ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜੈਗੋਪਾਲ ਗਾਰੋਡੀਆ ਹਿੰਦੂ ਵਿਦਿਆਲਿਆ ਦੇ ਗੋਲਡਨ ਜੁਬਲੀ ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 11 OCT 2026 6:40PM by PIB Chandigarh

ਤਾਮਿਲਨਾਡੂ ਦੇ ਰਾਜਪਾਲ ਸ਼੍ਰੀ ਰਾਜੇਂਦਰ ਆਰਲੇਕਰ ਜੀ, ਡਾਕਟਰ ਐੱਲ. ਮੁਰੂਗਨ ਜੀ, ਥਿਰੂ ਰਾਜਮੋਹਨ ਜੀ, ਥਿਰੂ ਨੈਨਾਰ ਨਾਗੇਂਦਰਨ ਜੀ, ਡਾਕਟਰ ਗਿਰਿਜਾ ਸ਼ੇਸ਼ਾਦਰੀ ਅੰਮਾ ਜੀ, ਥਿਰੂ ਆਰ. ਆਰ. ਗੋਪਾਲ ਜੀ, ਮੇਰੇ ਨੌਜਵਾਨ ਸਾਥੀਓ, ਅਧਿਆਪਕੋ ਅਤੇ ਮਾਪਿਓ, ਤਾਮਿਲ ਭੈਣੋ ਅਤੇ ਭਰਾਵੋ, ਵਣੱਕਮ!

 

ਸਾਥੀਓ,

 

ਅੱਜ ਨਰਾਤਿਆਂ ਦੇ ਪਹਿਲੇ ਦਿਨ, ਸ਼ਿਵ ਅਤੇ ਸ਼ਕਤੀ ਦੀ ਪਵਿੱਤਰ ਧਰਤੀ ਤਾਮਿਲਨਾਡੂ ਆਉਣ ਦਾ ਇਹ ਸੁਭਾਗ, ਅਤੇ, ਮਾਂ ਸਰਸਵਤੀ ਦੇ ਸਾਧਕਾਂ  ਨੂੰ ਮਿਲਣ ਦਾ ਇਹ ਮੌਕਾ, ਮੇਰੇ ਲਈ ਨਰਾਤਿਆਂ ਦੀ ਇਹ ਬਹੁਤ ਹੀ ਕਮਾਲ ਦੀ ਸ਼ੁਰੂਆਤ ਹੈ। ਮੈਂ ਮੇਰੇ ਨੌਜਵਾਨ ਸਾਥੀਆਂ ਦਾ ਇਹ ਉਤਸ਼ਾਹ ਵੀ ਦੇਖ ਰਿਹਾ ਹਾਂ। ਇਹ ਜੋ ਹਾਂ ਪੱਖੀ ਊਰਜਾ ਹੈ, ਇਹ ਜੋ ਉਤਸ਼ਾਹ ਹੈ, ਮੈਂ ਉਸ ਨੂੰ ਮਹਿਸੂਸ ਕਰ ਰਿਹਾ ਹਾਂ। ਮੈਨੂੰ ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਵਿੱਚ ਭਾਰਤ ਦਾ ਭਵਿੱਖ ਦਿਖਾਈ ਦੇ ਰਿਹਾ ਹੈ।

 

ਮੈਂ ਆਪਣੀ ਗੱਲ ਸ਼ੁਰੂ ਕਰਾਂ, ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਅੱਜ ਚੇਨੱਈ ਵਿੱਚ ਤਾਂ ਮੈਂ ਸਮੇਂ ਤੋਂ ਵੀ 10 ਮਿੰਟ ਪਹਿਲਾਂ ਲੈਂਡ ਕਰ ਗਿਆ ਸੀ, ਪਰ ਪ੍ਰੋਗਰਾਮਾਂ ਦੀ ਰੂਪ-ਰੇਖਾ ਅਤੇ ਉਸ ਵਿੱਚ ਕੁਝ ਨਾ ਕੁਝ ਦੇਰੀ ਹੁੰਦੀ ਗਈ ਅਤੇ ਉਸ ਕਾਰਨ ਤੁਹਾਡੇ ਵਿਚਕਾਰ ਆਉਣ ਵਿੱਚ ਮੈਨੂੰ ਦੇਰੀ ਹੋਈ। ਮੈਂ ਦੇਰੀ ਨਾਲ ਪਹੁੰਚਿਆ, ਤੁਹਾਨੂੰ ਪਰੇਸ਼ਾਨੀ ਹੋਈ, ਇਸ ਲਈ ਮੈਂ ਤੁਹਾਡੇ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ।

 

ਸਾਥੀਓ,

 

ਅੱਜ ਦਾ ਨੌਜਵਾਨ ‘ਵਿਕਸਿਤ ਭਾਰਤ’ ਦੀ ਦੂਰਅੰਦੇਸ਼ੀ ਦੀ ਤਾਕਤ ਬਣਨਾ ਚਾਹੁੰਦਾ ਹੈ। ਵਿਕਸਿਤ ਭਾਰਤ ਲਈ ਜੋ ਨਵੇਂ ਆਈਡੀਆਜ਼ ਚਾਹੀਦੇ ਹਨ, ਜੋ ਨਵੇਂ ਹੱਲ ਚਾਹੀਦੇ ਹਨ, ਉਨ੍ਹਾਂ ਨਾਲ ਭਾਰਤ ਹੀ ਨਹੀਂ, ਦੁਨੀਆ ਦਾ ਭਵਿੱਖ ਵੀ ਤੈਅ ਹੋਵੇਗਾ। ਅੱਜ, ਦੁਨੀਆ ਹੱਲ ਲੱਭ ਰਹੀ ਹੈ। ਅਤੇ ਤੁਹਾਡੇ ਕੋਲ ਉਹ ਹੱਲ ਦੇਣ ਕਰਨ ਦੀ ਸਮਰੱਥਾ ਹੈ।

 

ਸਾਥੀਓ,

 

ਅੱਜ ਭਾਰਤ ਵਿੱਚ ਕਈ ਮੌਕੇ ਹਨ, ਮੈਂ ਚਾਹੁੰਦਾ ਹਾਂ ਕਿ ਹਰ ਨੌਜਵਾਨ ਆਪਣੇ ਭਵਿੱਖ ਨੂੰ ਉਸੇ ਵੱਡੇ ਪੱਧਰ ’ਤੇ ਦੇਖੇ। ਕਿਉਂਕਿ, ਇਹ ਤੁਹਾਡਾ ਸਮਾਂ ਹੈ। ਇਹ ਤੁਹਾਡਾ ਸਮਾਂ ਹੈ, ਇਹ ਤੁਹਾਡਾ ਮੌਕਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਇਹ ਸੁਪਨਾ ਪੂਰਾ ਹੋ ਕੇ ਰਹੇਗਾ। ਰਲ ਕੇ, ਅਸੀਂ ਇਹ ਕਰਾਂਗੇ!

 

ਰਲ ਕੇ, ਅਸੀਂ ਇਹ ਕਰਾਂਗੇ!

 

ਰਲ ਕੇ, ਅਸੀਂ ਇਹ ਕਰਾਂਗੇ!

 

ਰਲ ਕੇ, ਅਸੀਂ ਇਹ ਕਰਾਂਗੇ!

 

ਸਾਥੀਓ,

 

ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣ ਇੱਥੇ ਆਇਆ ਹਾਂ, ਇਸ ਪਿੱਛੇ ਵੀ ਇੱਕ ਦਿਲਚਸਪ ਪ੍ਰੇਰਨਾ ਹੈ। ਸਾਡੀ ਗਿਰਿਜਾ ਅੰਮਾ, ਕੁਝ ਮਹੀਨੇ ਪਹਿਲਾਂ ਹੀ ਮੈਨੂੰ ਕੁਝ ਬੱਚਿਆਂ ਨਾਲ ਨਾਗਰਕੋਇਲ ਵਿੱਚ ਮਿਲੇ ਸਨ। ਉਨ੍ਹਾਂ ਦੀ ਲਗਨ, ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਦੇਸ਼ ਦੇ ਭਵਿੱਖ ਲਈ ਉਨ੍ਹਾਂ ਦਾ ਸਮਰਪਣ, ਉਸ ਨੇ ਮੇਰੇ ਮਨ ’ਤੇ ਇੱਕ ਅਜਿਹੀ ਛਾਪ ਛੱਡੀ ਜੋ ਕਦੇ ਭੁਲਾਈ ਨਹੀਂ ਜਾ ਸਕਦੀ। ਉਸੇ ਮੁਲਾਕਾਤ ਵਿੱਚ ਉਨ੍ਹਾਂ ਨੇ ਮੈਨੂੰ ਇਸ ਗੋਲਡਨ ਜੁਬਲੀ ਸਮਾਗਮ ਲਈ ਸੱਦਾ ਦਿੱਤਾ ਸੀ। ਇੱਕ ਤਾਂ ਉਨ੍ਹਾਂ ਦਾ ਪਿਆਰ, ਦੂਜਾ ਇਸ ਇਤਿਹਾਸਕ ਸੰਸਥਾ ਪ੍ਰਤੀ ਮੇਰੀ ਭਾਵਨਾ, ਮੈਂ ਉਦੋਂ ਹੀ ਪੱਕਾ ਕਰ ਲਿਆ ਸੀ ਕਿ ਮੈਂ ਇਸ ਪ੍ਰੋਗਰਾਮ ਵਿੱਚ ਜ਼ਰੂਰ ਆਵਾਂਗਾ। ਮੈਂ ਇਸ ਮੌਕੇ ਵਿਸ਼ਵ ਹਿੰਦੂ ਵਿੱਦਿਆ ਕੇਂਦਰ ਅਤੇ ਪੂਰੇ ਹਿੰਦੂ ਵਿਦਿਆਲਿਆ ਪਰਿਵਾਰ ਨੂੰ, 50 ਸਾਲਾਂ ਦੇ ਇਸ ਸ਼ਾਨਦਾਰ ਸਫ਼ਰ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਵਿਸ਼ਵ ਹਿੰਦੂ ਵਿੱਦਿਆ ਕੇਂਦਰ ਅੱਜ ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ। ਇਹ ਮੁਕਾਮ ਜਿੰਨਾ ਵੱਡਾ ਹੈ, ਇਸ ਦਾ ਸਫ਼ਰ ਵੀ ਓਨਾ ਹੀ ਪ੍ਰੇਰਨਾਦਾਇਕ ਹੈ। 1975 ਵਿੱਚ ਚੇਨੱਈ ਦੇ ‘ਵੈਸਟ ਮਾਂਬਲਮ’, ਇੱਕ ਛੋਟੇ ਜਿਹੇ ਸਕੂਲ ਵਜੋਂ ਇਸ ਸੰਸਥਾ ਦੀ ਸ਼ੁਰੂਆਤ ਹੋਈ ਸੀ। ਉਸ ਸਮੇਂ ਇਸ ਵਿੱਚ ਸਿਰਫ਼ ਸੱਤ ਵਿਦਿਆਰਥੀ ਸਨ। ਅੱਜ ਵਰਗੀਆਂ ਸਹੂਲਤਾਂ ਵੀ ਨਹੀਂ ਸਨ। ਪੱਕੀ ਇਮਾਰਤ ਵੀ ਨਹੀਂ ਸੀ। ਸਾਧਨ ਵੀ ਸੀਮਤ ਸਨ। ਪਰ, ਇੱਕ ਚੀਜ਼ ਸੀ, ਪੱਕਾ ਇਰਾਦਾ, ਅਤੇ ਅਟੁੱਟ ਸੇਵਾ ਭਾਵਨਾ! ਇਸੇ ਲਈ, ਇਹ ਸੰਸਥਾ ਹਰ ਔਕੜ ਦੇ ਬਾਵਜੂਦ ਅੱਗੇ ਵਧਦੀ ਰਹੀ। ਸਮੇਂ ਦੇ ਨਾਲ ਇਹ ਛੋਟੀ ਜਿਹੀ ਕੋਸ਼ਿਸ਼ ਇੰਨੀ ਵੱਡੀ ਵਿੱਦਿਅਕ ਮੁਹਿੰਮ ਬਣ ਗਈ। ਅੱਜ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਵਿੱਚ ਤੁਹਾਡੀਆਂ 15 ਸੰਸਥਾਵਾਂ ਹਨ।

 

ਸਾਥੀਓ,

 

ਮੈਂ ਇਸ ਮੌਕੇ ’ਤੇ ਸ਼੍ਰੀ ਜੈਗੋਪਾਲ ਗਾਰੋਡੀਆ ਜੀ ਦੇ ਯੋਗਦਾਨ ਨੂੰ ਵੀ ਸਤਿਕਾਰ ਨਾਲ ਯਾਦ ਕਰਦਾ ਹਾਂ। ਉਨ੍ਹਾਂ ਨੇ ਸਕੂਲ ਦੀ ਇਮਾਰਤ ਬਣਾਉਣ ਵਿੱਚ ਅਹਿਮ ਸਹਿਯੋਗ ਦਿੱਤਾ। ਅੱਜ ਮੈਂ ਉਨ੍ਹਾਂ ਸਾਰੇ ਅਧਿਆਪਕਾਂ, ਮੁਲਾਜ਼ਮਾਂ, ਮਾਪਿਆਂ ਅਤੇ ਸਾਬਕਾ ਵਿਦਿਆਰਥੀਆਂ ਦਾ ਵੀ ਸਨਮਾਨ ਕਰਦਾ ਹਾਂ, ਜਿਨ੍ਹਾਂ ਨੇ ਹਿੰਦੂ ਵਿਦਿਆਲਿਆ ਦੇ ਇਸ ਸਫ਼ਰ ਨੂੰ ਸਫਲ ਬਣਾਇਆ ਹੈ। 50 ਸਾਲਾਂ ਦਾ ਸਮਰਪਣ। 50 ਸਾਲਾਂ ਦੀ ਵਚਨਬੱਧਤਾ। 50 ਸਾਲਾਂ ਤੋਂ ਨੌਜਵਾਨ ਜ਼ਿੰਦਗੀਆਂ ਨੂੰ ਸੰਵਾਰਨਾ।

 

ਸਾਥੀਓ,

 

ਇੱਕ ਸੰਸਥਾ ਕਿਵੇਂ ਸਿੱਖਿਆ ਦੇ ਨਾਲ-ਨਾਲ ਦੇਸ਼ ਭਗਤ ਨਾਗਰਿਕ ਤਿਆਰ ਕਰਦੀ ਹੈ, ਇਹ ਥਾਂ ਉਸ ਦੀ ਵੀ ਇੱਕ ਮਿਸਾਲ ਹੈ। ਮੈਂ ਆਪਣੇ ‘ਮਨ ਕੀ ਬਾਤ’ ਵਿੱਚ ਵੀ ਇਸ ਦੀ ਚਰਚਾ ਕੀਤੀ ਸੀ, ਕਿ ਕਿਵੇਂ ਗਿਰਿਜਾ ਅੰਮਾ ਨੇ ਬੱਚਿਆਂ ਨੂੰ ਇੱਕ ਆਈਡੀਆ ਦਿੱਤਾ ਕਿ ਹਰ ਬੱਚਾ ਰੋਜ਼ ਸਿਰਫ਼ ਇੱਕ ਰੁਪਿਆ ਬਚਾਵੇ। ਅਤੇ ਉਸ ਨੂੰ ਦੇਸ਼ ਦੇ ਫ਼ੌਜੀਆਂ ਲਈ ਸਮਰਪਿਤ ਕਰੇ। ਜਦੋਂ ਹਜ਼ਾਰਾਂ ਬੱਚੇ ਇਸ ਸੰਕਲਪ ਨਾਲ ਜੁੜੇ, ਤਾਂ ਲਗਭਗ 40 ਲੱਖ ਰੁਪਏ ਇਕੱਠੇ ਕਰ ਲਏ ਗਏ। ਸੱਚਮੁੱਚ, ਕਿੰਨੀ ਪ੍ਰੇਰਨਾਦਾਇਕ ਮਿਸਾਲ ਹੈ!

 

ਸਾਥੀਓ,

 

ਛੋਟੇ ਯੋਗਦਾਨ ਵੱਡਾ ਫ਼ਰਕ ਲਿਆ ਸਕਦੇ ਹਨ। ਇੱਕ ਛੋਟੀ ਜਿਹੀ ਕੋਸ਼ਿਸ਼ ਵੀ ਬਹੁਤ ਵੱਡਾ ਅਸਰ ਕਰਦੀ ਹੈ। ਆਫ਼ਤ ਦੇ ਸਮੇਂ ਲੋੜਵੰਦਾਂ ਦੀ ਮਦਦ ਕਰਨੀ ਹੋਵੇ, ਜਾਂ ਸਾਫ਼-ਸਫ਼ਾਈ ਨਾਲ ਜੁੜੇ ਯਤਨ ਹੋਣ, ਇਹ ਸੰਸਕਾਰ ਹੀ ਹਿੰਦੂ ਵਿਦਿਆਲਿਆ ਪਰਿਵਾਰ ਦੀ ਮਹਾਨ ਵਿਰਾਸਤ ਹਨ।

 

ਸਾਥੀਓ,

 

ਅੱਜ ਇਸ ਮੌਕੇ ’ਤੇ ਮੈਂ ਮਹਾਨ ਸੰਤ ਤਿਰੂਵੱਲੂਵਰ ਜੀ ਨੂੰ ਵੀ ਯਾਦ ਕਰਾਂਗਾ। ਉਨ੍ਹਾਂ ਦੀਆਂ ਸਿੱਖਿਆਵਾਂ ਤੁਹਾਡੇ ਸਾਰੇ ਵਿਦਿਆਰਥੀਆਂ ਲਈ ਬਹੁਤ ਅਹਿਮ ਹਨ। ਹਾਲ ਹੀ ਵਿੱਚ ਮੈਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਤਿਰੁਕੁਰਲ ਦਾ ਰੂਸੀ ਅਨੁਵਾਦ ਭੇਟ ਕਰਨ ਦਾ ਮੌਕਾ ਮਿਲਿਆ ਸੀ। ਤਿਰੁਕੁਰਲ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਕਮਾਲ ਦਾ ਮਾਰਗਦਰਸ਼ਕ ਹੈ, ਜੋ ਉਮਰ ਭਰ ਕੁਝ ਨਵਾਂ ਸਿੱਖਦੇ ਰਹਿਣਾ ਚਾਹੁੰਦੇ ਹਨ। ਤਿਰੂਵੱਲੂਵਰ ਜੀ ਆਪਣੇ ਇੱਕ ਬਹੁਤ ਮਸ਼ਹੂਰ ਕੁਰਲ ਵਿੱਚ ਸਾਨੂੰ ਸਿਖਾਉਂਦੇ ਹਨ ਕਿ ਕੁਝ ਸਿੱਖਣ ਦੇ ਨਾਲ ਹੀ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਵੀ ਜ਼ਰੂਰੀ ਹੈ। ਅਤੇ ਇਹ ਤੁਹਾਡੇ ਸਾਰੇ ਵਿਦਿਆਰਥੀਆਂ ਲਈ ਵੀ ਬਹੁਤ ਵੱਡੀ ਸਿੱਖਿਆ ਹੈ।

 

ਸਾਥੀਓ,

 

ਤੁਸੀਂ ਸਾਰਿਆਂ ਨੇ ਮਹਾਕਵੀ ਭਾਰਤੀਯਾਰ ਨੂੰ ਵੀ ਬਹੁਤ ਪੜ੍ਹਿਆ ਹੋਵੇਗਾ। ਮਹਾਕਵੀ ਭਾਰਤੀਯਾਰ ਦੇ ਜੀਵਨ ਵਿੱਚ ਕਾਸ਼ੀ ਦੀ ਵੀ ਬਹੁਤ ਵੱਡੀ ਭੂਮਿਕਾ ਸੀ। ਕਾਸ਼ੀ ਦੇ ਅਧਿਆਤਮਕ ਅਤੇ ਰਾਸ਼ਟਰੀ ਚੇਤਨਾ ਨਾਲ ਭਰੇ ਮਾਹੌਲ ਦਾ ਉਨ੍ਹਾਂ ਦੇ ਵਿਚਾਰਾਂ ’ਤੇ ਡੂੰਘਾ ਅਸਰ ਪਿਆ।

 

ਸਾਥੀਓ,

 

ਮੈਂ ਕਾਸ਼ੀ ਦਾ ਸੰਸਦ ਮੈਂਬਰ ਹਾਂ, ਕਾਸ਼ੀ ਦੇ ਲੋਕ ਅੱਜ ਵੀ ਮਹਾਕਵੀ ਭਾਰਤੀਯਾਰ ਨੂੰ ਯਾਦ ਕਰਦੇ ਹਨ। ਉਨ੍ਹਾਂ ਦੇ ਸ਼ਬਦ, ‘ਅਚਮਿੱਲਈ, ਅਚਮਿੱਲਈ’ (ਨਿਡਰਤਾ), ਸਾਨੂੰ ਨਿਡਰ ਹੋ ਕੇ ਜਿਊਣ ਦੀ ਪ੍ਰੇਰਨਾ ਦਿੰਦੇ ਹਨ। ਇਸ ਲਈ ਮੈਂ ਇੱਥੇ ਤੁਹਾਡੇ ਸਾਰੇ ਨੌਜਵਾਨਾਂ ਨੂੰ ਵੀ ਕਹਾਂਗਾ, ਤੁਸੀਂ ਨਿਡਰ ਹੋ ਕੇ ਖ਼ੁਦ ਨੂੰ ਇੱਕ ਮੌਕਾ ਜ਼ਰੂਰ ਦਿਓ। ਆਪਣੇ ਆਈਡੀਆ ’ਤੇ ਕੰਮ ਕਰਕੇ ਦੇਖੋ। ਵੱਡੇ ਸੁਪਨੇ ਲਓ। ਕੁਝ ਵੱਖਰਾ ਸੋਚੋ। ਅਤੇ, ਨਿਡਰ ਬਣੋ।

 

ਸਾਥੀਓ,

 

ਭਾਰਤ ਬਾਰੇ ਮੇਰੀ ਆਪਣੀ ਸਮਝ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਦੌਰਿਆਂ ਅਤੇ ਉੱਥੋਂ ਦੇ ਲੋਕਾਂ ਤੋਂ ਸਿੱਖਣ ਦੇ ਤਜਰਬਿਆਂ ਤੋਂ ਬਣੀ ਹੈ। ਨੱਬੇ ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਮੈਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ‘ਏਕਤਾ ਯਾਤਰਾ’ ਦਾ ਵੀ ਹਿੱਸਾ ਰਿਹਾ ਸੀ। ਗਿਰਿਜਾ ਅੰਮਾ ਨਾਲ ਮੇਰੀ ਪਹਿਲੀ ਜਾਣ-ਪਛਾਣ ਉਸੇ ਏਕਤਾ ਯਾਤਰਾ ਦੌਰਾਨ ਹੋਈ ਸੀ। ਉਦੋਂ ਤੋਂ ਸਾਡੀ ਇਹ ਜਾਣ-ਪਛਾਣ ਬਣੀ ਹੋਈ ਹੈ।

 

ਸਾਥੀਓ,

 

ਮੇਰੀਆਂ ਯਾਤਰਾਵਾਂ ਨੇ ਮੈਨੂੰ ਭਾਰਤ ਦੀ ਵਿਭਿੰਨਤਾ ਨੂੰ ਨੇੜਿਓਂ ਸਮਝਣ ਦਾ ਮੌਕਾ ਦਿੱਤਾ। ਮੇਰੇ ਜੀਵਨ ਵਿੱਚ ਤਾਮਿਲ ਭਾਸ਼ਾ ਅਤੇ ਤਾਮਿਲ ਸੱਭਿਆਚਾਰ ਲਈ ਜੋ ਪਿਆਰ ਹੈ, ਇਹ ਵੀ ਇਨ੍ਹਾਂ ਤਜਰਬਿਆਂ ਤੋਂ ਹੀ ਪੈਦਾ ਹੋਇਆ ਹੈ।

 

ਦੋਸਤੋ,

 

ਇਸੇ ਲਈ, ਮੈਂ ਤੁਹਾਨੂੰ ਭਾਰਤ ਦੀ ਖੋਜ ਕਰਨ ਲਈ ਪ੍ਰੇਰਿਤ ਕਰਦਾ ਹਾਂ। ਤੁਸੀਂ ਜਿੱਥੇ ਵੀ ਜਾਓ, ਤਾਮਿਲ ਸੱਭਿਆਚਾਰ ਨੂੰ ਆਪਣੇ ਨਾਲ ਲੈ ਕੇ ਜਾਓ। ਦੋਸਤਾਂ ਨਾਲ ਤਾਮਿਲ ਕਵਿਤਾਵਾਂ, ਕਹਾਣੀਆਂ ਅਤੇ ਰਵਾਇਤਾਂ ਸਾਂਝੀਆਂ ਕਰੋ। ਅਜਿਹੇ ਲੋਕਾਂ ਨਾਲ ਦੋਸਤੀ ਕਰੋ ਜਿਨ੍ਹਾਂ ਦਾ ਪਿਛੋਕੜ ਤੁਹਾਡੇ ਤੋਂ ਵੱਖਰਾ ਹੋਵੇ। ਸਾਡੇ ਦੇਸ਼ ਦੀ ਏਕਤਾ ਤੁਹਾਡੀਆਂ ਬਣਾਈਆਂ ਦੋਸਤੀਆਂ ਨਾਲ ਹੀ ਮਜ਼ਬੂਤ ਹੁੰਦੀ ਹੈ।

 

ਸਾਥੀਓ,

 

ਅੱਜ ਦੀ ਨਵੀਂ ਪੀੜ੍ਹੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜੋ ਮੌਕੇ ਮਿਲ ਰਹੇ ਹਨ, ਇਹ ਆਪਣੇ ਆਪ ਵਿੱਚ ਬੇਮਿਸਾਲ ਹੈ। ਤੁਸੀਂ ਦੇਖੋ, ਅੱਜ ਦੇਸ਼ ਵਿੱਚ ਸਿੱਖਿਆ ਦਾ ਪੂਰਾ ਮਾਹੌਲ ਬਦਲ ਰਿਹਾ ਹੈ। 2014 ਵਿੱਚ ਭਾਰਤ ਵਿੱਚ ਕਰੀਬ 750 ਯੂਨੀਵਰਸਿਟੀਆਂ ਸਨ। ਅੱਜ ਇਨ੍ਹਾਂ ਦੀ ਗਿਣਤੀ 1300 ਤੋਂ ਵੀ ਪਾਰ ਹੋ ਗਈ ਹੈ। ਕਾਲਜਾਂ ਦੀ ਗਿਣਤੀ ਵੀ ਕਰੀਬ 38 ਹਜ਼ਾਰ ਤੋਂ ਵਧ ਕੇ 52 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ। ਪਿਛਲੇ ਸਾਲਾਂ ਵਿੱਚ ਦੇਸ਼ ਨੂੰ ਕਈ ਨਵੇਂ ਆਈਆਈਟੀਜ਼, ਆਈਆਈਐੱਮਜ਼, ਟ੍ਰਿਪਲ-ਆਈਟੀਜ਼ ਅਤੇ ਏਮਜ਼ ਮਿਲੇ ਹਨ।

 

ਸਾਥੀਓ,

 

ਅੱਜ ਨਵੀਂ ਸਿੱਖਿਆ ਨੀਤੀ ਨਾਲ ਦੇਸ਼ ਵਿੱਚ ਸਿੱਖਿਆ ਦਾ ਮਿਆਰ ਵੀ ਬਿਹਤਰ ਹੋ ਰਿਹਾ ਹੈ। ਭਾਰਤੀ ਸੰਸਥਾਵਾਂ ਦੀ ਆਲਮੀ ਪਛਾਣ ਵੀ ਲਗਾਤਾਰ ਵਧ ਰਹੀ ਹੈ। 2015 ਦੀਆਂ ‘ਕਿਊਐੱਸ ਰੈਂਕਿੰਗਜ਼’  ਵਿੱਚ ਭਾਰਤ ਦੀਆਂ ਸਿਰਫ਼ 14 ਯੂਨੀਵਰਸਿਟੀਆਂ ਸਨ। ਤਾਜ਼ਾ ਰੈਂਕਿੰਗ ਵਿੱਚ ਇਹ ਗਿਣਤੀ ਵਧ ਕੇ 52 ਹੋ ਗਈ ਹੈ। ਇਨ੍ਹਾਂ ਅੰਕੜਿਆਂ ਦਾ ਮਤਲਬ ਬਹੁਤ ਸਿੱਧਾ ਹੈ। ਵਧੇਰੇ ਸੰਸਥਾਵਾਂ। ਵਧੇਰੇ ਵਿਕਲਪ। ਅਤੇ, ਤੁਹਾਡੇ ਲਈ ਵਧੇਰੇ ਮੌਕੇ।

 

ਸਾਥੀਓ,

 

ਹਰ ਨੌਜਵਾਨ ਦੇ ਆਪਣੇ ਵੱਖ-ਵੱਖ ਸੁਪਨੇ ਵੀ ਹੁੰਦੇ ਹਨ, ਆਪਣਾ ਵੱਖਰਾ ਹੁਨਰ ਵੀ ਹੁੰਦਾ ਹੈ। ਉਦਾਹਰਣ ਵਜੋਂ, ਤੁਹਾਡੇ ਵਿੱਚੋਂ ਸ਼ਾਇਦ ਕਈ ਸਾਥੀ ਅਜਿਹੇ ਹੋਣਗੇ ਜੋ ਖੇਡਾਂ ਨੂੰ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋਣਗੇ ਅਤੇ ਇਸ ਲਈ ਦੇਸ਼ ਵੀ ਇਹ ਯਕੀਨੀ ਬਣਾ ਰਿਹਾ ਹੈ ਕਿ ਖੇਡਾਂ ਸਿਰਫ਼ ਮਨੋਰੰਜਨ ਤੱਕ ਸੀਮਤ ਨਾ ਰਹਿਣ। ਇਸੇ ਲਈ, ਅੱਜ ਭਾਰਤ ਵਿੱਚ ਖੇਡਾਂ ਲਈ ਨਵੀਂਆਂ ਸਹੂਲਤਾਂ ਬਣ ਰਹੀਆਂ ਹਨ। ਨੌਜਵਾਨ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਸਹਿਯੋਗ ਮਿਲ ਰਿਹਾ ਹੈ। ਅਤੇ ਅੰਤਰਰਾਸ਼ਟਰੀ ਖੇਡਾਂ ਦੀ ਦੁਨੀਆ ਵਿੱਚ ਭਾਰਤ ਦਾ ਕੱਦ ਵੀ ਲਗਾਤਾਰ ਵਧ ਰਿਹਾ ਹੈ।

 

ਸਾਥੀਓ,

 

ਭਾਰਤ 2030 ਦੀਆਂ ਰਾਸ਼ਟਰਮੰਡਲ ਖੇਡਾਂ  ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ ਹੈ। ਅਸੀਂ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਸੁਪਨਾ ਵੀ ਲੈ ਕੇ ਅੱਗੇ ਵਧ ਰਹੇ ਹਾਂ। ਆਉਣ ਵਾਲੇ ਸਾਲਾਂ ਵਿੱਚ ਦੁਨੀਆ ਦੇ ਵੱਡੇ ਖੇਡ ਈਵੈਂਟਸ ਭਾਰਤ ਵਿੱਚ ਹੋਣਗੇ। ਇਸ ਲਈ, ਭਾਰਤ ਦੇ ਨੌਜਵਾਨਾਂ ਕੋਲ ਹੁਣ ਪਲੇਟਫ਼ਾਰਮ ਵੀ ਹੈ, ਸਮਰੱਥਾ ਵੀ ਹੈ, ਅਤੇ ਸਹਿਯੋਗ ਵੀ ਹੈ। ਇਸ ਦਾ ਮਤਲਬ ਹੈ ਕਿ ਮੌਕੇ ਬੇਅੰਤ ਹਨ! ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਪੀੜ੍ਹੀ ਭਾਰਤ ਨੂੰ ਖੇਡਾਂ ਦੀ ਦੁਨੀਆ ਵਿੱਚ ਵੀ ਨਵੀਂਆਂ ਉਚਾਈਆਂ ’ਤੇ ਲੈ ਕੇ ਜਾਵੇਗੀ।

 

ਸਾਥੀਓ,

 

ਅੱਜ ਤੁਹਾਡੇ ਸਾਰਿਆਂ ਵਿਚਕਾਰ ਆ ਕੇ, ਤੁਹਾਡੇ ਸੁਪਨਿਆਂ ਨੂੰ ਮਹਿਸੂਸ ਕਰਕੇ, ਮੇਰਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਮੈਂ ਇਹ ਕਹਿ ਸਕਦਾ ਹਾਂ ਕਿ ਭਾਰਤ ਦਾ ਭਵਿੱਖ ਬਹੁਤ ਸ਼ਾਨਦਾਰ ਹੋਵੇਗਾ। ਅਤੇ ਉਸ ਭਵਿੱਖ ਦੇ ਸਭ ਤੋਂ ਵੱਡੇ ਹੀਰੋ, ਤੁਸੀਂ ਹੋ। ਮੈਨੂੰ ਤੁਹਾਡੇ ਹੁਨਰ ’ਤੇ ਭਰੋਸਾ ਹੈ। ਤੁਹਾਡੇ ਆਤਮ-ਵਿਸ਼ਵਾਸ ’ਤੇ ਭਰੋਸਾ ਹੈ। ਤੁਹਾਡੀ ਕਾਬਲੀਅਤ ’ਤੇ ਭਰੋਸਾ ਹੈ। ਅਤੇ ਇਸ ਲਈ, ਅੱਜ ਮੈਂ ਤੁਹਾਡੇ ਸਾਰਿਆਂ ਨਾਲ ਕੁਝ ਵੱਡੇ ਸੰਕਲਪ ਦੁਹਰਾਉਣਾ ਚਾਹੁੰਦਾ ਹਾਂ। ਹੁਣ ਮੈਂ ਜੋ ਬੋਲਾਂਗਾ ਉਸ ਤੋਂ ਬਾਅਦ ਤੁਸੀਂ ਦੁਹਰਾਉਣਾ ਹੈ- ਅਸੀਂ ਇਹ ਕਰਾਂਗੇ! ਦੁਹਰਾਓਗੇ ਨਾ ਪੱਕਾ!

 

2047 ਤੱਕ ਵਿਕਸਿਤ ਭਾਰਤ।

 

2047 ਤੱਕ ਵਿਕਸਿਤ ਭਾਰਤ। ਅਸੀਂ ਇਹ ਕਰਾਂਗੇ!

 

ਮੇਰੇ ਨਾਲ ਕਹੋ: ਅਸੀਂ ਇਹ ਕਰਾਂਗੇ!

 

2047 ਤੱਕ ਵਿਕਸਿਤ ਭਾਰਤ, ਅਸੀਂ ਇਹ ਕਰਾਂਗੇ!

 

ਦੁਨੀਆ ਦੀਆਂ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣਾ, ਅਸੀਂ ਇਹ ਕਰਾਂਗੇ!

 

ਆਤਮ-ਨਿਰਭਰ ਭਾਰਤ, ਅਸੀਂ ਇਹ ਕਰਾਂਗੇ!

 

ਆਲਮੀ ਨਿਰਮਾਣ ਹੱਬ, ਅਸੀਂ ਇਹ ਕਰਾਂਗੇ!

 

ਓਲੰਪਿਕ ਖੇਡਾਂ ਦੀ ਮੇਜ਼ਬਾਨੀ, ਅਸੀਂ ਇਹ ਕਰਾਂਗੇ!

 

ਚੰਦਰਮਾ ’ਤੇ ਭਾਰਤੀ, ਅਸੀਂ ਇਹ ਕਰਾਂਗੇ!

 

ਹਾਂ, ਅਸੀਂ ਇਹ ਕਰਾਂਗੇ! ਅਸੀਂ ਇਹ ਕਰਾਂਗੇ!

 

ਵਿਕਸਿਤ ਤਾਮਿਲਨਾਡੂ: ਅਸੀਂ ਇਹ ਕਰਾਂਗੇ!

 

ਵਿਕਸਿਤ ਤਾਮਿਲਨਾਡੂ: ਅਸੀਂ ਇਹ ਕਰਾਂਗੇ!

 

ਵਿਕਸਿਤ ਭਾਰਤ: ਅਸੀਂ ਇਹ ਕਰਾਂਗੇ!

 

ਤੁਹਾਡਾ ਬਹੁਤ-ਬਹੁਤ ਧੰਨਵਾਦ।

 

ਨੰਦਰੀ, ਵਣੱਕਮ!

 

ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਲਗਭਗ ਅਨੁਵਾਦ ਹੈ। ਅਸਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।

****

 

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ


(Release ID: 2322069) ਵਿਜ਼ੀਟਰ ਕਾਊਂਟਰ : 8