ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਐਡਵਾਂਸਡ ਇੰਸਟਰੂਮੈਂਟੇਸ਼ਨ ਫੈਸਿਲਿਟੀ ਅਤੇ ਟੈੱਕ ਇਨੋਵੇਸ਼ਨ ਫੋਰਮ ਦਾ ਉਦਘਾਟਨ ਕੀਤਾ
ਉਪ-ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਨੂੰ ਵਿਸ਼ਵ-ਪੱਧਰੀ ਸੰਸਥਾ ਵਿੱਚ ਬਦਲਣ ਲਈ ਸਾਂਝੀਆਂ ਕੋਸ਼ਿਸ਼ਾਂ ਦਾ ਸੱਦਾ ਦਿੱਤਾ
ਭਾਰਤ ਮਿਆਰੀ ਸਿੱਖਿਆ ਅਤੇ ਖੋਜ ਲਈ ਆਲਮੀ ਮੰਜ਼ਿਲ ਵਜੋਂ ਉੱਭਰ ਰਿਹਾ ਹੈ: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ‘ਨਸ਼ਿਆਂ ਨੂੰ ਨਾਂਹ’ ਕਹਿਣ ਅਤੇ ਨਸ਼ਾ ਮੁਕਤ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ
ਉਪ-ਰਾਸ਼ਟਰਪਤੀ ਨੇ ਕਿਹਾ, ਕੈਂਪਸ ਦੀ ਸੁਰੱਖਿਆ ਯੂਨੀਵਰਸਿਟੀ ਦੀ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ
Posted On:
04 SEP 2026 3:42PM by PIB Chandigarh
ਭਾਰਤ ਦੇ ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਐੱਕਸ-ਆਫਿਸ਼ੀਓ ਚਾਂਸਲਰ ਸ਼੍ਰੀ ਸੀ ਪੀ ਰਾਧਾਕ੍ਰਿਸ਼ਨਨ ਨੇ ਅੱਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਪ-ਰਾਸ਼ਟਰਪਤੀ ਨੇ ਸੋਫਿਸਟੀਕੇਟਿਡ ਐਨਾਲਿਟੀਕਲ ਇੰਸਟਰੂਮੈਂਟ ਫੈਸਿਲਿਟੀ/ਸੈਂਟਰਲ ਇੰਸਟਰੂਮੈਂਟੇਸ਼ਨ ਲੈਬੋਰੇਟਰੀਜ਼ (ਐੱਸਏਆਈਐੱਫ/ਸੀਆਈਐੱਲ) ਵਿੱਚ ਐਡਵਾਂਸਡ ਇੰਸਟਰੂਮੈਂਟੇਸ਼ਨ ਫੈਸਿਲਿਟੀ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਟੈੱਕ ਇਨੋਵੇਸ਼ਨ ਫੋਰਮ (ਪੀਯੂ-ਟੀਆਈਐੱਫ) ਦਾ ਵੀ ਉਦਘਾਟਨ ਕੀਤਾ। ਐੱਸਏਆਈਐੱਫ/ਸੀਆਈਐੱਲ ਅਤੇ ਪੀਯੂ-ਟੀਆਈਐੱਫ, ਅਕਾਦਮਿਕ, ਵਿਹਾਰਕ ਅਤੇ ਅਮਲੀ ਖੋਜ ਲਈ ਯੂਨੀਵਰਸਿਟੀ ਦੇ ਈਕੋਸਿਸਟਮ ਦੇ ਅਹਿਮ ਹਿੱਸੇ ਹਨ, ਜੋ ਖੋਜਾਰਥੀਆਂ, ਨਵੀਆਂ ਖੋਜਾਂ ਕਰਨ ਵਾਲਿਆਂ ਅਤੇ ਸਨਅਤ ਨੂੰ ਆਧੁਨਿਕ ਤਕਨੀਕੀ ਜਾਂਚ, ਨਵੇਂ ਪ੍ਰੋਜੈਕਟਾਂ ਨੂੰ ਪੈਰਾਂ ਸਿਰ ਕਰਨ ਅਤੇ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰਦੇ ਹਨ।
The Vice-President of India and Ex-officio Chancellor of Panjab University, Shri C. P. Radhakrishnan, visited Panjab University, Chandigarh today.
The Vice-President inaugurated the Advanced Instrumentation Facility at the Sophisticated Analytical Instrument Facility/Central… pic.twitter.com/SStJVw1YTC
— Vice-President of India (@VPIndia) September 4, 2026
ਸ਼੍ਰੀ ਸੀ ਪੀ ਰਾਧਾਕ੍ਰਿਸ਼ਨਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ 1882 ਵਿੱਚ ਸਥਾਪਨਾ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਦੀ ਸ਼ਾਨਦਾਰ ਵਿਰਾਸਤ ਨੂੰ ਯਾਦ ਕੀਤਾ ਅਤੇ ਨੇਤਾਵਾਂ, ਕਾਨੂੰਨਦਾਨਾਂ, ਵਿਗਿਆਨੀਆਂ, ਖਿਡਾਰੀਆਂ ਅਤੇ ਲੋਕ ਸੇਵਕਾਂ ਦੀਆਂ ਪੀੜ੍ਹੀਆਂ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਇਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
Vice-President of India and Ex-Officio Chancellor of Panjab University, Shri C. P. Radhakrishnan, inaugurated advanced scientific infrastructure facilities at Panjab University, Chandigarh, today.
He expressed confidence that these facilities and the Panjab University Tech… pic.twitter.com/g42GnrZVKv
— Vice-President of India (@VPIndia) September 4, 2026
ਉਪ-ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਉੱਚ ਸਿੱਖਿਆ ਅਤੇ ਵਿਗਿਆਨਕ ਖੋਜ ਈਕੋਸਿਸਟਮ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਭਾਰਤ ਮਿਆਰੀ ਸਿੱਖਿਆ, ਖੋਜ ਅਤੇ ਨਵੀਨਤਾ ਲਈ ਲਗਾਤਾਰ ਆਲਮੀ ਮੰਜ਼ਿਲ ਵਜੋਂ ਉੱਭਰ ਰਿਹਾ ਹੈ।
ਅੱਜ ਦੇ ਉਦਘਾਟਨਾਂ ਨੂੰ ਦੋ ਅਹਿਮ ਮੀਲ ਪੱਥਰ ਦੱਸਦਿਆਂ ਸ਼੍ਰੀ ਸੀ ਪੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਪੰਜ ਆਧੁਨਿਕ ਵਿਗਿਆਨਕ ਉਪਕਰਣਾਂ— ਐਟੋਮਿਕ ਫੋਰਸ ਮਾਈਕ੍ਰੋਸਕੋਪ, ਰਮਨ ਸਪੈਕਟ੍ਰੋਮੀਟਰ, ਡੀਐੱਨਏ ਸੀਕੁਐਂਸਰ, ਫਲੋਅ ਸਾਇਟੋਮੀਟਰ ਅਤੇ ਐੱਫਟੀਆਈਆਰ ਸਪੈਕਟ੍ਰੋਮੀਟਰ ਦੇ ਲੱਗਣ ਨਾਲ ਨੈਨੋਟੈਕਨੋਲੋਜੀ, ਮੈਟੀਰੀਅਲ ਸਾਇੰਸ, ਵਾਤਾਵਰਣ ਵਿਗਿਆਨ ਅਤੇ ਜੀਨੋਮਿਕਸ ਵਰਗੇ ਖੇਤਰਾਂ ਵਿੱਚ ਯੂਨੀਵਰਸਿਟੀ ਦੀਆਂ ਖੋਜ ਸਮਰੱਥਾਵਾਂ ਵਿੱਚ ਕਾਫ਼ੀ ਵਾਧਾ ਹੋਵੇਗਾ।
ਨਵੀਨਤਾ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਬਾਇਓ-ਨੈਸਟ ਦਾ ਇੱਕ ਸੈਕਸ਼ਨ 8 ਗੈਰ-ਲਾਭਕਾਰੀ ਕੰਪਨੀ ਵਜੋਂ ਪੰਜਾਬ ਯੂਨੀਵਰਸਿਟੀ ਟੈੱਕ ਇਨੋਵੇਸ਼ਨ ਫੋਰਮ ਵਿੱਚ ਬਦਲਣਾ, ਖੋਜ, ਉੱਦਮਤਾ ਅਤੇ ਤਕਨਾਲੋਜੀ ਵਿਕਾਸ ਨੂੰ ਅੱਗੇ ਵਧਾਉਣ ਲਈ ਨਵੇਂ ਸੰਸਥਾਗਤ ਢਾਂਚੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਨਵੀਨਤਾ ਉਦੋਂ ਪ੍ਰਫੁੱਲਤ ਹੁੰਦੀ ਹੈ ਜਦੋਂ ਅਕਾਦਮਿਕ ਜਗਤ, ਸਨਅਤ, ਇਨਕਿਊਬੇਟਰ ਅਤੇ ਨਿਵੇਸ਼ਕ ਮਿਲ ਕੇ ਕੰਮ ਕਰਦੇ ਹਨ।
ਨੌਜਵਾਨ ਖੋਜਾਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਇੱਕ ਉਦੇਸ਼ ਨਾਲ ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ, ਅਸਫ਼ਲਤਾ ਦੀ ਸਥਿਤੀ ਵਿੱਚ ਆਪਣਾ ਹੌਸਲਾ ਬਣਾਈ ਰੱਖਣ ਅਤੇ ਅਜਿਹੀਆਂ ਇਨੋਵੇਸ਼ਨਾਂ (ਨਵੀਆਂ ਖੋਜਾਂ) ਵਿਕਸਿਤ ਕਰਨ ਜੋ ਸਭ ਲਈ ਲਾਹੇਵੰਦ ਹੋਣ, ਜਿਨ੍ਹਾਂ ਨੂੰ ਵੱਡੇ ਪੱਧਰ ਉੱਤੇ ਲਾਗੂ ਕੀਤਾ ਜਾ ਸਕੇ ਅਤੇ ਜੋ ਸਮਾਜ ਦੀਆਂ ਅਸਲ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋਣ। ਉਨ੍ਹਾਂ ਕਿਹਾ ਕਿ ਖੋਜ ਦਾ ਸਮਾਜ ਉੱਤੇ ਸਾਰਥਕ ਪ੍ਰਭਾਵ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਵਿੱਚ ਖੋਜ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਸ ਦਾ ਲਾਭ ਵੱਡੇ ਪੱਧਰ ਉੱਤੇ ਸਮਾਜ ਤੱਕ ਪਹੁੰਚ ਸਕੇ।
ਉਪ-ਰਾਸ਼ਟਰਪਤੀ ਨੇ ਕੈਂਪਸ ਦੀ ਸੁਰੱਖਿਆ ਬਾਰੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਇੱਕ ਪੀਐੱਚਡੀ ਵਿਦਿਆਰਥੀ ਦੀ ਮੰਦਭਾਗੀ ਮੌਤ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੂਰੇ ਕੈਂਪਸ ਦਾ ਵਿਆਪਕ ਸੁਰੱਖਿਆ ਆਡਿਟ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਬੁਨਿਆਦੀ ਢਾਂਚੇ ਦੀ ਸਮੀਖਿਆ ਕਰਨ ਅਤੇ ਵਿਸਤ੍ਰਿਤ ਰਿਪੋਰਟ ਸੌਂਪਣ ਲਈ ਇੱਕ ਅੰਦਰੂਨੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਤੇ ਭਲਾਈ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।
ਵਿਦਿਆਰਥੀਆਂ ਨੂੰ “ਨਸ਼ਾ ਮੁਕਤ ਭਾਰਤ” ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਸ਼੍ਰੀ ਸੀ ਪੀ ਰਾਧਾਕ੍ਰਿਸ਼ਨਨ ਨੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰਾਂ ਤੇ ਦੋਸਤਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਆਪਣੇ ਸੰਬੋਧਨ ਦੇ ਅਖੀਰ ਵਿੱਚ ਉਪ-ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਆਧੁਨਿਕ ਵਿਗਿਆਨਕ ਸਹੂਲਤਾਂ ਅਤੇ ਪੰਜਾਬ ਯੂਨੀਵਰਸਿਟੀ ਟੈੱਕ ਇਨੋਵੇਸ਼ਨ ਫੋਰਮ, ਖੋਜ, ਨਵੀਨਤਾ ਅਤੇ ਉੱਦਮਤਾ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਕਲਾਸਰੂਮਾਂ ਅਤੇ ਲੈਬਾਂ ਵਿੱਚੋਂ ਨਿਕਲਣ ਵਾਲੇ ਵਿਚਾਰ ਨੌਜਵਾਨਾਂ ਲਈ ਮੌਕਿਆਂ ਵਿੱਚ ਬਦਲਣ ਅਤੇ ਵਿਕਸਿਤ ਭਾਰਤ ਤੇ ਆਤਮ-ਨਿਰਭਰ ਭਾਰਤ ਦੇ ਵਿਜ਼ਨ ਵਿੱਚ ਯੋਗਦਾਨ ਪਾਉਣ। ਉਨ੍ਹਾਂ ਨੇ ਸਾਂਝੇ ਯਤਨਾਂ ਦਾ ਸੱਦਾ ਦਿੱਤਾ ਅਤੇ ਪੰਜਾਬ ਯੂਨੀਵਰਸਿਟੀ ਨੂੰ ਉੱਚ ਸਿੱਖਿਆ ਅਤੇ ਖੋਜ ਦੀ ਇੱਕ ਵਿਸ਼ਵ-ਪੱਧਰੀ ਸੰਸਥਾ ਵਿੱਚ ਬਦਲਣ ਦੇ ਉਪਾਵਾਂ ਬਾਰੇ ਯੂਨੀਵਰਸਿਟੀ ਭਾਈਚਾਰੇ ਤੋਂ ਸੁਝਾਅ ਮੰਗੇ।
ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ; ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸ਼ਿਮ ਕੁਮਾਰ ਘੋਸ਼; ਲੋਕ ਸਭਾ ਮੈਂਬਰ ਸ਼੍ਰੀ ਮਨੀਸ਼ ਤਿਵਾੜੀ; ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਮੀਨਾਕਸ਼ੀ ਗੋਇਲ ਅਤੇ ਹੋਰ ਪਤਵੰਤੇ ਹਾਜ਼ਰ ਸਨ।
****
ਪੀਆਰ/ਏਐੱਸਐੱਮ/ਵੀਐੱਮ
(Release ID: 2306850)
ਵਿਜ਼ੀਟਰ ਕਾਊਂਟਰ : 7