ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ (ਜੀਐੱਫ਼ਐੱਫ਼) 2026 ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 08 SEP 2026 8:14PM by PIB Chandigarh


ਆਰਬੀਆਈ ਦੇ ਗਵਰਨਰ ਸ਼੍ਰੀ ਸੰਜੇ ਮਲਹੋਤਰਾ ਜੀ, ਗਲੋਬਲ ਫਿਨਟੈਕ ਫੈਸਟ ਦੇ ਚੇਅਰਮੈਨ ਕ੍ਰਿਸ ਗੋਪਾਲ ਕ੍ਰਿਸ਼ਣਨ ਜੀ, ਫਿਨਟੈਕ ਵਰਲਡ ਦੇ ਸਾਰੇ ਇਨੋਵੇਟਰਜ਼, ਲੀਡਰਜ਼ ਅਤੇ ਇਨਵੈਸਟਰਜ਼, ਭੈਣੋ ਅਤੇ ਭਰਾਵੋ।

ਗਲੋਬਲ ਫਿਨਟੈਕ ਫੈਸਟ ਵਿੱਚ ਦੇਸ਼ ਵਿਦੇਸ਼ ਤੋਂ ਆਏ ਸਾਰੇ ਮਹਿਮਾਨਾਂ ਅਤੇ ਵਫ਼ਦਾਂ ਦਾ ਮੈਂ ਸੁਆਗਤ ਕਰਦਾ ਹਾਂ। ਮੈਨੂੰ ਖ਼ੁਸ਼ੀ ਹੈ ਕਿ ਅੱਜ ਇੱਥੇ ਇੱਕ ਹੋਰ ਹੈਟ੍ਰਿਕ ਲੱਗੀ ਹੈ। ਇੱਕ ਹੈਟ੍ਰਿਕ ਤਾਂ 2024 ਵਿੱਚ ਤੀਜੀ ਵਾਰ ਸਰਕਾਰ ਬਣਨ ਨਾਲ ਲੱਗੀ ਸੀ ਅਤੇ ਇੱਕ ਹੈਟ੍ਰਿਕ ਤੁਹਾਡੇ ਸਾਰਿਆਂ ਦੇ ਵਿਚਕਾਰ ਆਉਣ ਨਾਲ ਜੁੜੀ ਹੈ। ਗਲੋਬਲ ਫਿਨਟੈਕ ਫੈਸਟ ਵਿੱਚ ਲਗਾਤਾਰ ਇਹ ਮੇਰਾ ਤੀਜਾ ਸਾਲ ਹੈ। ਇਹ ਹੈਟ੍ਰਿਕ ਦੱਸਦੀ ਹੈ ਕਿ ਵਿਕਸਤ ਭਾਰਤ ਲਈ ਤੁਸੀਂ ਕਿੰਨੇ ਮਹੱਤਵਪੂਰਨ ਹੋ, ਤੁਹਾਡਾ ਕੰਮ ਕਿੰਨਾ ਮਹੱਤਵਪੂਰਨ ਹੈ।

ਸਾਥੀਓ, 

ਹਰ ਵਾਰ ਜਦੋਂ ਮੈਂ ਇੱਥੇ ਆਉਂਦਾ ਹਾਂ, ਤਾਂ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਨੌਜਵਾਨ ਦਿਖਾਈ ਦਿੰਦੇ ਹਨ, ਪਹਿਲਾਂ ਨਾਲੋਂ ਜ਼ਿਆਦਾ ਊਰਜਾ ਦਾ ਅਨੁਭਵ ਹੁੰਦਾ ਹੈ। ਮੈਨੂੰ ਸੰਭਾਵਨਾਵਾਂ ਦਾ ਦਾਇਰਾ ਵਧਦਾ ਦਿਸਦਾ ਹੈ। ਇਹ ਸਾਫ਼-ਸਾਫ਼ ਲਗਦਾ ਹੈ ਕਿ ਜੋਖ਼ਮ ਲੈਣ ਦੀ ਸਮਰੱਥਾ ਵਧ ਰਹੀ ਹੈ, ਸੁਪਨੇ ਵਧੇਰੇ ਦਲੇਰ ਹੁੰਦੇ ਜਾ ਰਹੇ ਹਨ ਅਤੇ ਇਸ ਲਈ, ਵਿਕਸਤ ਭਾਰਤ ਦੇ ਭਵਿੱਖ ਨੂੰ ਲੈ ਕੇ ਮੇਰਾ ਵਿਸ਼ਵਾਸ ਹੋਰ ਮਜ਼ਬੂਤ ਹੋ ਰਿਹਾ ਹੈ।

ਸਾਥੀਓ, 

ਫਿਨਟੈਕ ਦੀ ਇਸ ਊਰਜਾ ਦੇ ਵਿਚਕਾਰ ਹੀ ਮੁੰਬਈ ਵਿੱਚ ਸਭਿਆਚਾਰਕ ਊਰਜਾ ਵੀ ਇਨ੍ਹਾਂ ਦਿਨਾਂ ਵਿੱਚ ਸਿਖਰ ’ਤੇ ਹੈ। ਕੁਝ ਹੀ ਦਿਨਾਂ ਵਿੱਚ ਮਹਾਰਾਸ਼ਟਰ ਸਮੇਤ ਪੂਰੇ ਦੇਸ਼ ਵਿੱਚ ਗਣੇਸ਼ੋਤਸਵ ਸ਼ੁਰੂ ਹੋਣ ਜਾ ਰਿਹਾ ਹੈ। ਸਾਡੇ ਇੱਥੇ ਹਰ ਸ਼ੁਭ ਕੰਮ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਯਾਦ ਕੀਤਾ ਜਾਂਦਾ ਹੈ। ਮੈਂ ਗਣਪਤੀ ਬੱਪਾ ਨੂੰ ਨਮਨ ਕਰਦੇ ਹੋਏ, ਤੁਹਾਨੂੰ ਸਾਰਿਆਂ ਨੂੰ ਗਲੋਬਲ ਫਿਨਟੈਕ ਫੈਸਟ 2026 ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ, 

ਦੁਨੀਆ ਦੇ ਹਾਲਾਤ ਕੀ ਹਨ, ਇਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਦੁਨੀਆ ਟਕਰਾਅ ਅਤੇ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਲੰਘ ਰਹੀ ਹੈ। ਊਰਜਾ ਅਤੇ ਕਮੋਡਿਟੀਜ਼ ਦੀ ਸਪਲਾਈ ਚੇਨਜ਼ ’ਤੇ ਦਬਾਅ ਹੈ, ਵਪਾਰ ਨੂੰ ਲੈ ਕੇ ਵੀ ਤਣਾਅ ਹੈ ਅਤੇ ਇਹ ਸਥਿਤੀਆਂ ਕਈ ਮਹੀਨਿਆਂ ਤੋਂ ਬਣੀਆਂ ਹੋਈਆਂ ਹਨ। ਇਸ ਵਿੱਚ ਵੀ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਸਭ ਤੋਂ ਚੈਲੇਂਜਿੰਗ ਰਹੀ ਹੈ ਅਤੇ ਇਸ ਵਿੱਚ ਵੀ ਜਦੋਂ ਭਾਰਤ, 7.8 ਪ੍ਰਤੀਸ਼ਤ ਨਾਲ ਵਧਦਾ ਹੈ, ਤਾਂ ਦੁਨੀਆ ਨੂੰ ਇੱਕ ਨਵਾਂ ਭਰੋਸਾ ਮਿਲਦਾ ਹੈ ਅਤੇ ਇਹ ਜੋ ਵਿਸ਼ਵਾਸ ਹੈ, ਉਹ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਚਿਹਰਿਆਂ ’ਤੇ ਵੀ ਸਾਫ਼-ਸਾਫ਼ ਦੇਖ ਰਿਹਾ ਹਾਂ।

 

ਸਾਥੀਓ, 

ਭਾਰਤ ’ਤੇ ਇਸ ਵਧਦੇ ਭਰੋਸੇ ਦੀ ਇੱਕ ਹੋਰ ਉਦਾਹਰਨ ਸਾਡੀ ਸੌਵਰਨ ਰੇਟਿੰਗਜ਼ ਵੀ ਹੈ। ਹਾਲ ਹੀ ਵਿੱਚ, ਜਾਪਾਨ ਦੀ ਕ੍ਰੈਡਿਟ ਰੇਟਿੰਗ ਏਜੰਸੀ ਨੇ ਭਾਰਤ ਦੀ ਸੌਵਰਨ ਰੇਟਿੰਗਜ਼ ਨੂੰ ਏ-ਕੈਟੇਗਰੀ ਵਿੱਚ ਅੱਪਗ੍ਰੇਡ ਕੀਤਾ ਹੈ। ਅੱਪਗ੍ਰੇਡ ਕਰਨਾ ਤਾਂ ਖ਼ੁਸ਼ੀ ਦੀ ਗੱਲ ਹੈ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਸੁਭਾਗ ਤਿੰਨ ਦਹਾਕਿਆਂ ਤੋਂ ਬਾਅਦ ਆਇਆ ਹੈ, ਤੀਹ ਸਾਲਾਂ ਤੋਂ ਬਾਅਦ। ਇਹ ਦਿਖਾਉਂਦਾ ਹੈ ਕਿ ਭਾਰਤ ਦੇ ਗ੍ਰੋਥ ਮੋਮੈਂਟਮ, ਸਾਡੀ ਮੈਕਰੋ-ਇਕੋਨੌਮਿਕ ਸਟੇਬੀਲਿਟੀ ਅਤੇ ਜੋ ਸਟ੍ਰਕਚਰਲ ਰਿਫੌਰਮਜ਼ ਬੀਤੇ ਸਾਲਾਂ ਵਿੱਚ ਕੀਤੇ ਹਨ, ਉਨ੍ਹਾਂ ਸਭ ਨੂੰ ਲੈ ਕੇ ਦੁਨੀਆ ਕਿੰਨੀ ਆਸਵੰਦ ਹੈ ਅਤੇ ਮੈਂ ਫਿਰ ਕਹਾਂਗਾ ਕਿ ਭਾਰਤ ਦੀ ਇਹ ਰਿਫੌਰਮ ਐਕਸਪ੍ਰੈੱਸ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗੀ।

ਸਾਥੀਓ, 

ਭਾਰਤ ਦੀ ਫਿਨਟੈਕ ਕਹਾਣੀ ਸ਼ਾਨਦਾਰ ਰਹੀ ਹੈ ਅਤੇ ਇਸ ਦਾ ਇੱਕ ਵੱਡਾ ਚੈਂਪੀਅਨ ਹੈ- ਸਾਡਾ ਯੂਪੀਆਈ। ਮੈਂ ਪਿਛਲੇ ਸਾਲ ਵੀ ਇਸ ਦੀ ਚਰਚਾ ਕੀਤੀ ਸੀ। ਪਰ ਇਹ ਇੰਨੀ ਵੱਡੀ ਟ੍ਰਾਂਸਫਾਰਮੇਸ਼ਨ ਹੈ ਕਿ ਜਦੋਂ ਵੀ ਫਿਨਟੈਕ ਦੀ ਚਰਚਾ ਹੋਵੇਗੀ, ਤਾਂ ਉਹ ਯੂਪੀਆਈ ਤੋਂ ਬਿਨਾਂ ਅਧੂਰੀ ਹੀ ਹੋਵੇਗੀ।

 

ਸਾਥੀਓ, 

ਅਜੇ ਕੁਝ ਹੀ ਦਿਨ ਪਹਿਲਾਂ, 25 ਅਗਸਤ ਨੂੰ ਯੂਪੀਆਈ ਨੇ ਆਪਣੇ 10 ਸਾਲ ਪੂਰੇ ਕੀਤੇ ਹਨ। 10 ਸਾਲ ਪਹਿਲਾਂ ਜਦੋਂ ਮੈਂ ਕਹਿੰਦਾ ਸੀ ਕਿ ਤੁਹਾਡਾ ਬੈਂਕ ਤੁਹਾਡੀਆਂ ਉਂਗਲੀਆਂ ’ਤੇ ਹੋਵੇਗਾ, ਤਾਂ ਕੁਝ ਲੋਕਾਂ ਨੂੰ ਇਹ ਅਸੰਭਵ ਲਗਦਾ ਸੀ ਅਤੇ ਮੈਂ ਚੰਗੀ ਤਰ੍ਹਾਂ ਨਾਲ ਜਾਣੂ ਲੋਕਾਂ ਦੀ ਗੱਲ ਕਰ ਰਿਹਾ ਹਾਂ, ਚਿਹਰਾ ਯਾਦ ਕਰ ਲਵੋ। ਮੈਂ ਉਨ੍ਹਾਂ ਕਰੋੜਾਂ ਭਾਰਤੀਆਂ ਦੀ ਗੱਲ ਨਹੀਂ ਕਰ ਰਿਹਾ ਹਾਂ, ਜਿਨ੍ਹਾਂ ਦੇ ਉਦੋਂ ਬੈਂਕ ਅਕਾਊਂਟ ਵੀ ਨਵੇਂ-ਨਵੇਂ ਖੁੱਲ੍ਹੇ ਸਨ। ਉਨ੍ਹਾਂ ਦੀਆਂ ਤਾਂ ਕਈ ਪੀੜ੍ਹੀਆਂ ਨੇ ਬੈਂਕ ਦਾ ਦਰਵਾਜ਼ਾ ਤੱਕ ਨਹੀਂ ਦੇਖਿਆ ਸੀ। ਪਰ ਅੱਜ 10 ਸਾਲ ਬਾਅਦ ਦੇਖੋ, ਉਹੀ ਕਰੋੜਾਂ ਲੋਕ, ਜੋ ਪੀੜ੍ਹੀਆਂ ਤੋਂ ਬੈਂਕਿੰਗ ਸਿਸਟਮ ਤੋਂ ਬਾਹਰ ਸਨ, ਉਹ ਭਾਰਤ ਵਿੱਚ ਫਿਨਟੈਕ ਗ੍ਰੋਥ ਦੇ ਵੱਡੇ ਡਰਾਈਵਰ ਬਣ ਗਏ ਹਨ।

ਸਾਥੀਓ, 

ਅੱਜ ਇਕੱਲੇ ਅਗਸਤ ਮਹੀਨੇ ਵਿੱਚ ਹੀ ਯੂਪੀਆਈ ਤੋਂ 2400 ਕਰੋੜ ਤੋਂ ਜ਼ਿਆਦਾ ਲੈਣ-ਦੇਣ ਹੋਏ ਹਨ। ਭਾਵ ਅਸੀਂ ਇੱਥੇ ਜਿੰਨੀ ਦੇਰ ਤੋਂ ਬੈਠੇ ਹਾਂ, ਸਿਰਫ਼ 10 ਮਿੰਟਾਂ ਵਿੱਚ ਹੀ, ਔਸਤਨ 50 ਲੱਖ ਤੋਂ ਜ਼ਿਆਦਾ ਯੂਪੀਆਈ ਲੈਣ-ਦੇਣ ਦੇਸ਼ ਭਰ ਵਿੱਚ ਹੋ ਚੁੱਕੇ ਹੋਣਗੇ। ਇਹੀ ਪ੍ਰਭਾਵ ਹੈ ਜਿਸ ਦੇ ਕਾਰਨ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕਿਹਾ, ਉਨ੍ਹਾਂ ਨੇ ਕਿਹਾ ਸੀ ਕਿ ਯੂਪੀਆਈ ਕੇਵਲ ਇੱਕ ਟੈਕ ਕਹਾਣੀ ਨਹੀਂ ਹੈ, ਇਹ ਇੱਕ ਸਿਵਿਲਾਈਜ਼ੇਸ਼ਨਲ ਸਟੋਰੀ ਹੈ।

 

ਅਤੇ ਸਾਥੀਓ, 

ਯੂਪੀਆਈ ਹੁਣ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ। ਕੁਝ ਸਾਲ ਪਹਿਲਾਂ ਇੱਥੇ ਕੋਈ ਕਹਿੰਦਾ ਕਿ ਵਿਦੇਸ਼ ਵਿੱਚ ਵੀ ਭਾਰਤ ਦੇ ਬੈਂਕ ਅਕਾਊਂਟ ਤੋਂ ਪੇਮੈਂਟ ਕਰ ਦੇਵੇਗਾ, ਤਾਂ ਸ਼ਾਇਦ ਹੀ ਕੋਈ ਵਿਸ਼ਵਾਸ ਕਰਦਾ। ਪਰ ਅੱਜ, ਇਹ ਇੱਕ ਹਕੀਕਤ ਹੈ। ਭਾਰਤ ਦਾ ਯੂਪੀਆਈ ਹੁਣ ਦੁਨੀਆ ਦੇ 11 ਦੇਸ਼ਾਂ ਵਿੱਚ ਲਾਈਵ ਹੈ। ਇਹ ਸ਼ਾਨਦਾਰ ਅੰਕੜੇ ਹਨ, ਜੋ ਸਾਨੂੰ ਦੱਸਦੇ ਹਨ ਕਿ ਅਸੀਂ ਕਿੰਨਾ ਲੰਬਾ ਸਫ਼ਰ ਤੈਅ ਕੀਤਾ ਹੈ। ਪਰ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇਸ ਸਫ਼ਰ ਤੋਂ ਸੰਤੁਸ਼ਟ ਹੋ ਜਾਈਏ? ਕੀ ਭਾਰਤ ਵਿੱਚ ਫਿਨਟੈਕ ਦੀ ਸਫ਼ਲਤਾ ਨੂੰ ਹੀ ਫਾਈਨਲ ਮੰਨ ਲਿਆ ਜਾਵੇ?

 

ਸਾਥੀਓ, 

ਪਾਲਿਸੀ ਅਤੇ ਗਵਰਨੈਂਸ ਨਾਲ ਜੁੜੇ ਈਕੋਸਿਸਟਮ ਵਿੱਚ ਮੈਨੂੰ ਹੁਣ 25 ਸਾਲ ਪੂਰੇ ਹੋਣ ਵਾਲੇ ਹਨ ਅਤੇ ਜਿਨ੍ਹਾਂ ਨੇ ਵੀ ਮੈਨੂੰ ਇਨ੍ਹਾਂ ਸਾਲਾਂ ਵਿੱਚ ਦੇਖਿਆ ਹੈ, ਉਹ ਜਾਣਦੇ ਹਨ, ਮੋਦੀ ਇੱਕ ਪੜਾਅ ’ਤੇ ਪਹੁੰਚ ਕੇ, ਜਸ਼ਨ ਮਨਾ ਕੇ ਸੰਤੁਸ਼ਟ ਹੋਣ ਵਾਲਿਆਂ ਵਿੱਚੋਂ ਨਹੀਂ ਹੈ। ਜਦੋਂ ਇੱਕ ਟੀਚਾ ਪ੍ਰਾਪਤ ਹੁੰਦਾ ਹੈ, ਤਾਂ ਮੈਂ ਉਸ ਤੋਂ ਵੀ ਵੱਡੇ ਟੀਚੇ ਦੀ ਤਿਆਰੀ ਵਿੱਚ ਜੁਟ ਜਾਂਦਾ ਹਾਂ।

ਸਾਥੀਓ, 

ਅੱਜ ਸਾਡਾ ਯੂਪੀਆਈ ਕਈ ਦੇਸ਼ਾਂ ਵਿੱਚ ਪਹੁੰਚਿਆ ਹੈ। ਪਰ ਇਹ ਫਰਸਟ ਸਟੈੱਪ ਹੈ। ਹੁਣ ਉਨ੍ਹਾਂ ਦੇਸ਼ਾਂ ਦੇ ਪੇਮੈਂਟ ਸਿਸਟਮਜ਼ ਨਾਲ ਜੁੜਨਾ ਸਾਡਾ ਅਗਲਾ ਟੀਚਾ ਹੋਣਾ ਚਾਹੀਦਾ ਹੈ। ਸਿੰਗਾਪੁਰ ਨਾਲ ਅਸੀਂ ਇਹ ਕਰ ਚੁੱਕੇ ਹਾਂ। ਇਸ ਨਾਲ ਭਾਰਤ ਅਤੇ ਸਿੰਗਾਪੁਰ ਵਿਚਕਾਰ ਟ੍ਰਾਂਜ਼ੈਕਸ਼ਨ ਓਵੇਂ ਹੀ ਹੋ ਰਹੇ ਹਨ, ਜਿਵੇਂ ਇੱਕ ਹੀ ਸ਼ਹਿਰ ਦੇ ਦੋ ਮੋਹੱਲਿਆਂ ਵਿਚਕਾਰ ਹੁੰਦੇ ਹਨ। ਇਹੀ ਕੁਨੈਕਸ਼ਨ ਸਾਨੂੰ, ਹੋਰ ਦੇਸ਼ਾਂ, ਹੋਰ ਬਾਜ਼ਾਰਾਂ ਵਿੱਚ ਵੀ ਬਣਾਉਣੇ ਹਨ, ਇਸੇ ਟੀਚੇ ਨੂੰ ਲੈ ਕੇ ਅੱਗੇ ਵਧਣਾ ਹੋਵੇਗਾ। ਜਿੱਥੇ ਵੀ ਭਾਰਤੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਜਿੱਥੇ ਵੀ ਭਾਰਤ, ਵੱਡੇ ਪੱਧਰ ’ਤੇ ਵਪਾਰ ਕਰਦਾ ਹੈ, ਦੁਨੀਆ ਦਾ ਜੋ ਵੀ ਦੇਸ਼ ਸਾਡੇ ਨਾਲ ਚੱਲਣ ਲਈ ਤਿਆਰ ਹੈ, ਸਾਨੂੰ ਉਨ੍ਹਾਂ ਸਾਰਿਆਂ ਨੂੰ ਜੋੜਨ ਲਈ ਕੰਮ ਕਰਨਾ ਹੋਵੇਗਾ।

 

ਸਾਥੀਓ, 

ਇਹ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ ਅਤੇ ਦੁਨੀਆ ਵਿੱਚ ਸਭ ਤੋਂ ਵੱਧ ਭਾਰਤੀ ਹੀ ਵਿਦੇਸ਼ ਤੋਂ ਪੈਸਾ ਭੇਜਦੇ ਹਨ। ਪਰ ਅੱਜ ਉਸ ਪੈਸੇ ਦਾ ਇੱਕ ਹਿੱਸਾ, ਟ੍ਰਾਂਜ਼ੈਕਸ਼ਨ ਕੋਸਟ ਵਿੱਚ ਚਲਾ ਜਾਂਦਾ ਹੈ। ਯੂਪੀਆਈ, ਭਾਰਤੀਆਂ ਨੂੰ ਇਸ ਵਿੱਚ ਵੀ ਬੱਚਤ ਦਿਵਾ ਸਕਦਾ ਹੈ ਅਤੇ ਪੈਸਾ ਤੇਜ਼ੀ ਨਾਲ ਭਾਰਤੀ ਪਰਿਵਾਰਾਂ ਕੋਲ ਪਹੁੰਚ ਸਕਦਾ ਹੈ।

ਸਾਥੀਓ, 

ਅੱਜ ਤੁਸੀਂ ਭਾਰਤ ਵਿੱਚ ਕਾਰਡ ਨਾਲ ਪੇਮੈਂਟ ਕਿਵੇਂ ਕਰਦੇ ਹੋ? ਇਹ ਸਿਸਟਮ ਉਨ੍ਹਾਂ ਸਟੈਂਡਰਡਜ਼ ’ਤੇ ਚੱਲਦਾ ਹੈ, ਜੋ ਕਿਤੇ ਹੋਰ ਡਿਜ਼ਾਈਨ ਕੀਤੇ ਗਏ ਸਨ। ਅਸੀਂ ਉਨ੍ਹਾਂ ਮਿਆਰਾਂ ਅਤੇ ਨਿਯਮਾਂ ਨੂੰ ਅਪਣਾਇਆ, ਜੋ ਦੂਜਿਆਂ ਨੇ ਬਣਾਏ ਸਨ। ਉਸ ਸਮੇਂ, ਸਾਡੇ ਕੋਲ ਆਪਣਾ ਕੋਈ ਵਿਕਲਪ ਨਹੀਂ ਸੀ। ਪਰ ਹੁਣ ਸਾਡੇ ਕੋਲ ਆਪਣਾ ਵਿਕਲਪ ਹੈ, ਹੁਣ ਅਸੀਂ ਆਪਣੇ ਖ਼ੁਦ ਦੇ ਨਿਯਮ ਅਤੇ ਮਿਆਰ ਬਣਾ ਸਕਦੇ ਹਾਂ ਅਤੇ ਉਨ੍ਹਾਂ ਨੂੰ ਦੁਨੀਆ ਨਾਲ ਜੋੜ ਸਕਦੇ ਹਾਂ। ਮੈਨੂੰ ਤੁਹਾਡੇ ਸਾਰਿਆਂ ’ਤੇ ਪੂਰਾ ਭਰੋਸਾ ਹੈ ਕਿ ਤੁਸੀਂ ਇਹ ਕਰ ਸਕਦੇ ਹੋ।

 

ਸਾਥੀਓ, 

ਤਕਨਾਲੋਜੀ, ਸ਼ਮੂਲੀਅਤ ਦਾ ਸਭ ਤੋਂ ਪ੍ਰਭਾਵਸ਼ਾਲੀ ਟੂਲ ਹੈ ਅਤੇ ਯੂਪੀਆਈ ਨੇ ਇਹ ਕਰ ਕੇ ਦਿਖਾਇਆ ਹੈ। ਜਦੋਂ ਫਿਨਟੈਕ ਦੀ ਗੱਲ ਆਉਂਦੀ ਹੈ, ਤਾਂ ਇਸ ਦਾ ਯੂਨੀਕ ਫ਼ੀਚਰ ਹੀ ਉੱਥੇ ਪਹੁੰਚਣ ਦਾ ਹੋਣਾ ਚਾਹੀਦਾ ਹੈ, ਜਿੱਥੇ ਰਵਾਇਤੀ ਮਾਡਲ ਨਹੀਂ ਪਹੁੰਚ ਸਕੇ। ਜਿੱਥੇ ਪਰੰਪਰਾਗਤ ਬੈਂਕ ਨਹੀਂ ਪਹੁੰਚ ਸਕੇ, ਜਿੱਥੇ ਬੈਂਕ ਬ੍ਰਾਂਚ ਨਹੀਂ ਪਹੁੰਚ ਸਕੀ, ਯੂਪੀਆਈ ਨੇ ਬੈਂਕਿੰਗ ਵਿਵਸਥਾ ਨੂੰ ਉਸ ਸਥਾਨ, ਉਸ ਵਿਅਕਤੀ ਤੱਕ ਪਹੁੰਚਾ ਦਿੱਤਾ ਹੈ।

ਸਾਥੀਓ, 

ਅੱਜ ਫਿਨਟੈਕ ਬਾਜ਼ਾਰ ਦਾ ਇੱਕ ਵੱਡਾ ਹਿੱਸਾ ਸਿਰਫ਼ ਪੇਮੈਂਟਸ ਦਾ ਹੈ। ਪਰ ਹੁਣ ਸਾਨੂੰ, ਇੱਥੋਂ ਅੱਗਲੇ ਪੜਾਅ ’ਤੇ ਜਾਣਾ ਹੈ, ਤੇਜ਼ੀ ਨਾਲ ਜਾਣਾ ਹੈ। ਹੁਣ ਫਿਨਟੈਕ ਮਾਰਕਿਟ ਵਿੱਚ, ਪੇਮੈਂਟਸ ਦੇ ਨਾਲ-ਨਾਲ, ਕ੍ਰੈਡਿਟ ਟ੍ਰਾਂਜ਼ੈਕਸ਼ਨਜ਼ ਦਾ ਹਿੱਸਾ ਵੀ ਵਧਣਾ ਚਾਹੀਦਾ ਹੈ, ਬੀਮੇ ਦਾ ਹਿੱਸਾ ਵਧਣਾ ਚਾਹੀਦਾ ਹੈ, ਬੱਚਤ, ਨਿਵੇਸ਼ ਅਤੇ ਪੈਨਸ਼ਨ ਦਾ ਹਿੱਸਾ ਵਧਣਾ ਚਾਹੀਦਾ ਹੈ।

 

ਸਾਥੀਓ, 

ਮੈਂ ਸਮਝਦਾ ਹਾਂ ਫਿਨਟੈਕ ਦੇਸ਼ ਦੀ ਉਸ ਤਾਕਤ ਨੂੰ ਉਭਾਰ ਸਕਦਾ ਹੈ, ਜੋ ਅਜੇ ਰਵਾਇਤੀ ਵਿੱਤੀ ਮਾਡਲਾਂ ਦੀ ਪਹੁੰਚ ਤੋਂ ਬਾਹਰ ਹੈ, ਜਾਂ ਉਸ ਤਰ੍ਹਾਂ ਨਾਲ ਪੂਰੀ ਨਹੀਂ ਹੋ ਪਾ ਰਹੀ ਹੈ। ਵਿਕਸਤ ਭਾਰਤ ਲਈ, ਇਸ ਤਾਕਤ ਦਾ ਉਭਾਰ ਬਹੁਤ ਜ਼ਰੂਰੀ ਹੈ।

ਸਾਥੀਓ, 

ਇਸ ਦਾ ਪ੍ਰਭਾਅ ਕੀ ਹੁੰਦਾ ਹੈ, ਇਹ ਅਸੀਂ ਅਜੇ ਪੀਐੱਮ ਸਵਨਿਧੀ ਦੀ ਸਫ਼ਲਤਾ ਤੋਂ ਦੇਖ ਹੀ ਰਹੇ ਹਾਂ। ਸਾਡੇ ਸਟ੍ਰੀਟ ਵੈਂਡਰਜ਼ ਸ਼ਹਿਰਾਂ ਦੀ ਰੀੜ੍ਹ ਦੀ ਹੱਡੀ ਹਨ। ਪਰ ਇਹ ਦੇਸ਼ ਦੇ ਬੈਂਕਿੰਗ ਸਿਸਟਮ ਤੋਂ, ਰਸਮੀ ਕ੍ਰੈਡਿਟ ਸਿਸਟਮ ਤੋਂ ਬਾਹਰ ਸਨ। ਪੀਐੱਮ ਸਵਨਿਧੀ ਨੇ, ਦੇਸ਼ ਦੇ ਲੱਖਾਂ ਸਟ੍ਰੀਟ ਵੈਂਡਰਜ਼ ਨੂੰ ਰਸਮੀ ਸਿਸਟਮ ਨਾਲ ਜੋੜਿਆ ਅਤੇ ਹੁਣ ਇਨ੍ਹਾਂ ਸਾਥੀਆਂ ਕੋਲ ਵੀ ਸਵਨਿਧੀ ਕ੍ਰੈਡਿਟ ਕਾਰਡ ਹੈ, ਭਾਵ ਇਨ੍ਹਾਂ ਕੋਲ, ਇੱਕ ਰਸਮੀ ਕ੍ਰੈਡਿਟ ਐਕਸੈੱਸ ਦਾ ਟੂਲ ਹੈ ਅਤੇ ਪੜ੍ਹਾਈਆਂ ਦੱਸਦੀਆਂ ਹਨ, ਕਿ ਸਵਨਿਧੀ ਦੇ ਇਨ੍ਹਾਂ ਲਾਭਪਾਤਰੀਆਂ ਦੀ ਔਸਤਨ ਸਾਲਾਨਾ ਆਮਦਨ 20% ਤੋਂ ਜ਼ਿਆਦਾ ਵਧੀ ਹੈ। ਇਹੀ ਨਹੀਂ, ਇਸ ਨਾਲ ਇਨ੍ਹਾਂ ਪਰਿਵਾਰਾਂ ਦੀ ਰਿਹਾਇਸ਼, ਪੋਸ਼ਣ, ਸਿਹਤ ਸਹੂਲਤਾਂ ਅਤੇ ਬੱਚਿਆਂ ਦੀ ਪੜ੍ਹਾਈ, ਇਨ੍ਹਾਂ ਵਿੱਚ ਵੀ ਬਹੁਤ ਸੁਧਾਰ ਹੋਇਆ ਹੈ। ਇਸ ਲਈ ਸਰਕਾਰ ਨੇ ਇਸ ਸਕੀਮ ਨੂੰ 2030 ਤੱਕ ਵਧਾਉਣ ਦਾ ਫ਼ੈਸਲਾ ਵੀ ਲਿਆ ਹੈ।

 

ਸਾਥੀਓ,

ਪੀਐੱਮ ਸਵਨਿਧੀ ਨੂੰ ਇਹ ਸਫ਼ਲਤਾ ਹਾਸਲ ਹੀ ਨਹੀਂ ਹੁੰਦੀ, ਜੇਕਰ ਯੂਪੀਆਈ ਹੀ ਨਾ ਹੁੰਦਾ। ਇਸ ਸਕੀਮ ਦੀ ਸਫ਼ਲਤਾ ਵਿੱਚ ਯੂਪੀਆਈ ਦੀ ਇੱਕ ਬਹੁਤ ਵੱਡੀ ਭੂਮਿਕਾ ਹੈ। ਇਸੇ ਅਨੁਭਵ ਤੋਂ ਸਿੱਖਦੇ ਹੋਏ ਸਾਨੂੰ ਫਿਨਟੈਕ ਦੀ ਤਾਕਤ ਨਾਲ ਇਕੋਨੌਮਿਕ ਗਤੀਵਿਧੀਆਂ ਨੂੰ ਹੋਰ ਵਧਾਉਣਾ ਹੈ। ਮੈਂ ਤੁਹਾਨੂੰ ਪੂੰਜੀ ਅਤੇ ਉਧਾਰ ਦੀ ਦੁਨੀਆ ਤੋਂ ਇੱਕ ਉਦਾਹਰਨ ਦਿੰਦਾ ਹਾਂ। ਇੱਕ ਭੈਣ ਹੈ, ਜੋ ਇੱਕ ਛੋਟੀ ਦੁਕਾਨ ਚਲਾਉਂਦੀ ਹੈ। ਉਸ ਨੂੰ ਹਰ ਰੋਜ਼ ਡਿਜੀਟਲ ਪੇਮੈਂਟ ਮਿਲਦੀ ਹੈ। ਹੁਣ ਉਸ ਦੀ ਆਮਦਨ ਅਤੇ ਖ਼ਰਚ ਵਿੱਚ ਇੱਕ ਕਲੀਅਰ ਪੈਟਰਨ ਦਿਸਦਾ ਹੈ। ਉਸ ਦਾ ਬਿਜ਼ਨਸ ਬਹੁਤ ਚੰਗਾ ਚੱਲ ਰਿਹਾ ਹੈ। ਉਹ ਉਸ ਲੈਵਲ ਤੋਂ ਅੱਗੇ ਵਧ ਚੁੱਕੀ ਹੈ, ਜਿੱਥੇ ਘੱਟ ਪੂੰਜੀ ਵੀ ਬਹੁਤ ਸੀ। ਹੁਣ ਉਸ ਨੂੰ ਆਪਣੇ ਬਿਜ਼ਨਸ ਨੂੰ ਸਕੇਲ-ਅੱਪ ਕਰਨ ਲਈ, ਸਾਮਾਨ ਚਾਹੀਦਾ ਹੈ, ਉਪਕਰਣ ਚਾਹੀਦੇ ਹਨ ਅਤੇ ਇਸ ਲਈ ਥੋੜ੍ਹੇ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ। ਇਹ ਬਹੁਤ ਵੱਡਾ ਕ੍ਰੈਡਿਟ ਨਹੀਂ ਹੈ ਅਤੇ ਉਸ ਭੈਣ ਦਾ ਬਿਜ਼ਨਸ ਅਜੇ ਵੀ ਇੰਨਾ ਛੋਟਾ ਹੈ, ਕਿ ਰਵਾਇਤੀ ਵਿੱਤੀ ਮਾਡਲ, ਉਸ ਨੂੰ ਕੁਸ਼ਲਤਾ ਨਾਲ ਸੇਵਾ ਨਹੀਂ ਦੇ ਸਕਦੇ। ਇਸ ਪ੍ਰਕਾਰ ਦੇ ਕਾਰੋਬਾਰ ਹਨ, ਜਿਨ੍ਹਾਂ ਦੀਆਂ ਜ਼ਰੂਰਤਾਂ ਦਾ ਫਿਨਟੈਕ, ਵਿਸ਼ਲੇਸ਼ਣ, ਅਨੁਮਾਨ ਅਤੇ ਹੱਲ ਕਰ ਸਕਦਾ ਹੈ ਅਤੇ ਅਜਿਹੇ ਕਾਰੋਬਾਰਾਂ ਦੀ ਗਿਣਤੀ ਬਹੁਤ ਵੱਡੀ ਹੈ।

 

ਸਾਥੀਓ, 

ਤਕਨਾਲੋਜੀ ਸਾਨੂੰ ਅਜਿਹੇ ਕਾਰੋਬਾਰ ਦੀ ਇਕੋਨੌਮਿਕ ਗਤੀਵਿਧੀਆਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਲਈ ਤਿਆਰ ਕੀਤੇ ਮਾਡਲਾਂ ਨੂੰ ਡਿਜ਼ਾਈਨ ਕਰਨ ਵਿੱਚ ਸਾਡੀ ਬਹੁਤ ਮਦਦ ਕਰ ਸਕਦੀ ਹੈ। ਮੇਰਾ ਮੰਨਣਾ ਹੈ ਕਿ ਫਿਨਟੈਕ ਦਾ ਅਗਲਾ ਅਧਿਆਇ, ਇੱਥੇ ਹੀ ਲਿਖਿਆ ਜਾਵੇਗਾ। ਅਸੀਂ ਪੇਮੈਂਟਸ ਵਿੱਚ ਸਪੀਡ ਅਤੇ ਸਕੇਲ ਦਿਖਾਈ ਹੈ। ਹੁਣ, ਸਾਨੂੰ ਨੌਨ-ਪੇਮੈਂਟਸ ਟ੍ਰਾਂਜ਼ੈਕਸ਼ਨਜ਼ ਦਾ ਸ਼ੇਅਰ ਵਧਾਉਣ ਵਿੱਚ ਮਦਦ ਕਰਨੀ ਹੋਵੇਗੀ। ਜਿਵੇਂ ਕੋਈ ਡਿਲਿਵਰੀ ਪਾਰਟਨਰ ਹੈ, ਜਾਂ ਆਪਣਾ ਕੋਈ ਛੋਟਾ-ਮੋਟਾ ਕੰਮ ਕਰਨ ਵਾਲਾ ਵਿਅਕਤੀ ਹੈ, ਉਹ ਹਰ ਮਹੀਨੇ ਕਮਾਉਂਦਾ ਹੈ, ਪਰ ਉਸ ਨੂੰ ਬੱਚਤ ਅਤੇ ਪੈਨਸ਼ਨ ਉਤਪਾਦ ਵਰਗੀਆਂ ਸੇਵਾਵਾਂ ਤੱਕ ਪਹੁੰਚ ਚਾਹੀਦੀ ਹੈ। ਅਜਿਹੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਫਿਨਟੈਕ ਪੂਰਾ ਕਰ ਸਕਦਾ ਹੈ। ਅਜਿਹੇ ਹੀ ਫਿਨਟੈਕ, ਬੀਮਾ ਉਤਪਾਦਾਂ ਅਤੇ ਹੋਰ ਵਿੱਤੀ ਸੇਵਾਵਾਂ ਤੱਕ ਵੀ ਪਹੁੰਚ ਆਸਾਨ ਬਣਾ ਸਕਦਾ ਹੈ। ਇਹ ਸਭ ਵੀ ਉੱਨੇ ਹੀ ਸਰਲ, ਸਹਿਜ ਅਤੇ ਸੁਲਭ ਹੋ ਸਕਦੇ ਹਨ, ਜਿੰਨਾ ਆਸਾਨ, ਅੱਜ ਕਿਊਆਰ ਕੋਡ ਤੋਂ ਪੇਮੈਂਟ ਕਰਨਾ ਹੈ।

 

ਸਾਥੀਓ, 

21ਵੀਂ ਸਦੀ ਦਾ ਪਹਿਲਾ ਕੁਆਰਟਰ ਖ਼ਤਮ ਹੋ ਚੁੱਕਿਆ ਹੈ। ਹੁਣ ਅਸੀਂ ਸਾਲ 2026 ਵਿੱਚ ਹਾਂ। ਹੁਣ ਦੂਜਾ ਕੁਆਰਟਰ ਸਾਡੇ ਲਈ ਹੋਰ ਵੀ ਨਵੀਂਆਂ ਸੰਭਾਵਨਾਵਾਂ ਲੈ ਕੇ ਆਇਆ ਹੈ। ਏਜੈਂਟਿਕ ਏਆਈ, ਟੋਕਨਾਈਜ਼ੇਸ਼ਨ, ਕੁਆਂਟਮ, ਅਜਿਹੀਆਂ ਤਕਨਾਲੋਜੀਆਂ ਵਿੱਤੀ ਸੈਕਟਰ ਵਿੱਚ ਨਵੀਂਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਰਹੀਆਂ ਹਨ। ਹੁਣ ਸਾਡੇ ਸਾਹਮਣੇ ਚੁਣੌਤੀ ਹੈ, ਇਨ੍ਹਾਂ ਸੰਭਾਵਨਾਵਾਂ ਨੂੰ ਅਸਲ ਪ੍ਰਭਾਵ ਵਿੱਚ ਕਿਵੇਂ ਬਦਲੀਏ ਅਤੇ ਇਸ ਲਈ, ਮੈਂ ਚਾਹੁੰਦਾ ਹਾਂ, ਸਾਡੀਆਂ ਫਿਨਟੈਕ ਕੰਪਨੀਆਂ ਮਿਲ ਕੇ ਕੁਝ ਕਾਰਜ ਆਪਣੇ ਲਈ ਨਿਰਧਾਰਤ ਕਰਨ ਅਤੇ ਇਸ ਲਈ ਮੈਂ ਕੁਝ ਸੁਝਾਅ ਵੀ ਤੁਹਾਡੇ ਵਿਚਕਾਰ ਰੱਖਣਾ ਚਾਹੁੰਦਾ ਹਾਂ। ਪਹਿਲਾ- ਸਾਨੂੰ ਭਾਰਤ ਵਿੱਚ ਸਾਇਬਰ ਸੁਰੱਖਿਆ ਨੂੰ ਉੱਚ ਪੱਧਰੀ ਬਣਾਉਣਾ ਹੈ। ਦੂਜਾ- ਸਾਡੇ ਉਦਯੋਗ ਕੋਲ ਆਪਣੇ ਨੈਤਿਕ ਡੇਟਾ ਸੁਰੱਖਿਆ ਮਿਆਰ ਹੋਣੇ ਚਾਹੀਦੇ ਹਨ। ਤੀਜਾ- ਸਾਨੂੰ ਇੱਕ ਮਜ਼ਬੂਤ, ਫਿਨਟੈਕ ਰੈਗੂਲੇਟਰ ਇੰਡਸਟਰੀ ਨਵੀਨਤਾ ਈਕੋਸਿਸਟਮ ਬਣਾਉਣਾ ਹੈ ਅਤੇ ਚੌਥਾ, ਸਾਡੇ ਕੋਲ ਇੱਕ, ਫਿਨਟੈਕ ਉਪਭੋਗਤਾ ਸੁਰੱਖਿਆ ਸੂਚਕਾਂਕ ਹੋਣਾ ਚਾਹੀਦਾ ਹੈ। ਜਿਸ ਦੇ ਅਧਾਰ ’ਤੇ ਹਰ ਕੰਪਨੀ ਦੀ ਪਾਰਦਰਸ਼ੀ ਰੇਟਿੰਗ ਹੋ ਸਕੇ। ਜੇਕਰ ਅਸੀਂ ਇਨ੍ਹਾਂ ਕਸੌਟੀਆਂ ’ਤੇ ਖ਼ੁਦ ਨੂੰ ਕਸਾਂਗੇ, ਤਾਂ ਭਾਰਤ ਦਾ ਫਿਨਟੈਕ ਸੈਕਟਰ ਅਣਗਿਣਤ ਸੰਭਾਵਨਾਵਾਂ ਦਾ ਗੇਟਵੇਅ ਬਣ ਸਕਦਾ ਹੈ। ਸਾਡੇ ਕੋਲ ਅਨੁਭਵ ਵੀ ਹੈ, ਉਸ ਨੂੰ ਜ਼ਮੀਨ ’ਤੇ ਉਤਾਰਨ ਦਾ ਤਰੀਕਾ ਵੀ ਹੈ। ਇਸ ਲਈ ਸਾਨੂੰ ਤੇਜ਼ੀ ਨਾਲ ਕੰਮ ਕਰਨਾ ਹੈ।

 

ਸਾਥੀਓ, 

ਡਿਜੀਟਲ ਇੰਡੀਆ ਦੀ ਕਾਮਯਾਬੀ ਦੀ ਕਹਾਣੀ ਹੁਣ ਇੱਕ ਨਵੇਂ ਅਧਿਆਇ ਲਈ ਤਿਆਰ ਹੈ। ਸਾਡੀ ਫਿਨਟੈਕ ਦੀ ਕਾਮਯਾਬੀ ਦੀ ਕਹਾਣੀ ਹੁਣ ਤੱਕ ਦੀ ਸਫਲਤਾ ਦਾ ਪੈਮਾਨਾ, ਦਾਇਰੇ, ਸੁਰੱਖਿਅਤ ਪ੍ਰਣਾਲੀਆਂ, ਤਕਨਾਲੋਜੀ ਦਾ ਲੋਕਤੰਤਰੀਕਰਨ ਅਤੇ ਜਨਤਕ ਵਿਸ਼ਵਾਸ ਹੈ। ਇਨ੍ਹਾਂ ਹੀ ਮੂਲ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿਨਟੈਕ ਸੈਕਟਰ ਨੂੰ ਨੈਕਸਟ ਜਨਰੇਸ਼ਨ ਇਨੋਵੇਸ਼ਨ ’ਤੇ ਫੋਕਸ ਕਰਨਾ ਹੈ। ਇਸੇ ਤਾਕੀਦ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ


(Release ID: 2308289) ਵਿਜ਼ੀਟਰ ਕਾਊਂਟਰ : 5