ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ‘ਵਿਸ਼ਵਸੰਚਾਰ ਹਿੰਦੂਤਵ ਕਾ’ ਕਿਤਾਬ ਜਾਰੀ ਕੀਤੀ, ਕਿਹਾ - ਹਿੰਦੂਤਵ ਕਿਸੇ ਦੇ ਵਿਰੁੱਧ ਨਹੀਂ ਹੈ, ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ
“ਇੱਕ ਸਭਿਅਤਾ ਉਦੋਂ ਵਿਕਸਤ ਹੁੰਦੀ ਹੈ ਜਦੋਂ ਉਹ ਆਪਣੇ ਬੁਨਿਆਦੀ ਮੁੱਲਾਂ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਬਰਕਰਾਰ ਰੱਖਦਿਆਂ ਤਬਦੀਲੀ ਨੂੰ ਅਪਣਾਉਂਦੀ ਹੈ”: ਉਪ-ਰਾਸ਼ਟਰਪਤੀ
“ਆਰ.ਐੱਸ.ਐੱਸ. ਇੱਕ ਛੋਟੀ ਜਿਹੀ ਸ਼ੁਰੂਆਤ ਤੋਂ ਵਧ ਕੇ ਇੱਕ ਵਿਸ਼ਵ-ਵਿਆਪੀ ਸੰਗਠਨ ਬਣ ਗਿਆ ਹੈ”: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਭਾਰਤ ਦੀ ਅਮੀਰ ਸਭਿਅਤਾ ਵਿਰਾਸਤ ਨੂੰ ਪੜ੍ਹਨ, ਸਵਾਲ ਕਰਨ ਅਤੇ ਸਮਝਣ ਦਾ ਸੱਦਾ ਦਿੱਤਾ
Posted On:
24 SEP 2026 5:47PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਉਪ-ਰਾਸ਼ਟਰਪਤੀ ਭਵਨ ਵਿਖੇ ‘ਸਪਤਾਹਿਕ ਵਿਵੇਕ’ ਵੱਲੋਂ ਪ੍ਰਕਾਸ਼ਿਤ ਕਿਤਾਬ ‘ਵਿਸ਼ਵ ਸੰਚਾਰ ਹਿੰਦੂਤਵ ਕਾ’ ਜਾਰੀ ਕੀਤੀ।
ਇਸ ਮੌਕੇ ’ਤੇ ਬੋਲਦਿਆਂ, ਉਪ-ਰਾਸ਼ਟਰਪਤੀ ਨੇ 1948 ਵਿੱਚ ਸਥਾਪਿਤ ‘ਸਪਤਾਹਿਕ ਵਿਵੇਕ’ ਦੇ ਲੰਬੇ ਇਤਿਹਾਸ ਅਤੇ ਮਹਾਰਾਸ਼ਟਰ ਦੇ ਸਮਾਜਿਕ, ਸੱਭਿਆਚਾਰਕ ਅਤੇ ਜਨਤਕ ਜੀਵਨ ਵਿੱਚ ਇਸ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤੀ ਸੱਭਿਆਚਾਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਅਤੇ ਮਹੱਤਵਪੂਰਨ ਸਮਾਜਿਕ ਮੁੱਦਿਆਂ ’ਤੇ ਕਿਤਾਬਾਂ ਅਤੇ ਖੋਜ-ਅਧਾਰਿਤ ਸਾਹਿਤ ਪ੍ਰਕਾਸ਼ਿਤ ਕਰਨ ਦੀ ਇਸ ਦੀ ਪਰੰਪਰਾ ਦੀ ਸ਼ਲਾਘਾ ਕੀਤੀ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਕਿਤਾਬ ਦਾ ਪ੍ਰਕਾਸ਼ਨ ਅਜਿਹੇ ਸਹੀ ਸਮੇਂ ’ਤੇ ਹੋਇਆ ਹੈ ਜਦੋਂ 1925 ਵਿੱਚ ਨਾਗਪੁਰ ਵਿੱਚ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਵੱਲੋਂ ਸਥਾਪਿਤ ਰਾਸ਼ਟਰੀ ਸਵੈਮ ਸੇਵਕ ਸੰਘ ਆਪਣੇ 100 ਸਾਲ ਪੂਰੇ ਕਰ ਕਰ ਚੁੱਕਾ ਹੈ ।
ਉਨ੍ਹਾਂ ਕਿਹਾ, “ਮੇਰਾ ਸੰਘ ਨਾਲ ਬਹੁਤ ਪੁਰਾਣਾ ਸਬੰਧ ਰਿਹਾ ਹੈ, ਇਸ ਲਈ ਇਸ ਕਿਤਾਬ ਦੇ ਰਿਲੀਜ਼ ਹੋਣ ਮੌਕੇ ਹਿੱਸਾ ਲੈਣਾ ਮੇਰੇ ਲਈ ਬਹੁਤ ਮਾਣ ਅਤੇ ਸਨਮਾਨ ਦੀ ਗੱਲ ਹੈ।”
ਉਪ-ਰਾਸ਼ਟਰਪਤੀ ਨੇ ਕਿਹਾ ਕਿ ਆਰ.ਐੱਸ.ਐੱਸ.ਦੀ ਸਥਾਪਨਾ ਸੱਭਿਆਚਾਰਕ ਹਿੰਦੂਤਵ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ ਅਤੇ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਨੇ ਹਿੰਦੂਤਵ ਅਤੇ ਸੰਘ ਵਿਚਕਾਰ ਅਟੁੱਟ ਸਬੰਧ ’ਤੇ ਜ਼ੋਰ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਸ਼ਤਾਬਦੀ ਵਰ੍ਹਾ ਇੱਕ ਅਜਿਹਾ ਮੌਕਾ ਹੈ, ਜਦੋਂ ਇੱਕ ਲੰਮੇ ਸਮੇਂ ਤੋਂ ਵਿਕਸਤ ਹੋਏ ਇਸ ਸੰਗਠਨ ਦੇ ਇਤਿਹਾਸ, ਵਿਚਾਰਾਂ ਅਤੇ ਕਾਰਜ-ਪ੍ਰਣਾਲੀ ’ਤੇ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਘ ਦੀ ਕਾਰਜ-ਪ੍ਰਣਾਲੀ ਸਮੇਂ ਦੀ ਪਰੀਖਿਆ ’ਤੇ ਖਰੀ ਉੱਤਰੀ ਹੈ, ਜਿਸ ਨਾਲ ਇਹ ਸਮਾਜਿਕ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦੇ ਨਾਲ ਇੱਕ ਮਹੱਤਵਪੂਰਨ ਸੰਗਠਨ ਵਜੋਂ ਸਥਾਪਿਤ ਹੋਇਆ ਹੈ।
ਹਿੰਦੂਤਵ ਦੇ ਸਮਾਵੇਸ਼ੀ ਸੁਭਾਅ’ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ, “ਹਿੰਦੂਤਵ ਕਿਸੇ ਦੇ ਵਿਰੁੱਧ ਨਹੀਂ ਹੈ। ਹਿੰਦੂਤਵ ਕਿਸੇ ਦੇ ਵਿਰੁੱਧ ਨਹੀਂ ਹੋ ਸਕਦਾ। ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ।”
ਉਨ੍ਹਾਂ ਕਿਹਾ ਕਿ ਸੱਭਿਆਚਾਰਕ ਹਿੰਦੂਤਵ ਮੂਲ ਕਦਰਾਂ-ਕੀਮਤਾਂ, ਸੱਭਿਆਚਾਰਕ ਆਦਰਸ਼ਾਂ, ਸੱਚੇ ਮਨੁੱਖੀ ਸਬੰਧਾਂ ਅਤੇ ਵਿਸ਼ਵ ਭਲਾਈ ਦੇ ਆਦਰਸ਼ ਦਾ ਇੱਕ ਸੁੰਦਰ ਸੁਮੇਲ ਹੈ।
ਉਪ-ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ “ਹਿੰਦੁਤਵ” ਸ਼ਬਦ ਨੇ ਵੱਖ-ਵੱਖ ਇਤਿਹਾਸਕ ਅਤੇ ਬੌਧਿਕ ਸੰਦਰਭਾਂ ਵਿੱਚ ਵੱਖ-ਵੱਖ ਅਰਥ ਕੀਤੇ ਹਨ, ਅਤੇ ਰਾਜਨੀਤਿਕ ਚਿੰਤਕਾਂ, ਵਿਦਵਾਨਾਂ, ਸੰਗਠਨਾਂ ਅਤੇ ਆਲੋਚਕਾਂ ਵੱਲੋਂ ਇਸ ਦੀਆਂ ਵੱਖ-ਵੱਖ ਵਿਆਖਿਆਵਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਸ ਵਿਸ਼ੇ ਨੂੰ ਡੂੰਘਾਈ ਨਾਲ ਸਮਝਣ ਲਈ ਇਸ ਦੇ ਇਤਿਹਾਸਕ ਵਿਕਾਸ, ਦਾਰਸ਼ਨਿਕ ਪਹਿਲੂਆਂ ਅਤੇ ਇਸ ਦੇ ਆਲੇ-ਦੁਆਲੇ ਮੌਜੂਦ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝਣਾ ਜ਼ਰੂਰੀ ਹੈ।
ਗੰਗਾ ਨਦੀ ਦੀ ਉਦਾਹਰਣ ਦਿੰਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਨਦੀ ਹਿਮਾਲਿਆ ਤੋਂ ਇੱਕ ਛੋਟੀ ਜਿਹੀ ਧਾਰਾ ਦੇ ਰੂਪ ਵਿੱਚ ਨਿਕਲਦੀ ਹੈ, ਅਤੇ ਅੱਗੇ ਵਧਦਿਆਂ ਬੰਗਾਲ ਦੀ ਖਾੜੀ ਤੱਕ ਪਹੁੰਚਦਿਆਂ-ਪਹੁੰਚਦਿਆਂ ਇੰਨੀ ਵਿਸ਼ਾਲ ਹੋ ਜਾਂਦੀ ਹੈ ਕਿ ਵੱਡੇ-ਵੱਡੇ ਜਹਾਜ਼ਾਂ ਨੂੰ ਵੀ ਅੱਗੇ ਵਧਾਉਣ ਵਿੱਚ ਸਮਰੱਥ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਯਾਤਰਾ ਨੂੰ ਵੀ ਇੱਕ ਬੇਮਿਸਾਲ ਵਿਸਥਾਰ ਅਤੇ ਵਿਆਪਕਤਾ ਵਜੋਂ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, “ਸੰਘ ਦੀ ਸ਼ੁਰੂਆਤ ਕੁਝ ਹੀ ਲੋਕਾਂ ਨਾਲ ਇੱਕ ਛੋਟੇ ਜਿਹੇ ਸੰਗਠਨ ਦੇ ਰੂਪ ਵਿੱਚ ਹੋਈ ਸੀ। ਅੱਜ ਇਹ ਇੱਕ ਗਲੋਬਲ ਸੰਗਠਨ ਬਣ ਚੁੱਕਾ ਹੈ ਅਤੇ ਪੂਰੇ ਦੇਸ਼ ਵਿੱਚ ਆਪਣੀਆਂ ਜੜ੍ਹਾਂ ਜਮਾ ਚੁੱਕਾ ਹੈ, ਜਿੱਥੇ ਇਸ ਦੇ ਵਲੰਟੀਅਰ ਰਾਸ਼ਟਰੀ ਅਤੇ ਸਮਾਜਿਕ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ।”
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਯੋਗ, ਇੱਕ ਪ੍ਰਾਚੀਨ ਭਾਰਤੀ ਅਭਿਆਸ ਤੋਂ ਨਿਕਲ ਕੇ ਅੱਜ ਇੱਕ ਵਿਸ਼ਵ-ਵਿਆਪੀ ਅਭਿਆਸ ਬਣ ਚੁੱਕਾ ਹੈ। ਇਹ ਇਸ ਗੱਲ ਦੀ ਸ਼ਾਨਦਾਰ ਉਦਾਹਰਣ ਹੈ ਕਿ ਕਿਵੇਂ ਕੋਈ ਭਾਰਤੀ ਪਰੰਪਰਾ ਆਪਣੀਆਂ ਭੂਗੋਲਿਕ ਅਤੇ ਸੱਭਿਆਚਾਰਕ ਸੀਮਾਵਾਂ ਤੋਂ ਪਰ੍ਹੇ ਜਾ ਕੇ ਇੱਕ ਵਿਆਪਕ ਵਿਸ਼ਵ-ਵਿਆਪੀ ਸੰਵਾਦ ਦਾ ਹਿੱਸਾ ਬਣ ਸਕਦੀ ਹੈ
ਉਪ-ਰਾਸ਼ਟਰਪਤੀ ਨੇ ਕਿਹਾ ਕਿ “ਵਿਸ਼ਵਸੰਚਾਰ” ਸ਼ਬਦ ਦੁਨੀਆ ਭਰ ਵਿੱਚ ਵਿਚਾਰਾਂ ਦੇ ਪ੍ਰਵਾਹ ਅਤੇ ਸੰਚਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਪਾਠਕਾਂ ਨੂੰ ਇਹ ਸਮਝਣ ਦਾ ਮੌਕਾ ਦਿੰਦੀ ਹੈ ਕਿ ਕਿਵੇਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਪਹਿਲੂਆਂ ਨੇ ਵਿਸ਼ਵ ਪੱਧਰੀ ਯਾਤਰਾ ਕੀਤੀ, ਹੋਰਾਂ ਸਮਾਜਾਂ ਨਾਲ ਨਾਲ ਸੰਵਾਦ ਕਾਇਮ ਕੀਤਾ ਅਤੇ ਨਵੇਂ ਰੂਪ ਤੇ ਅਰਥ ਹਾਸਿਲ ਕੀਤੇ ।
ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਰਤਮਾਨ ਨੂੰ ਘੜਨ ਵਾਲੇ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਲੋਕਤੰਤਰੀ ਸੰਸਥਾਵਾਂ ਪ੍ਰਤੀ ਸੁਚੇਤ ਰਹਿੰਦੇ ਹੋਏ ਭਾਰਤ ਦੀ ਅਮੀਰ ਵਿਰਾਸਤ ਦਾ ਅਧਿਐਨ ਕਰਨ, ਸਵਾਲ ਕਰਨ, ਖੋਜ ਕਰਨ ਅਤੇ ਉਸ ਨੂੰ ਡੂੰਘਾਈ ਨਾਲ ਸਮਝਣ।
ਉਨ੍ਹਾਂ ਨੇ ਕਿਹਾ, “ਕੋਈ ਵੀ ਸਭਿਅਤਾ ਉਦੋਂ ਹੀ ਵਧਦੀ-ਫੁੱਲਦੀ ਅਤੇ ਖ਼ੁਸ਼ਹਾਲ ਹੁੰਦੀ ਹੈ, ਜਦੋਂ ਉਸ ਵਿੱਚ ਆਪਣੀਆਂ ਬੁਨਿਆਦੀ ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਵਿੱਚ ਆਪਣੀਆਂ ਜੜ੍ਹਾਂ ਬਣਾਈ ਰੱਖਦਿਆਂ ਤਬਦੀਲੀਆਂ ਨੂੰ ਅਪਣਾਉਣ ਦਾ ਆਤਮ-ਵਿਸ਼ਵਾਸ ਹੁੰਦਾ ਹੈ।”
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ‘ਵਿਸ਼ਵਸੰਚਾਰ ਹਿੰਦੂਤਵ ਕਾ’ ਕਿਤਾਬ ਪ੍ਰਕਾਸ਼ਿਤ ਕਰਨ ਲਈ ਸਪਤਾਹਿਕ ਵਿਵੇਕ ਦੇ ਲੇਖਕਾਂ, ਖੋਜਕਰਤਾਵਾਂ, ਸੰਪਾਦਕਾਂ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਕਿਤਾਬ ਭਾਰਤ ਦੀ ਸੱਭਿਆਚਾਰਕ ਯਾਤਰਾ ਦੇ ਡੂੰਘਾਈ ਨਾਲ ਅਧਿਐਨ ਨੂੰ ਉਤਸ਼ਾਹਿਤ ਕਰੇਗੀ ਅਤੇ ਹਿੰਦੂਤਵ, ਸੱਭਿਆਚਾਰਕ ਪਛਾਣ ਅਤੇ ਵਿਸ਼ਵ ਨਾਲ ਭਾਰਤ ਦੇ ਸਬੰਧਾਂ ’ਤੇ ਅਰਥਪੂਰਨ ਚਰਚਾਵਾਂ ਨੂੰ ਪ੍ਰੇਰਿਤ ਕਰੇਗੀ।
ਇਸ ਮੌਕੇ ’ਤੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਰਾਜ ਸਭਾ ਮੈਂਬਰ ਸ਼੍ਰੀ ਵਿਨੋਦ ਤਾਵੜੇ, ਸੁਯੋਗ ਟੈਲੀਮੈਟਿਕਸ ਲਿਮਟਿਡ, ਮੁੰਬਈ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਿਵਸ਼ੰਕਰ, ਸਪਤਾਹਿਕ ਵਿਵੇਕ ਦੇ ਸੰਪਾਦਕ ਸ਼੍ਰੀ ਰਵੀਂਦਰ ਗੋਲੇ ਅਤੇ ਹੋਰ ਲੋਕ ਸ਼ਾਮਲ ਸਨ।
******
ਪੀਆਰ/ਏਐਸਐਮ/ਵੀਐਮ
(Release ID: 2315880)
ਵਿਜ਼ੀਟਰ ਕਾਊਂਟਰ : 7