ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸੋਮਵਾਰ, 14 ਸਤੰਬਰ ਨੂੰ ਮੁੰਬਈ ਵਿਖੇ ਹਿੰਦੀ ਦਿਵਸ 2026 ਅਤੇ ਛੇਵੀਂ ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰੇਰਨਾ ਨਾਲ ਗ੍ਰਹਿ ਮੰਤਰਾਲੇ ਦਾ ਰਾਜਭਾਸ਼ਾ ਵਿਭਾਗ 2021 ਤੋਂ ਹਰ ਵਰ੍ਹੇ ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸਾਂ ਦਾ ਆਯੋਜਨ ਕਰ ਰਿਹਾ ਹੈ

ਦੋ ਦਿਨਾਂ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਵਰ੍ਹੇ 2025-26 ਦੇ ‘ਰਾਜਭਾਸ਼ਾ ਗੌਰਵ’ ਅਤੇ ‘ਰਾਜਭਾਸ਼ਾ ਕੀਰਤੀ’ ਪੁਰਸਕਾਰ ਪ੍ਰਦਾਨ ਕਰਨਗੇ

​ਰਾਜਭਾਸ਼ਾ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਅਤੇ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ

ਕਾਨਫਰੰਸ ਦਾ ਇੱਕ ਵਿਸ਼ੇਸ਼ ਆਕਰਸ਼ਣ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ’ਤੇ ਕੇਂਦ੍ਰਿਤ ਵਿਸ਼ੇਸ਼ ਵਿਚਾਰ-ਸੈਸ਼ਨ ਹੋਵੇਗਾ, ਜਿਸ ਵਿੱਚ ਰਾਸ਼ਟਰੀ ਗੀਤ ਦੇ ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਪਹਿਲੂਆਂ ‘ਤੇ ਗੱਲਬਾਤ ਹੋਵੇਗੀ

ਕਈ ਮਹੱਤਵਪੂਰਨ ਪੁਸਤਕਾਂ ਅਤੇ ਪ੍ਰਕਾਸ਼ਨਾਂ ਨੂੰ ਲਾਂਚ ਵੀ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ‘ਵੰਦੇ ਮਾਤਰਮ’ ‘ਤੇ ਕੇਂਦ੍ਰਿਤ ਰਾਜਭਾਸ਼ਾ ਵਿਭਾਗ ਦੀ ਪੱਤ੍ਰਿਕਾ ‘ਰਾਜਭਾਸ਼ਾ ਭਾਰਤੀ’ ਦੀ ਵਿਸ਼ੇਸ਼ ਸਮਾਰਿਕਾ ਸ਼ਾਮਲ

ਕਾਨਫਰੰਸ ਵਿੱਚ ਨਗਰ ਰਾਜਭਾਸ਼ਾ ਕਾਰਜਕਾਰੀ ਕਮੇਟੀਆਂ (ਨਰਾਕਾਸ) ਦੀ ਭੂਮਿਕਾ ‘ਤੇ ਵੀ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇਗਾ

ਕਾਨਫਰੰਸ ਵਾਲੀ ਥਾਂ ’ਤੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ, ਸੰਗਠਨਾਂ, ਬੈਂਕਾਂ ਅਤੇ ਮੰਤਰਾਲਿਆਂ ਵੱਲੋਂ ਕੁੱਲ 32 ਸਟਾਲ ਲਗਾਏ ਜਾਣਗੇ

ਇਹ ਆਯੋਜਨ ਮਹਾਰਾਸ਼ਟਰ ਦੀ ਸਮ੍ਰਿੱਧ ਭਾਸ਼ਾਈ, ਸੱਭਿਆਚਾਰਕ ਅਤੇ ਸਾਹਿਤਕ ਪਰੰਪਰਾ ਦੇ ਨਾਲ ਹਿੰਦੀ ਦੇ ਜੀਵੰਤ ਸਬੰਧਾਂ ਨੂੰ ਵੀ ਰੇਖਾਂਕਿਤ ਕਰੇਗਾ

ਛੇਵੀਂ ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸ ਹਿੰਦੀ ਦੇ ਨਾਲ-ਨਾਲ ਸਾਰੀਆਂ ਭਾਰਤੀ ਭਾਸ਼ਾਵਾਂ ਵਿਚਕਾਰ ਤਾਲਮੇਲ, ਸੰਵਾਦ ਅਤੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ

Posted On: 13 SEP 2026 2:48PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸੋਮਵਾਰ, 14 ਸਤੰਬਰ ਨੂੰ ਮੁੰਬਈ ਵਿਖੇ ਹਿੰਦੀ ਦਿਵਸ 2026 ਅਤੇ ਛੇਵੀਂ ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਮੌਕੇ  ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ, ਦੋਵੇਂ ਉਪ ਮੁੱਖ ਮੰਤਰੀ ਅਤੇ ਕਈ ਸਾਂਸਦਾਂ ਸਮੇਤ ਵੱਖ-ਵੱਖ ਖੇਤਰਾਂ ਦੇ ਪਤਵੰਤਿਆਂ, ਵਿਦਵਾਨ, ਸਾਹਿਤਕਾਰ, ਸਿੱਖਿਆ ਸ਼ਾਸਤਰੀ ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਇਹ ਆਯੋਜਨ ਮਹਾਰਾਸ਼ਟਰ ਦੀ ਸਮ੍ਰਿੱਧ ਭਾਸ਼ਾਈ, ਸੱਭਿਆਚਾਰਕ ਅਤੇ ਸਾਹਿਤਕ ਪਰੰਪਰਾ ਦੇ ਨਾਲ ਹਿੰਦੀ ਦੇ ਜੀਵੰਤ ਸਬੰਧਾਂ ਨੂੰ ਵੀ ਰੇਖਾਂਕਿਤ ਕਰੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰੇਰਨਾ ਅਤੇ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਕੁਸ਼ਲ ਮਾਰਗਦਰਸ਼ਨ ਹੇਠ ਗ੍ਰਹਿ ਮੰਤਰਾਲੇ ਦਾ ਰਾਜਭਾਸ਼ਾ ਵਿਭਾਗ 2021 ਤੋਂ ਹਰ ਵਰ੍ਹੇ  ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸਾਂ ਦਾ ਆਯੋਜਨ ਕਰ ਰਿਹਾ ਹੈ। ਵਾਰਾਣਸੀ ਤੋਂ ਸ਼ੁਰੂ ਹੋਈ ਇਹ ਯਾਤਰਾ ਸੂਰਤ, ਪੁਣੇ, ਨਵੀਂ ਦਿੱਲੀ ਅਤੇ ਗਾਂਧੀਨਗਰ ਤੋਂ ਹੁੰਦੀ ਹੋਈ ਇਸ ਵਰ੍ਹੇ  ਮਹਾਰਾਸ਼ਟਰ ਦੀ ਧਰਤੀ ‘ਤੇ ਨਵੀਂ ਮੁੰਬਈ ਪਹੁੰਚੀ ਹੈ।

ਦੋ ਦਿਨਾਂ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵਰ੍ਹੇ  2025-26 ਦੇ ‘ਰਾਜਭਾਸ਼ਾ ਗੌਰਵ’ ਅਤੇ ‘ਰਾਜਭਾਸ਼ਾ ਕੀਰਤੀ’ ਪੁਰਸਕਾਰ ਪ੍ਰਦਾਨ ਕਰਨਗੇ। ਰਾਜਭਾਸ਼ਾ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਅਤੇ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਉਦਘਾਟਨੀ ਸੈਸ਼ਨ ਅਤੇ ਹੋਰ ਸੈਸ਼ਨਾਂ ਵਿੱਚ ਕਈ ਮਹੱਤਵਪੂਰਨ ਪੁਸਤਕਾਂ ਅਤੇ ਪ੍ਰਕਾਸ਼ਨਾਂ ਦਾ ਲਾਂਚ ਵੀ ਕੀਤਾ ਜਾਵੇਗਾ। ਇਨ੍ਹਾਂ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ’ਤੇ ਕੇਂਦ੍ਰਿਤ ਰਾਜਭਾਸ਼ਾ ਵਿਭਾਗ ਦੀ ਪੱਤ੍ਰਿਕਾ ‘ਰਾਜਭਾਸ਼ਾ ਭਾਰਤੀ’ ਦੀ ਵਿਸ਼ੇਸ਼ ਸਮਾਰਿਕਾ, ‘ਭਾਰਤੀ ਗਿਆਨਤੰਤਰ : ਸਰੋਤ ਅਤੇ ਸਰੂਪ’, ‘ਸ਼ਿਵ ਅਨਾਦਿ ਹਨ, ਅਨੰਤ ਹਨ’ ਅਤੇ ਜੇਲ੍ਹ ਦੇ ਕੈਦੀਆਂ ਦੁਆਰਾ ਤਿਆਰ ਕੀਤੀਆਂ ਰਚਨਾਵਾਂ ਦਾ ਸੰਕਲਨ ‘ਅੰਧੇਰਿਆਂ ਤੋਂ ਉਜਾਲਿਆਂ ਤੱਕ’ ਪ੍ਰਮੁੱਖ ਹਨ। ਇਹ ਪ੍ਰਕਾਸ਼ਨ ਭਾਰਤੀ ਸੱਭਿਆਚਾਰ, ਗਿਆਨ ਪਰੰਪਰਾ, ਸਾਹਿਤ ਅਤੇ ਰਚਨਾਤਮਕ ਪ੍ਰਗਟਾਵੇ ਦੇ ਵੱਖ-ਵੱਖ ਪਹਿਲੂਆਂ ਨੂੰ ਸਾਹਮਣੇ ਰੱਖਦੇ ਹਨ। ਕਈ ਹੋਰ ਸੰਗਠਨਾਂ ਅਤੇ ਸੰਸਥਾਵਾਂ ਦੀਆਂ ਪੁਸਤਕਾਂ ਅਤੇ ਪੱਤ੍ਰਿਕਾਵਾਂ ਨੂੰ ਵੀ ਲਾਂਚ ਕੀਤਾ ਜਾਵੇਗਾ।

ਇਸ ਵਰ੍ਹੇ ਦੀ ਕਾਨਫਰੰਸ ਦਾ ਇੱਕ ਵਿਸ਼ੇਸ਼ ਆਕਰਸ਼ਣ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ‘ਤੇ ਕੇਂਦ੍ਰਿਤ ਵਿਸ਼ੇਸ਼ ਵਿਚਾਰ-ਸੈਸ਼ਨ ਹੋਵੇਗਾ। ਇਸ ਵਿਸ਼ੇਸ਼ ਸੈਸ਼ਨ ਵਿੱਚ ਪ੍ਰਸਿੱਧ ਪਲੇਅਬੈਕ ਗਾਇਕ ਸ਼੍ਰੀ ਹਰੀਹਰਨ, ਸੀਨੀਅਰ ਪੱਤਰਕਾਰ ਅਤੇ ਲੇਖਕ ਸ਼੍ਰੀ ਨੀਲੇਸ਼ ਮਿਸ਼ਰਾ ਅਤੇ ‘ਵੰਦੇ ਮਾਤਰਮ’ ’ਤੇ ਅਧਿਐਨ ਕਰ ਰਹੇ ਸ਼੍ਰੀ ਅਖਿਲੇਸ਼ ਮਿਸ਼ਰਾ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ, ‘ਵੰਦੇ ਮਾਤਰਮ’ ਦੇ ਖੋਜਕਰਤਾ ਸ਼੍ਰੀ ਮਿਲਿੰਦ ਪ੍ਰਭਾਕਰ ਸਬਨੀਸ ਇੱਕ ਹੋਰ ਸੈਸ਼ਨ ਵਿੱਚ ਇਸ ਰਾਸ਼ਟਰੀ ਗੀਤ ਦੇ ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਪਹਿਲੂਆਂ ’ਤੇ ਚਾਨਣਾ ਪਾਉਣਗੇ। ਪ੍ਰੋਗਰਾਮ ਵਿੱਚ ਸ਼੍ਰੀ ਜੋਏਦੀਪ ਚੱਟੋਪਾਧਿਆਏ ਦੀ ਵੀ ਵਿਸ਼ੇਸ਼ ਮੌਜੂਦਗੀ ਰਹੇਗੀ। ਉਹ ‘ਵੰਦੇ ਮਾਤਰਮ’ ਦੇ ਰਚੇਤਾ ਸ਼੍ਰੀ ਬੰਕਿਮ ਚੰਦਰ ਚੱਟੋਪਾਧਿਆਏ ਦੀ ਪੰਜਵੀਂ ਪੀੜ੍ਹੀ ਦੇ ਵੰਸ਼ਜ ਹਨ। ਉਨ੍ਹਾਂ ਦੀ ਮੌਜੂਦਗੀ ਇਸ ਆਯੋਜਨ ਨੂੰ ਵਿਸ਼ੇਸ਼ ਇਤਿਹਾਸਕ ਅਤੇ ਭਾਵਨਾਤਮਕ ਮਹੱਤਵ ਪ੍ਰਦਾਨ ਕਰੇਗੀ।

ਇਨ੍ਹਾਂ ਸੈਸ਼ਨਾਂ ਦੇ ਮਾਧਿਅਮ ਨਾਲ ਇਹ ਵਿਚਾਰ ਕੀਤਾ ਜਾਵੇਗਾ ਕਿ ‘ਵੰਦੇ ਮਾਤਰਮ’ ਨੇ ਭਾਰਤੀ ਜਨਮਾਨਸ ਵਿੱਚ ਰਾਸ਼ਟਰੀ ਚੇਤਨਾ ਨੂੰ ਕਿਸ ਤਰ੍ਹਾਂ ਸੁਰ ਦਿੱਤਾ ਅਤੇ ਸੁਤੰਤਰਤਾ ਅੰਦੋਲਨ ਤੋਂ ਲੈ ਕੇ ਅੱਜ ਤੱਕ ਇਸ ਦੀ ਪ੍ਰਾਸੰਗਿਕਤਾ ਕਿਸ ਰੂਪ ਵਿੱਚ ਬਣੀ ਹੋਈ ਹੈ।

ਕਾਨਫਰੰਸ ਵਿੱਚ ਨਗਰ ਰਾਜਭਾਸ਼ਾ ਲਾਗੂਕਰਨ ਕਮੇਟੀਆਂ (ਨਰਾਕਾਸ) ਦੀ ਭੂਮਿਕਾ ‘ਤੇ ਵੀ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਨਰਾਕਾਸ ਰਾਜਭਾਸ਼ਾ ਹਿੰਦੀ ਦੇ ਲਾਗੂਕਰਨ ਨੂੰ ਜ਼ਮੀਨੀ ਪੱਧਰ ‘ਤੇ ਅੱਗੇ ਵਧਾਉਣ ਵਾਲੀ ਇੱਕ ਮਜ਼ਬੂਤ ਅਤੇ ਸਮਰੱਥ ਇਕਾਈ ਹੈ। ਇਸ ਸੈਸ਼ਨ ਵਿੱਚ ਨਰਾਕਾਸ ਦੇ ਕੰਮਾਂ, ਪ੍ਰਾਪਤੀਆਂ ਅਤੇ ਰਾਜਭਾਸ਼ਾ ਨੂੰ ਲਾਗੂ ਕਰਨ ਵਿੱਚ ਉਸ ਦੀ ਭੂਮਿਕਾ ‘ਤੇ ਵਿਚਾਰ-ਵਟਾਂਦਰਾ ਹੋਵੇਗਾ ਅਤੇ ਵਧੀਆ ਕੰਮ ਕਰਨ ਵਾਲੀਆਂ ਨਰਾਕਾਸ ਕਮੇਟੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

15 ਸਤੰਬਰ ਨੂੰ ਆਯੋਜਨ ਦੇ ਦੂਜੇ ਦਿਨ ਇੱਕ ਵਿਸ਼ੇਸ਼ ਸੈਸ਼ਨ ਵਿੱਚ ਪ੍ਰਸਿੱਧ ਗੀਤਕਾਰ ਅਤੇ ਲੇਖਕ ਸ਼੍ਰੀ ਮਨੋਜ ਮੁੰਤਸ਼ਿਰ ਮੌਜੂਦ ਰਹਿਣਗੇ। ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨਾਲ ਓਤ-ਪੋਤ ਗੀਤਾਂ ਲਈ ਵਿਸ਼ੇਸ਼ ਤੌਰ ‘ਤੇ ਲੋਕਪ੍ਰਿਯ ਸ਼੍ਰੀ ਮੁੰਤਸ਼ਿਰ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਸੈਸ਼ਨ ਕਾਨਫਰੰਸ ਦੀ ਸੱਭਿਆਚਾਰਕ ਅਤੇ ਭਾਵਨਾਤਮਕ ਗਰਿਮਾ ਨੂੰ ਹੋਰ ਸਮ੍ਰਿੱਧ ਕਰੇਗਾ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਵੱਲੋਂ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਮਹਾਰਾਸ਼ਟਰ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਕਲਾਤਮਕ ਪਰੰਪਰਾ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲਣਗੇ।

 ਕਾਨਫਰੰਸ ਵਾਲੀ ਥਾਂ ’ਤੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ, ਸੰਗਠਨਾਂ, ਬੈਂਕਾਂ ਅਤੇ ਮੰਤਰਾਲਿਆਂ ਵੱਲੋਂ ਸਟਾਲ ਲਗਾਏ ਜਾਣਗੇ। ਮਹਾਰਾਸ਼ਟਰ ਸਰਕਾਰ ਦੇ ਦੋ ਵਿਸ਼ੇਸ਼ ਸਟਾਲ, ਰਾਜਭਾਸ਼ਾ ਵਿਭਾਗ ਅਤੇ ਪ੍ਰਕਾਸ਼ਨ ਵਿਭਾਗ ਦੇ ਸਟਾਲ ਸਮੇਤ ਕੁੱਲ 32 ਸਟਾਲ ਪ੍ਰਦਰਸ਼ਨੀ ਵਾਲੀ ਥਾਂ ’ਤੇ ਲਗਾਏ ਜਾਣਗੇ। ਇਨ੍ਹਾਂ ਸਟਾਲਾਂ ਦੇ ਮਾਧਿਅਮ ਨਾਲ ਵੱਖ-ਵੱਖ ਸੰਸਥਾਵਾਂ ਦੇ ਹਿੰਦੀ ਅਤੇ ਭਾਰਤੀ ਭਾਸ਼ਾਵਾਂ ਨਾਲ ਸਬੰਧਿਤ ਕੰਮਾਂ, ਪ੍ਰਕਾਸ਼ਨਾਂ, ਪਹਿਲਕਦਮੀਆਂ ਅਤੇ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਦੋ ਦਿਨਾਂ ਕਾਨਫਰੰਸ ਵਿੱਚ ਹਿੰਦੀ ਦੇ ਰਾਜਭਾਸ਼ਾ, ਜਨਭਾਸ਼ਾ ਅਤੇ ਸੰਪਰਕ ਭਾਸ਼ਾ ਦੇ ਰੂਪ ਵਿੱਚ ਵਿਕਾਸ, ਭਾਰਤੀ ਭਾਸ਼ਾਵਾਂ ਨਾਲ ਉਸ ਦੇ ਤਾਲਮੇਲ, ਤਕਨਾਲੋਜੀ ਅਤੇ ਭਾਸ਼ਾ, ਅਨੁਵਾਦ, ਸਾਹਿਤ ਅਤੇ ਹਿੰਦੀ ਦੇ ਵਿਆਪਕ ਪ੍ਰਸਾਰ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਸੰਵਿਧਾਨ ਦੀ ਧਾਰਾ 343 ਵਿੱਚ ਸੰਘ ਦੀ ਰਾਜਭਾਸ਼ਾ ਹਿੰਦੀ ਅਤੇ ਲਿਪੀ ਦੇਵਨਾਗਰੀ ਨਿਰਧਾਰਿਤ ਕੀਤੀ ਗਈ ਹੈ ਅਤੇ ਧਾਰਾ 351 ਵਿੱਚ ਹਿੰਦੀ ਦੇ ਪ੍ਰਸਾਰ, ਵਿਕਾਸ ਅਤੇ ਸਮ੍ਰਿੱਧੀ ਦੀ ਜ਼ਿੰਮੇਵਾਰੀ ਸੰਘ ‘ਤੇ ਰੱਖੀ ਗਈ ਹੈ। ਰਾਜਭਾਸ਼ਾ ਵਿਭਾਗ ਇਨ੍ਹਾਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਨਿਰੰਤਰ ਕਾਰਜਸ਼ੀਲ ਹੈ। ਇਸੇ ਲੜੀ ਤਹਿਤ ਆਯੋਜਿਤ ਹੋਣ ਵਾਲੀ ਇਹ ਛੇਵੀਂ ਅਖਿਲ ਭਾਰਤੀ ਰਾਜਭਾਸ਼ਾ ਕਾਨਫਰੰਸ ਹਿੰਦੀ ਦੇ ਨਾਲ-ਨਾਲ ਸਾਰੀਆਂ ਭਾਰਤੀ ਭਾਸ਼ਾਵਾਂ ਵਿਚਕਾਰ ਤਾਲਮੇਲ, ਸੰਵਾਦ ਅਤੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ।

****

 

ਆਰਕੇ/ਬੀਆਰਆਰ/ਪੀਆਰ/ਪੀਐੱਸ/ਏਕੇ


(Release ID: 2309781) ਵਿਜ਼ੀਟਰ ਕਾਊਂਟਰ : 7