ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 15 ਅਕਤੂਬਰ ਨੂੰ ਏਸ਼ਿਆਈ ਖੇਡਾਂ 2026 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਦਲ ਨਾਲ ਗੱਲਬਾਤ ਕਰਨਗੇ

Posted On: 14 OCT 2026 3:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਕਤੂਬਰ 2026 ਨੂੰ ਸ਼ਾਮ ਲਗਭਗ 4:30 ਵਜੇ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਵਿਖੇ ਏਸ਼ਿਆਈ ਖੇਡਾਂ 2026 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਜਪਾਨ ਦੇ ਆਇਚੀ-ਨਾਗੋਯਾ ਵਿੱਚ ਆਯੋਜਿਤ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਤਮਗ਼ਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਅਤੇ 21 ਸੋਨੇ, 27 ਚਾਂਦੀ ਤੇ 37 ਕਾਂਸੀ ਦੇ ਤਮਗਿਆਂ ਸਮੇਤ ਕੁੱਲ 85 ਤਮਗੇ ਜਿੱਤੇ। ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਲਗਾਤਾਰ ਦੂਜੀ ਵਾਰ ਚੋਟੀ ਦੇ ਪੰਜ ਦੇਸ਼ਾਂ ਵਿੱਚ ਸਥਾਨ ਰਿਹਾ, ਜੋ ਖੇਡਾਂ ਦੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀ ਵਧਦੀ ਮੁਕਾਬਲਾਤਮਕ ਸਮਰੱਥਾ ਨੂੰ ਦਰਸਾਉਂਦਾ ਹੈ।

ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕਈ ਮਹੱਤਵਪੂਰਨ ਪ੍ਰਾਪਤੀਆਂ ਦਰਜ ਕੀਤੀਆਂ, ਜਿਨ੍ਹਾਂ ਵਿੱਚ ਰਿਕਰਵ ਤੀਰਅੰਦਾਜ਼ੀ ਵਿੱਚ ਇਤਿਹਾਸਕ ਪ੍ਰਦਰਸ਼ਨ, ਇੱਕੋ ਐਡੀਸ਼ਨ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਦੋਵਾਂ ਹਾਕੀ ਟੀਮਾਂ ਵੱਲੋਂ ਸੋਨੇ ਦੇ ਤਮਗੇ ਜਿੱਤਣਾ ਅਤੇ ਸਾਫਟ ਟੈਨਿਸ ਤੇ ਮਿਕਸਡ ਮਾਰਸ਼ਲ ਆਰਟਸ (ਐੱਮਐੱਮਏ) ਵਿੱਚ ਪਹਿਲੀ ਵਾਰ ਤਮਗੇ ਜਿੱਤਣਾ ਸ਼ਾਮਲ ਹੈ। ਹੋਰ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਮਹਿਲਾਵਾਂ ਦੇ ਟ੍ਰੈਪ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਸੋਨੇ ਦਾ ਤਮਗ਼ਾ, 28 ਸਾਲਾਂ ਦੇ ਵਕਫ਼ੇ ਮਗਰੋਂ ਏਸ਼ਿਆਈ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਮਗ਼ਾ ਅਤੇ ਗ੍ਰੀਕੋ-ਰੋਮਨ ਕੁਸ਼ਤੀ ਵਿੱਚ ਚਾਂਦੀ ਦਾ ਤਮਗ਼ਾ ਸ਼ਾਮਲ ਹਨ। ਇਸ ਨਾਲ ਇਸ ਖੇਡ ਵਿੱਚ ਭਾਰਤੀ ਖਿਡਾਰੀ ਦੇ ਫਾਈਨਲ ਵਿੱਚ ਪਹੁੰਚਣ ਦੀ 64 ਸਾਲਾਂ ਦੀ ਉਡੀਕ ਖ਼ਤਮ ਹੋਈ।

ਇਸ ਪ੍ਰੋਗਰਾਮ ਵਿੱਚ ਭਾਰਤੀ ਦਲ ਦੇ ਖਿਡਾਰੀ, ਉਨ੍ਹਾਂ ਦੇ ਕੋਚ ਅਤੇ ਸਹਾਇਕ ਸਟਾਫ਼, ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ, ਰਾਸ਼ਟਰੀ ਖੇਡ ਫੈਡਰੇਸ਼ਨਾਂ ਦੇ ਨੁਮਾਇੰਦੇ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹੋਣਗੇ।

******

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2323411) ਵਿਜ਼ੀਟਰ ਕਾਊਂਟਰ : 8