ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ-ਨਿਊਜ਼ੀਲੈਂਡ ਐੱਫਟੀਏ 20 ਅਕਤੂਬਰ 2026 ਨੂੰ ਲਾਗੂ ਹੋਵੇਗਾ


ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ-ਨਿਊਜ਼ੀਲੈਂਡ ਐੱਫਟੀਏ ਨਾਲ ਦੁਵੱਲੇ ਵਪਾਰ, ਤਕਨਾਲੋਜੀ ਅਤੇ ਨਿਵੇਸ਼ ਸਬੰਧਾਂ ਨੂੰ ਨਵੀਂ ਗਤੀ ਮਿਲੇਗੀ

ਪਹਿਲੇ ਦਿਨ ਤੋਂ ਨਿਊਜ਼ੀਲੈਂਡ ਨੂੰ ਭਾਰਤ ਦੇ 100 ਪ੍ਰਤੀਸ਼ਤ ਨਿਰਯਾਤ ‘ਤੇ ਜ਼ੀਰੋ ਡਿਊਟੀ

ਕੱਪੜਾ, ਚਮੜਾ, ਜੁੱਤੇ, ਇੰਜੀਨੀਅਰਿੰਗ ਸਮਾਨ ਅਤੇ ਖੇਤੀਬਾੜੀ ਪ੍ਰੋਸੈੱਸਡ ਉਤਪਾਦਾਂ ਦੇ ਨਿਊਜ਼ੀਲੈਂਡ ਵਿੱਚ ਡਿਊਟੀ-ਮੁਕਤ ਪ੍ਰਵੇਸ਼ ਨਾਲ ਖੇਤਾਂ ਤੋਂ ਲੈ ਕੇ ਕਾਰਖਾਨਿਆਂ ਤੱਕ ਨੂੰ ਲਾਭ ਮਿਲੇਗਾ

ਰੁਜ਼ਗਾਰ, ਨਿਵੇਸ਼ ਅਤੇ ਆਵਾਜਾਈ ਨੂੰ ਹੁਲਾਰਾ ਮਿਲਣ ਨਾਲ ਭਾਰਤ ਦੇ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਨਵੇਂ ਮੌਕੇ

Posted On: 21 SEP 2026 7:01PM by PIB Chandigarh

 ਵਪਾਰ ਅਤੇ ਆਰਥਿਕ ਸਾਂਝੇਦਾਰੀ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਵਧਾਉਂਦੇ ਹੋਏ, ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ (ਐੱਫਟੀਏ) 20 ਅਕਤੂਬਰ 2026 ਨੂੰ ਲਾਗੂ ਹੋਣ ਜਾ ਰਿਹਾ ਹੈ। ਇਸ ਐੱਫਟੀਏ ‘ਤੇ 27 ਅਪ੍ਰੈਲ 2026 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਮਾਣਯੋਗ ਟਾਡ ਮੈਕਲੇ ਦੁਆਰਾ ਹਸਤਾਖਰ ਕੀਤੇ ਗਏ ਸਨ।

ਅੱਜ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਮਾਣਯੋਗ ਟਾਡ ਮੈਕਲੇ ਨੇ ਇੱਕ ਵਰਚੁਅਲ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿੱਚ ਅੰਦਰੂਨੀ ਪ੍ਰਕਿਰਿਆਵਾਂ ਦੇ ਪੂਰਾ ਹੋਣ ਤੋਂ ਬਾਅਦ ਸਮਝੌਤੇ ਦੇ ਲਾਗੂ ਹੋਣ ਦੀ ਮਿਤੀ ਦਾ ਐਲਾਨ ਕੀਤਾ। ਨਿਊਜ਼ੀਲੈਂਡ ਦੀ ਸੰਸਦ ਨੇ 16 ਸਤੰਬਰ 2026 ਨੂੰ ਇਸ ਨਾਲ ਸਬੰਧਿਤ ਕਾਨੂੰਨ ਪਾਸ ਕੀਤਾ ਸੀ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣੇ ਜੁੜਾਅ ਨੂੰ ਨਿਰੰਤਰ ਡੂੰਘਾ ਅਤੇ ਵਿਆਪਕ ਬਣਾਇਆ ਹੈ। ਜੁਲਾਈ 2026 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਨਿਊਜ਼ੀਲੈਂਡ ਯਾਤਰਾ (ਚਾਰ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਨਿਊਜ਼ੀਲੈਂਡ ਯਾਤਰਾ) ਨੇ ਦੁਵੱਲੇ ਸਬੰਧਾਂ ਨੂੰ ਹੋਰ ਗਤੀ ਦਿੱਤੀ ਅਤੇ ਭਾਰਤ-ਨਿਊਜ਼ੀਲੈਂਡ ਐੱਫਟੀਏ ਦੇ ਜਲਦੀ ਲਾਗੂਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਯਾਤਰਾ ਨੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਤਰੱਕੀ ਨੂੰ ਵੀ ਰੇਖਾਂਕਿਤ ਕੀਤਾ, ਜਿਸ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਨੇ ਰਣਨੀਤਕ ਸਾਂਝੇਦਾਰੀ ਦਾ ਐਲਾਨ ਕੀਤਾ ਅਤੇ ‘ਭਾਰਤ-ਨਿਊਜ਼ੀਲੈਂਡ ਰਣਨੀਤਕ ਸਾਂਝੇਦਾਰੀ: ਰੋਡਮੈਪ ਟੂ 2030’ ਨੂੰ ਇੱਕ ਸਾਂਝੇ ਢਾਂਚੇ ਦੇ ਰੂਪ ਵਿੱਚ ਸਵੀਕਾਰ ਕੀਤਾ। ਇਸ ਦਾ ਉਦੇਸ਼ ਅਗਲੇ ਚਾਰ ਵਰ੍ਹਿਆਂ ਵਿੱਚ ਸਹਿਯੋਗ ਨੂੰ ਦਿਸ਼ਾ ਦੇਣਾ ਅਤੇ 2030 ਤੱਕ ਵਸਤੂਆਂ ਅਤੇ ਸੇਵਾਵਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 7 ਅਰਬ ਨਿਊਜ਼ੀਲੈਂਡ ਡਾਲਰ (ਲਗਭਗ 35,000 ਕਰੋੜ ਰੁਪਏ) ਤੱਕ ਪਹੁੰਚਾਉਣਾ ਹੈ। ਐੱਫਟੀਏ ਦਾ ਸੰਚਾਲਨ ‘ਰਣਨੀਤਕ ਸਾਂਝੇਦਾਰੀ: ਰੋਡਮੈਪ ਟੂ 2030’ ਦੀਆਂ ਇੱਛਾਵਾਂ ਨੂੰ ਠੋਸ ਆਰਥਿਕ ਨਤੀਜਿਆਂ ਵਿੱਚ ਬਦਲਣ ਲਈ ਇੱਕ ਪ੍ਰਮੁੱਖ ਮਾਧਿਅਮ ਦੇ ਰੂਪ ਵਿੱਚ ਕੰਮ ਕਰੇਗਾ।

ਇਸ ਮਹੱਤਵਪੂਰਨ ਉਪਲਬਧੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਕਿਹਾ, “ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਦੁਵੱਲੀ ਸਾਂਝੇਦਾਰੀ ਨੂੰ ਨਵੀਂ ਗਤੀ ਦੇਵੇਗਾ, ਦੋਵਾਂ ਅਰਥਵਿਵਸਥਾਵਾਂ ਦਰਮਿਆਨ ਬਿਹਤਰ ਤਾਲਮੇਲ ਬਣਾਏਗਾ, ਵੱਡੇ ਪੈਮਾਨੇ ‘ਤੇ ਉਤਪਾਦਨ ਦੇ ਲਾਭ ਨੂੰ ਸਮਰੱਥ ਕਰੇਗਾ ਅਤੇ ਸਮੁੱਚੀ ਮੁਕਾਬਲੇਬਾਜ਼ੀ ਨੂੰ ਵਧਾਉਣ ਵਿੱਚ ਯੋਗਦਾਨ ਦੇਵੇਗਾ।” ਚੁਣੀ ਗਈ ਤਾਰੀਖ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਸਾਡੇ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਦੇ ਲਾਗੂ ਹੋਣ ਲਈ ਦੁਸਹਿਰਾ-ਵਿਜੈ ਦਸ਼ਮੀ ਦਾ ਸ਼ੁਭ ਦਿਨ ਚੁਣਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਦਾ ਲਾਗੂ ਹੋਣਾ ਉਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੇਗਾ, ਜੋ ਸਾਡੇ ਵਪਾਰ, ਤਕਨਾਲੋਜੀ ਅਤੇ ਨਿਵੇਸ਼ ਸਬੰਧਾਂ ਦਰਮਿਆਨ ਮੌਜੂਦ ਸਨ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਸਮ੍ਰਿੱਧੀ ਨੂੰ ਯਕੀਨੀ ਕਰੇਗਾ।”

ਨਿਊਜ਼ੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਮਾਣਯੋਗ ਟਾਡ ਮੈਕਲੇ ਨੇ ਕਿਹਾ ਕਿ ਵਪਾਰ ਵਿੱਚ ਅਨਿਸ਼ਚਿਤਤਾ ਅਤੇ ਵਧਦੇ ਟੈਰਿਫ ਦੇ ਸਮੇਂ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਵਿਸ਼ਵਾਸ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਖ਼ਤ ਮਿਹਨਤ ਨਾਲ ਨੌ ਮਹੀਨਿਆਂ ਵਿੱਚ ਉੱਚ ਗੁਣਵੱਤਾ ਵਾਲੇ ਸਮਝੌਤਿਆਂ ਵਿੱਚੋਂ ਇੱਕ ਨੂੰ ਪੂਰਾ ਕੀਤਾ ਗਿਆ ਹੈ, ਜਿਸ ਨਾਲ ਦੋਹਾਂ ਦੇਸ਼ਾਂ ਦੇ ਕਾਰੋਬਾਰ ਅਤੇ ਹਿਤਧਾਰਕਾਂ ਨੂੰ ਠੋਸ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਸਰਕਾਰਾਂ ਲਈ ਲੋਕਾਂ ਦਰਮਿਆਨ ਸੰਪਰਕ, ਸੱਭਿਆਚਰ, ਖੇਡਾਂ, ਵਪਾਰ ਅਤੇ ਨਿਵੇਸ਼ ਸਮੇਤ ਵਿਆਪਕ ਖੇਤਰਾਂ ਵਿੱਚ ਸਹਿਯੋਗ ਲਈ ਮਜ਼ਬੂਤ ਅਧਾਰ ਤਿਆਰ ਕਰਦਾ ਹੈ। ਦੋਵੇਂ ਦੇਸ਼ ਕਾਰੋਬਾਰ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਦੋਹਾਂ ਦੇਸ਼ਾਂ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਮਿਲ ਕੇ ਕੰਮ ਕਰਨਗੇ।

ਸਮਝੌਤੇ ਦੇ ਲਾਗੂ ਹੋਣ ਦੇ ਨਾਲ ਹੀ, ਨਿਊਜ਼ੀਲੈਂਡ ਨੂੰ ਹੋਣ ਵਾਲੇ ਭਾਰਤ ਦੇ 100% ਨਿਰਯਾਤ ਨੂੰ ਕਵਰ ਕਰਨ ਵਾਲੀ ਹਰ ਇੱਕ ਟੈਰਿਫ ਲਾਈਨ ਡਿਊਟੀ ਫ੍ਰੀ ਹੋ ਜਾਵੇਗੀ। ਇਸ ਨਾਲ ਭਾਰਤੀ ਉਦਯੋਗ ਨੂੰ ਬਰਾਬਰ ਮੌਕੇ ਮਿਲਣਗੇ, ਜੋ ਇਸ ਨੂੰ ਨਿਊਜ਼ੀਲੈਂਡ ਦੇ ਹੋਰ ਵਪਾਰਕ ਸਾਂਝੇਦਾਰਾਂ ਦੇ ਹਮਰੁਤਬਾ ਖੜ੍ਹਾ ਕਰ ਦੇਵੇਗਾ। ਦੇਸ਼ ਭਰ ਵਿੱਚ ਆਜੀਵਿਕਾ ਨੂੰ ਸ਼ਕਤੀ ਦੇਣ ਵਾਲੇ ਖੇਤਰ-ਟੈਕਸਟਾਈਲ ਅਤੇ ਲਿਬਾਸ, ਚਮੜਾ ਅਤੇ ਫੁੱਟਵੀਅਰ, ਰਤਨ ਅਤੇ ਗਹਿਣੇ, ਇੰਜੀਨੀਅਰਿੰਗ ਸਾਮਾਨ ਅਤੇ ਪ੍ਰੋਸੈੱਸਡ ਫੂਡ-ਤੁਰੰਤ ਲਾਭ ਚੁੱਕਣ ਦੀ ਸਥਿਤੀ ਵਿੱਚ ਹਨ, ਕਿਉਂਕਿ ਨਿਊਜ਼ੀਲੈਂਡ ਦੇ 10% ਤੱਕ ਦੇ ਟੌਪ ਟੈਰਿਫ ਸਮਾਪਤ ਕਰ ਦਿੱਤੇ ਗਏ ਹਨ। ਭਾਰਤੀ ਨਿਰਮਾਤਾਵਾਂ ਨੂੰ ਵੁੱਡਨ ਲੌਗਸ, ਕੁੰਕਿੰਗ ਕੋਲ ਅਤੇ ਮੈਟਲ ਸਕ੍ਰੈਪ ਜਿਹੇ ਮਹੱਤਵਪੂਰਨ ਇਨਪੁਟ ਤੱਕ ਡਿਊਟੀ-ਫ੍ਰੀ ਪਹੁੰਚ ਤੋਂ ਵੀ ਲਾਭ ਹੋਵੇਗਾ, ਜਿਸ ਨਾਲ ਗਲੋਬਲ ਮਾਰਕਿਟਸ ਵਿੱਚ ਉਨ੍ਹਾਂ ਦੀ ਮੁਕਾਬਲੇਬਾਜ਼ੀ ਮਜ਼ਬੂਤ ਹੋਵੇਗੀ।

ਨਾਲ ਹੀ ਸਰਕਾਰ ਨੇ ਸੰਵੇਦਨਸ਼ੀਲ ਉਤਪਾਦਾਂ ਨੂੰ ਟੈਰਿਫ ਰਿਆਇਤਾਂ ਤੋਂ ਬਾਹਰ ਰੱਖ ਕੇ ਭਾਰਤੀ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕੀਤੀ ਹੈ। ਇਨ੍ਹਾਂ ਵਿੱਚ ਡੇਅਰੀ, ਪਸ਼ੂ ਮਾਸ (ਭੇੜ ਦੇ ਮਾਸ ਨੂੰ ਛੱਡ ਕੇ), ਪ੍ਰਮੁੱਖ ਖੇਤੀਬਾੜੀ ਉਤਪਾਦ, ਖੰਡ ਅਤੇ ਖੁਰਾਕ ਤੇਲ ਸ਼ਾਮਲ ਹਨ। ਨਿਊਜ਼ੀਲੈਂਡ ਦੇ ਸੇਬ, ਕੀਵੀਫਰੂਟ ਅਤੇ ਮਨੂਕਾ ਸ਼ਹਿਦ ਲਈ ਘੱਟੋ-ਘੱਟ ਆਯਾਤ ਮੁੱਲ ਅਤੇ ਮੌਸਮੀ ਆਯਾਤ ਮਿਆਦ ਦੇ ਨਾਲ ਟੈਰਿਫ ਰੇਟ ਕੋਟੇ ਰਾਹੀਂ ਸੰਤੁਲਿਤ ਬਜ਼ਾਰ ਪਹੁੰਚ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਦੇ ਨਾਲ ਘਰੇਲੂ ਕਿਸਾਨਾਂ ਦੀ ਸੁਰੱਖਿਆ ਲਈ ਉਪਾਅ ਵੀ ਕੀਤੇ ਗਏ ਹਨ। ਸਮਝੌਤੇ ਦੇ ਤਹਿਤ ਖੇਤੀਬਾੜੀ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਲਈ ਖੇਤੀਬਾੜੀ ਉਤਪਾਦਕਤਾ ਸਾਂਝੇਦਾਰੀ ਸਥਾਪਿਤ ਕੀਤੀ ਜਾਵੇਗੀ। ਇਸ ਦੇ ਤਹਿਤ ਕੀਵੀ ਫਰੂਟ, ਸੇਬ ਅਤੇ ਸ਼ਹਿਦ ਲਈ ਵਿਸ਼ੇਸ਼ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਉਦੇਸ਼ ਭਾਰਤ ਵਿੱਚ ਉਤਪਾਦਕਤਾ, ਗੁਣਵੱਤਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨਾ ਹੈ। ਬਾਗ ਪ੍ਰਬੰਧਨ, ਵਾਢੀ ਤੋਂ ਬਾਅਦ ਦੀਆਂ ਪ੍ਰਕਿਰਿਆਵਾਂ, ਸਪਲਾਈ ਚੇਨ, ਖੁਰਾਕ ਸੁਰੱਖਿਆ ਅਤੇ ਟਿਕਾਊ ਮਧੂ-ਮੱਖੀ ਪਾਲਣਾ ਲਈ ਸ਼ਾਨਦਾਰ ਕੇਂਦਰ ਸਥਾਪਿਤ ਕੀਤੇ ਜਾਣਗੇ। ਇਸ ਨਾਲ ਗਿਆਨ, ਤਕਨਾਲੋਜੀ ਅਤੇ ਸਮਰੱਥਾ ਦਾ ਅਦਾਨ-ਪ੍ਰਦਾਨ ਸੰਭਵ ਹੋਵੇਗਾ। ਇੱਕ ਸੰਯੁਕਤ ਖੇਤੀਬਾੜੀ ਉਤਪਾਦਕਤਾ ਪਰਿਸ਼ਦ ਇਹ ਨਿਗਰਾਨੀ ਕਰੇਗੀ ਕਿ ਬਜ਼ਾਰ ਪਹੁੰਚ ਦੇ ਨਾਲ ਖੇਤੀਬਾੜੀ ਉਤਪਾਦਕਤਾ ਸਾਂਝੇਦਾਰੀ ਦੇ ਤਹਿਤ ਨਿਊਜ਼ੀਲੈਂਡ ਵੱਲੋਂ ਸਹਿਯੋਗ ਗਤੀਵਿਧੀਆਂ ਵੀ ਯਕੀਨੀ ਹੋਣ।

ਇਹ ਐੱਫਟੀਏ ਭਾਰਤ ਵਿੱਚ ਨਿਊਜ਼ੀਲੈਂਡ ਦੁਆਰਾ 20 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਸੁਵਿਧਾ ਦੀ ਵਚਨਬੱਧਤਾ ਦੇ ਨਾਲ ਭਾਰਤ ਲਈ ਡੂੰਘੇ ਨਿਵੇਸ਼ ਲਾਭਾਂ ਦਾ ਰਾਹ ਵੀ ਪੱਧਰਾ ਕਰਦਾ ਹੈ। ਨਿਊਜ਼ੀਲੈਂਡ ਦੁਆਰਾ ਕੀਤੇ ਜਾਣ ਵਾਲੇ ਇਸ ਨਿਵੇਸ਼ ਨਾਲ ਭਾਰਤੀ ਖੇਤੀਬਾੜੀ, ਮੈਨੂਫੈਕਚਰਿੰਗ, ਬੁਨਿਆਦੀ ਢਾਂਚੇ ਅਤੇ ਸਟਾਰਟਅੱਪਸ ਨੂੰ ਲਾਭ ਹੋਵੇਗਾ।

ਭਾਰਤ ਦੇ ਤੇਜ਼ੀ ਨਾਲ ਵਧਦੇ ਸੇਵਾ ਖੇਤਰ ਲਈ ਇਹ ਸਮਝੌਤਾ ਭਾਰਤੀ ਕੰਪਨੀਆਂ ਅਤੇ ਪੇਸ਼ੇਵਰਾਂ ਨੂੰ ਨਿਊਜ਼ੀਲੈਂਡ ਦੇ ਬਜ਼ਾਰ ਤੱਕ ਪਹੁੰਚ ਬਣਾਉਣ ਅਤੇ ਆਪਣੀ ਅੰਤਰਰਾਸ਼ਟਰੀ ਮੌਜੂਦਗੀ ਦਾ ਵਿਸਥਾਰ ਕਰਨ ਲਈ ਮਜ਼ਬੂਤ ਅਧਾਰ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਸੂਚਨਾ ਤਕਨਾਲੋਜੀ, ਪੇਸ਼ੇਵਰ ਸੇਵਾਵਾਂ, ਆਡੀਓ-ਵਿਜ਼ੂਅਲ ਖੇਤਰ, ਨਿਰਮਾਣ ਅਤੇ ਟੂਰਿਜ਼ਮ ਸਮੇਤ ਲਗਭਗ 118 ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਲਗਭਗ 139 ਉਪ-ਖੇਤਰਾਂ ਵਿੱਚ ਸਭ ਤੋਂ ਵੱਧ ਅਨੁਕੂਲ ਰਾਸ਼ਟਰ ਦਾ ਦਰਜਾ ਯਕੀਨੀ ਬਣਾਇਆ ਗਿਆ ਹੈ। ਕੁਸ਼ਲ ਭਾਰਤੀਆਂ ਲਈ 5,000 ਅਸਥਾਈ ਰੁਜ਼ਗਾਰ ਪ੍ਰਵੇਸ਼ ਵੀਜ਼ਾ ਦਾ ਵਿਸ਼ੇਸ਼ ਕੋਟਾ ਅਤੇ ਯੁਵਾ ਭਾਰਤੀਆਂ ਲਈ ਹਰ ਸਾਲ 1,000 ਵਰਕਿੰਗ-ਹੌਲੀਡੇਅ ਵੀਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ। ਸਮਝੌਤੇ ਵਿੱਚ ਵਿਦਿਆਰਥੀਆਂ ਲਈ ਬਿਨਾ ਕਿਸੇ ਸੀਮਾ ਦੇ ਆਵਾਜਾਈ ਦਾ ਪ੍ਰਾਵਧਾਨ ਵੀ ਹੈ। ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਿਸ਼ਿਆਂ ਨਾਲ ਗ੍ਰੈਜੂਏਟ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਤਿੰਨ ਸਾਲ ਤੱਕ ਅਤੇ ਡਾਕਟਰੇਟ ਵਿਦਵਾਨਾਂ ਨੂੰ ਚਾਰ ਸਾਲ ਤੱਕ ਕੰਮ ਕਰਨ ਦਾ ਅਧਿਕਾਰ ਮਿਲੇਗਾ।

 

ਭਾਰਤ ਦੇ ਔਸ਼ਧੀ ਅਤੇ ਮੈਡੀਕਲ ਉਪਕਰਣ ਨਿਰਯਾਤਕਾਂ ਨੂੰ ਵੀ ਮਹੱਤਵਪੂਰਨ ਲਾਭ ਮਿਲੇਗਾ, ਕਿਉਂਕਿ ਨਿਊਜ਼ੀਲੈਂਡ ਅਮਰੀਕੀ ਐੱਫਡੀਏ, ਈਐੱਮਏ, ਯੂਕੇ ਐੱਮਐੱਚਆਰਏ ਅਤੇ ਹੈਲਥ ਕਨਾਡਾ ਜਿਹੇ ਵਿਸ਼ਵ ਪੱਧਰ ‘ਤੇ ਭਰੋਸੇਮੰਦ ਰੈਗੂਲੇਟਰਾਂ ਦੀਆਂ ਨਿਰੀਖਣ ਪ੍ਰਵਾਨਗੀਆਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਰਿਹਾ ਹੈ। ਇਸ ਨਾਲ ਲੰਬੇ ਇੰਤਜ਼ਾਰ ਦਾ ਸਮਾਂ ਘਟੇਗਾ ਅਤੇ ਬਜ਼ਾਰ ਵਿੱਚ ਪ੍ਰਵੇਸ਼ ਤੇਜ਼ ਹੋਵੇਗਾ।

ਸਾਲ 2025-26 ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਸਤੂ ਵਪਾਰ ਪਹਿਲੇ ਹੀ ਲਗਭਗ 1,1 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਚੁੱਕਿਆ ਹੈ। ਅਜਿਹੇ ਵਿੱਚ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਿਆਂ ਦੇ ਲਾਗੂ ਹੋਣ ਨਾਲ ਆਉਣ ਵਾਲੇ ਵਰ੍ਹਿਆਂ ਵਿੱਚ ਦੁਵੱਲੇ ਵਪਾਰ, ਨਿਵੇਸ਼ ਅਤੇ ਰੁਜ਼ਗਾਰ ਸਿਰਜਣ ਨੂੰ ਮਹੱਤਵਪੂਰਨ ਹੁਲਾਰਾ ਮਿਲਣ ਦੀ ਉਮੀਦ ਹੈ। ‘ਵਿਕਸਿਤ ਭਾਰਤ @2047’ ਦੇ ਦ੍ਰਿਸ਼ਟੀਕੋਣ ‘ਤੇ ਅਧਾਰਿਤ ਇਹ ਸਮਝੌਤਾ ਵਿਕਸਿਤ ਅਰਥਵਿਵਸਥਾਵਾਂ ਦੇ ਨਾਲ ਭਾਰਤ ਦੀਆਂ ਵਧਦੀਆਂ ਸਾਂਝੇਦਾਰੀਆਂ ਦੀ ਇੱਕ ਹੋਰ ਉਦਾਹਰਣ ਹੈ। ਇਸ ਦੇ ਲਾਭਾਂ ਦੇ ਕੇਂਦਰ ਵਿੱਚ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਕਾਰੀਗਰ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਹਨ।

ਭਾਰਤ-ਨਿਊਜ਼ੀਲੈਂਡ ਤੱਥ ਪੱਤਰਕ ਦਾ ਲਿੰਕ:-https://www.commerce.gov.in/files/2026-04/final_0.pdf

ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦਾ ਲਿੰਕ:-https://www.commerce.gov.in/files/2026-04/FAQs%20-%20India-New%20Zealand%20FTA.pdf

ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ‘ਤੇ ਹਸਤਾਖਰ ਕੀਤੀ ਜਾਣਕਾਰੀ:

- https://www.pib.gov.in/PressReleasePage.aspx?PRID=2255914&reg=3&lang=1

 

***

 ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਬਲਜੀਤ


(Release ID: 2313423) ਵਿਜ਼ੀਟਰ ਕਾਊਂਟਰ : 3