Posted On:
30 OCT 2026 4:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਬਨਾਸਕਾਂਠਾ ਵਿੱਚ 14,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਨਵਰਾਤਰੀ ਦੇ ਠੀਕ ਬਾਅਦ ਮਾਂ ਅੰਬਾ ਦੀ ਪਵਿੱਤਰ ਧਰਤੀ ’ਤੇ ਬੋਲਦਿਆਂ, ਉਨ੍ਹਾਂ ਨੇ ਮਹਿਲਾਵਾਂ, ਬੱਚਿਆਂ, ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ, ਨਾਲ ਹੀ ਦੇਸ਼ ਭਰ ਦੇ ਕਰੋੜਾਂ ਛੋਟੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਦੀ ਨਵੀਂ ਕਿਸ਼ਤ ਵੀ ਜਾਰੀ ਕੀਤੀ।
ਕਿਸਾਨਾਂ ਅਤੇ ਅੰਨਦਾਤਿਆਂ ਨੂੰ ਵਿਕਸਤ ਭਾਰਤ ਦਾ ਸਭ ਤੋਂ ਮਜ਼ਬੂਤ ਥੰਮ੍ਹ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਉਨ੍ਹਾਂ ਦੀ ਭਲਾਈ ਅਤੇ ਮਜ਼ਬੂਤੀ ਨੂੰ ਤਰਜੀਹ ਦਿੱਤੀ ਹੈ, ਅਤੇ 2013-14 ਦੇ ਮੁਕਾਬਲੇ ਦੇਸ਼ ਦਾ ਖੇਤੀਬਾੜੀ ਬਜਟ ਪੰਜ ਗੁਣਾ ਤੋਂ ਵੱਧ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਛੋਟੇ ਕਿਸਾਨਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਈ ਹੈ, ਗੁਜਰਾਤ ਵਿੱਚ 50 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 1,000 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕੀਤੇ ਗਏ ਹਨ, ਜਿਸ ਵਿੱਚ ਬਨਾਸਕਾਂਠਾ ਦੇ ਲੱਖਾਂ ਕਿਸਾਨ ਪਰਿਵਾਰਾਂ ਲਈ ਲਗਭਗ 50 ਕਰੋੜ ਰੁਪਏ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਲਗਭਗ 10 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਭੇਜੀ ਗਈ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਸਰਕਾਰ ਦੀਆਂ ਨੀਤੀਆਂ ਨਾਲ ਕਿਸਾਨਾਂ ਨੂੰ 50 ਲੱਖ ਕਰੋੜ ਰੁਪਏ ਤੋਂ ਵੱਧ ਮਿਲੇ ਹਨ ਜਾਂ ਉਨ੍ਹਾਂ ਦੀ ਬਚਤ ਹੋਈ ਹੈ। ਉਨ੍ਹਾਂ ਪੰਜ ਖਾਸ ਉਦਾਹਰਣਾਂ ਵਿੱਚੋਂ ਪਹਿਲੀ ਉਦਾਹਰਣ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਦੇ ਤਹਿਤ ਲਗਭਗ 4.5 ਲੱਖ ਕਰੋੜ ਰੁਪਏ ਸਿੱਧੇ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਛੋਟੇ ਕਿਸਾਨ ਖੇਤੀ ਕਰਨ ਵਾਲੇ ਭਾਈਚਾਰੇ ਦਾ 85 ਪ੍ਰਤੀਸ਼ਤ ਤੋਂ ਵੱਧ ਹਿੱਸਾ ਹਨ ਅਤੇ ਸਾਡੀ ਸਰਕਾਰ ਨੇ ਅਜਿਹੇ ਛੋਟੇ ਕਿਸਾਨਾਂ ਦਾ ਧਿਆਨ ਰੱਖਿਆ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਰਾਹੀਂ ਮਦਦ ਦਿੱਤੀ। ਪਿਛਲੇ ਕੁਝ ਸਾਲਾਂ ਵਿੱਚ ਅੰਤਰਰਾਸ਼ਟਰੀ ਅਨਿਸ਼ਚਿਤਤਾ ਦੇ ਵਿਚਕਾਰ ਆਲਮੀ ਖਾਦ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਵੱਲ ਇਸ਼ਾਰਾ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕਿਸਾਨ-ਪੱਖੀ ਸਰਕਾਰ ਨੇ ਕਿਸਾਨਾਂ ਨੂੰ ਕੀਮਤਾਂ ਦੇ ਵਾਧੇ ਤੋਂ ਬਚਾਇਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਸਰਕਾਰ ਨੇ ਇਸ ’ਤੇ ਲਗਭਗ 16 ਲੱਖ ਕਰੋੜ ਰੁਪਏ ਖਰਚ ਕੀਤੇ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਐੱਮਐੱਸਪੀ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਪਿਛਲੇ 12 ਸਾਲਾਂ ਵਿੱਚ, ਕਣਕ ਅਤੇ ਝੋਨੇ ਦੇ ਕਿਸਾਨਾਂ ਨੂੰ ਐੱਮਐੱਸਪੀ ਦੇ ਤੌਰ ’ਤੇ 24 ਲੱਖ ਕਰੋੜ ਰੁਪਏ ਤੋਂ ਵੱਧ ਮਿਲੇ ਹਨ।
ਪੀਐੱਮ ਫਸਲ ਬੀਮਾ ਯੋਜਨਾ' ਰਾਹੀਂ ਕਿਸਾਨਾਂ ਨੂੰ ਮਿਲੇ ਮਜ਼ਬੂਤ ਸੁਰੱਖਿਆ ਕਵਚ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਤੋਂ 12 ਸਾਲਾਂ ਵਿੱਚ ਕਿਸਾਨਾਂ ਨੂੰ ਫਸਲ ਬੀਮੇ ਦੇ ਮੁਆਵਜ਼ੇ ਵਜੋਂ 2 ਲੱਖ ਕਰੋੜ ਰੁਪਏ ਤੋਂ ਵੱਧ ਮਿਲੇ ਹਨ। ਇਸ ਦੇ ਨਾਲ ਹੀ, 'ਪੀਐੱਮ-ਕੁਸੁਮ ਯੋਜਨਾ' ਦੀ ਵਧਦੀ ਭੂਮਿਕਾ ਰਾਹੀਂ ਸਿੰਚਾਈ ਦਾ ਖਰਚਾ ਘਟਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਗਭਗ 12 ਲੱਖ ਸੋਲਰ ਪੰਪ ਵੰਡਣ ਨਾਲ ਜ਼ਿਆਦਾ ਬਿਜਲੀ ਪੈਦਾ ਹੋਈ ਹੈ ਅਤੇ ਲੱਖਾਂ ਕਿਸਾਨਾਂ ਦਾ 80 ਕਰੋੜ ਲੀਟਰ ਤੋਂ ਵੱਧ ਡੀਜ਼ਲ ਖਰੀਦਣ ਦਾ ਖਰਚਾ ਬਚਿਆ ਹੈ, ਜਿਸ ਨਾਲ ਸਿਰਫ਼ ਇਨ੍ਹਾਂ ਪੰਜ ਵੱਡੀਆਂ ਸਕੀਮਾਂ ਅਤੇ ਫ਼ੈਸਲਿਆਂ ਤੋਂ ਕੁੱਲ ਆਰਥਿਕ ਲਾਭ ਜਾਂ ਬਚਤ 50 ਲੱਖ ਕਰੋੜ ਰੁਪਏ ਹੋ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ 50 ਲੱਖ ਕਰੋੜ ਰੁਪਏ ਨੇ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਈ ਹੈ ਅਤੇ ਭਾਰਤ ਵਿੱਚ ਖੇਤੀ ਦੀ ਸਮਰੱਥਾ ਨੂੰ ਵਧਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਇੱਕ ਪਰੰਪਰਾ ਵੀ ਹੈ ਅਤੇ ਭਾਰਤੀ ਸੱਭਿਆਚਾਰ ਦਾ ਇੱਕ ਜ਼ਰੂਰੀ ਹਿੱਸਾ ਵੀ। ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਖੇਤੀ ਅਤੇ ਪਸ਼ੂ ਪਾਲਣ ਵਿੱਚ ਵਿਗਿਆਨ ਅਤੇ ਤਕਨੀਕ ਨੂੰ ਵੱਡੇ ਪੱਧਰ ’ਤੇ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਸੌਇਲ ਹੈਲਥ ਕਾਰਡ ਦੀ ਉਦਾਹਰਣ ਦਿੱਤੀ, ਜਿਸ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਲਈ ਜ਼ਰੂਰੀ ਖਾਦ ਦੀ ਸਹੀ ਤਰ੍ਹਾਂ ਅਤੇ ਮਾਤਰਾ ਤੈਅ ਕਰਨ ਵਿੱਚ ਪਹਿਲਾਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਅਤੇ ਦੇਸ਼ ਭਰ ਵਿੱਚ ਖੇਤੀ ਦੇ ਤਰੀਕਿਆਂ ਨੂੰ ਆਧੁਨਿਕ ਬਣਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਕੋਲ 26 ਕਰੋੜ ਤੋਂ ਵੱਧ ਸੌਇਲ ਹੈਲਥ ਕਾਰਡ ਹਨ।
ਇਹ ਮੰਨਦਿਆਂ ਕਿ ਮੌਸਮ ਦਾ ਬਦਲਦਾ ਪੈਟਰਨ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮੌਸਮ ਦੇ ਹਿਸਾਬ ਨਾਲ ਬੀਜਾਂ ਦੀਆਂ ਨਵੀਆਂ ਕਿਸਮਾਂ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪੀਐੱਮ ਮੋਦੀ ਨੇ ਕਿਹਾ, “ਹਾਲ ਹੀ ਦੇ ਸਾਲਾਂ ਵਿੱਚ, ਕਿਸਾਨਾਂ ਨੂੰ ਬੀਜਾਂ ਦੀਆਂ ਲਗਭਗ ਤਿੰਨ ਹਜ਼ਾਰ ਨਵੀਆਂ ਕਿਸਮਾਂ ਉਪਲਬਧ ਕਰਵਾਈਆਂ ਗਈਆਂ ਹਨ।”
ਪ੍ਰਧਾਨ ਮੰਤਰੀ ਨੇ ਪਸ਼ੂ ਪਾਲਣ ਨੂੰ ਪੇਂਡੂ ਅਰਥ-ਵਿਵਸਥਾ ਦਾ ਇੱਕ ਜ਼ਰੂਰੀ ਹਿੱਸਾ ਦੱਸਿਆ, ਜਿਸ ਵਿੱਚ ਪੇਂਡੂ ਮਹਿਲਾਵਾਂ ਦੀ ਵੱਡੀ ਹਿੱਸੇਦਾਰੀ ਹੈ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਡੇਅਰੀ ਅਤੇ ਪਸ਼ੂ ਧਨ ਸੈਕਟਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਨੂੰ ਸ਼ਾਮਲ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਚੰਗੀ ਨਸਲ ਦੇ ਜਾਨਵਰਾਂ ਨਾਲ ਦੁੱਧ ਦੀ ਪੈਦਾਵਾਰ ਵਧਦੀ ਹੈ, ਜਦੋਂ ਕਿ ਸਮੇਂ ਸਿਰ ਟੀਕਾਕਰਨ ਅਤੇ ਡਾਕਟਰੀ ਇਲਾਜ ਨਾਲ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਜੇਕਰ ਪਸ਼ੂ ਸਿਹਤਮੰਦ ਹੈ, ਤਾਂ ਮੇਰੇ ਪਸ਼ੂ ਪਾਲਕ ਭਰਾਵਾਂ-ਭੈਣਾਂ ਦੀ ਕਮਾਈ ਵੀ ਵਧੇਗੀ।”
ਦੇਸੀ ਜਾਨਵਰਾਂ ਦੇ ਬਚਾਅ ਅਤੇ ਵਿਗਿਆਨਕ ਪ੍ਰਜਨਨ ਨੂੰ ਹੁਲਾਰਾ ਦੇਣ ਵਿੱਚ ਰਾਸ਼ਟਰੀ ਗੋਕੁਲ ਮਿਸ਼ਨ' ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਨਾਸਕਾਂਠਾ ਵਿੱਚ ਨਵਾਂ ਬਣਿਆ ਰਿਸਰਚ ਸੈਂਟਰ ਦੇਸੀ ਗਾਂ ਦੀਆਂ ਨਸਲਾਂ ਜਿਵੇਂ ਕਿ ਗੀਰ, ਸਹੀਵਾਲ ਅਤੇ ਕਾਂਕਰੇਜ ਦੇ ਨਾਲ-ਨਾਲ ਮੇਹਸਾਣਾ, ਮੁਰ੍ਹਾ ਅਤੇ ਜਾਫ਼ਰਾਬਾਦੀ ਵਰਗੀਆਂ ਮੱਝਾਂ ਦੀਆਂ ਨਸਲਾਂ ਦੀ ਗੁਣਵੱਤਾ ਨੂੰ ਬਚਾ ਕੇ ਅਤੇ ਬਿਹਤਰ ਬਣਾ ਕੇ ਇਸ ਮਿਸ਼ਨ ਨੂੰ ਮਜ਼ਬੂਤ ਕਰੇਗਾ। ਇਹ ਕਾਂਕਰੇਜ ਨਸਲ ਲਈ ਦੇਸ਼ ਦੀ ਪਹਿਲੀ ਅਜਿਹੀ ਸੁਵਿਧਾ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕੋਈ ਕਿਸਾਨ ਜ਼ਿਆਦਾ ਦੁੱਧ ਦੇਣ ਵਾਲੀ, ਘੱਟ ਦੇਖਭਾਲ ਵਾਲੀ, ਸਿਹਤਮੰਦ ਗਾਂ ਦੇ ਗੁਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣਾ ਚਾਹੁੰਦਾ ਹੈ, ਤਾਂ ਆਈਵੀਐੱਫ ਵਰਗੀ ਆਧੁਨਿਕ ਤਕਨਾਲੋਜੀ ਉਨ੍ਹਾਂ ਨੇ ਬਿਹਤਰ ਗੁਣਾਂ ਨੂੰ ਅੱਗੇ ਵਧਾਉਣ ਦੀ ਸੰਭਾਵਨਾ ਨੂੰ ਵਧਾ ਦਿੰਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਪਸ਼ੂ ਪਾਲਕ ਕਿਸਾਨ ਨੂੰ ਇਸ ਦਾ ਸਿੱਧਾ ਫ਼ਾਇਦਾ ਮਿਲੇਗਾ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਨਵਰਾਂ ਨੂੰ ਖੁਰਪਕਾ-ਮੂੰਹਪਕਾ ਵਰਗੀਆਂ ਬਿਮਾਰੀਆਂ ਤੋਂ ਬਚਾਉਣਾ ਇੱਕ ਵੱਡੀ ਤਰਜੀਹ ਹੈ, ਕਿਉਂਕਿ ਅਜਿਹੀਆਂ ਬਿਮਾਰੀਆਂ ਜਾਨਵਰਾਂ ਦੀ ਸਿਹਤ ਅਤੇ ਦੁੱਧ ਦੇ ਉਤਪਾਦਨ ਦੋਵਾਂ ’ਤੇ ਅਸਰ ਪਾਉਂਦੀਆਂ ਹਨ। ਉਨ੍ਹਾਂ ਨੇ ਦੇਸ਼ ਭਰ ਵਿੱਚ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਲਗਭਗ 150 ਕਰੋੜ ਵੈਕਸੀਨ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਨਾਲ 8 ਕਰੋੜ ਤੋਂ ਵੱਧ ਕਿਸਾਨਾਂ ਦੇ ਜਾਨਵਰਾਂ ਨੂੰ ਮੁਫ਼ਤ ਟੀਕਾਕਰਨ ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਨਾਲ ਪਸ਼ੂ ਪਾਲਕਾਂ ’ਤੇ ਪੈਸੇ ਦਾ ਬੋਝ ਵੀ ਘੱਟ ਹੋਇਆ ਹੈ।”
ਡੇਅਰੀ ਉਤਪਾਦਨ ’ਤੇ ਇਨ੍ਹਾਂ ਉਪਰਾਲਿਆਂ ਦੇ ਸਾਫ਼ ਅਸਰ ਵੱਲ ਇਸ਼ਾਰਾ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ 2013-14 ਵਿੱਚ ਹਰ ਗਾਂ ਜਾਂ ਮੱਝ ਦਾ ਰੋਜ਼ਾਨਾ ਦਾ ਔਸਤ ਦੁੱਧ 5 ਲੀਟਰ ਤੋਂ ਵਧ ਕੇ ਅੱਜ ਲਗਭਗ 8 ਲੀਟਰ ਹੋ ਗਿਆ ਹੈ, ਜਿਸ ਨਾਲ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ ਦੁੱਧ ਉਤਪਾਦਨ ਦਰ ਹਾਸਲ ਕਰ ਰਿਹਾ ਹੈ ਅਤੇ ਪਿੰਡ ਦੇ ਕਿਸਾਨ ਪਰਿਵਾਰਾਂ ਨੂੰ ਫ਼ਾਇਦਾ ਹੋ ਰਿਹਾ ਹੈ। ਪੀਐੱਮ ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੁੱਧ ਉਤਪਾਦਨ ਵਿੱਚ ਦੁਨੀਆ ਵਿੱਚ ਨੰਬਰ ਵਨ ਹੈ।”
ਪਸ਼ੂ ਪਾਲਕਾਂ ਨੂੰ ਗਾਂ ਦੇ ਗੋਬਰ ਦੇ ਨਾਲ-ਨਾਲ ਦੁੱਧ ਤੋਂ ਵੀ ਕਮਾਈ ਕਰਨ ਵਿੱਚ ਮਦਦ ਕਰਨ ਦੇ ਸਰਕਾਰ ਦੇ ਵਾਅਦੇ ਨੂੰ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਬਰ ਅਤੇ ਖੇਤ ਦੇ ਬਚੇ ਹੋਏ ਹਿੱਸੇ ਤੋਂ ਬਾਇਓਗੈਸ, ਬਾਇਓ-ਸੀਐੱਨਜੀ ਅਤੇ ਔਰਗੈਨਿਕ ਖਾਦ ਬਣਾਉਣ ਲਈ ਬਨਾਸ ਡੇਅਰੀ ਵਰਗੀਆਂ ਸੰਸਥਾਵਾਂ ਦੀ ਜ਼ਰੂਰੀ ਮਦਦ ਨਾਲ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਦੋ ਬਾਇਓ-ਸੀਐੱਨਜੀ ਪਲਾਂਟਾਂ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਨੇ ਪਸ਼ੂਆਂ ਨੂੰ ਸਿਹਤਮੰਦ ਰੱਖਣ, ਦੁੱਧ ਦਾ ਉਤਪਾਦਨ ਵਧਾਉਣ ਅਤੇ ਗੋਬਰ ਦੀ ਪੂਰੀ ਵਰਤੋਂ ਯਕੀਨੀ ਬਣਾਉਣ ਦੇ ਸਾਫ਼ ਮਕਸਦ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਪਸ਼ੂ ਪਾਲਣ ਨੂੰ ਸਿਰਫ਼ ਇੱਕ ਪਰੰਪਰਾ ਨਹੀਂ, ਸਗੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪਿੰਡਾਂ ਨੂੰ ਬਿਹਤਰ ਬਣਾਉਣ ਦਾ ਇੱਕ ਮਜ਼ਬੂਤ ਜ਼ਰੀਆ ਬਣਾ ਰਹੇ ਹਾਂ।”
ਇਹ ਦੱਸਦਿਆਂ ਕਿ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿੱਚ ਪਿੰਡਾਂ ਵਿੱਚ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ, ਪ੍ਰਧਾਨ ਮੰਤਰੀ ਨੇ ਮੱਛੀ ਪਾਲਣ ਸੈਕਟਰ ਦੇ ਵੱਡੇ ਵਿਸਤਾਰ ਅਤੇ ਉਸ ਵਿੱਚ ਸਹਿਕਾਰੀ ਸੁਸਾਇਟੀਆਂ ਨੂੰ ਹੁਲਾਰਾ ਦੇਣ ਵੱਲ ਇਸ਼ਾਰਾ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਤੁਹਾਨੂੰ ਇਹ ਸੁਣ ਕੇ ਖ਼ੁਸ਼ੀ ਹੋਵੇਗੀ ਕਿ ਭਾਰਤ ਦਾ ਸੀ-ਫੂਡ ਨਿਰਯਾਤ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ।”
ਕਿਸਾਨਾਂ ਲਈ ਵਾਧੂ ਆਮਦਨ ਦਾ ਇੱਕ ਹੋਰ ਵੱਡਾ ਜ਼ਰੀਆ ਮਧੂ ਮੱਖੀ ਪਾਲਣ ਨੂੰ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਸ਼ਹਿਦ ਦਾ ਉਤਪਾਦਨ ਦੁੱਗਣਾ ਹੋ ਗਿਆ ਹੈ ਅਤੇ ਇਸ ਮਧੂ ਕ੍ਰਾਂਤੀ ਨੂੰ ਅੱਗੇ ਵਧਾਉਣ ਵਿੱਚ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਵਧਦੇ ਯੋਗਦਾਨ ਦੀ ਤਾਰੀਫ਼ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਤੁਹਾਨੂੰ ਇਹ ਜਾਣ ਕੇ ਮਾਣ ਹੋਵੇਗਾ ਕਿ ਸਾਡਾ ਦੇਸ਼ ਕੁਦਰਤੀ ਸ਼ਹਿਦ ਦਾ ਦੂਜਾ ਸਭ ਤੋਂ ਵੱਡਾ ਨਿਰਯਾਤਕ ਬਣ ਗਿਆ ਹੈ।”
7 ਅਕਤੂਬਰ, 2001 ਨੂੰ ਸਹੁੰ ਚੁੱਕਣ ਤੋਂ ਬਾਅਦ ਸਰਕਾਰ ਦੇ ਮੁਖੀ ਵਜੋਂ 25 ਸਾਲਾਂ ਦੀ ਸੇਵਾ ਪੂਰੀ ਹੋਣ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਹਰ ਗੁਜਰਾਤੀ ਤੋਂ ਮਿਲੇ ਅਪਾਰ ਪਿਆਰ ਅਤੇ ਮਾਰਗਦਰਸ਼ਨ ਨੂੰ ਯਾਦ ਕੀਤਾ, ਉਸ ਸਮੇਂ ਜਦੋਂ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਜਾਂ ਅਧਿਕਾਰਕ ਫ਼ਾਈਲਾਂ ਬਾਰੇ ਕੁਝ ਵੀ ਨਹੀਂ ਪਤਾ ਸੀ। ਉਨ੍ਹਾਂ ਨੇ ਇੱਕ ਗ਼ਰੀਬ ਪਰਿਵਾਰ ਦੇ ਵਿਅਕਤੀ ਨੂੰ, ਜਿਸ ਦੇ ਬਜ਼ੁਰਗਾਂ ਨੇ ਕਦੇ ਪਿੰਡ ਦਾ ਸਰਪੰਚ ਬਣਨ ਦਾ ਸੁਪਨਾ ਵੀ ਨਹੀਂ ਦੇਖਿਆ ਸੀ, ਪਹਿਲਾਂ ਗੁਜਰਾਤ ਅਤੇ ਫਿਰ ਦੇਸ਼ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅਤੇ ਪਿਆਰ ਤੋਂ ਵੀ ਵੱਧ, ਹਰ ਇੱਕ ਗੁਜਰਾਤੀ ਨੇ ਮੈਨੂੰ ਸਿਖਾਇਆ ਹੈ ਅਤੇ ਸਹੀ ਰਸਤੇ ’ਤੇ ਲੈ ਕੇ ਗਿਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਿਰਫ਼ ਦੋ ਹੀ ਗੱਲਾਂ ਜਾਣਦੇ ਹਨ—ਜਨਤਾ ਦੀ ਸੇਵਾ ਕਰਕੇ ਦੇਸ਼ ਦੀ ਸੇਵਾ ਕਰਨਾ ਅਤੇ ਗੁਜਰਾਤ ਦੇ ਵਿਕਾਸ ਰਾਹੀਂ ਦੇਸ਼ ਦਾ ਵਿਕਾਸ ਕਰਨਾ; ਬਾਕੀ ਸਭ ਕੁਝ ਉਨ੍ਹਾਂ ਨੇ ਲੋਕਾਂ ਤੋਂ ਸਿੱਖਿਆ ਹੈ। ਉਨ੍ਹਾਂ ਨੇ ਦੇਸ਼ ਲਈ ਜੋ ਕੁਝ ਵੀ ਹਾਸਲ ਕੀਤਾ ਹੈ, ਉਸ ਦਾ ਸਿਹਰਾ ਨਾਗਰਿਕਾਂ ਨੂੰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਇਸ ਲਈ ਮੈਂ ਜ਼ਿੰਦਗੀ ਭਰ ਤੁਹਾਡਾ ਕਰਜ਼ਦਾਰ ਰਹਾਂਗਾ ਅਤੇ ਜ਼ਿੰਦਗੀ ਦੇ ਆਖ਼ਰੀ ਪਲ ਤੱਕ ਤੁਹਾਡੀ ਸੇਵਾ ਵਿੱਚ ਲੱਗਿਆ ਰਹਾਂਗਾ।”
ਪ੍ਰਧਾਨ ਮੰਤਰੀ ਨੇ ਬਜ਼ੁਰਗ ਨਾਗਰਿਕਾਂ ਨੂੰ 25 ਸਾਲ ਪਹਿਲਾਂ ਇਸ ਇਲਾਕੇ ਵਿੱਚ ਪਾਣੀ ਅਤੇ ਬਿਜਲੀ ਦੀ ਬਹੁਤ ਜ਼ਿਆਦਾ ਕਮੀ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਕਿਵੇਂ ਲੋਕਾਂ ਨੇ ਦੋਵੇਂ ਸਾਧਨਾਂ ਨੂੰ ਬਚਾਉਣ ਦੀ ਉਨ੍ਹਾਂ ਦੀ ਅਪੀਲ ’ਤੇ ਧਿਆਨ ਦਿੱਤਾ ਅਤੇ ਆਪਣੇ ਹਾਲਾਤ ਇੰਨੇ ਵਧੀਆ ਤਰੀਕੇ ਨਾਲ ਬਦਲ ਦਿੱਤੇ ਕਿ ਉਹ ਪੁਰਾਣੀਆਂ ਮੁਸ਼ਕਲਾਂ ਹੁਣ ਸਿਰਫ਼ ਯਾਦਾਂ ਵਿੱਚ ਰਹਿ ਗਈਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਮੈਂ ਅੱਜ ਫਿਰ ਆਪ ਨੂੰ ਇਹੀ ਕਹਾਂਗਾ ਕਿ ਸਾਨੂੰ ਪਾਣੀ ਬਚਾਉਣਾ ਹੈ, ਬਿਜਲੀ ਬਚਾਉਣੀ ਹੈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਨਰਮਦਾ ਦੇ ਪਾਣੀ ਅਤੇ ਡ੍ਰਿੱਪ ਇਰੀਗੇਸ਼ਨ ਵਰਗੀ ਆਧੁਨਿਕ ਤਕਨੀਕ ਨੇ ਬਨਾਸਕਾਂਠਾ ਨੂੰ ਬਦਲ ਦਿੱਤਾ ਹੈ ਅਤੇ ਇਸ ਦੇ ਆਲੂ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਬਣਾ ਦਿੱਤਾ ਹੈ, ਨਾਲ ਹੀ ਬਨਾਸ ਡੇਅਰੀ ਨੇ ਸਹਿਕਾਰੀ ਅੰਦੋਲਨ ਨੂੰ ਕਾਸ਼ੀ ਅਤੇ ਉਸ ਤੋਂ ਅੱਗੇ ਤੱਕ ਵਧਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਫ੍ਰੈਂਚ-ਫ੍ਰਾਈਜ਼ ਬਣਾਉਣ ਵਾਲੇ ਆਲੂ ਪਲਾਂਟ ਦੀ ਸਮਰੱਥਾ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਆਲੂ ਦੀ ਜ਼ਿਆਦਾ ਖਰੀਦ ਹੋ ਸਕੇ। ਸ਼੍ਰੀ ਮੋਦੀ ਨੇ ਕਿਹਾ, “ਆਲੂ ਦੇ ਕਿਸਾਨਾਂ ਲਈ ਇਹ ਬਹੁਤ ਵੱਡੀ ਸੁਵਿਧਾ ਹੈ।”
ਫਲ ਅਤੇ ਸਬਜ਼ੀ ਉਗਾਉਣ ਵਾਲਿਆਂ ਲਈ ਚੱਲ ਰਹੇ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਬਾਰੇ ਦੱਸਦਿਆਂ, ਜਿਸ ਦੇ ਤਹਿਤ ਅੱਜ ਟਮਾਟਰ, ਆਲੂ, ਮਿਰਚ, ਅੰਗੂਰ, ਕੇਲਾ, ਪਿਆਜ਼, ਸੰਤਰਾ, ਅਨਾਰ ਅਤੇ ਕੋਕੋ ਲਈ 12 ਕਲੱਸਟਰ ਮਨਜ਼ੂਰ ਕੀਤੇ ਗਏ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਨਵੇਂ ਬਾਗ ਲਗਾਉਣ ਅਤੇ ਪੁਰਾਣੇ ਬਾਗਾਂ ਨੂੰ ਮੁੜ-ਸੁਰਜੀਤ ਕਰਨ ਲਈ ਸਬਸਿਡੀ ਮਿਲ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ, “ਉੱਤਰ ਗੁਜਰਾਤ ਵਿੱਚ ਮਿਲੇ ਦੋ ਕਲੱਸਟਰਾਂ ਨਾਲ ਬਨਾਸਕਾਂਠਾ ਅਤੇ ਸਾਬਰਕਾਂਠਾ ਦੇ ਆਲੂ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ।”
ਗੁਜਰਾਤ ਦੇ ਵਿਕਾਸ ਲਈ ਅੱਜ ਸ਼ੁਰੂ ਕੀਤੇ ਗਏ ਕਈ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਬਾਰੇ ਦੱਸਦਿਆਂ, ਪ੍ਰਧਾਨ ਮੰਤਰੀ ਨੇ ਦੋ ਨਵੀਆਂ ਰੇਲ ਸੇਵਾਵਾਂ, ਅਹਿਮਦਾਬਾਦ-ਵਾਰਾਣਸੀ ਸਾਬਰਮਤੀ ਐਕਸਪ੍ਰੈੱਸ ਅਤੇ ਮੇਹਸਾਣਾ-ਬੇਚਾਰਜੀ-ਸਾਬਰਮਤੀ ਮੇਮੂ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦੇ ਨਾਲ-ਨਾਲ ਅਹਿਮਦਾਬਾਦ ਮੈਟਰੋ ਦੇ ਵਿਸਤਾਰ ਅਤੇ ਜੀਆਈਐੱਫ਼ਟੀ ਸਿਟੀ ਅਤੇ ਏਅਰਪੋਰਟ ਨੂੰ ਜੋੜਨ ਵਾਲੇ ਮੈਟਰੋ ਪ੍ਰੋਜੈਕਟਾਂ ਦੀ ਨੀਂਹ ਰੱਖਣ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਅਹਿਮਦਾਬਾਦ-ਮੇਹਸਾਣਾ ਹਾਈਵੇਅ ਹੁਣ ਚਾਰ-ਲੇਨ ਤੋਂ ਅੱਠ-ਲੇਨ ਦਾ ਹੋ ਜਾਵੇਗਾ।”
ਅੱਜ ਰਾਜ ਦੇ ਬੱਚਿਆਂ ਲਈ ਸ਼ੁਰੂ ਕੀਤੇ ਗਏ ਨਵੇਂ ਸਮਾਜਿਕ ਭਲਾਈ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੂਰੇ ਗੁਜਰਾਤ ਵਿੱਚ 4,000 ਤੋਂ ਵੱਧ ਆਧੁਨਿਕ ਆਂਗਣਵਾੜੀਆਂ ਸ਼ੁਰੂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ, “ਇਸ ਨਾਲ ਲਗਭਗ 4 ਲੱਖ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਫ਼ਾਇਦਾ ਹੋਵੇਗਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਹਰ ਕੋਸ਼ਿਸ਼ ਦਾ ਮਕਸਦ ਇੱਕ ਵਿਕਸਤ ਭਾਰਤ ਬਣਾਉਣਾ ਹੈ, ਕਿਉਂਕਿ ਹਰ ਕਿਸਾਨ, ਨੌਜਵਾਨ, ਭੈਣ ਅਤੇ ਧੀ ਵਿਕਸਤ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕੁਝ ਲੋਕਾਂ ਨੂੰ ਇਹ ਤਰੱਕੀ ਪਸੰਦ ਨਹੀਂ ਹੈ ਅਤੇ ਉਹ ਦੇਸ਼ ਨੂੰ ਮੁਸ਼ਕਲ ਵਿੱਚ ਦੇਖਣਾ ਚਾਹੁੰਦੇ ਹਨ। ਸ੍ਰੀ ਮੋਦੀ ਨੇ ਕਿਹਾ, “ਜਦੋਂ ਦੇਸ਼ ’ਤੇ ਸੰਕਟ ਆਉਂਦਾ ਹੈ, ਤਾਂ ਉਹ ਖ਼ੁਸ਼ ਹੁੰਦੇ ਹਨ।”
ਈਰਾਨ ਅਤੇ ਖਾੜੀ ਦੇਸ਼ਾਂ ਵਿੱਚ ਚੱਲ ਰਹੇ ਯੁੱਧ ਦੀ ਉਦਾਹਰਣ ਦਿੰਦਿਆਂ, ਜਿਸ ਵਿੱਚ ਭਾਰਤ ਹਾਲਾਤ ਦਾ ਸਾਹਮਣਾ ਕਰਨ ਲਈ ਇੱਕਜੁੱਟ ਸੀ, ਜਦੋਂ ਕਿ ਕੁਝ ਲੋਕ ਕਿਸਾਨਾਂ ਨੂੰ ਖਾਦ ਦੀ ਕਮੀ ਅਤੇ ਮਹਿਲਾਵਾਂ ਨੂੰ ਗੈਸ ਸਪਲਾਈ ਬਾਰੇ ਡਰਾਉਣ ਲਈ ਅਫ਼ਵਾਹਾਂ ਫੈਲਾ ਰਹੇ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਪਲਾਨ ਉਨ੍ਹਾਂ ਨੂੰ ਬਦਨਾਮ ਕਰਨ ਲਈ ਦੇਸ਼ ਵਿੱਚ ਅਫ਼ਰਾ-ਤਫ਼ਰੀ ਮਚਾਉਣਾ ਸੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ, “ਜਦੋਂ ਭਾਰਤ ਇੱਕਜੁੱਟ ਹੋ ਕੇ ਇਸ ਦਾ ਸਾਹਮਣਾ ਕਰ ਰਿਹਾ ਸੀ, ਤਦ ਇਹ ਲੋਕ ਅਫ਼ਵਾਹਾਂ ਫੈਲਾਉਂਦੇ ਰਹੇ।”
ਕਿਸਾਨ ਭਾਈਚਾਰੇ ਨੂੰ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹੋਣ ਦਾ ਆਪਣਾ ਪੱਕਾ ਭਰੋਸਾ ਯਾਦ ਦਿਵਾਉਂਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਚੱਲ ਰਹੇ ਝਗੜੇ ਦੇ ਬਾਵਜੂਦ ਸਰਕਾਰ ਨੇ ਖੇਤੀ ਦੇ ਸਮਾਨ ਦੀ ਕਿਸੇ ਵੀ ਕਮੀ ਨਹੀਂ ਆਉਣ ਦਿੱਤੀ।
ਇਹ ਦੇਖਦਿਆਂ ਕਿ ਯੁੱਧ ਦੀ ਵਜ੍ਹਾ ਨਾਲ ਦੁਨੀਆ ਭਰ ਵਿੱਚ ਖਾਦ ਅਤੇ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਗਈਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਭਾਰਤੀ ਕਿਸਾਨਾਂ ਨੂੰ ਇਸ ਬੋਝ ਤੋਂ ਬਚਾਇਆ, ਦੁਨੀਆ ਭਰ ਵਿੱਚ 3,000 ਰੁਪਏ ਦੀ ਯੂਰੀਆ ਦੀ ਬੋਰੀ ਭਾਰਤ ਵਿੱਚ 300 ਰੁਪਏ ਤੋਂ ਘੱਟ ਵਿੱਚ ਦਿੱਤੀ, ਅਤੇ ਦੁਨੀਆ ਭਰ ਵਿੱਚ 5,000 ਰੁਪਏ ਤੋਂ ਵੱਧ ਦੀ ਡੀਏਪੀ ਦੀ ਬੋਰੀ ਸਿਰਫ਼ 1,350 ਰੁਪਏ ਵਿੱਚ ਦਿੱਤੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ, “ਦੇਸ਼ ਇਹ ਮਦਦ ਇਸ ਲਈ ਦੇ ਰਿਹਾ ਹੈ ਤਾਂ ਕਿ ਸਾਡਾ ਕਿਸਾਨ ਮਜ਼ਬੂਤ ਹੋਵੇ, ਅਤੇ ਕਿਸਾਨ ਦੀ ਜ਼ਿੰਦਗੀ ਬਿਹਤਰ ਹੋਵੇ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਤੇਜ਼ੀ ਨਾਲ ਵਿਕਾਸ ਅਨਿਸ਼ਚਿਤਤਾ ਨਾਲ ਭਰੀ ਦੁਨੀਆ ਨੂੰ ਨਵੀਂ ਉਮੀਦ ਦਿੰਦਾ ਹੈ ਅਤੇ ਇਸ ਦੇ ਲਈ ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਰਸਤੇ ’ਤੇ ਲਗਾਤਾਰ ਚਲਦੇ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਹੈ, ਜਦੋਂ ਪੂਰਾ ਦੇਸ਼ ਰਨ ਫਾਰ ਯੂਨਿਟੀ ਦੀਆਂ ਸ਼ਾਨਦਾਰ ਤਿਆਰੀਆਂ ਦੇ ਵਿਚਕਾਰ ਏਕਤਾ ਦੀ ਪ੍ਰੇਰਣਾ ਨਾਲ ਦੌੜਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਂ ਸਾਰੇ ਦੇਸ਼ਵਾਸੀਆਂ, ਖਾਸ ਕਰਕੇ ਆਪਣੇ ਨੌਜਵਾਨ ਸਾਥੀਆਂ ਨੂੰ, ਕੱਲ੍ਹ ਸਵੇਰੇ ਰਨ ਫਾਰ ਯੂਨਿਟੀ ਵਿੱਚ ਜੋਸ਼ ਨਾਲ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।”
31 ਅਕਤੂਬਰ ਨੂੰ ਏਕਤਾ ਨਗਰ ਵਿੱਚ ਹੋਣ ਵਾਲੇ ਸਾਲਾਨਾ ਏਕਤਾ ਸਮਾਰੋਹ ਦੇ ਸ਼ਡਿਊਲ ਵਿੱਚ ਬਦਲਾਅ ਵੱਲ ਇਸ਼ਾਰਾ ਕਰਦਿਆਂ, ਪ੍ਰਧਾਨ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਇਸ ਸਾਲ ਦਾ ਸਮਾਰੋਹ ਕੱਲ੍ਹ ਸ਼ਾਮ 5:30 ਵਜੇ ਵੱਡੇ ਪੈਮਾਨੇ ’ਤੇ ਹੋਵੇਗਾ, ਜਿਸ ਵਿੱਚ ਪੁਲਿਸ ਅਤੇ ਸੁਰੱਖਿਆ ਬਲ ਪਰੇਡ ਅਤੇ ਝਾਂਕੀਆਂ ਦਿਖਾਉਣਗੇ। ਉਨ੍ਹਾਂ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕੱਛ ਤੋਂ ਕਾਮਾਖਿਆ ਤੱਕ ਦੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਸਰਦਾਰ ਪਟੇਲ ਨੂੰ ਨਮਨ ਕਰਦਿਆਂ ਏਕ ਭਾਰਤ, ਸ਼੍ਰੇਸ਼ਠ ਭਾਰਤ' ਦਾ ਸੰਕਲਪ ਦੋਹਰਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਆਖ਼ਰ ਵਿੱਚ ਕਿਹਾ, “ਇਸੇ ਬੇਨਤੀ ਦੇ ਨਾਲ, ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਦੇ ਕੰਮਾਂ ਲਈ ਸ਼ੁਭਕਾਮਨਾਵਾਂ।”
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ