇੱਕ 'ਅਖੰਡ ਭਾਰਤ' ਦੇ ਸੁਪਨੇ ਨੂੰ ਸਾਕਾਰ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰ ਉਨ੍ਹਾਂ ਦੇ ਇਸ ਬੇਮਿਸਾਲ ਯੋਗਦਾਨ ਲਈ ਹਮੇਸ਼ਾ ਉਨ੍ਹਾਂ ਦਾ ਕਰਜ਼ਦਾਰ ਰਹੇਗਾ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਦਾਰ ਪਟੇਲ ਵੱਲੋਂ ਦਰਸਾਈ ਏਕਤਾ ਦੀ ਭਾਵਨਾ ਨੂੰ 'ਵਿਕਸਤ ਭਾਰਤ @2047' ਦੇ ਰਾਸ਼ਟਰੀ ਮਿਸ਼ਨ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 1947 ਤੋਂ ਲੈ ਕੇ ਅੱਜ ਤੱਕ ਦੀ ਭਾਰਤ ਦੀ ਯਾਤਰਾ ਵਿੱਚ ਹਿੰਮਤ, ਦ੍ਰਿੜ੍ਹ ਸੰਕਲਪ ਅਤੇ ਸਮੂਹਿਕ ਇੱਛਾ-ਸ਼ਕਤੀ ਦਿਖਾਈ ਦਿੰਦੀ ਹੈ; ਉੱਥੇ ਹੀ ਸਾਲ 2047 ਤੱਕ ਦੀ ਅੱਗੇ ਦੀ ਯਾਤਰਾ ਹੋਰ ਵੀ ਵੱਡੀਆਂ ਅਭਿਲਾਸ਼ਾਵਾਂ, ਖ਼ਾਹਿਸ਼ਾਂ, ਅਤੇ ਵਚਨਬੱਧਤਾ ਨਾਲ ਭਰੀ ਹੋਣੀ ਚਾਹੀਦੀ ਹੈ।
ਉਪ-ਰਾਸ਼ਟਰਪਤੀ ਨੇ ਸਰਦਾਰ ਪਟੇਲ ਦੇ ਆਦਰਸ਼ਾਂ ਦੀ ਅੱਜ ਵੀ ਸਾਰਥਕਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੱਚ, ਸਾਦਗੀ, ਹਿੰਮਤ, ਅਨੁਸ਼ਾਸਨ ਅਤੇ ਸਮਾਜ ਦੇ ਹਰੇਕ ਵਿਅਕਤੀ ਦੀ ਸੇਵਾ - ਇਹ ਅਜਿਹੀਆਂ ਕਦਰਾਂ-ਕੀਮਤਾਂ ਹਨ ਜਿਨ੍ਹਾਂ ਨੂੰ ਰਾਸ਼ਟਰ ਨੂੰ ਅਪਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਦਾਰ ਪਟੇਲ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਆਪਣੀ ਅਥਾਹ ਊਰਜਾ, ਪ੍ਰਤਿਭਾ ਅਤੇ ਸਮਰੱਥਾ ਨੂੰ ਰਾਸ਼ਟਰ-ਨਿਰਮਾਣ ਦੇ ਉਸਾਰੂ ਕਾਰਜਾਂ ਵਿੱਚ ਲਗਾਉਣ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਆਪਣੇ ਸੰਬੋਧਨ ਦੇ ਸਮਾਪਨ 'ਤੇ ਡਾ. ਸ਼ੋਭਨਾ ਰਾਧਾਕ੍ਰਿਸ਼ਨਨ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਡਾ. ਸ਼ੋਭਨਾ ਰਾਧਾਕ੍ਰਿਸ਼ਨਨ ਅਤੇ ਉਨ੍ਹਾਂ ਦੀ ਟੀਮ ਨੇ 'ਕਥਾ' ਦੀ ਪੁਰਾਤਨ ਪਰੰਪਰਾ ਦੇ ਜ਼ਰੀਏ ਸਰਦਾਰ ਪਟੇਲ ਦੇ ਜੀਵਨ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਦਰਸ਼ਕਾਂ ਦੇ ਨੇੜੇ ਪਹੁੰਚਾਇਆ। ਉਪ-ਰਾਸ਼ਟਰਪਤੀ ਨੇ ਕਿਹਾ, "ਸਰਦਾਰ ਪਟੇਲ ਨੇ ਸਾਨੂੰ ਇੱਕ ਇੱਕਜੁੱਟ ਭਾਰਤ ਦਿੱਤਾ। ਇਸ ਨੂੰ ਇੱਕਜੁੱਟ, ਮਜ਼ਬੂਤ ਅਤੇ ਨਿਆਂਪੂਰਨ ਬਣਾਈ ਰੱਖਣਾ ਸਾਡਾ ਫ਼ਰਜ਼ ਹੈ। ਭਾਰਤ ਇੱਕ ਹੈ, ਅਤੇ ਹਮੇਸ਼ਾ ਇੱਕ ਹੀ ਰਹੇਗਾ!"
ਇਸ ਪ੍ਰੋਗਰਾਮ ਵਿੱਚ ਦਿੱਲੀ ਦੇ ਉੱਪ-ਰਾਜਪਾਲ ਸ਼੍ਰੀ ਤਰਨਜੀਤ ਸਿੰਘ ਸੰਧੂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਤੋਂ ਪਹਿਲੇ ਦਿਨ ਵਿੱਚ ਉਪ-ਰਾਸ਼ਟਰਪਤੀ ਸ਼੍ਰੀ ਰਾਧਾਕ੍ਰਿਸ਼ਨਨ ਨੇ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਵਰ੍ਹੇਗੰਢ'ਤੇ ਨਵੀਂ ਦਿੱਲੀ ਦੇ ਸਰਦਾਰ ਪਟੇਲ ਚੌਂਕ ਅਤੇ ਉਪ-ਰਾਸ਼ਟਰਪਤੀ ਭਵਨ ਵਿਖੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
**********
ਪੀਆਰ/ਏਐੱਸਐੱਮ/ਵੀਐੱਮ