Posted On:
26 OCT 2026 6:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਕਤੂਬਰ, 2026 ਨੂੰ ਸ਼ਾਮ 5:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇਮਰਜਿੰਗ ਸਾਇੰਸ, ਟੈਕਨਾਲੋਜੀ ਐਂਡ ਇਨੋਵੇਸ਼ਨ ਕੋਨਕਲੇਵ 2026 ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਸਮਾਗਮ ਵਿੱਚ ਹਾਜ਼ਰ ਇਕੱਠ ਨੂੰ ਵੀ ਸੰਬੋਧਨ ਕਰਨਗੇ।
27 ਤੋਂ 29 ਅਕਤੂਬਰ ਤੱਕ ਚੱਲਣ ਵਾਲੇ ਇਸ ਤਿੰਨ ਰੋਜ਼ਾ ਕੋਨਕਲੇਵ ਵਿੱਚ ਪ੍ਰਮੁੱਖ ਵਿਗਿਆਨੀ, ਖੋਜਾਰਥੀ, ਅਕਾਦਮਿਕ ਮਾਹਰ, ਨੀਤੀ-ਘਾੜੇ, ਉਦਯੋਗ ਜਗਤ ਦੀਆਂ ਮੁੱਖ ਸ਼ਖ਼ਸੀਅਤਾਂ, ਸਟਾਰਟਅੱਪ ਅਤੇ ਅੰਤਰਰਾਸ਼ਟਰੀ ਮਾਹਰ ਇਕੱਠੇ ਹੋਣਗੇ। ਉਹ ਉੱਭਰਦੀਆਂ ਤਕਨਾਲੋਜੀਆਂ ਅਤੇ ਭਾਰਤ ਦੀ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਨਾਲ ਜੁੜੀਆਂ ਤਰਜੀਹਾਂ ’ਤੇ ਚਰਚਾ ਕਰਨਗੇ।
ਇਸ ਦੌਰਾਨ 12 ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਹੋਵੇਗਾ, ਜਿਨ੍ਹਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਬਾਇਓਟੈਕਨਾਲੋਜੀ, ਉੱਨਤ ਸਮੱਗਰੀ, ਨਿਰਮਾਣ ,ਸਿਹਤ ਸੰਭਾਲ, ਊਰਜਾ, ਜਲਵਾਯੂ ਅਤੇ ਮਹਾਸਾਗਰ ਵਿਗਿਆਨ ਸ਼ਾਮਲ ਹਨ। ਚਰਚਾ ਦਾ ਮੁੱਖ ਕੇਂਦਰ ਖੋਜ ਦੀਆਂ ਤਰਜੀਹਾਂ, ਰਾਸ਼ਟਰੀ ਸਮਰੱਥਾਵਾਂ ਅਤੇ ਵਿਗਿਆਨਕ ਤਰੱਕੀਆਂ ਨੂੰ ਵਿਹਾਰਕ ਵਰਤੋਂ ਵਿੱਚ ਲਿਆਉਣਾ ਹੋਵੇਗਾ।
ਇਸ ਕੋਨਕਲੇਵ ਵਿੱਚ ਤਕਨਾਲੋਜੀ ਅਤੇ ਨਵੀਨਤਾ ਦੀ ਇੱਕ ਵੱਡੀ ਪ੍ਰਦਰਸ਼ਨੀ ਵੀ ਹੋਵੇਗੀ, ਜਿਸ ਵਿੱਚ ਦੇਸ਼ ਦੀਆਂ ਵਿਗਿਆਨਕ ਪ੍ਰਾਪਤੀਆਂ ਅਤੇ ਉੱਭਰਦੀਆਂ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ ਲਗਭਗ 150 ਡੀਪ-ਟੈਕ ਸਟਾਰਟਅੱਪਸ ਦੇ ਸਟਾਲ ਹੋਣਗੇ, ਜੋ ਤਕਨੀਕੀ ਵਿਕਾਸ ਅਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਸੰਭਾਵੀ ਉਪਯੋਗਾਂ ਨੂੰ ਸਾਹਮਣੇ ਲਿਆਉਣਗੇ।
ਵਿਗਿਆਨਕ ਵਿਕਾਸ ਅਤੇ ਉਨ੍ਹਾਂ ਦੇ ਵਿਹਾਰਕ ਉਪਯੋਗਾਂ ਬਾਰੇ ਲੋਕਾਂ ਵਿੱਚ ਦਿਲਚਸਪੀ ਪੈਦਾ ਕਰਨ ਲਈ, ਇਸ ਕੋਨਕਲੇਵ ਵਿੱਚ ਥੀਮ-ਅਧਾਰਿਤ ਵੀਡੀਓ, ਤਕਨੀਕੀ ਪ੍ਰਦਰਸ਼ਨ, ਦਸਤਾਵੇਜ਼ੀ ਫ਼ਿਲਮਾਂ, ਅਤੇ ਸੂਚਨਾ ਕਿਓਸਕ, ਅਤੇ ਔਗਮੈਂਟੇਡ ਅਤੇ ਵਰਚੁਅਲ ਰਿਐਲਿਟੀ ਦੇ ਅਨੁਭਵ ਸ਼ਾਮਲ ਕੀਤੇ ਜਾਣਗੇ।
ਗਲੋਬਲ ਕਨੈਕਟ ਨੈੱਟਵਰਕਿੰਗ ਈਵੈਂਟ ਨਾਮ ਦੀ ਇੱਕ ਨਵੀਂ ਪਹਿਲ ਦੇ ਤਹਿਤ ਭਾਰਤ ਅਤੇ ਵਿਦੇਸ਼ਾਂ ਦੇ ਅਕਾਦਮਿਕ ਖੇਤਰ, ਖੋਜ ਸੰਸਥਾਵਾਂ ਅਤੇ ਉਦਯੋਗ ਜਗਤ ਤੋਂ 300 ਤੋਂ ਵੱਧ ਸੱਦੇ ਗਏ ਭਾਗੀਦਾਰ ਇੱਕਠੇ ਹੋਣਗੇ। ਇਹ ਮੰਚ ਅੰਤਰਰਾਸ਼ਟਰੀ ਖੋਜ ਭਾਈਵਾਲੀਆਂ, ਉਦਯੋਗ ਅਤੇ ਅਕਾਦਮਿਕ ਖੇਤਰ ਦੇ ਵਿਚਕਾਰ ਸਹਿਯੋਗ ਅਤੇ ਨਵੀਨਤਾਵਾਂ ਨੂੰ ਪ੍ਰਯੋਗਸ਼ਾਲਾਵਾਂ ਤੋਂ ਬਾਜ਼ਾਰ ਤੱਕ ਪਹੁੰਚਾਉਣ ਦੇ ਰਾਹਾਂ ’ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ