ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਸਕੱਤਰਾਂ ਨਾਲ ਤੀਜੀ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ ਨੇ ਸਕੱਤਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦਾ ਭਵਿੱਖ ਘੜਨ ਬਾਰੇ ਲੰਮੇ ਸਮੇਂ ਦੇ ਨਜ਼ਰੀਏ ਨਾਲ ਵਿਚਾਰ ਕਰਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਡੇਟਾ ਕੌਮੀ ਸੰਪਤੀ ਅਤੇ ਭਵਿੱਖ ਲਈ ਇੱਕ ਵਸੀਲਾ ਹੈ; ਉਨ੍ਹਾਂ ਡੇਟਾ ਦੀ ਵਧੇਰੇ ਅੰਤਰ-ਕਾਰਜਸ਼ੀਲਤਾ ਅਤੇ ਪ੍ਰਭਾਵਸ਼ਾਲੀ ਵਰਤੋਂ ਦਾ ਸੱਦਾ ਦਿੱਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਖ-ਵੱਖ ਖਾਨਿਆਂ ਵਿੱਚ ਵੰਡ ਕੇ ਕੰਮ ਕਰਨਾ ਸਿਰਫ਼ ਜਥੇਬੰਦਕ ਸਮੱਸਿਆ ਨਹੀਂ, ਸਗੋਂ ਮਾਨਸਿਕਤਾ ਦੀ ਸਮੱਸਿਆ ਵੀ ਹੈ; ਅਧਿਕਾਰੀਆਂ ਨੂੰ ਆਪਣਾਪਣ ਮਹਿਸੂਸ ਕਰਦਿਆਂ ਕੰਮ ਕਰਨ ਦੀ ਅਪੀਲ ਕੀਤੀ
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਵਿਚਾਲੇ ਗੈਰ-ਰਸਮੀ ਗੱਲਬਾਤ ਅਤੇ ਟੀਮ ਭਾਵਨਾ ਵਿਕਸਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ
ਪ੍ਰਧਾਨ ਮੰਤਰੀ ਨੇ ਨੀਤੀ-ਨਿਰਮਾਣ ਵਿੱਚ ਨਵੇਂ ਨਜ਼ਰੀਏ ਲਿਆਉਣ ਲਈ ਸਰਕਾਰੀ ਵਿਭਾਗਾਂ, ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਕਾਰ ਵਧੇਰੇ ਭਾਈਵਾਲੀ ਦਾ ਸੱਦਾ ਦਿੱਤਾ
ਪ੍ਰਧਾਨ ਮੰਤਰੀ ਨੇ ਮਨੁੱਖੀ ਦਖ਼ਲ ਅਤੇ ਸਮਝ ਯਕੀਨੀ ਬਣਾਉਂਦਿਆਂ ਏਆਈ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਦਾ ਸੱਦਾ ਦਿੱਤਾ
ਪ੍ਰਧਾਨ ਮੰਤਰੀ ਨੇ ਭਾਰਤ ਦਾ ਰੱਖਿਆ ਉਦਯੋਗ ਹੋਰ ਮਜ਼ਬੂਤ ਕਰਨ ਅਤੇ ਇਸ ਨੂੰ ਆਲਮੀ ਪੱਧਰ ’ਤੇ ਵਧੇਰੇ ਮੁਕਾਬਲੇਬਾਜ਼ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ
ਸਕੱਤਰਾਂ ਨੇ ਮੁੱਖ ਤਰਜੀਹਾਂ ਅਤੇ ਅਮਲ ਨਾਲ ਜੁੜੀਆਂ ਚੁਣੌਤੀਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ
Posted On:
20 AUG 2026 9:37PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੀ ਰਿਹਾਇਸ਼, 7, ਲੋਕ ਕਲਿਆਣ ਮਾਰਗ ਵਿੱਚ ਭਾਰਤ ਸਰਕਾਰ ਦੇ ਸਕੱਤਰਾਂ ਨਾਲ ਤੀਜੀ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਬੁਨਿਆਦੀ ਢਾਂਚੇ ਅਤੇ ਸੰਪਰਕ, ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਅਤੇ ਪ੍ਰਸ਼ਾਸਨ ਨਾਲ ਸਬੰਧਿਤ ਮੰਤਰਾਲਿਆਂ ਤੇ ਵਿਭਾਗਾਂ ਦੀਆਂ ਭਵਿੱਖ ਦੀਆਂ ਕਾਰਜ-ਯੋਜਨਾਵਾਂ ’ਤੇ ਚਰਚਾ ਕੀਤੀ।
ਇਹ ਜ਼ਿਕਰ ਕਰਦਿਆਂ ਕਿ ਸਕੱਤਰਾਂ ਦੇ ਦੋ ਗਰੁੱਪਾਂ ਨਾਲ ਪਹਿਲਾਂ ਹੀ ਵਿਚਾਰ-ਵਟਾਂਦਰਾ ਕੀਤਾ ਜਾ ਚੁੱਕਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕੱਤਰਾਂ ਨੂੰ ਮੌਜੂਦਾ ਮੁੱਦਿਆਂ ਅਤੇ ਅੰਕੜਿਆਂ ’ਤੇ ਵਿਚਾਰ ਕਰਨ ਦੇ ਨਾਲ-ਨਾਲ ਲੰਮੇ ਸਮੇਂ ਦੇ ਨਜ਼ਰੀਏ ਤੋਂ ਵੀ ਇਹ ਸੋਚਣਾ ਚਾਹੀਦਾ ਹੈ ਕਿ ਦੇਸ਼ ਦੇ ਭਵਿੱਖ ਨੂੰ ਕਿਵੇਂ ਘੜਿਆ ਜਾਣਾ ਚਾਹੀਦਾ ਹੈ।
ਵੱਖ-ਵੱਖ ਖਾਨਿਆਂ ਵਿੱਚ ਕੰਮ ਕਰਨ ਦੇ ਰੁਝਾਨ ਤੋਂ ਪੈਦਾ ਹੋਣ ਵਾਲੀ ਚੁਣੌਤੀ ਬਾਰੇ ਚਰਚਾ ਕਰਦਿਆਂ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਜਥੇਬੰਦਕ ਸਮੱਸਿਆ ਨਹੀਂ, ਸਗੋਂ ਮਾਨਸਿਕਤਾ ਦੀ ਸਮੱਸਿਆ ਵੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖਾਨਿਆਂ ਵਿੱਚ ਵੰਡ ਕੇ ਕੰਮ ਕਰਨ ਦਾ ਇਹ ਰੁਝਾਨ ਬਰਾਬਰ ਦੇ ਵਿਭਾਗਾਂ ਵਿਚਾਲੇ (ਹੋਰੀਜ਼ੌਂਟਲ) ਅਤੇ ਇੱਕੋ ਵਿਭਾਗ ਵਿੱਚ ਉੱਪਰੋਂ ਹੇਠਾਂ ਤੱਕ (ਵਰਟੀਕਲ), ਦੋਵਾਂ ਪੱਧਰਾਂ 'ਤੇ ਹੋ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਆਪ ਲੈਂਦਿਆਂ ਆਪਣਾਪਣ ਮਹਿਸੂਸ ਕਰਕੇ ਕੰਮ ਕਰਨਾ ਚਾਹੀਦਾ ਹੈ।
ਸਾਂਝੇ ਯਤਨਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਅਤੇ ਪੱਛਮੀ ਏਸ਼ੀਆ ਸੰਕਟ ਦੇ ਤਜਰਬੇ ਦਾ ਜ਼ਿਕਰ ਕੀਤਾ, ਜਦੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਰਲ ਕੇ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਤਾਲਮੇਲ ਦਾ ਇਹ ਤਰੀਕਾ ਸਰਕਾਰ ਦੇ ਕੰਮ-ਕਾਜ ਦੇ ਸੱਭਿਆਚਾਰ ਦਾ ਕੁਦਰਤੀ ਹਿੱਸਾ ਬਣਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਮਨੁੱਖੀ ਦਖ਼ਲ ਅਤੇ ਸਮਝ ਯਕੀਨੀ ਬਣਾਉਂਦਿਆਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਪ੍ਰਭਾਵਸ਼ਾਲੀ ਵਰਤੋਂ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਸਮਰੱਥਾਵਾਂ ਨੂੰ ਮਨੁੱਖੀ ਮੁਹਾਰਤ ਨਾਲ ਜੋੜਨ ਦੇ ਨਿਵੇਕਲੇ ਤਰੀਕੇ ਲੱਭਣ ਦੀ ਗੱਲ ਕਹੀ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਡੇਟਾ ਇੱਕ ਕੌਮੀ ਸੰਪਤੀ ਅਤੇ ਭਵਿੱਖ ਲਈ ਇੱਕ ਵਸੀਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਡੇਟਾ ਇਕੱਠਾ ਕਰਨ, ਸੰਭਾਲਣ ਅਤੇ ਪ੍ਰਬੰਧਨ ਵਿੱਚ ਸਾਧਨਾਂ ਦਾ ਨਿਵੇਸ਼ ਕਰਦੀ ਹੈ, ਪਰ ਵਿਭਾਗੀ ਵੰਡ ਅਤੇ ਖਿੰਡੀਆਂ ਹੋਈਆਂ ਪ੍ਰਣਾਲੀਆਂ ਕਾਰਨ ਇਸ ਦੀ ਪੂਰੀ ਸਮਰੱਥਾ ਦੀ ਹਮੇਸ਼ਾ ਵਰਤੋਂ ਨਹੀਂ ਹੁੰਦੀ। ਉਨ੍ਹਾਂ ਨੇ ਵੱਖ-ਵੱਖ ਉਦੇਸ਼ਾਂ ਲਈ ਡੇਟਾ ਇਕੱਠਾ ਕਰਨ ਅਤੇ ਪ੍ਰਬੰਧਨ ਦੇ ਤਰੀਕਿਆਂ ਵਿੱਚ ਫ਼ਰਕ ਵੱਲ ਇਸ਼ਾਰਾ ਕੀਤਾ ਅਤੇ ਅਜਿਹੇ ਹੱਲ ਲੱਭਣ ਦਾ ਸੱਦਾ ਦਿੱਤਾ, ਜੋ ਡੇਟਾ ਦੀ ਵਧੇਰੇ ਅੰਤਰ-ਕਾਰਜਸ਼ੀਲਤਾ ਅਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਸੰਭਵ ਬਣਾਉਣ।
ਪ੍ਰਧਾਨ ਮੰਤਰੀ ਨੇ ਨੀਤੀ-ਨਿਰਮਾਣ ਵਿੱਚ ਨਵੇਂ ਨਜ਼ਰੀਏ ਲਿਆਉਣ ਲਈ ਸਰਕਾਰੀ ਵਿਭਾਗਾਂ, ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਾਲੇ ਵਧੇਰੇ ਭਾਈਵਾਲੀ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਨਾਲ ਵੱਡੇ ਪੱਧਰ ’ਤੇ ਤਾਲਮੇਲ ਕਰਨ ਨਾਲ ਨਵੇਂ ਅਤੇ ਲੀਹੋਂ ਹਟਵੇਂ ਵਿਚਾਰ ਸਾਹਮਣੇ ਆ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਸਮੇਤ ਖੋਜ ਅਤੇ ਨਵੀਨਤਾ ’ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤ ਦੇ ਰੱਖਿਆ ਉਦਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਨੂੰ ਆਲਮੀ ਪੱਧਰ ’ਤੇ ਵਧੇਰੇ ਮੁਕਾਬਲੇਬਾਜ਼ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਵੇਂ ਰੱਖਿਆ ਕੋਰਸ ਵਿਕਸਤ ਕਰਨ ਅਤੇ ਰੱਖਿਆ ਖੇਤਰ ਵਿੱਚ ਮਨੁੱਖੀ ਸਰੋਤ ਵਿਕਾਸ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਚਾਨਣਾ ਪਾਇਆ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਸਮੁੰਦਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਵਿਆਪਕ ਨਜ਼ਰੀਆ ਅਪਣਾਉਣ ਦੀ ਲੋੜ ’ਤੇ ਵੀ ਚਰਚਾ ਕੀਤੀ। ਉਨ੍ਹਾਂ ਯਾਦ ਕਰਵਾਇਆ ਕਿ ਜਹਾਜ਼ ਨਿਰਮਾਣ ਨੂੰ ਬੁਨਿਆਦੀ ਢਾਂਚੇ ਦਾ ਦਰਜਾ ਦਿੱਤਾ ਗਿਆ ਸੀ ਅਤੇ ਇਹ ਪੜਤਾਲ ਕਰਨ ਦਾ ਸੱਦਾ ਦਿੱਤਾ ਕਿ ਕੀ ਮਿੱਥੇ ਟੀਚਿਆਂ ਨੂੰ ਮਿਸ਼ਨ ਮੋਡ ਵਿੱਚ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਬੰਦਰਗਾਹਾਂ ਦੇ ਵਿਕਾਸ ਤੋਂ ਬੰਦਰਗਾਹ-ਅਧਾਰਿਤ ਵਿਕਾਸ ਵੱਲ ਵਧਣ ਦੀ ਲੋੜ ਦੁਹਰਾਈ।
ਪ੍ਰਧਾਨ ਮੰਤਰੀ ਨੇ ਨਿਰਮਾਣ ਇਕਾਈਆਂ ਅਤੇ ਬਰਾਮਦ-ਮੁਖੀ ਇਕਾਈਆਂ ਵਿਚਾਲੇ ਬਿਹਤਰ ਸੰਪਰਕ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਜੋ ਭਾਰਤ ਦੀਆਂ ਨਿਰਮਾਣ ਅਤੇ ਬਰਾਮਦ ਸਮਰੱਥਾਵਾਂ ਆਪਣੇ ਸਮੁੰਦਰੀ ਬੁਨਿਆਦੀ ਢਾਂਚੇ ਦਾ ਪੂਰਾ ਲਾਹਾ ਲੈ ਸਕਣ।
ਪ੍ਰਧਾਨ ਮੰਤਰੀ ਨੇ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਕਰਨ ਅਤੇ ਲੰਮੇ ਸਮੇਂ ਦੇ ਨਜ਼ਰੀਏ ਨਾਲ ਭਾਰਤ ਦਾ ਭਵਿੱਖ ਘੜਨ ਲਈ ਸਮੁੱਚੀ ਸਰਕਾਰੀ ਪਹੁੰਚ, ਬਿਹਤਰ ਤਾਲਮੇਲ, ਨਵੀਂ ਸੋਚ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ ਦੁਹਰਾਉਂਦਿਆਂ ਆਪਣਾ ਸੰਬੋਧਨ ਸਮਾਪਤ ਕੀਤਾ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਵਿਚਾਲੇ ਗੈਰ-ਰਸਮੀ ਗੱਲਬਾਤ ਅਤੇ ਟੀਮ ਭਾਵਨਾ ਵਿਕਸਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਜੂਨੀਅਰ ਸਾਥੀਆਂ ਨਾਲ ਵਧੇਰੇ ਨਿੱਜੀ ਅਤੇ ਗੈਰ-ਰਸਮੀ ਗੱਲਬਾਤ ਵਧਾਉਣ ਅਤੇ ਵੱਖ-ਵੱਖ ਕਾਡਰਾਂ ਅਤੇ ਵਿਭਾਗਾਂ ਵਿਚਕਾਰ ਮਜ਼ਬੂਤ ਨੈੱਟਵਰਕ ਬਣਾਉਣ ਲਈ ਉਤਸ਼ਾਹਿਤ ਕੀਤਾ।
ਸਕੱਤਰਾਂ ਨੇ ਖੇਤਰਵਾਰ ਤਰਜੀਹਾਂ, ਉੱਭਰਦੀਆਂ ਚੁਣੌਤੀਆਂ ਅਤੇ ਅਮਲ ਨਾਲ ਜੁੜੇ ਮੁੱਦਿਆਂ ’ਤੇ ਆਪਣੇ ਤਜਰਬੇ ਸਾਂਝੇ ਕੀਤੇ। ਬੈਠਕ ਵਿੱਚ ਕੈਬਨਿਟ ਸਕੱਤਰ, ਪ੍ਰਮੁੱਖ ਮੰਤਰਾਲਿਆਂ ਤੇ ਵਿਭਾਗਾਂ ਦੇ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
***************
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2301889)
ਵਿਜ਼ੀਟਰ ਕਾਊਂਟਰ : 67
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Telugu
,
Kannada
,
Malayalam