Posted On:
25 OCT 2026 3:22PM by PIB Chandigarh
ਮੋਦੀ ਸਰਕਾਰ ਨੇ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਕੀਤੀ। NCB ਦੁਆਰਾ ਚਲਾਏ ਗਏ 'ਆਪ੍ਰੇਸ਼ਨ ਟ੍ਰਾਈਡੈਂਟ' ਦੇ ਤਹਿਤ 38 ਟੀਮਾਂ ਨੇ ਅਸਾਮ, ਮਿਜ਼ੋਰਮ ਅਤੇ ਮਣੀਪੁਰ ਵਿੱਚ ਇੱਕੋ ਸਮੇਂ 38 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਨਸ਼ਿਆਂ ਵਿਰੁੱਧ ਮੋਦੀ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਅਤੇ ਜ਼ਬਤੀ-ਕੇਂਦ੍ਰਿਤ ਕਾਰਵਾਈ ਤੋਂ ਅੱਗੇ ਵਧ ਕੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਦੀ ਰਣਨੀਤੀ ਦੇ ਅਨੁਸਾਰ ਹੈ। ਤਿੰਨੋਂ ਰਾਜਾਂ ਵਿੱਚ ਕੇਂਦਰੀ ਏਜੰਸੀਆਂ ਅਤੇ ਰਾਜ ਪੁਲਿਸ ਬਲਾਂ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਅਤੇ ਵਿੱਤੀ ਸਿੰਡੀਕੇਟ ਵਿਰੁੱਧ ਵੱਡੇ ਪੱਧਰ ‘ਤੇ ਸਾਂਝਾ ਅਭਿਆਨ ਚਲਾਇਆ। 'ਨਾਰਕੋਟਿਕਸ ਕੰਟਰੋਲ ਵਿਜ਼ਨ ਡੌਕਿਊਮੈਂਟ (2026-2029)' ਦੇ ਮੁਤਾਬਕ, ਆਪ੍ਰੇਸ਼ਨ ਟ੍ਰਾਈਡੈਂਟ ਸਿਰਫ਼ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦੀ ਥਾਂ, ਪੂਰੇ ਨੈੱਟਵਰਕ ਨੂੰ ਤੋੜਨ ਅਤੇ ਉਨ੍ਹਾਂ ਦੇ ਵਿੱਤੀ ਸਰੋਤਾਂ ਨੂੰ ਖਤਮ ਕਰਨ ਦੀ ਨਵੀਂ ਰਣਨੀਤੀ ‘ਤੇ ਕੇਂਦ੍ਰਿਤ ਹੈ, ਜਿਸ ਨਾਲ ਅੰਤਰਰਾਸ਼ਟਰੀ ਤਸਕਰ ਗਿਰੋਹਾਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦਾ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਜਾਰੀ ਹੈ। ਸਾਡੀਆਂ ਏਜੰਸੀਆਂ ਨੇ ਅਸਾਮ, ਮਿਜ਼ੋਰਮ ਅਤੇ ਮਣੀਪੁਰ ਵਿੱਚ 38 ਥਾਵਾਂ ‘ਤੇ ਇੱਕੋ ਸਮੇਂ ਕਾਰਵਾਈ ਕਰਦੇ ਹੋਏ ਇੱਕ ਅੰਤਰਰਾਸ਼ਟਰੀ ਨਾਰਕੋ-ਕਾਰਟੇਲ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਵਿੱਚ 100 ਕਰੋੜ ਰੁਪਏ ਦੇ ਹਵਾਲਾ ਲੈਣ-ਦੇਣ ਦਾ ਪਤਾ ਲੱਗਿਆ, 1,424 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਅਤੇ 17.82 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ। ਆਪ੍ਰੇਸ਼ਨ ਦੌਰਾਨ, 500 ਡੇਟੋਨੇਟਰ ਅਤੇ 12 ਲੱਖ ਰੁਪਏ ਨਗਦ ਜ਼ਬਤ ਕੀਤੇ ਗਏ ਅਤੇ 18 ਲੋਕ ਗ੍ਰਿਫਤਾਰ ਕੀਤੇ ਗਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਨੈੱਟਵਰਕ 'Death Triangle Corridor' ਰਾਹੀਂ ਭਾਰਤ, ਮਿਆਂਮਾਰ ਅਤੇ ਬੰਗਲਾ ਦੇਸ਼ ਦੀਆਂ ਸਰਹੱਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ 31 ਦਸੰਬਰ 2029 ਤੱਕ ਨਸ਼ਿਆਂ ਦੇ ਹਰ ਇੱਕ ਨੈੱਟਵਰਕ ਨੂੰ ਜੜ੍ਹੋਂ ਖਤਮ ਕਰਨ ਦੇ ਭਾਰਤ ਦੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦੀ ਹੈ। ਨਸ਼ਿਆਂ ਦੇ ਇਨ੍ਹਾਂ ਤਸਕਰ ਗਿਰੋਹਾਂ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਹੋਣ ਤੱਕ ਭਾਰਤ ਇਨ੍ਹਾਂ ‘ਤੇ ਸਖਤੀ ਨਾਲ ਕਾਰਵਾਈ ਕਰਦਾ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਨੇ ਕੇਂਦਰੀ ਏਜੰਸੀਆਂ ਅਤੇ ਤਿੰਨੋਂ ਰਾਜਾਂ ਦੇ ਪੁਲਿਸ ਬਲਾਂ ਵਾਲੀ ਐਂਟੀ-ਨਾਰਕੋਟਿਕਸ ਟੀਮ ਨੂੰ ਵਧਾਈ ਦਿੱਤੀ।
‘ਆਪ੍ਰੇਸ਼ਨ ਟ੍ਰਾਈਡੈਂਟ’
ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ 23 ਅਕਤੂਬਰ 2026 ਦੀ ਸਵੇਰ ‘ਆਪ੍ਰੇਸ਼ਨ ਟ੍ਰਾਈਡੈਂਟ’ ਦੀ ਅਗਵਾਈ ਕੀਤੀ। ਵੱਖ-ਵੱਖ ਏਜੰਸੀਆਂ ਦੇ ਦਰਮਿਆਨ ਅਸਧਾਰਨ ਤਾਲਮੇਲ ਦਾ ਪ੍ਰਦਰਸ਼ਨ ਕਰਦੇ ਹੋਏ, NCB ਨੇ ਮਿਜ਼ੋਰਮ ਪੁਲਿਸ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨਾਲ ਸਟੀਕ ਤਾਲਮੇਲ ਸਥਾਪਿਤ ਕਰਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਗਿਰੋਹ ਦੀ ਸੰਚਾਲਨ ਗਤੀਵਿਧੀ ਅਤੇ ਵਿੱਤੀ ਅਧਾਰ ਨੂੰ ਖਤਮ ਕਰਨ ਲਈ ਵਿਆਪਕ ਅਤੇ ਇੱਕੋ ਸਮੇਂ ਕਾਰਵਾਈ ਸ਼ੁਰੂ ਕੀਤੀ। ‘ਆਪ੍ਰੇਸ਼ਨ ਟ੍ਰਾਈਡੈਂਟ’ ਮਿਜ਼ੋਰਮ ਵਿੱਚ ਨਸ਼ੀਲੇ ਪਦਾਰਥਾਂ ਦੇ ਵੱਡੇ ਤਸਕਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣ ਲਈ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਅਭਿਆਨ ਦੀ ਯੋਜਨਾ ਬਣਾਉਣ ਵਿੱਚ ਵੱਖ-ਵੱਖ ਸੰਸਥਾਵਾਂ ਦੇ ਦਰਮਿਆਨ ਉੱਤਮ ਤਾਲਮੇਲ ਦੀ ਇੱਕ ਆਦਰਸ਼ ਉਦਾਹਰਣ ਹੈ। ਕੇਂਦਰੀ ਅਤੇ ਰਾਜ ਦੀਆਂ ਲਾਗੂ ਕਰਨ ਏਜੰਸੀਆਂ ਦੇ ਵਿਚਕਾਰ ਕਈ ਦਿਨਾਂ ਤੱਕ ਗੁਪਤ ਖੁਫੀਆ ਸੂਚਨਾਵਾਂ ਦੇ ਏਕੀਕਰਣ, ਸਾਂਝੇ ਤੌਰ ‘ਤੇ ਟੀਚਿਆਂ ਦੀ ਪਛਾਣ ਅਤੇ ਉੱਚ ਪੱਧਰੀ ਬੈਠਕਾਂ ਤੋਂ ਬਾਅਦ ਸਾਵਧਾਨੀ ਨਾਲ ਇਸ ਅਭਿਆਨ ਦੀ ਯੋਜਨਾ ਬਣਾਈ ਗਈ। ਇਸ ਦਾ ਉਦੇਸ਼ ਤਸਕਰੀ ਗਿਰੋਹਾਂ ਦੇ ਲੌਜਿਸਟਿਕਸ ਸੈਂਟਰਾਂ ਅਤੇ ਉਨ੍ਹਾਂ ਦੇ ਅਵੈਧ ਵਿੱਤੀ ਨੈੱਟਵਰਕ ‘ਤੇ ਇੱਕੋ ਸਮੇਂ ਕਾਰਵਾਈ ਕਰਨਾ ਸੀ।
ਯੂਨੀਫਾਇਡ ਕਮਾਂਡ ਸਟ੍ਰਕਚਰ, ਅਧੀਨ ਸਟੀਕ ਰਣਨੀਤੀ ਨਾਲ ਕਾਰਵਾਈ ਕਰਦੇ ਹੋਏ ਉੱਤਰ ਪੂਰਬ ਦੇ ਤਿੰਨ ਰਾਜਾਂ, ਅਸਾਮ, ਮਿਜ਼ੋਰਮ ਅਤੇ ਮਣੀਪੁਰ ਵਿੱਚ ਪਹਿਲਾਂ ਤੋਂ ਚਿੰਨ੍ਹਿਤ 38 ਥਾਵਾਂ ‘ਤੇ ਵੱਖ-ਵੱਖ ਏਜੰਸੀਆਂ ਦੀਆਂ 38 ਸੰਯੁਕਤ ਟੀਮਾਂ ਨੇ ਇੱਕਠਿਆਂ ਕੰਮ ਕੀਤਾ। ਇਸ ਤਾਲਮੇਲ ਵਾਲੀ ਕਾਰਵਾਈ ਦੇ ਤਹਿਤ ਮੁੱਖ ਸ਼ਹਿਰੀ ਕੇਂਦਰਾਂ ਅਤੇ ਸੰਵੇਦਨਸ਼ੀਲ ਸਰਹੱਦੀ ਗਲਿਆਰਿਆਂ ਨੂੰ ਵਿਆਪਕ ਤੌਰ ‘ਤੇ ਕਵਰ ਕੀਤਾ ਗਿਆ। ਇਨ੍ਹਾਂ ਵਿੱਚ ਮਿਜ਼ੋਰਮ ਦੇ ਆਈਜ਼ੋਲ, ਚੰਫਾਈ ਅਤੇ ਭਾਰਤ-ਮਿਆਂਮਾਰ ਸਰਹੱਦ ‘ਤੇ ਮੌਜੂਦ ਰਣਨੀਤਕ ਵਪਾਰਕ ਕਸਬਾ ਜੋਖੌਧਰ ਸ਼ਾਮਲ ਸਨ। ਇਸ ਦੇ ਨਾਲ ਹੀ ਮਣੀਪੁਰ ਦੇ ਚੂੜਾਚਾਂਦਪੁਰ ਅਤੇ ਅਸਾਮ ਦੇ ਕਛਾਰ ਖੇਤਰ ਦੇ ਟ੍ਰਾਂਜ਼ਿਟ ਕੌਰੀਡੋਰ ਵਿੱਚ ਮੌਜੂਦ ਸਬੰਧਿਤ ਠਿਕਾਣਿਆਂ ‘ਤੇ ਵੀ ਕਾਰਵਾਈ ਕੀਤੀ ਗਈ। ਮੁਸ਼ਕਲ ਭੂਗੌਲਿਕ ਸਥਿਤੀਆਂ ਅਤੇ ਵਿਆਪਕ ਖੇਤਰ ਵਿੱਚ ਫੈਲੇ ਅਭਿਆਨ ਦੇ ਬਾਵਜੂਦ, ਵੱਖ-ਵੱਖ ਵਿਭਾਗਾਂ ਦੇ ਵਿਚਕਾਰ ਸ਼ਾਨਦਾਰ ਤਾਲਮੇਲ ਨੂੰ ਯਕੀਨੀ ਬਣਾਇਆ ਗਿਆ। ਇਸ ਦੇ ਸਿੱਟੇ ਵਜੋਂ, ਸਾਰੀ ਤਲਾਸ਼ੀ, ਪੁੱਛ-ਗਿੱਛ ਅਤੇ ਵਿੱਤੀ ਔਡਿਟ ਇਕੱਠੇ ਸੰਪੰਨ ਕੀਤੇ ਗਏ, ਜਿਸ ਨਾਲ ਸ਼ੱਕੀਆਂ ਨੂੰ ਫਰਾਰ ਹੋਣ ਜਾਂ ਅਵੈਧ ਸੰਪਤੀਆਂ ਨੂੰ ਲੁਕਾਉਣ ਦਾ ਮੌਕਾ ਨਹੀਂ ਮਿਲਿਆ।
ਸੰਖੇਪ ਪਿਛੋਕੜ: ਅੰਤਰਰਾਸ਼ਟਰੀ ਤਸਕਰੀ ਗਿਰੋਹ ਦਾ ਪਰਦਾਫਾਸ਼
ਇਹ ਬਹੁ-ਰਾਜੀ ਅਭਿਆਨ NCB, ਮਿਜ਼ੋਰਮ ਪੁਲਿਸ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੁਆਰਾ ਉਨ੍ਹਾਂ ਮਾਮਲਿਆਂ ਵਿੱਚ ਕੀਤੀ ਗਈ ਨਿਰੰਤਰ ਖੁਫੀਆ-ਅਧਾਰਿਤ ਜਾਂਚ ਦਾ ਨਤੀਜਾ ਹੈ, ਜਿਨ੍ਹਾਂ ਵਿੱਚ ਪੂਰੇ ਨੈੱਟਵਰਕ ਦੀ 360 ਡਿਗਰੀ ਜਾਂਚ ਲਈ ਅੱਗੇ ਅਤੇ ਪਿੱਛੇ ਦੇ ਸੰਪਰਕਾਂ ਦੀ ਪੜਤਾਲ ਕੀਤੀ ਗਈ। ਲਗਾਤਾਰ ਕੀਤੀ ਗਈ ਪੜਤਾਲ ਨਾਲ ਮਿਆਂਮਾਰ ਸਥਿਤ ਸਰਗਨਾ ਥਾਂਗਸਿੰਤੁਆਂਗ ਉਰਫ ਚਿੰਤੁਆਂਗ ਉਰਫ ਤਲੁਆਂਗਾ ਦੀ ਅਗਵਾਈ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਤਸਕਰੀ ਗਿਰੋਹ ਦਾ ਪਰਦਾਫਾਸ਼ ਹੋਇਆ। NCB, ਚੰਫਾਈ ਪੁਲਿਸ ਅਤੇ ਮਿਜ਼ੋਰਮ ਐਕਸਾਈਜ਼ ਡਿਪਾਰਟਮੈਂਟ ਵਿੱਚ NDPS ਐਕਟ ਦੇ ਤਹਿਤ ਦਰਜ 10 ਤੋਂ ਵੱਧ ਮਾਮਲਿਆਂ ਵਿੱਚ ਉਸ ਦੀ ਲੋੜ ਹੈ। ਉਹ ਮਿਆਂਮਾਰ-ਮੀਜ਼ੋਰਮ-ਮਣੀਪੁਰ-ਅਸਾਮ-ਤ੍ਰਿਪੁਰਾ ਗਲਿਆਰੇ ਰਾਹੀਂ ਮੇਥਾਮਫੇਟਾਮਾਇਨ ਅਤੇ ਹੈਰੋਇਨ ਦੀ ਭਾਰਤ ਦੇ ਮੁੱਖ ਭੂ-ਭਾਗ ਅਤੇ ਬੰਗਲਾ ਦੇਸ਼ ਵਿੱਚ ਸਰਹੱਦ ਪਾਰ ਤਸਕਰੀ ਦਾ ਸੰਚਾਲਨ ਕਰਦਾ ਸੀ। ਜਾਂਚ ਦੇ ਪਿਛਲੇ ਪੜਾਵਾਂ ਵਿੱਚ ਇਸ ਗਿਰੋਹ ਦੇ ਕਈ ਮੁੱਖ ਥੰਮ੍ਹਾਂ ਨੂੰ ਸਫਲਤਾਪੂਰਵਕ ਅਕਿਰਿਆਸ਼ੀਲ ਕੀਤਾ ਗਿਆ, ਜਿਨ੍ਹਾਂ ਵਿੱਚ:
- ਥਾਂਗਸਿੰਤੁਆਂਗ, ਉਰਫ਼ ਚਿੰਤੁਆਂਗ, ਉਰਫ਼ ਤਲੁਆਂਗਾ (ਸਰਗਨਾ): ਵੱਖ-ਵੱਖ ਰਾਜਾਂ ਵਿੱਚ ਸਖ਼ਤ ਨਿਗਰਾਨੀ, ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਲਗਾਤਾਰ ਕਾਰਵਾਈ ਤੋਂ ਬਾਅਦ ਉਸ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ।
- ਵੁੰਗਖਾਨਥੌਨਾ (ਮੁੱਖ ਸਹਿਯੋਗੀ): ਉਹ ਮਿਆਂਮਾਰ ਤੋਂ ਆਉਣ ਵਾਲੀਆਂ ਖੇਪਾਂ ਦੀ ਢੋਆ-ਢੁਆਈ ਅਤੇ ਪਹੁੰਚਾਉਣ ਦੇ ਕੰਮ ਦਾ ਤਾਲਮੇਲ ਕਰਨ ਵਾਲਾ ਕਰੀਬੀ ਸਹਿਯੋਗੀ ਸੀ। ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਸਖ਼ਤ 'PIT-NDPS' ਐਕਟ ਦੇ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ।
- ਲਲਰਮਪਾਰੀ (ਮੁੱਖ ਹਵਾਲਾ ਸੰਚਾਲਕ): ਇਸ ਨੂੰ NCB (ਨਾਰਕੋਟਿਕਸ ਕੰਟਰੋਲ ਬਿਊਰੋ) ਨੇ 08.08.2024 ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਲਗਭਗ 100 ਕਰੋੜ ਰੁਪਏ ਦੇ ਗੈਰ-ਕਾਨੂੰਨੀ ਹਵਾਲਾ ਲੈਣ-ਦੇਣ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਨਾਲ ਮਿਲ ਕੇ ਸਾਂਝੀ ਕਾਰਵਾਈ ਕੀਤੀ ਗਈ ਅਤੇ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀਆਂ ਗਈਆਂ ਸੰਪਤੀਆਂ ਨੂੰ ਫ੍ਰੀਜ਼ ਕੀਤਾ ਗਿਆ।
- ਅਬੂ ਸਾਲੇਹ, ਉਰਫ਼ ਸੈਫੂਉਦੀਨ (ਅਸਾਮ ਕੌਰੀਡੋਰ ਲਈ ਲੌਜਿਸਟਿਕਸ ਪ੍ਰਮੁੱਖ): ਇਸ ਨੂੰ 20.11.2025 ਨੂੰ ਅਸਾਮ ਦੇ ਕਛਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅਸਾਮ ਕੌਰੀਡੋਰ ਰਾਹੀਂ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਦਾ ਤਾਲਮੇਲ ਕਰਨ ਵਾਲਾ ਮੁੱਖ ਭਾਰਤੀ ਸੰਚਾਲਕ ਸੀ ਅਤੇ NDPS ਐਕਟ ਦੇ ਤਹਿਤ ਦਰਜ ਕਈ ਮਾਮਲਿਆਂ ਨਾਲ ਜੁੜਿਆ ਸੀ।
ਇਸ ਸਫਲ ਕਾਰਵਾਈ ਦੌਰਾਨ, ਵਿਸਤ੍ਰਿਤ ਵਿੱਤੀ ਵਿਸ਼ਲੇਸ਼ਣ ਅਤੇ ਡਿਜੀਟਲ ਫੌਰੈਂਸਿਕ ਜਾਂਚ ਰਾਹੀਂ ਸਹਿਯੋਗੀਆਂ, ਸ਼ੈੱਲ ਕੰਪਨੀਆਂ (ਫਰਜ਼ੀ ਕੰਪਨੀਆਂ) ਅਤੇ ਫੰਡਾਂ ਦੇ ਤਬਾਦਲੇ ਕਰਨ ਵਾਲੇ ਵਿਚੋਲਿਆਂ ਦਾ ਇੱਕ ਵਿਆਪਕ ਨੈੱਟਵਰਕ ਸਾਹਮਣੇ ਆਇਆ। ਇਸ ਦੇ ਮੱਦੇਨਜ਼ਰ, 'ਆਪ੍ਰੇਸ਼ਨ ਟ੍ਰਾਈਡੈਂਟ' (Operation Trident) ਦੇ ਤਹਿਤ ਵੱਡੇ ਪੱਧਰ 'ਤੇ ਤਾਲਮੇਲ ਵਾਲੀ ਕਾਰਵਾਈ ਕੀਤੀ ਗਈ।
*****
ਆਰਕੇ/ਆਰਆਰ/ਪੀਐੱਸ/ਏਕੇ