ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਾਇਮਰੀ ਅਧਿਆਪਕ ਸਬੰਧੀ ਸਿੱਖਿਆ ਵਿੱਚ ਛੇ ਮਹੀਨੇ ਦੇ ਸਰਟੀਫਿਕੇਟ (ਬ੍ਰਿਜ) ਕੋਰਸ ਦੀ ਸ਼ੁਰੂਆਤ ਕੀਤੀ


ਇਹ ਕੋਰਸ ਮਿਆਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਸੇਵਾ ਵਿੱਚ ਮੌਜੂਦ ਪ੍ਰਾਇਮਰੀ ਸਕੂਲ ਅਧਿਆਪਕਾਂ ਨੂੰ ਵਿਆਪਕ ਸਿਖਲਾਈ ਪ੍ਰਦਾਨ ਕਰੇਗਾ

Posted On: 17 SEP 2026 1:47PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ 16 ਸਤੰਬਰ, 2026 ਨੂੰ ਨਵੀਂ ਦਿੱਲੀ ਵਿੱਚ ਪ੍ਰਾਇਮਰੀ ਅਧਿਆਪਕ ਸਬੰਧੀ ਸਿੱਖਿਆ (ਪੀਟੀਈ) ਵਿੱਚ ਛੇ ਮਹੀਨੇ ਦੇ ਸਰਟੀਫਿਕੇਟ (ਬ੍ਰਿਜ) ਕੋਰਸ ਦੀ ਸ਼ੁਰੂਆਤ ਕੀਤੀ। ਇਹ ਕੋਰਸ ਅਜਿਹੇ ਸੇਵਾ ਵਿੱਚ ਮੌਜੂਦ ਪ੍ਰਾਇਮਰੀ ਸਕੂਲਾਂ ਦੇ  ਅਧਿਆਪਕਾਂ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਕੋਲ ਬੀਐੱਡ ਦੀ ਡਿਗਰੀ ਹੈ। ਇਹ ਕੋਰਸ ਅਜਿਹੇ ਅਧਿਆਪਕਾਂ ਲਈ ਪ੍ਰਾਇਮਰੀ ਪੱਧਰ 'ਤੇ ਪੜ੍ਹਾਉਣ ਲਈ ਜ਼ਰੂਰੀ ਸਰਟੀਫਿਕੇਸ਼ਨ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਬਣੇਗਾ। ਇਹ ਵਿਸ਼ੇਸ਼ ਪੇਸ਼ੇਵਰ ਵਿਕਾਸ ਪ੍ਰੋਗਰਾਮ ਅਧਿਆਪਕਾਂ ਨੂੰ ਵਿਆਪਕ ਸਿਖਲਾਈ ਪ੍ਰਦਾਨ ਕਰੇਗਾ, ਜਿਸ ਨਾਲ ਉਹ ਪ੍ਰਾਇਮਰੀ ਪੱਧਰ (ਕਲਾਸ I ਤੋਂ V) ਦੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਅਤ ਕਰਨ ਲਈ ਲੋੜੀਂਦੇ ਹੁਨਰ ਅਤੇ ਯੋਗਤਾਵਾਂ ਵਿਕਸਿਤ ਕਰ ਸਕਣਗੇ।

ਇਹ ਬ੍ਰਿਜ ਕੋਰਸ ਰਾਸ਼ਟਰੀ ਮੁਕਤ ਸਕੂਲੀ ਸਿੱਖਿਆ ਸੰਸਥਾਨ (ਐੱਨਆਈਓਐੱਸ) ਰਾਹੀਂ ਚਲਾਇਆ ਜਾਵੇਗਾ। ਇਸ ਦੇ ਤਹਿਤ ਅਧਿਆਪਕਾਂ ਨੂੰ ਬਾਲ-ਕੇਂਦ੍ਰਿਤ, ਸਮਾਵੇਸ਼ੀ ਅਤੇ ਬਾਲ ਵਿਕਾਸ ਦੇ ਅਨੁਕੂਲ ਸਿੱਖਿਆ ਵਿਧੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਨਾਲ ਸਿੱਖਿਆ ਦੇ ਬੁਨਿਆਦੀ ਅਤੇ ਪ੍ਰਾਇਮਰੀ ਪੜਾਵਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲੇਗੀ।

ਇਹ ਕੋਰਸ ਰਾਸ਼ਟਰੀ ਅਧਿਆਪਕ ਸਿੱਖਿਆ ਪ੍ਰੀਸ਼ਦ (ਐੱਨਸੀਟੀਈ) ਦੇ ਨਿਰਧਾਰਿਤ ਢਾਂਚੇ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਇਸ  ਰਾਹੀਂ ਪ੍ਰਾਇਮਰੀ ਪੱਧਰ 'ਤੇ ਅਧਿਆਪਨ-ਵਿਧੀ ਸਬੰਧੀ ਕੁਸ਼ਲਤਾਵਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਵਿੱਚ ਅਕਾਦਮਿਕ ਅਧਿਐਨ ਦੇ ਨਾਲ-ਨਾਲ ਘੱਟੋ-ਘੱਟ 10 ਦਿਨਾਂ ਦੀਆਂ ਔਨਲਾਈਨ ਸੰਪਰਕ ਕਲਾਸਾਂ ਅਤੇ ਘੱਟੋ-ਘੱਟ 20 ਦਿਨਾਂ ਦਾ ਸਕੂਲ- ਅਧਾਰਿਤ ਤਜਰਬਾ ਸ਼ਾਮਲ ਹੋਵੇਗਾ।

ਇਹ ਬ੍ਰਿਜ ਕੋਰਸ ਅਧਿਆਪਕਾਂ ਨੂੰ ਛੋਟੇ ਬੱਚਿਆਂ ਦੀਆਂ ਵਿਭਿੰਨ ਸਿੱਖਣ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਬਣਾਵੇਗਾ। ਇਸ ਵਿੱਚ ਛੇ ਸਿਧਾਂਤਕ ਕੋਰਸ ਅਤੇ ਸਕੂਲ-ਅਧਾਰਿਤ ਸਪਾਂਸਰ ਕੰਮ ਸ਼ਾਮਲ ਹਨ। ਇਹ ਪ੍ਰੋਗਰਾਮ ਵਿਦਿਅਕ ਸਿਧਾਂਤ ਨੂੰ ਕਲਾਸ ਵਿੱਚ ਇਸ ਦੀ ਵਿਵਹਾਰਕ ਵਰਤੋਂ ਨਾਲ ਜੋੜਨ ਲਈ ਇੱਕ ਮਜ਼ਬੂਤ ਢਾਂਚਾ ਪ੍ਰਦਾਨ ਕਰਦਾ ਹੈ। ਬ੍ਰਿਜ ਕੋਰਸ ਦਾ ਉਦੇਸ਼ ਪ੍ਰਾਇਮਰੀ ਅਧਿਆਪਕਾਂ ਨੂੰ ਅਜਿਹੇ ਹੁਨਰ, ਦ੍ਰਿਸ਼ਟੀਕੋਣ ਅਤੇ ਸਵੈ-ਚਿੰਤਨ ਦੀਆਂ ਸਮਰੱਥਾਵਾਂ ਨਾਲ ਲੈਸ ਬਣਾਉਣਾ ਹੈ, ਜੋ ਪ੍ਰਾਇਮਰੀ ਕਲਾਸਾਂ ਵਿੱਚ ਸਾਰੇ ਬੱਚਿਆਂ ਲਈ ਮਿਆਰੀ ਸਿੱਖਿਆ ਅਤੇ ਜੀਵਨ ਭਰ ਸਿੱਖਣਾ ਯਕੀਨੀ ਬਣਾਉਣ ਲਈ ਜ਼ਰੂਰੀ ਹਨ। ਇਹ ਸਿੱਖਿਆ ਨੂੰ ਇੱਕ ਗਤੀਸ਼ੀਲ, ਸੰਦਰਭ-ਸੰਵੇਦੀ ਅਤੇ ਉਤਸੁਕਤਾ-ਅਧਾਰਿਤ ਪੇਸ਼ੇ ਵਜੋਂ ਦੇਖਣ ਦੇ ਵਿਜ਼ਨ ਨੂੰ ਹੁਲਾਰਾ ਦਿੰਦਾ ਹੈ।

ਭਾਰਤ ਦੀ ਸੁਪਰੀਮ ਕੋਰਟ ਨੇ 8 ਅਪ੍ਰੈਲ 2024 ਨੂੰ ਸਿਵਿਲ ਅਪੀਲ ਨੰਬਰ 5068/2023 (ਦੇਵੇਸ਼ ਸ਼ਰਮਾ ਬਨਾਮ ਭਾਰਤ ਯੂਨੀਅਨ ਅਤੇ ਹੋਰ) ਵਿੱਚ ਆਪਣੇ ਫੈਸਲੇ ਰਾਹੀਂ ਐੱਨਸੀਟੀਈ ਨੂੰ ਉਨ੍ਹਾਂ ਪ੍ਰਾਇਮਰੀ ਅਧਿਆਪਕਾਂ ਲਈ ਇੱਕ ਬ੍ਰਿਜ ਕੋਰਸ ਤਿਆਰ ਕਰਨ ਦਾ ਅਧਿਕਾਰ ਦਿੱਤਾ ਸੀ, ਜਿਨ੍ਹਾਂ ਕੋਲ ਡੀਐੱਲਐੱਡ ਦੀ ਯੋਗਤਾ ਨਹੀਂ ਸੀ। ਇਸ ਦੇ ਅਨੁਸਾਰ, ਇਹ ਬ੍ਰਿਜ ਕੋਰਸ ਸੇਵਾ ਵਿੱਚ ਮੌਜੂਦ ਪ੍ਰਾਇਮਰੀ ਸਕੂਲ ਦੇ ਉਨ੍ਹਾਂ ਅਧਿਆਪਕਾਂ ਲਈ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਦੀ ਨਿਯੁਕਤੀ 28 ਜੂਨ 2018 ਤੋਂ 11 ਅਗਸਤ 2023 ਦੇ ਦਰਮਿਆਨ ਪ੍ਰਾਇਮਰੀ ਪੱਧਰ (ਕਲਾਸ I ਤੋਂ V) 'ਤੇ ਅਧਿਐਪਨ ਲਈ ਬੀ.ਐੱਡ. ਡਿਗਰੀ ਨਾਲ ਕੀਤੀ ਗਈ ਸੀ। ਇਹ ਕੋਰਸ ਖਾਸ ਤੌਰ 'ਤੇ ਉਨ੍ਹਾਂ ਅਧਿਆਪਕਾਂ ਲਈ ਹੈ, ਜਿਨ੍ਹਾਂ ਦੀਆਂ ਨਿਯੁਕਤੀਆਂ ਐੱਨਸੀਟੀਈ ਦੀ ਗਜ਼ਟ ਨੋਟੀਫਿਕੇਸ਼ਨ ਐੱਫ. ਨੰਬਰ ਐੱਨਸੀਟੀਈ-ਆਰਈਜੀ 012/2018 ਮਿਤੀ 28 ਜੂਨ 2018 ਦੇ ਤਹਿਤ ਸੁਰੱਖਿਅਤ ਹਨ।

ਇਸ ਪ੍ਰੋਗਰਾਮ ਵਿੱਚ ਸਿਧਾਂਤਕ ਅਤੇ ਵਿਵਹਾਰਕ ਦੋਵੇਂ ਕੰਪੋਨੈਂਟ ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ ਬੁਨਿਆਦੀ ਸਿੱਖਣ ਦੇ ਸਿਧਾਂਤਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਹੈ। ਅਧਿਆਪਨ ਦਾ ਮਾਧਿਅਮ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਹੋਣਗੀਆਂ। ਹਾਲਾਂਕਿ, ਅਧਿਆਪਕਾਂ ਨੂੰ ਅੱਠਵੀਂ ਸੂਚੀ ਵਿੱਚ ਦਰਜ 22 ਅਨੁਸੂਚਿਤ ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਜਨਤਕ ਪ੍ਰੀਖਿਆ (ਸਿਧਾਂਤ) ਦੇਣ ਦੀ ਇਜਾਜ਼ਤ ਹੋਵੇਗੀ। ਇਹ ਕੋਰਸ ਮੁਕਤ ਅਤੇ ਦੂਰ-ਦੁਰਾਡੇ ਸਿੱਖਿਆ (ਓਡੀਐੱਲ) ਵਿਧੀ ਰਾਹੀਂ ਚਲਾਇਆ ਜਾਵੇਗਾ। ਕੋਰਸ ਵਿੱਚ ਸੰਪਰਕ ਪ੍ਰੋਗਰਾਮ, ਸਕੂਲ-ਅਧਾਰਿਤ ਸਪਾਂਸਰ ਕੰਮ—ਜਿਸ ਵਿੱਚ ਅਭਿਆਸ ਸਿੱਖਿਆ, ਸਵੈ-ਚਿੰਤਨ ਸਬੰਧੀ ਜਰਨਲ ਅਤੇ ਪੋਰਟਫੋਲੀਓ ਸ਼ਾਮਲ ਹਨ—ਵੀਡੀਓ ਟਿਊਟੋਰਿਅਲ, ਈ-ਲਰਨਿੰਗ ਸਮੱਗਰੀ ਅਤੇ ਡਿਜੀਟਲ ਪਲੈਟਫਾਰਮ ਸ਼ਾਮਲ ਹੋਣਗੇ। ਇਹ ਵਿਵਸਥਾ ਇਹ ਯਕੀਨੀ ਬਣਾਵੇਗੀ ਕਿ ਸੇਵਾ ਵਿੱਚ ਮੌਜੂਦ ਅਧਿਆਪਕ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਕੋਰਸ ਦੀ ਥੀਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ।

ਇਸ ਕੋਰਸ ਵਿੱਚ ਦਾਖ਼ਲਾ ਐੱਨਆਈਓਐੱਸ ਦੇ ਅਧਿਕਾਰਤ ਬ੍ਰਿਜ ਕੋਰਸ ਪੋਰਟਲ (https://bridge.nios.ac.in) ਰਾਹੀਂ ਔਨਲਾਈਨ ਹੋਵੇਗਾ। ਯੋਗ ਅਧਿਆਪਕ ਰਜਿਸਟ੍ਰੇਸ਼ਨ ਕਰ ਸਕਣਗੇ, ਜ਼ਰੂਰੀ ਦਸਤਾਵੇਜ਼ ਅਪਲੋਡ ਕਰ ਸਕਣਗੇ ਅਤੇ ਨਿਰਧਾਰਿਤ ਡੈਸ਼ਬੋਰਡ ਰਾਹੀਂ ਆਪਣੇ ਦਾਖ਼ਲੇ ਦੀ ਸਥਿਤੀ ਦੇਖ ਸਕਣਗੇ। ਕੋਰਸ ਦੀ ਸਮੁੱਚੀ ਅਧਿਐਨ ਸਮੱਗਰੀ, ਜਿਸ ਵਿੱਚ ਸਵੈ-ਅਧਿਐਨ ਸਮੱਗਰੀ ਵੀ ਸ਼ਾਮਲ ਹੈ, ਡਿਜੀਟਲ ਫਾਰਮੈਟ ਵਿੱਚ ਮੁਹੱਈਆ ਕਰਵਾਈ ਜਾਵੇਗੀ। ਅਧਿਆਪਕ ਆਪਣੇ ਸਿੱਖਣ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਆਡੀਓ/ਵੀਡੀਓ, ਇੰਟਰਐਕਟਿਵ ਸਮੱਗਰੀ ਸਮੇਤ ਸਹਾਇਕ ਸਰੋਤਾਂ ਤੱਕ ਵੀ ਔਨਲਾਈਨ ਪਹੁੰਚ ਪ੍ਰਾਪਤ ਕਰ ਸਕਣਗੇ।

 

*****

ਆਰਆਰਟੀਐੱਨ/ਸ਼ੀਨਮ


(Release ID: 2311879) ਵਿਜ਼ੀਟਰ ਕਾਊਂਟਰ : 7