ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ-ਨੇਪਾਲ ਅੰਤਰ-ਸਰਕਾਰੀ ਉਪ-ਕਮੇਟੀ ਦੀ ਵਪਾਰ, ਆਵਾਜਾਈ ਅਤੇ ਗੈਰ-ਕਾਨੂੰਨੀ ਵਪਾਰ ਨਾਲ ਨਜਿੱਠਣ ਲਈ ਸਹਿਯੋਗ ਬਾਰੇ ਮੀਟਿੰਗ ਨਵੀਂ ਦਿੱਲੀ ਵਿੱਚ ਸਮਾਪਤ

Posted On: 18 SEP 2026 9:48AM by PIB Chandigarh

ਗੈਰ-ਅਧਿਕਾਰਤ ਵਪਾਰ ਨੂੰ ਨਿਯੰਤ੍ਰਿਤ ਕਰਨ ਲਈ ਵਪਾਰ, ਆਵਾਜਾਈ ਅਤੇ ਸਹਿਯੋਗ ਸਬੰਧੀ ਭਾਰਤ-ਨੇਪਾਲ ਅੰਤਰ-ਸਰਕਾਰੀ ਉਪ-ਕਮੇਟੀ (ਆਈਜੀਐੱਸਸੀ) ਦੀ ਮੀਟਿੰਗ 16 ਅਤੇ 17 ਸਤੰਬਰ 2026 ਨੂੰ ਨਵੀਂ ਦਿੱਲੀ ਸਥਿਤ ਵਣਿਜਯ ਭਵਨ ਵਿੱਚ ਸਮਾਪਤ ਹੋਈ।

 ਇਸ ਮੀਟਿੰਗ ਵਿੱਟ ਭਾਰਤੀ ਵਫਦ ਦੀ ਅਗਵਾਈ ਵਣਜ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਉੱਜਵਲ ਕੁਮਾਰ ਘੋਸ਼ ਨੇ ਕੀਤੀ, ਜਦਕਿ ਨੇਪਾਲੀ ਵਫ਼ਦ ਦੀ ਅਗਵਾਈ ਨੇਪਾਲ ਸਰਕਾਰ ਦੇ ਉਦਯੋਗ, ਵਣਜ ਅਤੇ ਸਪਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਬੁੱਧ ਬਹਾਦੁਰ ਗੁਰੂੰਗ ਨੇ ਕੀਤੀ। ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਸੀ। 

ਆਈਜੀਐੱਸਸੀ ਵਪਾਰ ਅਤੇ ਵਪਾਰ ਨਾਲ ਸਬੰਧਿਤ ਮੁੱਦਿਆਂ ਦੀ ਵਿਸਤ੍ਰਿਤ ਜਾਂਚ ਕਰਨ ਅਤੇ ਦੁਵੱਲੇ ਵਪਾਰ ਅਤੇ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਮਹੱਤਵਪੂਰਨ ਦੁਵੱਲੀ ਸੰਸਥਾਗਤ ਵਿਧੀ ਹੈ। 

ਮੀਟਿੰਗ ਦੌਰਾਨ, ਦੋਵਾਂ ਧਿਰਾਂ ਨੇ ਬਜ਼ਾਰ ਪਹੁੰਚ, ਕਸਟਮ ਅਤੇ ਵਪਾਰ ਸੁਵਿਧਾ, ਮਿਆਰਾਂ, ਖੁਰਾਕ ਸੁਰੱਖਿਆ, ਪੌਦੇ ਸਵੱਛਤਾ ਉਪਾਅ, ਫਾਰਮਾਸਿਊਟੀਕਲਜ਼, ਮੈਡੀਕਲ ਉਪਕਰਣਾਂ, ਆਯੁਸ਼ (AYUSH) ਉਤਪਾਦਾਂ, ਸਰਹੱਦੀ ਬੁਨਿਆਦੀ ਢਾਂਚੇ, ਰੇਲ ਅਤੇ ਸੜਕੀ ਸੰਪਰਕ ਅਤੇ ਵਪਾਰ ਨਾਲ ਸਬੰਧਿਤ ਮਾਮਲਿਆਂ ਦੀ ਸਮੀਖਿਆ ਕੀਤੀ।

ਦੋਵਾਂ ਧਿਰਾਂ ਨੇ ਭਾਰਤ ਅਤੇ ਨੇਪਾਲ ਦੇ ਉਤਪਾਦਾਂ ਲਈ ਵਧੇਰੇ ਬਜ਼ਾਰ ਪਹੁੰਚ ਨੂੰ ਅਸਾਨ ਬਣਾਉਣ ਦੇ ਉਪਾਵਾਂ ਬਾਰੇ ਚਰਚਾ ਕੀਤੀ। ਖੇਤੀਬਾੜੀ ਉਤਪਾਦ, ਡੇਅਰੀ ਉਤਪਾਦ, ਖੁਰਾਕ ਉਤਪਾਦ, ਫਾਰਮਾਸਿਊਟੀਕਲਜ਼, ਮੈਡੀਕਲ ਉਪਕਰਣਾਂ ਅਤੇ ਆਯੁਸ਼ ਉਤਪਾਦਾਂ ਨਾਲ ਸਬੰਧਿਤ ਮੁੱਦਿਆਂ ਨਾਲ-ਨਾਲ ਮਿਆਰਾਂ ਅਤੇ ਪੌਦੇ ਸਵੱਛਤਾ ਸਬੰਧੀ ਜ਼ਰੂਰਤਾਂ ‘ਤੇ ਵੀ ਵਿਚਾਰ ਵਟਾਂਦਰਾਂ ਕੀਤਾ ਗਿਆ।

ਮੀਟਿੰਗ ਵਿੱਚ ਕਸਟਮ ਸਹਿਯੋਗ ਅਤੇ ਵਪਾਰ ਸੁਗਮਤਾ ਨੂੰ ਮਜ਼ਬੂਤ ਕਰਨ ‘ਤੇ ਵੀ ਚਰਚਾ ਕੀਤੀ ਗਈ। ਇਸ ਵਿੱਚ ਆਗਮਨ ਤੋਂ ਪਹਿਲਾਂ ਸੂਚਨਾਵਾਂ ਦਾ ਅਦਾਨ-ਪ੍ਰਦਾਨ, ਮੂਲ ਪ੍ਰਮਾਣ ਪੱਤਰਾਂ ਦਾ ਇਲੈਕਟ੍ਰੌਨਿਕ ਵੈਰੀਫਿਕੇਸ਼ਨ, ਕਸਟਮ ਸਵੈ-ਚਾਲਕ ਅਤੇ ਡਿਜੀਟਲੀਕਰਣ ਸ਼ਾਮਲ ਹੈ। ਚਰਚਾ ਦਾ ਮੁੱਖ ਉਦੇਸ਼ ਵੈਧ ਵਪਾਰ ਨੂੰ ਅਸਾਨ ਬਣਾਉਣਾ ਅਤੇ ਲਾਗੂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਤਰਜੀਹੀ ਵਪਾਰ ਸਮਝੌਤਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਧੀਆਂ ਨੂੰ ਮਜ਼ਬੂਤ ​​ਕਰਨਾ ਸੀ।

ਆਵਾਜਾਈ ਅਤੇ ਸੰਪਰਕ ‘ਤੇ ਮੁੱਖ ਤੌਰ ‘ਤੇ ਚਰਚਾ ਹੋਈ। ਦੋਵਾਂ ਧਿਰਾਂ ਨੇ ਰੇਲ ਅਤੇ ਰੋਡ ਸੰਪਰਕ, ਮਾਲ ਢੁਆਈ, ਏਕੀਕ੍ਰਿਤ ਚੈੱਕ ਪੋਸਟ, ਅਤੇ ਲੈਂਡ ਪੋਰਟ ਬੁਨਿਆਦੀ ਢਾਂਚੇ ਦਾ ਮੁਲਾਂਕਣ ਕੀਤਾ। ਇਨ੍ਹਾਂ ਚਰਚਾਵਾਂ ਵਿੱਚ ਮੌਜੂਦਾ ਸੁਵਿਧਾਵਾਂ ਦਾ ਵਧੇਰੇ ਪ੍ਰਭਾਵਸ਼ਾਲੀ ਵਰਤੋਂ ਅਤੇ ਦੁਵੱਲੇ ਅਤੇ ਆਵਾਜਾਈ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀ ਸੰਚਾਲਿਤ ਰੁਕਾਵਟਾਂ ਨੂੰ ਦੂਰ ਕਰਨ ‘ਤੇ ਵੀ ਧਿਆਨ ਦਿੱਤਾ ਗਿਆ।

ਦੋਵਾਂ ਧਿਰਾਂ ਨੇ ਮਿਆਰਾਂ, ਖੁਰਾਕ ਸੁਰੱਖਿਆ, ਪੌਦਾ ਸੰਘਰੋਧ (plant quarantine) ਅਤੇ ਅਨੁਕੂਲਤਾ ਮੁਲਾਂਕਣ ਦੇ ਖੇਤਰਾਂ ਵਿੱਚ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਸੰਸਥਾਗਤ ਸਹਿਯੋਗ ਅਤੇ ਸਮਰੱਥਾ ਨਿਰਮਾਣ ਦੀਆਂ ਪਹਿਲਕਦਮੀਆਂ ਵੀ ਸ਼ਾਮਲ ਹਨ।

ਦੋਵਾਂ ਧਿਰਾਂ ਨੇ ਵੈਧ ਸੀਮਾ ਪਾਰ ਵਪਾਰ ਨੂੰ ਅਸਾਨ ਬਣਾਉਣ ਅਤੇ ਅਣ-ਅਧਿਕਾਰਤ ਵਪਾਰ ਅਤੇ ਵਣਜ ਧੋਖਾਧੜੀ ਨਾਲ ਸਬੰਧਿਤ ਮੁੱਦਿਆਂ ਦੇ ਸਮਾਧਾਨ ਲਈ ਆਪਣੇ-ਆਪਣੇ ਦੇਸ਼ਾਂ ਦੀਆਂ ਏਜੰਸੀਆਂ ਵਿਚਕਾਰ ਲਗਾਤਾਰ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਮੀਟਿੰਗ ਸੁਖਾਵੇਂ ਅਤੇ ਰਚਨਾਤਮਕ ਮਾਹੌਲ ਵਿੱਚ ਸਮਾਪਤ ਹੋਈ। ਦੋਵਾਂ ਧਿਰਾਂ ਨੇ ਸਥਾਪਿਤ ਸੰਸਥਾਗਤ ਵਿਧੀਆਂ ਰਾਹੀਂ ਨੇੜਲੇ ਸੰਪਰਕ ਬਣਾਏ ਰੱਖਣ ਅਤੇ ਅੱਗੇ ਤਕਨੀਕੀ ਜਾਂਚ ਦੀ ਜ਼ਰੂਰਤ ਵਾਲੇ ਮੁੱਦਿਆਂ 'ਤੇ ਸਮਾਂ-ਬੱਧ ਤਰੀਕੇ ਨਾਲ ਕਾਰਵਾਈ ਕਰਨ ‘ਤੇ ਸਹਿਮਤ ਹੋਏ। 

ਭਾਰਤ ਅਤੇ ਨੇਪਾਲ ਵਿਚਕਾਰ ਡੂੰਘੇ ਇਤਿਹਾਸਕ, ਸੱਭਿਆਚਾਰਕ ਅਤੇ ਆਰਥਿਕ ਸਬੰਧ ਹਨ। ਭਾਰਤ ਨੇਪਾਲ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਅਤੇ ਨਿਵੇਸ਼ ਦਾ ਇੱਕ ਮਹੱਤਵਪੂਰਨ ਸਰੋਤ ਹੈ। ਆਈਜੀਐੱਸਸੀ ਵਿੱਚ ਹੋਣ ਵਾਲੀਆਂ ਚਰਚਾਵਾਂ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ, ਆਵਾਜਾਈ ਸੰਪਰਕ ਅਤੇ ਆਰਥਿਕ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। 

***********

ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਸ਼ੀਨਮ ਜੈਨ


(Release ID: 2312031) ਵਿਜ਼ੀਟਰ ਕਾਊਂਟਰ : 2