ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਮੱਛੀ ਪਾਲਣ ਖੇਤਰ ਹੁਣ ਸਿਰਫ ਉਤਪਾਦਨ ਤੱਕ ਸੀਮਤ ਨਹੀਂ ਰਿਹਾ, ਸਗੋਂ ਵੈਲਿਊ ਐਡੀਸ਼ਨ ਉੱਦਮਾਂ ਅਤੇ ਮੋਬਾਈਲ ਮਾਰਕੀਟਿੰਗ ਦੇ ਮਾਧਿਅਮ ਨਾਲ ਭਾਰਤ ਦੀ ਉੱਚ ਮੁੱਲ ਵਾਲੀ ਨੀਲੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵੱਲ ਅੱਗੇ ਵਧ ਰਿਹਾ ਹੈ

Posted On: 30 OCT 2026 7:55AM by PIB Chandigarh

ਭਾਰਤ ਦਾ ਮੱਛੀ ਪਾਲਣ ਖੇਤਰ ਹੁਣ ਸਿਰਫ ਉਤਪਾਦਨ-ਕੇਂਦ੍ਰਿਤ ਖੁਰਾਕ ਗਤੀਵਿਧੀ ਤੱਕ ਸੀਮਤ ਨਾ ਰਹਿ ਕੇ ਇੱਕ ਗਤੀਸ਼ੀਲ, ਤਕਨਾਲੋਜੀ-ਸੰਚਾਲਿਤ ਅਤੇ ਮੁੱਲ-ਅਧਾਰਿਤ ਰਾਸ਼ਟਰੀ ਅਰਥਵਿਵਸਥਾ ਦੇ ਮਹੱਤਵਪੂਰਨ ਥੰਮ੍ਹ ਵਜੋਂ ਵਿਕਸਿਤ ਹੋ ਰਿਹਾ ਹੈ। ਇਹ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨ, ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਗ੍ਰਾਮੀਣ ਆਜੀਵਿਕਾ ਨੂੰ ਸਹਾਰਾ ਦੇਣ ਅਤੇ ਨਿਰਯਾਤ ਤੋਂ ਹੋਣ ਵਾਲੀ ਆਮਦਨ ਵਿੱਚ ਯੋਗਦਾਨ ਪਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

​ਵੈਲਿਊ ਐਡੀਸ਼ਨ ਕੋਲਡ ਚੇਨ ਦੇ ਵਿਕਾਸ, ਆਧੁਨਿਕ ਪ੍ਰੋਸੈੱਸਿੰਗ, ਮੋਬਾਈਲ ਰਾਹੀਂ ਮੱਛੀ ਮਾਰਕੀਟਿੰਗ ਅਤੇ ਸਟਾਰਟਅੱਪ-ਅਧਾਰਿਤ ਨਵੀਨਤਾਵਾਂ ਰਾਹੀਂ ਮੱਛੀ ਪਾਲਣ ਖੇਤਰ ਦੇ ਪੂਰੇ ਈਕੋਸਿਸਟਮ ਵਿੱਚ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਿਆ ਹੈ। ਉੱਦਮ ਹੁਣ ਪਤਾ ਲਗਾਉਣ ਦੀ ਸਮਰੱਥਾ, ਉਤਪਾਦਕਤਾ, ਗੁਣਵੱਤਾ ਭਰੋਸੇਯੋਗਤਾ ਅਤੇ ਫ਼ਸਲ ਤੋਂ ਬਾਅਦ ਦੇ ਪ੍ਰਬੰਧਨ ਵਿੱਚ ਸੁਧਾਰ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਇੰਟਰਨੈੱਟ ਆਫ਼ ਥਿੰਗਜ਼ (IoT), ਬਲੌਕਚੇਨ, ਡਰੋਨ ਤਕਨਾਲੋਜੀ, ਸਮਾਰਟ ਕੋਲਡ ਚੇਨ ਪ੍ਰਣਾਲੀਆਂ ਅਤੇ ਸਟੀਕ ਐਕੁਆਕਲਚਰ (Precision Aquaculture) ਵਰਗੀਆਂ ਆਧੁਨਿਕ ਤਕਨੀਕਾਂ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ। ਇਨ੍ਹਾਂ ਸਾਰੀਆਂ ਪਹਿਲਕਦਮੀਆਂ ਦੇ ਸਾਂਝੇ ਯਤਨਾਂ ਨਾਲ ਨੁਕਸਾਨ ਵਿੱਚ ਕਮੀ ਆ ਰਹੀ ਹੈ, ਲਾਭਦਾਇਕਤਾ ਵਧ ਰਹੀ ਹੈ ਅਤੇ ਮੱਛੀ ਪਾਲਣ ਖੇਤਰ ਦੀ ਵੈਲਿਊ ਚੇਨ ਹੋਰ ਮਜ਼ਬੂਤ ਹੋ ਰਹੀ ਹੈ।

ਵੈਲਿਊ ਐਡੀਸ਼ਨ ਭਾਰਤ ਦੇ ਮੱਛੀ ਪਾਲਣ ਖੇਤਰ ਨੂੰ ਪ੍ਰਾਇਮਰੀ ਉਤਪਾਦਨ ਗਤੀਵਿਧੀ ਤੋਂ ਇੱਕ ਵਿਭਿੰਨ ਅਤੇ ਬਜ਼ਾਰ-ਮੁਖੀ ਉੱਦਮ ਵਜੋਂ ਵਿਕਸਿਤ ਕਰਨ ਵਿੱਚ ਇੱਕ ਮਹੱਤਵਪੂਰਨ ਮਾਧਿਅਮ ਵਜੋਂ ਉੱਭਰ ਰਿਹਾ ਹੈ। ਇਸ ਦੇ ਮਾਧਿਅਮ ਨਾਲ ਮੱਛੀ ਅਤੇ ਮੱਛੀ ਉਤਪਾਦਾਂ ਦੀ ਪ੍ਰੋਸੈੱਸਿੰਗ, ਪੈਕੇਜਿੰਗ ਅਤੇ ਬ੍ਰਾਂਡਿੰਗ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਕਾਉਣ ਲਈ ਤਿਆਰ (Ready-to-Cook) ਜਾਂ ਖਾਣ ਲਈ ਤਿਆਰ (Ready-to-Eat) ਰੂਪ ਵਿੱਚ ਉਪਲਬਧ ਕਰਵਾਇਆ ਜਾ ਰਹਾ ਹੈ। ਇਸ ਨਾਲ ਉਤਪਾਦਕਾਂ ਨੂੰ ਬਿਹਤਰ ਮੁੱਲ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਘਰੇਲੂ ਅਤੇ ਨਿਰਯਾਤ  ਬਜ਼ਾਰਾਂ ਵਿੱਚ ਖਪਤਕਾਰਾਂ ਦੀਆਂ ਬਦਲਦੀਆਂ ਤਰਜੀਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।

​ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੁੱਲ ਵਾਧੇ ਨਾਲ ਫ਼ਸਲ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ, ਉਤਪਾਦਾਂ ਦੀ ਭੰਡਾਰਨ ਮਿਆਦ ਵਧਾਉਣ ਅਤੇ ਪੂਰੀ ਸਪਲਾਈ ਚੇਨ ਵਿੱਚ ਗੁਣਵੱਤਾ ਦੇ ਮਿਆਰਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਇਹ ਵਿਸ਼ੇਸ਼ ਤੌਰ ‘ਤੇ ਮਛੇਰਿਆਂ, ਮੱਛੀ ਪਾਲਕਾਂ, ਮਹਿਲਾ ਸਮੂਹਾਂ, ਨੌਜਵਾਨਾਂ, ਸਹਿਕਾਰੀ ਸਭਾਵਾਂ ਅਤੇ ਪ੍ਰੋਸੈੱਸਿੰਗ , ਪੈਕੇਜਿੰਗ, ਕੋਲਡ ਚੇਨ ਲੌਜਿਸਟਿਕਸ, ਮਾਰਕੀਟਿੰਗ ਅਤੇ ਰਿਟੇਲ ਕਾਰੋਬਾਰ ਨਾਲ ਜੁੜੇ ਛੋਟੇ ਉੱਦਮਾਂ ਲਈ ਰੁਜ਼ਗਾਰ ਅਤੇ ਉੱਦਮਤਾ ਦੇ ਨਵੇਂ ਮੌਕੇ ਵੀ ਪੈਦਾ ਕਰਦਾ ਹੈ। ਇਸ ਤਰ੍ਹਾਂ, ਮੁੱਲ ਵਾਧਾ ਬਜ਼ਾਰ ਨਾਲ ਲਿੰਕੇਜ ਨੂੰ ਮਜ਼ਬੂਤ ਕਰਨ, ਆਮਦਨ ਵਧਾਉਣ ਅਤੇ ਸੁਰੱਖਿਅਤ, ਸੁਵਿਧਾਜਨਕ ਅਤੇ ਉੱਚ-ਗੁਣਵੱਤਾ ਵਾਲੇ ਸੀ-ਫੂਡ ਉਤਪਾਦਾਂ ਦੇ ਵਧਦੇ ਬਜ਼ਾਰ ਵਿੱਚ ਮੁਕਾਬਲਾ ਕਰਨ ਲਈ ਮੱਛੀ ਪਾਲਣ ਖੇਤਰ ਨੂੰ ਸਮਰੱਥ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਵੈਲਿਊ ਐਡੀਸ਼ਨ ਦੀ ਦਿਸ਼ਾ ਵਿੱਚ ਇਸ ਬਦਲਾਅ ਨੂੰ ਉਤਪਾਦਨ ਤੋਂ ਲੈ ਕੇ ਬਜ਼ਾਰ ਤੱਕ ਮੱਛੀ ਪਾਲਣ ਖੇਤਰ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕੀਤੇ ਗਏ ਜਨਤਕ ਨਿਵੇਸ਼ ਅਤੇ ਟੀਚਾਬੱਧ ਨੀਤੀਗਤ ਪਹਿਲਕਦਮੀਆਂ ਦੀ ਲੜੀ ਤੋਂ ਸਹਿਯੋਗ ਮਿਲਿਆ ਹੈ। ਸਾਲ 2015 ਤੋਂ ਭਾਰਤ ਸਰਕਾਰ ਨੇ ਮੱਛੀ ਪਾਲਣ ਖੇਤਰ ਵਿੱਚ ਜਨਤਕ ਨਿਵੇਸ਼ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਇਸਦੇ ਤਹਿਤ ਨੀਲੀ ਕ੍ਰਾਂਤੀ ਯੋਜਨਾ, ਮੱਛੀ ਪਾਲਣ ਅਤੇ ਜਲ-ਖੇਤੀ ਬੁਨਿਆਦੀ ਢਾਂਚਾ ਵਿਕਾਸ ਫੰਡ (FIDF), ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY), ਪ੍ਰਧਾਨ ਮੰਤਰੀ ਮਤਸਯ ਸਮ੍ਰਿੱਧੀ ਸਹਿ-ਯੋਜਨਾ (PM-MKSSY) ਅਤੇ ਕਿਸਾਨ ਕ੍ਰੈਡਿਟ ਕਾਰਡ (KCC) ਵਰਗੀਆਂ ਮੁੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ 39,272 ਕਰੋੜ ਰੁਪਏ ਦੀ ਰਾਸ਼ੀ ਦੀ ਵਚਨਬੱਧਤਾ ਕੀਤੀ ਗਈ ਹੈ। ਇਸ ਪਹਿਲਕਦਮੀਆਂ ਦਾ ਉਦੇਸ਼ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨਾ, ਉਤਪਾਦਨ ਅਤੇ ਫ਼ਸਲ ਤੋਂ ਬਾਅਦ ਦੇ ਪ੍ਰਬੰਧਨ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣਾ ਅਤੇ ਦੇਸ਼ ਭਰ ਦੇ 74.66 ਲੱਖ ਮਛੇਰਿਆਂ ਅਤੇ ਮੱਛੀ ਪਾਲਕਾਂ ਲਈ ਰੁਜ਼ਗਾਰ ਅਤੇ ਆਜੀਵਿਕਾ ਦੇ ਮੌਕੇ ਪੈਦਾ ਕਰਨਾ ਹੈ।

 ਟ੍ਰਾਂਸਪੋਰਟ ਅਤੇ ਲੌਜਿਸਟਿਕਸ ਨੈੱਟਵਰਕ ਨੂੰ ਮਜ਼ਬੂਤ ਬਣਾਉਣ ‘ਤੇ ਵੀ ਬਰਾਬਰ ਧਿਆਨ ਦਿੱਤਾ ਗਿਆ ਹੈ। ਇਸਦੇ ਤਹਿਤ 3,393.85 ਕਰੋੜ ਰੁਪਏ ਦੇ ਨਿਵੇਸ਼ ਨਾਲ ਮੱਛੀ ਟ੍ਰਾਂਸਪੋਰਟ ਪ੍ਰਣਾਲੀਆਂ, ਰਿਟੇਲ ਅਤੇ ਥੋਕ ਮੱਛੀ ਬਜ਼ਾਰਾਂ, ਕਿਓਸਕਾਂ, ਫੀਡ ਮਿੱਲਾਂ, ਆਈਸ ਪਲਾਂਟਾਂ, ਕੋਲਡ ਸਟੋਰੇਜ ਅਤੇ ਵੈਲਿਊ ਐਡਿਡ ਉੱਦਮ ਇਕਾਈਆਂ ਸਮੇਤ 46,500 ਸੁਵਿਧਾਵਾਂ ਦਾ ਵਿਕਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੰਜ ਆਧੁਨਿਕ ਅਤੇ ਸਮਾਰਟ ਮੱਛੀ ਬਜ਼ਾਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਨ੍ਹਾਂ ਬਜ਼ਾਰਾਂ ਵਿੱਚ ਉੱਨਤ ਸੂਚਨਾ ਤਕਨਾਲੋਜੀ (IT) ਪ੍ਰਣਾਲੀਆਂ, ਹਰਿਤ  ਤਕਨਾਲੋਜੀਆਂ ਅਤੇ ਲੌਜਿਸਟਿਕਸ ਸਪਲਾਈ ਚੇਨਾਂ ਨੂੰ ਏਕੀਕ੍ਰਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਨਾਲ 15,900 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੇ ਨਾਲ-ਨਾਲ, ਉੱਚ ਗੁਣਵੱਤਾ ਵਾਲੀਆਂ ਮੱਛੀ ਵੈਲਿਊ ਚੇਨਾਂ ਨੂੰ ਬਣਾਏ ਰੱਖਣ ਲਈ ਗੁਣਵੱਤਾਪੂਰਨ ਕੱਚੇ ਮਾਲ ਦੀ ਉਪਲਬਧਤਾ ਵੀ ਓਨੀ ਹੀ ਮਹੱਤਵਪੂਰਨ ਹੈ। ਭਾਰਤ ਵਿੱਚ ਪ੍ਰੀਮੀਅਮ ਮੱਛੀ ਉਤਪਾਦਾਂ ਦੇ ਵੈਲਿਊ ਐਡੀਸ਼ਨ ਦਾ ਵਿਸਤਾਰ ਕਰਨ ਦੇ ਯਤਨਾਂ ਦੇ ਵਿਚਕਾਰ, ਗੁਣਵੱਤਾਪੂਰਨ ਕੱਚੇ ਮਾਲ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। 

​ ਇਸ ਦਿਸ਼ਾ ਵਿੱਚ, ਵਿਭਾਗ ਨੇ ਜੈਨੇਟਿਕ ਸੁਧਾਰ ਨਾਲ ਸਬੰਧਿਤ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਉਦੇਸ਼ ਤੇਜ਼ੀ ਨਾਲ ਵਾਧਾ ਕਰਨ ਵਾਲੀਆਂ, ਬਿਮਾਰੀਆਂ ਪ੍ਰਤੀ ਵਧੇਰੇ ਪ੍ਰਤੀਰੋਧਕ ਸਮਰੱਥਾ ਰੱਖਣ ਵਾਲੀਆਂ, ਬਿਹਤਰ ਅਨੁਕੂਲਨਸ਼ੀਲਤਾ ਅਤੇ ਉੱਚ ਉਤਪਾਦਕਤਾ ਵਾਲੀਆਂ ਮੱਛੀਆਂ ਦੀਆਂ ਕਿਸਮਾਂ (ਪ੍ਰਜਾਤੀਆਂ) ਦਾ ਵਿਕਾਸ ਕਰਨਾ ਹੈ। ਇਸ ਪਹਿਲ ਨਾਲ ਘਰੇਲੂ ਖਪਤ, ਪ੍ਰੋਸੈੱਸਿੰਗ  ਅਤੇ ਨਿਰਯਾਤ-ਮੁਖੀ (ਐਕਸਪੋਰਟ-ਓਰੀਐਂਟਿਡ) ਬਜ਼ਾਰਾਂ ਲਈ ਟ੍ਰਾਊਟ, ਝੀਂਗਾ, ਕਤਲਾ, ਰੋਹੂ, ਤਿਲਾਪੀਆ, ਪੰਗਾਸੀਅਸ, ਸੀਬਾਸ ਅਤੇ ਸਕੈਂਪੀ ਵਰਗੀਆਂ ਉੱਚ ਮੁੱਲ ਵਾਲੀਆਂ ਕਿਸਮਾਂ ਦੀ ਉਪਲਬਧਤਾ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ। ਇਨ੍ਹਾਂ ਕਿਸਮਾਂ ਦੇ ਉਤਪਾਦਨ ਅਧਾਰ ਨੂੰ ਮਜ਼ਬੂਤ ਕਰਕੇ ਜੈਨੇਟਿਕ ਸੁਧਾਰ ਮੁੱਲ ਵਾਧੇ ਨਾਲ ਜੁੜੇ ਉੱਦਮਾਂ ਨੂੰ ਪੂਰਕ ਸਹਿਯੋਗ ਪ੍ਰਦਾਨ ਕਰ ਸਕਦਾ ਹੈ, ਮੱਛੀ ਪਾਲਣ ਦੇ ਪੱਧਰ ‘ਤੇ ਕਿਸਾਨਾਂ ਦਾ ਲਾਭ ਵਧਾ ਸਕਦਾ ਹੈ ਅਤੇ ਭਾਰਤ ਨੂੰ ਮੱਛੀ ਪਾਲਣ ਖੇਤਰ ਦੀ ਵੈਲਿਊ ਚੇਨ ਵਿੱਚ ਉੱਚੇ ਪੱਧਰ ‘ਤੇ ਪਹੁੰਚਣ ਵਿੱਚ ਮਦਦ ਕਰ ਸਕਦਾ ਹੈ।

ਇਨ੍ਹਾਂ ਉਪਲਬਧੀਆਂ ਦਾ ਲਾਭ ਛੋਟੇ ਉਤਪਾਦਕਾਂ ਤੱਕ ਪਹੁੰਚਾਉਣ ਲਈ ਅਜਿਹੇ ਸੰਸਥਾਗਤ ਮਾਡਲ ਤੇਜ਼ੀ ਨਾਲ ਮਹੱਤਵਪੂਰਨ ਹੁੰਦੇ ਜਾ ਰਹੇ ਹਨ, ਜੋ ਉਤਪਾਦਨ ਨੂੰ ਇਕੱਠਾ ਕਰਨ ਅਤੇ ਬਜ਼ਾਰਾਂ ਤੱਕ ਪਹੁੰਚ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਣ। ਮੱਛੀ ਪਾਲਣ ਖੇਤਰ ਵਿੱਚ ਵੈਲਿਊ ਐਡੀਸ਼ਨ ਨੂੰ ਹੁਲਾਰਾ ਦੇਣ ਦੇ ਯਤਨਾਂ ਨੂੰ ਸਮੂਹਿਕ ਉੱਦਮ ਮਾਡਲ ਦੇ ਮਾਧਿਅਮ ਨਾਲ ਵੀ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ਨਾਲ ਛੋਟੇ ਮਛੇਰਿਆਂ ਅਤੇ ਮੱਛੀ ਪਾਲਕਾਂ ਨੂੰ ਉਤਪਾਦਨ ਦੇ ਪੱਧਰ, ਪੂੰਜੀ ਅਤੇ ਬਜ਼ਾਰ ਤੱਕ ਪਹੁੰਚ ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕੇ।

ਵਿਭਾਗ ਨੇ 2,195 ਮੱਛੀ ਕਿਸਾਨ ਉਤਪਾਦਕ ਸੰਗਠਨਾਂ (FFPOs) ਦੇ ਗਠਨ ਵਿੱਚ ਸਹਿਯੋਗ ਦਿੱਤਾ ਹੈ। ਇਨ੍ਹਾਂ ਸੰਗਠਨਾਂ ਦੇ ਮਾਧਿਅਮ ਨਾਲ ਉਤਪਾਦਕ ਆਪਣੇ ਉਤਪਾਦਨ ਨੂੰ ਇਕਜੁੱਟ ਕਰਨ, ਸਰੋਤਾਂ ਨੂੰ ਸਾਂਝਾ ਕਰਨ ਅਤੇ ਪ੍ਰੋਸੈੱਸਿੰਗ, ਬ੍ਰਾਂਡਿੰਗ ਅਤੇ ਮਾਰਕੀਟਿੰਗ ਗਤੀਵਿਧੀਆਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਦੇ ਸਮਰੱਥ ਹੋ ਰਹੇ ਹਨ। ਇਨ੍ਹਾਂ ਵਿੱਚੋਂ ਕਈ ਸੰਗਠਨਾਂ ਨੂੰ ਓਪਨ ਨੈੱਟਵਰਕ ਫ਼ੌਰ ਡਿਜੀਟਲ ਕਾਮਰਸ (ONDC) ਨਾਲ ਵੀ ਜੋੜਿਆ ਗਿਆ ਹੈ, ਜਿਸ ਨਾਲ ਡਿਜੀਟਲ ਬਜ਼ਾਰਾਂ ਤੱਕ ਉਨ੍ਹਾਂ ਦੀ ਪਹੁੰਚ ਵਧੀ ਹੈ ਅਤੇ ਉਨ੍ਹਾਂ ਨੂੰ ਆਪਣੇ ਉਤਪਾਦਾਂ ਦਾ ਵਾਜਬ ਮੁੱਲ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਬਿਹਤਰ ਹੋਈਆਂ ਹਨ।

​ਪ੍ਰਧਾਨ ਮੰਤਰੀ ਮਤਸਯ ਸਮ੍ਰਿੱਧੀ ਸਹਿ-ਯੋਜਨਾ (PM-MKSSY) ਦੇ ਤਹਿਤ, NCDC, NAFED, SFAC ਅਤੇ NERAMAC ਵਰਗੀਆਂ ਵਿਚੋਲੀਆਂ ਏਜੰਸੀਆਂ ਦੇ ਸਹਿਯੋਗ ਨਾਲ 5,500 ਮੱਛੀ ਪਾਲਣ ਸਹਿਕਾਰੀ ਸਭਾਵਾਂ ਨੂੰ ਮੱਛੀ ਕਿਸਾਨ ਉਤਪਾਦਕ ਸੰਗਠਨਾਂ ਦੇ ਰੂਪ ਵਿੱਚ ਕੰਮ ਕਰਨ ਲਈ ਮਜ਼ਬੂਤ ਕੀਤਾ ਜਾ ਰਿਹਾ ਹੈ। ਸਮੂਹਿਕ ਸੌਦੇਬਾਜ਼ੀ ਦੀ ਸਮਰੱਥਾ ਵਿਕਸਿਤ ਕਰਕੇ ਅਤੇ ਉਤਪਾਦਕ ਸਮੂਹਾਂ ਨੂੰ ਆਧੁਨਿਕ ਵੈਲਿਊ ਚੇਨਾਂ ਨਾਲ ਜੋੜ ਕੇ, ਇਨ੍ਹਾਂ ਸੰਸਥਾਵਾਂ ਤੋਂ ਮੁੱਲ ਵਾਧੇ 'ਤੇ ਅਧਾਰਿਤ ਮੱਛੀ ਪਾਲਣ ਉੱਦਮਾਂ ਦੀ ਦਿਸ਼ਾ ਵਿੱਚ ਵਧੇਰੇ ਸਮਾਵੇਸ਼ੀ ਬਦਲਾਅ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ।

ਵੈਲਿਊ ਐਡੀਸ਼ਨ ‘ਤੇ ਦਿੱਤੇ ਜਾ ਰਹੇ ਜ਼ੋਰ ਨਾਲ ਫ਼ਸਲ ਕਟਾਈ ਤੋਂ ਬਾਅਦ ਦੀਆਂ ਗਤੀਵਿਧੀਆਂ ਅਤੇ ਮੱਛੀ ਪਾਲਣ ‘ਤੇ ਅਧਾਰਿਤ ਉੱਦਮਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਈ ਵੀ ਇੱਕ ਮਜ਼ਬੂਤ ਅਧਾਰ ਤਿਆਰ ਹੋ ਰਿਹਾ ਹੈ। ਭਾਰਤ ਦੇ ਮੱਛੀ ਪਾਲਣ ਖੇਤਰ ਵਿੱਚ ਮਹਿਲਾਵਾਂ ਇੱਕ ਮਹੱਤਵਪੂਰਨ ਸ਼ਕਤੀ ਵਜੋਂ ਉਭਰੀਆਂ ਹਨ, ਵਿਸ਼ੇਸ਼ ਤੌਰ ‘ਤੇ ਫ਼ਸਲ ਤੋਂ ਬਾਅਦ ਦੇ ਕੰਮਾਂ ਅਤੇ ਲਘੂ ਉੱਦਮਾਂ ਵਿੱਚ, ਜਿੱਥੇ ਮੁੱਲ ਵਾਧੇ ਨੇ ਆਮਦਨ ਪੈਦਾ ਕਰਨ ਅਤੇ ਉੱਦਮਤਾ ਦੇ ਨਵੇਂ ਅਵਸਰ ਖੋਲ੍ਹੇ ਹਨ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY) ਦੇ ਤਹਿਤ ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਪਹਿਲ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਪਿਛਲੇ ਪੰਜ ਵਰ੍ਹਿਆ ਵਿੱਚ 1.28 ਲੱਖ ਤੋਂ ਵੱਧ ਮਹਿਲਾ ਲਾਭਪਾਤਰੀਆਂ ਦੇ ਹਿੱਤ ਵਿੱਚ 4,155 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਕੇਂਦਰ ਦੀ ਹਿੱਸੇਦਾਰੀ 1,572 ਕਰੋੜ ਰੁਪਏ ਹੈ। 

ਇਸ ਸਹਾਇਤਾ ਨਾਲ ਮਹਿਲਾਵਾਂ ਮੱਛੀ ਸੁਕਾਉਣ, ਮੱਛੀ ਦਾ ਅਚਾਰ ਅਤੇ ਪਾਪੜ ਬਣਾਉਣ, ਸਮੋਕਡ ਫਿਸ਼ ਉਤਪਾਦ ਤਿਆਰ ਕਰਨ, ਮੱਛੀ ਦਾ ਪਾਊਡਰ ਬਣਾਉਣ ਅਤੇ ਪੈਕੇਜਿੰਗ ਅਤੇ ਰਿਟੇਲ ਵਿਕਰੀ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗੀਦਾਰੀ ਕਰਨ ਦੇ ਯੋਗ ਹੋਈਆਂ ਹਨ। ਮੋਬਾਈਲ ਫਿਸ਼ ਵੈਂਡਿੰਗ ਇਕਾਈਆਂ ਅਤੇ ਸੂਖਮ ਪ੍ਰੋਸੈੱਸਿੰਗ  ਉੱਦਮ ਤਟਵਰਤੀ, ਇਨਲੈਂਡ ਅਤੇ ਉੱਤਰ-ਪੂਰਬੀ ਰਾਜਾਂ ਵਿੱਚ  ਮਹਿਲਾਵਾਂ ਲਈ ਸਥਾਈ ਆਜੀਵਿਕਾ ਦੇ ਅਵਸਰ ਪੈਦਾ ਕਰ ਰਹੇ ਹਨ। ਨਾਲ ਹੀ, ਇਹ ਕਿਫਾਇਤੀ ਅਤੇ ਪ੍ਰੋਟੀਨ ਨਾਲ ਭਰਪੂਰ ਖੁਰਾਕ ਪਦਾਰਥਾਂ ਦੀ ਉਪਲਬਧਤਾ ਵਧਾ ਕੇ ਪੋਸ਼ਣ ਸੁਰੱਖਿਆ ਨੂੰ ਵੀ ਮਜ਼ਬੂਤ ਕਰ ਰਹੇ ਹਨ।

ਭਾਰਤ ਦਾ ਮੱਛੀ ਪਾਲਣ ਖੇਤਰ ਹੁਣ ਸਿਰਫ ਮੱਛੀ ਉਤਪਾਦਨ ਤੱਕ ਸੀਮਤ ਨਾ ਰਹਿ ਕੇ ਮੁੱਲ ਲੜੀ ਅਧਾਰਿਤ ਅਤੇ ਤਕਨਾਲੋਜੀ-ਸਮਰੱਥ ਈਕੋਸਿਸਟਮ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਤਬਦੀਲੀ ਨੂੰ ਪ੍ਰੋਸੈੱਸਿੰਗ , ਲੌਜਿਸਟਿਕਸ, ਕੋਲਡ-ਚੇਨ ਬੁਨਿਆਦੀ ਢਾਂਚੇ, ਡਿਜੀਟਲ ਪਲੈਟਫਾਰਮਾਂ ਅਤੇ ਉੱਦਮਤਾ ਵਿੱਚ ਕੀਤੇ ਜਾ ਰਹੇ ਨਿਵੇਸ਼ਾਂ ਤੋਂ ਸਮਰਥਨ ਮਿਲ ਰਿਹਾ ਹੈ। PMMSY, PM-MKSSY, FIDF ਅਤੇ KCC ਦੇ ਤਾਲਮੇਲ ਵਾਲੇ ਲਾਗੂਕਰਨ ਨਾਲ ਇਹ ਖੇਤਰ ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਮੁੱਲ-ਵਰਧਿਤ ਸਮੁੰਦਰੀ ਖੁਰਾਕੀ ਉਤਪਾਦਾਂ ਦੇ ਨਿਰਯਾਤ ਦਾ ਵਿਸਤਾਰ ਕਰਨ, ਮਛੇਰਿਆਂ ਦੀ ਆਮਦਨ ਵਧਾਉਣ, ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਉਤਸ਼ਾਹਿਤ ਕਰਨ ਅਤੇ ਗ੍ਰਾਮੀਣ ਰੁਜ਼ਗਾਰ ਦੇ ਅਵਸਰ ਪੈਦਾ ਕਰਨ ਦੀ ਦਿਸ਼ਾ ਵਿੱਚ ਬਿਹਤਰ ਸਥਿਤੀ ਵਿੱਚ ਹੈ। 

ਭਾਰਤੀ ਮੱਛੀ ਪਾਲਣ ਖੇਤਰ ਦਾ ਭਵਿੱਖ ਸਿਰਫ ਵਧੇਰੇ ਮੱਛੀ ਉਤਪਾਦਨ ‘ਤੇ ਹੀ ਨਿਰਭਰ ਨਹੀਂ ਕਰੇਗਾ, ਸਗੋਂ ਨਵੀਨਤਾ, ਆਵਾਜਾਈ, ਪ੍ਰੋਸੈੱਸਿੰਗ  ਅਤੇ ਸਥਾਈ ਮਾਰਕਿਟ ਵਿਕਾਸ ਦੇ ਮਾਧਿਅਮ ਨਾਲ ਮਛੇਰਿਆਂ ਅਤੇ ਮੱਛੀ ਪਾਲਕਾਂ ਨੂੰ ਉਪਭੋਗਤਾਵਾਂ ਨਾਲ ਜੋੜਨ ਵਾਲੀਆਂ ਲਚਕਦਾਰ ਅਤੇ ਮਾਰਕਿਟ-ਮੁਖੀ ਮੁੱਲ ਲੜੀਆਂ ਦੇ ਨਿਰਮਾਣ ‘ਤੇ ਨਿਰਭਰ ਕਰੇਗਾ।

***

ਜੇਪੀ/ਏਕੇ


(Release ID: 2331016) ਵਿਜ਼ੀਟਰ ਕਾਊਂਟਰ : 25