ਰਾਸ਼ਟਰਪਤੀ ਸਕੱਤਰੇਤ
ਭਾਰਤੀ ਸੂਚਨਾ ਸੇਵਾ ਅਤੇ ਭਾਰਤੀ ਅੰਕੜਾ ਸੇਵਾ ਦੇ ਸਿਖਲਾਈ ਅਧੀਨ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਨੂੰ ਕਿਹਾ: ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਵਰਤੋਂ ਸਿਰਫ਼ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਜੋੜਨ ਲਈ ਨਾ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਨ, ਸਮਝਣ ਅਤੇ ਉਨ੍ਹਾਂ ਦਾ ਹੱਲ ਵੀ ਕਰਨ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤੀ ਅੰਕੜਾ ਸੇਵਾ ਦੇ ਸਿਖਲਾਈ ਅਧੀਨ ਅਧਿਕਾਰੀਆਂ ਨੂੰ ਕਿਹਾ: ਨਾਗਰਿਕਾਂ, ਖੋਜਕਰਤਾਵਾਂ ਅਤੇ ਨੀਤੀ ਨਿਰਮਾਤਾਵਾਂ ਦੀ ਅੰਕੜਿਆਂ ਤੱਕ ਪਹੁੰਚ ਵਧਾਓ
Posted On:
19 AUG 2026 4:40PM by PIB Chandigarh
ਭਾਰਤੀ ਸੂਚਨਾ ਸੇਵਾ ਅਤੇ ਭਾਰਤੀ ਅੰਕੜਾ ਸੇਵਾ ਦੇ ਸਿਖਲਾਈ ਅਧੀਨ ਅਧਿਕਾਰੀਆਂ ਦੇ ਇੱਕ ਸਮੂਹ ਨੇ ਅੱਜ (19 ਅਗਸਤ, 2026) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਸਿਖਲਾਈ ਅਧੀਨ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੋਵਾਂ ਹੀ ਸੇਵਾਵਾਂ, ਭਾਰਤੀ ਸੂਚਨਾ ਸੇਵਾ ਅਤੇ ਭਾਰਤੀ ਅੰਕੜਾ ਸੇਵਾ ਦੇ ਕੰਮ ਵੱਖ-ਵੱਖ ਹਨ, ਪਰ ਦੋਵਾਂ ਦੇ ਨਿਸ਼ਾਨੇ ਇੱਕੋ ਜਿਹੇ ਹਨ – ਉਹ ਹੈ ਸ਼ਾਸਨ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣਾ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ। ਪ੍ਰਭਾਵਸ਼ਾਲੀ ਸੰਚਾਰ ਅਤੇ ਭਰੋਸੇਯੋਗ ਜਾਣਕਾਰੀ ਇੱਕ ਜਵਾਬਦੇਹ ਅਤੇ ਸੰਵੇਦਨਸ਼ੀਲ ਲੋਕਤੰਤਰ ਦੇ ਜ਼ਰੂਰੀ ਥੰਮ੍ਹ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਸਿਖਲਾਈ ਅਧੀਨ ਅਧਿਕਾਰੀ ਆਪਣੇ ਸੇਵਾ-ਕਾਲ ਦੀ ਸ਼ੁਰੂਆਤ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਨਿਰੰਤਰ ਸਿੱਖਦੇ ਰਹਿਣ ਅਤੇ ਆਪਣੇ ਆਪ ਨੂੰ ਹਾਲਾਤਾਂ ਦੇ ਅਨੁਕੂਲ ਢਾਲਣ ਦੀ ਸਮਰੱਥਾ ਵਿਕਸਤ ਕਰਨੀ ਚਾਹੀਦੀ ਹੈ। ਤਕਨਾਲੋਜੀ ਦੀ ਦੁਨੀਆ, ਮੀਡੀਆ, ਅਰਥਚਾਰੇ ਅਤੇ ਲੋਕ ਨੀਤੀ ਵਿੱਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਿਗਿਆਸੂ ਬਣੇ ਰਹਿਣ, ਨਵੀਂਆਂ ਯੋਗਤਾਵਾਂ ਹਾਸਲ ਕਰਨ ਅਤੇ ਤਜਰਬੇ ਤੋਂ ਸਿੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਕਿ ਉਹ ਆਪਣੇ ਫ਼ੈਸਲਿਆਂ ਵਿੱਚ ਬੁੱਧੀ-ਵਿਵੇਕ ਦੀ ਵਰਤੋਂ ਕਰਨ, ਆਪਣੇ ਵਿਵਹਾਰ ਵਿੱਚ ਹਮਦਰਦੀ ਰੱਖਣ ਅਤੇ ਇਮਾਨਦਾਰੀ ਦਾ ਪਾਲਣ ਕਰਨ ਵਿੱਚ ਅਟੱਲ ਬਣੇ ਰਹਿਣ । ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਵਿੱਚ ਨਿਰਪੱਖਤਾ, ਨਿਮਰਤਾ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਦੇ ਗੰਭੀਰ ਫ਼ਰਜ਼ ਸ਼ਾਮਲ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੂਚਨਾ ਸੇਵਾ ਨੇ ਨਾਗਰਿਕਾਂ ਨਾਲ ਸਰਕਾਰ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਨੇ ਨਾਗਰਿਕਾਂ ਦੇ ਜਾਣਕਾਰੀ ਪ੍ਰਾਪਤ ਕਰਨ, ਉਸ ਨੂੰ ਸਾਂਝਾ ਕਰਨ ਅਤੇ ਉਸ ’ਤੇ ਪ੍ਰਤੀਕਿਰਿਆ ਦੇਣ ਦੇ ਤਰੀਕਿਆਂ ਵਿੱਚ ਬੁਨਿਆਦੀ ਬਦਲਾਅ ਕਰ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਵਰਤੋਂ ਕੇਵਲ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਜੋੜਨ ਲਈ ਹੀ ਨਾ ਕਰਕੇ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਨ ਤੇ ਸਮਝਣ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਵੀ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਜਦੋਂ ਜਾਣਕਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ, ਜਾਣਕਾਰੀ ਦੇਣ ਵਿੱਚ ਸ਼ੁੱਧਤਾ, ਭਰੋਸੇਯੋਗਤਾ ਅਤੇ ਜਨਤਕ ਹਿੱਤ ਦਾ ਹਮੇਸ਼ਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ 2047 ਵੱਲ ਵਧ ਰਿਹਾ ਹੈ, ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੁੰਦੀ ਜਾਵੇਗੀ, ਕਿਉਂਕਿ ਜਾਣਕਾਰੀ ਨਾਲ ਭਰਪੂਰ ਨਾਗਰਿਕ ਹੀ ਵਿਕਾਸ ਕਾਰਜਾਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੀ ਡਾਟਾ-ਆਧਾਰਿਤ ਦੁਨੀਆ ਵਿੱਚ ਲੋਕ ਨੀਤੀ ਦੀ ਗੁਣਵੱਤਾ ਬਹੁਤ ਹੱਦ ਤੱਕ ਸਟੀਕ, ਸਮੇਂ ਸਿਰ ਅਤੇ ਭਰੋਸੇਯੋਗ ਡਾਟਾ ਦੀ ਉਪਲਬਧਤਾ 'ਤੇ ਨਿਰਭਰ ਕਰਦੀ ਹੈ। ਭਾਰਤੀ ਅੰਕੜਾ ਸੇਵਾ ਉਨ੍ਹਾਂ ਅਧਿਕਾਰਤ ਅੰਕੜਿਆਂ ਨੂੰ ਤਿਆਰ ਕਰਨ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਦੀ ਵਿਆਖਿਆ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜੋ ਸਾਡੇ ਲੱਖਾਂ-ਕਰੋੜਾਂ ਦੇਸ਼ ਵਾਸੀਆਂ ਦੀਆਂ ਜ਼ਿੰਦਗੀਆਂ 'ਤੇ ਅਸਰ ਪਾਉਣ ਵਾਲੇ ਫ਼ੈਸਲਿਆਂ ਦਾ ਆਧਾਰ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਅੰਕੜਾ ਸੇਵਾ ਦੇ ਅਧਿਕਾਰੀਆਂ ਦੇ ਕੰਮ ਨਾਲ ਅਰਥਚਾਰੇ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਸਬੂਤ -ਆਧਾਰਿਤ ਨੀਤੀ-ਨਿਰਮਾਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਗੱਲ ਸਦਾ ਯਾਦ ਰੱਖਣ ਦੀ ਸਲਾਹ ਦਿੱਤੀ ਕਿ ਹਰ ਡਾਟਾਸੈੱਟ ਦੇ ਪਿੱਛੇ ਮਾਨਵ ਸਮਾਜ ਅਤੇ ਉਨ੍ਹਾਂ ਦਾ ਜੀਵਨ ਹੁੰਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਾਗਰਿਕਾਂ, ਖੋਜਕਰਤਾਵਾਂ ਅਤੇ ਨੀਤੀ-ਨਿਰਮਾਤਿਆਂ ਲਈ ਅੰਕੜਿਆਂ ਤੱਕ ਪਹੁੰਚ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਆਧੁਨਿਕ, ਪ੍ਰਮਾਣਿਕ ਅਤੇ ਤਕਨਾਲੋਜੀ-ਆਧਾਰਿਤ ਅੰਕੜਾ ਪ੍ਰਣਾਲੀ ਦੇ ਨਿਰਮਾਣ ਵਿੱਚ ਉਨ੍ਹਾਂ ਦਾ ਯੋਗਦਾਨ, ਭਾਰਤ ਨੂੰ ਵਿਕਸਤ ਭਾਰਤ ਬਣਾਉਣ ਦੀ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਬਣੇਗਾ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
******
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2303055)
ਵਿਜ਼ੀਟਰ ਕਾਊਂਟਰ : 52