ਖੇਤੀਬਾੜੀ ਮੰਤਰਾਲਾ
azadi ka amrit mahotsav

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੀ 97ਵੀਂ ਸਲਾਨਾ ਆਮ ਮੀਟਿੰਗ ਵਿੱਚ ਆਪਮਮਖੇਤੀਬਾੜੀ ਖੇਤਰ ਵਿੱਚ ਪਰਿਵਰਤਨਸ਼ੀਲ ਸੁਧਾਰਾਂ ਲਈ ਰੋਡਮੈਪ


ਮੰਗ-ਅਧਾਰਿਤ ਖੋਜ ਕਿਸਾਨ, ਬਜ਼ਾਰ ਅਤੇ ਖਪਤਕਾਰ ਕੇਂਦ੍ਰਿਤ ਹੋਣੀ ਚਾਹੀਦੀ ਹੈ: ਕੇਂਦਰੀ ਖੇਤੀਬਾੜੀ ਮੰਤਰੀ

ਏਕੀਕ੍ਰਿਤ ਖੇਤੀ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਆਮਦਨ ਵਿੱਚ ਵਿਭਿੰਨਤਾ ਲਿਆਉਣ ਲਈ ਦੀ ਕੁੰਜੀ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਪ੍ਰਯੋਗਸ਼ਾਲਾ ਤੋਂ ਖੇਤ ਤੱਕ: ਤਕਨਾਲੋਜੀ ਟ੍ਰਾਂਸਫਰ ਨੂੰ ਤੇਜ਼ ਕਰਨ ਲਈ ਮਜ਼ਬੂਤ ICAR-ਉਦਯੋਗ ਭਾਈਵਾਲੀ ਦੀ ਲੋੜ ਹੈ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ICAR ਦਾ ਨਵਾਂ ਦ੍ਰਿਸ਼ਟੀਕੋਣ: ਵਧੇਰੇ ਸੰਵਾਦ, ਸਪਸ਼ਟ ਤਰਜੀਹਾਂ ਅਤੇ ਬਿਹਤਰ ਨਤੀਜੇ: ਸ਼੍ਰੀ ਚੌਹਾਨ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਚਾਰ ਮੌਲਿਕ ਹਨ, ਨਵੀਨਤਾ ਨੂੰ ਲਾਗੂ ਕਰਨ ਅਤੇ ਪ੍ਰਭਾਵ ਵਿੱਚ ਬਦਲਣ ਦੀ ਮੰਗ ਕਰਦੇ ਹਨ

Posted On: 18 AUG 2026 5:20PM by PIB Chandigarh

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੀ 97ਵੀਂ ਸਲਾਨਾ ਆਮ ਮੀਟਿੰਗ ਅੱਜ ਨਵੀਂ ਦਿੱਲੀ ਦੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਕੰਪਲੈਕਸ ਵਿਖੇ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ।

ਆਪਣੇ ਸੰਬੋਧਨ ਵਿੱਚ, ਸ਼੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਖੇਤਰ ਨੂੰ ਵਿਕਸਿਤ ਕੀਤੇ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਸਿਰਫ਼ ਭੋਜਨ ਉਤਪਾਦਨ ਵਧਾਉਣ ਤੋਂ ਅੱਗੇ ਵਧਣਾ ਚਾਹੀਦਾ ਹੈ ਅਤੇ ਖੇਤ ਤੋਂ ਲੈ ਕੇ ਵਿਸ਼ਵ ਬਜ਼ਾਰ ਤੱਕ ਆਪਣੀ ਮਜ਼ਬੂਤ ਮੌਜੂਦਗੀ ਸਥਾਪਿਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਸਾਨਾਂ ਦੀਆਂ ਜ਼ਰੂਰਤਾਂ, ਬਜ਼ਾਰ ਦੀ ਮੰਗ ਅਤੇ ਖਪਤਕਾਰਾਂ ਦੀਆਂ ਜ਼ਰੂਰਤਾਂ ਨਾਲ ਮੇਲ ਖਾਂਦੀ ਇੱਕ ਮੰਗ-ਅਧਾਰਿਤ ਖੋਜ ਪ੍ਰਣਾਲੀ ਦੀ ਵਕਾਲਤ ਕੀਤੀ, ਜੋ ਕਿਸਾਨਾਂ ਨੂੰ ਸਿੱਧੇ ਅਤੇ ਮਾਪਣਯੋਗ ਲਾਭ ਪ੍ਰਦਾਨ ਕਰੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਤਬਦੀਲੀ ਦਾ ਅਗਲਾ ਪੜਾਅ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਅਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਸਮਰੱਥਾ ਵਧਾਉਣ 'ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਏਕੀਕ੍ਰਿਤ ਖੇਤੀ ਪ੍ਰਣਾਲੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜਿਸ ਵਿੱਚ ਗੁਣਵੱਤਾ ਵਾਲੇ ਬੀਜ ਅਤੇ  ਰੋਪਣ ਸਮੱਗਰੀ ਦੀ ਸਮੇਂ ਸਿਰ ਉਪਲਬਧਤਾ, ਸੰਤੁਲਿਤ ਖਾਦ ਦੀ ਵਰਤੋਂ, ਬਿਹਤਰ ਮਿੱਟੀ ਦੀ ਸਿਹਤ ਅਤੇ ਟਿਕਾਊ ਖੇਤੀਬਾੜੀ ਅਭਿਆਸ ਸ਼ਾਮਲ ਹਨ। (ਏਕੀਕ੍ਰਿਤ ਖੇਤੀ ਪ੍ਰਣਾਲੀਆਂ ਵਿੱਚ ਫਸਲ ਉਤਪਾਦਨ ਦੇ ਨਾਲ-ਨਾਲ ਪਸ਼ੂ ਪਾਲਣ, ਮੱਛੀ ਪਾਲਣ, ਪੋਲਟਰੀ, ਬਾਗਬਾਨੀ ਅਤੇ ਮਧੂ-ਮੱਖੀ ਪਾਲਣ ਵਰਗੀਆਂ ਸਹਾਇਕ ਗਤੀਵਿਧੀਆਂ ਨਾਲ ਜੋੜਦੀਆਂ ਹਨ। ਇਸ ਪਹੁੰਚ ਵਿੱਚ, ਇੱਕ ਹਿੱਸੇ ਤੋਂ ਰਹਿੰਦ-ਖੂੰਹਦ ਦੂਜੇ ਹਿੱਸੇ ਲਈ ਇੱਕ ਸਰੋਤ ਵਜੋਂ ਕੰਮ ਕਰਦੀ ਹੈ ਜਿਸ ਨਾਲ ਲਾਗਤ ਘਟਦੀ ਹੈ ਅਤੇ ਸਾਲ ਭਰ ਇੱਕ ਸਥਿਰ ਆਮਦਨ ਪ੍ਰਾਪਤ ਹੁੰਦੀ ਹੈ।)

 ਸ਼੍ਰੀ ਚੌਹਾਨ ਨੇ ਗੁਣਵੱਤਾ, ਪੋਸ਼ਣ, ਪ੍ਰੋਸੈੱਸਿੰਗ, ਪੈਕੇਜਿੰਗ, ਸ਼ੈਲਫ ਲਾਈਫ (ਉਹ ਸਮਾਂ ਜਿਸ ਲਈ ਇੱਕ ਉਤਪਾਦ ਸੁਰੱਖਿਅਤ ਅਤੇ ਖਰਾਬ ਹੋਏ ਬਿਨਾਂ ਵਰਤੋਂ ਯੋਗ ਰਹਿੰਦਾ ਹੈ) ਵਿੱਚ ਸੁਧਾਰ ਕਰਕੇ ਭਾਰਤ ਦੀ ਨਿਰਯਾਤ ਸੰਭਾਵਨਾ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਵਿਸ਼ਵਵਿਆਪੀ ਮਾਪਦੰਡਾਂ ਦੀ ਪਾਲਣਾ ਕੀਤੀ। ਉਨ੍ਹਾਂ ਨੇ ਕਿਸਾਨਾਂ ਤੱਕ ਖੋਜ-ਵਿਕਸਿਤ ਤਕਨਾਲੋਜੀਆਂ ਨੂੰ ਹੋਰ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ICAR-ਉਦਯੋਗ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ, ਸਿਰਫ਼ ਖੋਜ ਹੀ ਕਾਫ਼ੀ ਨਹੀਂ ਹੈ; ਸਗੋਂ ਸਮੇਂ 'ਤੇ ਸਹੀ ਸਮੱਸਿਆ ਨੂੰ ਹੱਲ ਕਰਨ ਅਤੇ ਕਿਸਾਨਾਂ ਨੂੰ ਜਲਦੀ ਲਾਭ ਪਹੁੰਚਾਉਣਾ ਸਫਲਤਾ ਦਾ ਅਸਲ ਮਾਪ ਹੈ।

ਨਤੀਜਾ-ਮੁਖੀ ਖੋਜ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਗਿਆਨੀਆਂ, ਨੀਤੀ ਨਿਰਮਾਤਾਵਾਂ, ਕਿਸਾਨਾਂ, ਉਦਯੋਗ ਅਤੇ ਹੋਰ ਹਿੱਸੇਦਾਰਾਂ ਵਿਚਕਾਰ ਗੱਲਬਾਤ ਵਧਾਉਣ ਅਤੇ ਖੋਜ ਉਦੇਸ਼ਾਂ ਨੂੰ ਸਪਸ਼ਟ ਤੌਰ 'ਤੇ ਤਰਜੀਹ ਦੇਣ ਦਾ ਸੱਦਾ ਦਿੱਤਾ। ਕੇਂਦਰੀ ਖੇਤੀਬਾੜੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਨਤਾਕਾਰੀ ਵਿਚਾਰਾਂ ਨੂੰ ਪ੍ਰਯੋਗਸ਼ਾਲਾਵਾਂ ਤੋਂ ਪਰ੍ਹੇ ਜਾਣਾ ਚਾਹੀਦਾ ਹੈ ਅਤੇ ਜ਼ਮੀਨੀ ਪੱਧਰ 'ਤੇ ਦ੍ਰਿਸ਼ਮਾਨ ਪ੍ਰਭਾਵ ਦੇ ਨਾਲ ਵਿਵਹਾਰਕ ਹੱਲਾਂ ਵਿੱਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਖ਼ਤ ਮਿਹਨਤ, ਖੋਜ ਅਤੇ ਯਤਨ ਭਾਰਤ ਦਾ ਅਕਸ ਬਦਲ ਸਕਦੇ ਹਨ ਅਤੇ ਦੇਸ਼ ਦੇ ਕਿਸਾਨਾਂ ਦੀ ਕਿਸਮਤ ਬਦਲ ਸਕਦੇ ਹਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਖੇਤੀਬਾੜੀ ਰਾਜ ਮੰਤਰੀ, ਸ਼੍ਰੀ ਭਾਗੀਰਥ ਚੌਧਰੀ ਨੇ ਕਿਹਾ ਕਿ ਭਾਰਤ ਨੇ 2014 ਤੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਹੁਣ ਅਗਲੀ ਤਰਜੀਹ ਖੇਤੀਬਾੜੀ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨਾ ਹੈ। ਸ਼੍ਰੀ ਚੌਧਰੀ ਨੇ ਦਾਲਾਂ, ਤੇਲ ਬੀਜਾਂ, ਬੀਜਾਂ, ਪਸ਼ੂਧਨ ਅਤੇ ਵੈਲਿਊ-ਐਡਿਡ ਪ੍ਰੋਸੈੱਸਿੰਗ ਵਿੱਚ ਆਤਮ-ਨਿਰਭਰਤਾ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ-ਲਚਕੀਲੇ ਖੇਤੀਬਾੜੀ, ਮਿੱਟੀ ਸਿਹਤ ਅਤੇ ਟਿਕਾਊ ਸਰੋਤ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ 'ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਮਜ਼ਬੂਤ ਕਿਸਾਨ ਉਤਪਾਦਕ ਸੰਗਠਨਾਂ ਅਤੇ ਉਨ੍ਹਾਂ ਦੇ ਬਜ਼ਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਸ਼੍ਰੀ ਚੌਧਰੀ ਨੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਲਾਭ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 2047 ਤੱਕ ਇੱਕ ਆਤਮ-ਨਿਰਭਰ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਆਤਮ-ਨਿਰਭਰ ਖੇਤੀਬਾੜੀ ਖੇਤਰ ਬਹੁਤ ਮਹੱਤਵਪੂਰਨ ਹਨ।

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ, ਸ਼੍ਰੀ ਐੱਸਪੀ ਸਿੰਘ ਬਘੇਲ ਨੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਗਤੀ ਦਾ ਜ਼ਿਕਰ ਕੀਤਾ, ਜਿਸ ਵਿੱਚ ਅਨਾਜ, ਬਾਗਬਾਨੀ, ਡੇਅਰੀ, ਮੱਛੀ ਪਾਲਣ, ਮਾਸ ਅਤੇ ਅੰਡੇ ਸ਼ਾਮਲ ਹਨ। ਉਨ੍ਹਾਂ ਨੇ ਇਸ ਦਾ ਸਿਹਰਾ ਵਿਗਿਆਨਕ ਖੋਜ, ਤਕਨਾਲੋਜੀ ਅਤੇ ਵਿਗਿਆਨੀਆਂ, ਕਿਸਾਨਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਮੂਹਿਕ ਯਤਨਾਂ ਨੂੰ ਦਿੱਤਾ।

ਸ਼੍ਰੀ ਬਘੇਲ ਨੇ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਦੀ ਵਿਰਾਸਤ ਦਾ ਹਵਾਲਾ ਦਿੰਦੇ ਹੋਏ, ਭਾਰਤ ਦੇ ਦੁਨੀਆ ਦੇ ਸਭ ਤੋਂ ਵੱਡੇ ਦੁੱਧ ਉਤਪਾਦਕ ਬਣਨ ਅਤੇ ਮੱਛੀ ਉਤਪਾਦਨ ਅਤੇ ਨਿਰਯਾਤ ਵਿੱਚ ਇਸ ਦੇ ਮਹੱਤਵਪੂਰਨ ਵਾਧੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ ਅਤੇ ਪੋਲਟਰੀ ਦੇ ਵਧੇਰੇ ਏਕੀਕਰਣ 'ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਕੇਂਦਰੀ ਅਤੇ ਰਾਜ ਮੰਤਰੀਆਂ ਦੇ ਨਾਲ-ਨਾਲ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਦੇ ਹੋਰ ਹਿੱਸੇਦਾਰ ਸ਼ਾਮਲ ਹੋਏ। ਇਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼ ਦੇ ਖੇਤੀਬਾੜੀ, ਪਸ਼ੂ ਪਾਲਣ ਅਤੇ ਪਸ਼ੂ ਚਿਕਿਤਸਾ, ਬਾਗਬਾਨੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਗੈਬਰੀਅਲ ਦਾਨਵਾਂਗ ਵਾਂਗਸ਼ੂ, ਅਸਾਮ ਦੀ ਪਸ਼ੂ ਪਾਲਣ, ਪਸ਼ੂ ਚਿਕਿਤਸਾ ਅਤੇ ਮੱਛੀ ਪਾਲਣ ਮੰਤਰੀ, ਸ਼੍ਰੀਮਤੀ ਨੀਲਿਮਾ ਦੇਵੀ; ਬਿਹਾਰ ਦੇ ਖੇਤੀਬਾੜੀ ਮੰਤਰੀ ਸ਼੍ਰੀ ਵਿਜੈ ਕੁਮਾਰ ਸਿਨਹਾ; ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ, ਮੱਛੀ ਪਾਲਣ ਅਤੇ ਬਾਗਬਾਨੀ ਮੰਤਰੀ, ਸ਼੍ਰੀ ਸ਼ਿਆਮ ਸਿੰਘ ਰਾਣਾ; ਜੰਮੂ ਅਤੇ ਕਸ਼ਮੀਰ ਦੇ ਖੇਤੀਬਾੜੀ ਉਤਪਾਦਨ ਮੰਤਰੀ, ਸ਼੍ਰੀ ਜਾਵੇਦ ਅਹਿਮਦ ਡਾਰ; ਮੱਧ ਪ੍ਰਦੇਸ਼ ਦੇ ਬਾਗਬਾਨੀ ਅਤੇ ਫੂਡ ਪ੍ਰੋਸੈੱਸਿੰਗ ਮੰਤਰੀ, ਸ਼੍ਰੀ ਨਾਰਾਇਣ ਸਿੰਘ ਕੁਸ਼ਵਾਹਾ; ਨਾਗਾਲੈਂਡ ਦੇ ਵਿਧਾਇਕ ਅਤੇ ਖੇਤੀਬਾੜੀ ਵਿਭਾਗ ਦੇ ਸਲਾਹਕਾਰ, ਸ਼੍ਰੀ ਮੇਥੁਆਂਗ ਯਾਂਥਨ; ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ ਅਤੇ ਪਸ਼ੂ ਚਿਕਿਤਸਾ ਸੇਵਾਵਾਂ, ਬਾਗਬਾਨੀ ਅਤੇ ਮੱਛੀ ਪਾਲਣ ਮੰਤਰੀ, ਸ਼੍ਰੀ ਗੁਰਮੀਤ ਸਿੰਘ ਖੁਡੀਆਂ;  ਸਿੱਕਿਮ ਦੇ ਖੇਤੀਬਾੜੀ, ਪਸ਼ੂ ਪਾਲਣ ਅਤੇ ਪਸ਼ੂ ਚਿਕਿਤਸਾ ਸੇਵਾਵਾਂ, ਬਾਗਬਾਨੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਪੂਰਨ ਕੁਮਾਰ ਗੁਰੂੰਗ; ਉੱਤਰਾਖੰਡ ਦੇ ਖੇਤੀਬਾੜੀ ਅਤੇ ਬਾਗਬਾਨੀ ਮੰਤਰੀ, ਸ਼੍ਰੀ ਗਣੇਸ਼ ਜੋਸ਼ੀ; ਉੱਤਰ ਪ੍ਰਦੇਸ਼ ਦੇ ਖੇਤੀਬਾੜੀ, ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਮੰਤਰੀ ਸ਼੍ਰੀ ਸੂਰਿਆ ਪ੍ਰਤਾਪ ਸ਼ਾਹੀ; ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ਼੍ਰੀ ਧਰਮਪਾਲ ਸਿੰਘ; ਉੱਤਰ ਪ੍ਰਦੇਸ਼ ਦੇ ਮੱਛੀ ਪਾਲਣ ਮੰਤਰੀ ਸ਼੍ਰੀ ਸੰਜੈ ਨਿਸ਼ਾਦ; ਅਤੇ ਪੱਛਮੀ ਬੰਗਾਲ ਦੇ ਖੇਤੀਬਾੜੀ ਮੰਤਰੀ, ਸ਼੍ਰੀ ਦੁੱਧ ਕੁਮਾਰ ਮੰਡਲ ਨੇ ਸ਼ਿਰਕਤ ਕੀਤੀ।

ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਅਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਡਾ. ਐੱਮ.ਐੱਲ. ਜਾਟ ਨੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੀਆਂ ਪ੍ਰਮੁੱਖ ਪ੍ਰਾਪਤੀਆਂ 'ਤੇ ਚਰਚਾ ਕਰਦੇ ਹੋਏ, ਪਿਛਲੇ ਸਾਲਾਂ ਦੌਰਾਨ ਖੇਤੀਬਾੜੀ ਖੇਤਰ ਨੂੰ ਵਿਗਿਆਨ-ਅਧਾਰਿਤ, ਕਿਸਾਨ-ਕੇਂਦ੍ਰਿਤ ਖੇਤਰ ਵਿੱਚ ਬਦਲਣ ਵਿੱਚ ਆਈ.ਸੀ.ਏ.ਆਰ. ਦੁਆਰਾ ਕੀਤੀ ਗਈ ਤੇਜ਼ ਪ੍ਰਗਤੀ 'ਤੇ ਚਾਨਣਾ ਪਾਇਆ।

ਉਨ੍ਹਾਂ ਕਿਹਾ ਕਿ ਅਨਾਜ ਉਤਪਾਦਨ ਵਿੱਚ ਲਗਭਗ 19 ਮਿਲੀਅਨ ਟਨ ਦਾ ਵਾਧਾ ਹੋਇਆ ਹੈ, ਜਦਕਿ ਬਾਗਬਾਨੀ, ਡੇਅਰੀ ਅਤੇ ਮੱਛੀ ਪਾਲਣ ਵਿੱਚ ਵੀ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਡਾ. ਜਾਟ ਨੇ ਕਿਹਾ ਕਿ ਕੁੱਲ 386 ਨਵੀਆਂ ਫਸਲਾਂ ਦੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 94 ਪ੍ਰਤੀਸ਼ਤ ਜਲਵਾਯੂ-ਲਚਕੀਲਾ ਅਤੇ 29 ਜੈਵਿਕ-ਫੋਰਟੀਫਾਈਡ ਕਿਸਮਾਂ ਸ਼ਾਮਲ ਹਨ। ਇਸ ਨਾਲ ਉਤਪਾਦਕਤਾ, ਜਲਵਾਯੂ ਲਚਕੀਲਾਪਣ ਅਤੇ ਪੋਸ਼ਣ ਸੁਰੱਖਿਆ ਮਜ਼ਬੂਤ ਹੋਈ ਹੈ।

ਡਾ. ਜਾਟ ਨੇ ਜੀਨੋਮਿਕਸ (ਵਿਗਿਆਨ ਦੀ ਉਹ ਸ਼ਾਖਾ ਜੋ ਕਿਸੇ ਜੀਵ ਦੇ ਸਮੁੱਚੇ ਜੈਨੇਟਿਕ ਪਦਾਰਥ, ਭਾਵ , ਜੀਨੋਮ /ਡੀਐਨਏ ਦਾ ਅਧਿਐਨ ਕਰਦੀ ਹੈ), ਜੀਨੋਮ ਸੰਪਾਦਨ, ਪਸ਼ੂਆਂ ਦੀ ਸਿਹਤ, ਮੱਛੀ ਪਾਲਣ, ਮਿੱਟੀ ਦੀ ਸਿਹਤ ਅਤੇ ਕੁਦਰਤੀ ਖੇਤੀ ਵਿੱਚ ਵੱਡੀਆਂ ਤਰੱਕੀਆਂ ਨੂੰ ਉਜਾਗਰ ਕੀਤਾ, ਜਿਸ ਨੇ ਭਾਰਤ ਦੀ ਖੇਤੀਬਾੜੀ ਸੰਭਾਵਨਾ ਨੂੰ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਅਫਰੀਕੀ ਸਵਾਈਨ ਫਲੂ ਟੀਕੇ ਨੇ ਸੂਰਾਂ ਦੀ ਸਿਹਤ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨਾਲ ਸਬੰਧਿਤ ਮਹੱਤਵਪੂਰਨ ਵਿਗਿਆਨਕ ਸਫਲਤਾਵਾਂ ਵੱਲ ਅਗਵਾਈ ਕੀਤੀ ਹੈ।

ਉਨ੍ਹਾਂ ਕਿਹਾ ਕਿ ਆਈਸੀਏਆਰ ਨੇ ਖੋਜ ਨੂੰ ਜ਼ਮੀਨੀ ਲਾਗੂਕਰਨ ਅਤੇ ਬਜ਼ਾਰ ਦੇ ਮੌਕਿਆਂ ਵਿੱਚ ਇਸਤੇਮਾਲ ਕਰਨ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕੀਤਾ ਹੈ। ਡਾ. ਜਾਟ ਨੇ ਦੱਸਿਆ ਕਿ ਪਿਛਲੇ ਸਾਲ ਲਗਭਗ 805 ਆਈਪੀ (ਬੌਧਿਕ ਸੰਪਤੀ ਅਧਿਕਾਰ) ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ, ਜਦਕਿ 36 ਸੰਸਥਾਵਾਂ ਵਿੱਚ ਤਕਨਾਲੋਜੀ ਵਪਾਰੀਕਰਣ ਨੂੰ ਮਜ਼ਬੂਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਲਈ ਰਾਸ਼ਟਰੀ ਲਿੰਗ ਪਲੈਟਫਾਰਮ ਹੁਣ 9,000 ਤੋਂ ਵੱਧ ਸੰਸਥਾਵਾਂ ਨੂੰ ਜੋੜਦਾ ਹੈ, ਜਿਸ ਨਾਲ ਖੇਤੀਬਾੜੀ ਵਿੱਚ ਔਰਤਾਂ ਦੀ ਭਾਗੀਦਾਰੀ ਵਧਦੀ ਹੈ।

ਡਾ. ਜਾਟ ਨੇ ਆਈ.ਸੀ.ਏ.ਆਰ. ਦੀ ਸਲਾਨਾ ਰਿਪੋਰਟ 2025-26 ਵੀ ਪੇਸ਼ ਕੀਤੀ ਅਤੇ ਇਸਨੂੰ ਅਪਣਾਉਣ ਲਈ ਪ੍ਰਸਤਾਵਨਾ ਪੜ੍ਹੀ।

ਸ਼੍ਰੀ ਸੰਦੀਪ ਸਰਕਾਰ, ਵਧੀਕ ਸਕੱਤਰ, DARE, ਅਤੇ ਵਿੱਤੀ ਸਲਾਹਕਾਰ, ICAR ਨੇ ਸਾਲ 2024-25 ਲਈ ਆਡੀਟਰ ਦੀ ਰਿਪੋਰਟ ਦੇ ਨਾਲ ਸਲਾਨਾ ਲੇਖਾ ਪੇਸ਼ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪਣਾਉਣ ਲਈ ਇੱਕ ਮਤਾ ਪਾਸ ਕੀਤਾ ਗਿਆ।

https://static.pib.gov.in/WriteReadData/userfiles/image/image006VWD1.jpg

ਇਸ ਤੋਂ ਪਹਿਲਾਂ, ਮੀਟਿੰਗ ਦੀ ਸ਼ੁਰੂਆਤ ਵਿੱਚ, ਪਿਛਲੀ ਸਲਾਨਾ ਆਮ ਮੀਟਿੰਗ ਤੋਂ ਬਾਅਦ ਆਈਸੀਏਆਰ ਦੀ ਖੋਜ ਪ੍ਰਗਤੀ 'ਤੇ ਇੱਕ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਖੇਤੀਬਾੜੀ ਖੋਜ, ਨਵੀਨਤਾ ਅਤੇ ਵਿਕਾਸ ਵਿੱਚ ਕੌਂਸਲ ਦੇ ਯੋਗਦਾਨ ਨੂੰ ਉਜਾਗਰ ਕੀਤਾ ਗਿਆ।

ਇਸ ਮੌਕੇ 'ਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਚਾਰ ਪ੍ਰਕਾਸ਼ਨ ਜਾਰੀ ਕੀਤੇ ਗਏ। ਮੀਟਿੰਗ ਵਿੱਚ ਆਈਸੀਏਆਰ ਸੋਸਾਇਟੀ ਦੇ ਨਿਯਮਾਂ ਅਤੇ ਉਪ-ਨਿਯਮਾਂ ਵਿੱਚ ਅਪਡੇਟਾਂ/ਸੋਧਾਂ 'ਤੇ ਵਿਚਾਰ ਕਰਨ ਅਤੇ ਅਪਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ।

ਮੈਂਬਰਾਂ ਨੇ ਖੇਤੀਬਾੜੀ ਖੋਜ ਵਿੱਚ ਆਈਸੀਏਆਰ ਦੀਆਂ ਪ੍ਰਾਪਤੀਆਂ ਅਤੇ ਇੱਛਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਨੇ ਕੌਂਸਲ ਦੇ ਖੋਜ ਅਤੇ ਵਿਕਾਸ ਏਜੰਡੇ ਨੂੰ ਬਿਹਤਰ ਬਣਾਉਣ ਲਈ ਕੀਮਤੀ ਸੁਝਾਅ ਦਿੱਤੇ।

ਮੀਟਿੰਗ ਵਿੱਚ ਸ਼ਾਮਲ ਕੇਂਦਰੀ ਅਤੇ ਰਾਜ ਮੰਤਰੀਆਂ ਨੇ ਅਨਾਜ ਉਤਪਾਦਨ ਵਿੱਚ ਵਾਧੇ ਅਤੇ ਖੇਤੀਬਾੜੀ ਖੇਤਰ ਵਿੱਚ ਹੋਈ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਕੇਂਦਰ ਅਤੇ ਰਾਜਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਖੁਸ਼ਹਾਲੀ ਅਤੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਸਮੂਹਿਕ ਤੌਰ 'ਤੇ ਯਤਨ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।

ਮੀਟਿੰਗ ਸ਼੍ਰੀ ਸੰਦੀਪ ਸਰਕਾਰ, ਵਧੀਕ ਸਕੱਤਰ, DARE ਅਤੇ ਵਿੱਤੀ ਸਲਾਹਕਾਰ, ICAR ਦੇ ਧੰਨਵਾਦ ਮਤੇ ਨਾਲ ਸਮਾਪਤ ਹੋਈ। ਇਸ ਤੋਂ ਬਾਅਦ ਰਾਸ਼ਟਰੀ ਗਾਨ ਦਾ ਗਾਇਨ ਇੱਕ ਸੁਰ ਵਿੱਚ ਕੀਤਾ ਗਿਆ।

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨੇ ਆਪਣੀ ਸਲਾਨਾ ਆਮ ਮੀਟਿੰਗ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਜ਼ਦੀਕੀ ਸਹਿਯੋਗ ਨਾਲ ਖੇਤੀਬਾੜੀ ਖੋਜ, ਨਵੀਨਤਾ ਅਤੇ ਤਕਨਾਲੋਜੀ-ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਲਈ ਆਪਣੀ ਨਿਰੰਤਰ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਵਿੱਚ ਕਿਸਾਨਾਂ ਦੀ ਭਲਾਈ, ਭੋਜਨ ਅਤੇ ਪੋਸ਼ਣ ਸੁਰੱਖਿਆ ਅਤੇ ਇੱਕ ਲਚਕੀਲਾ, ਟਿਕਾਊ ਅਤੇ ਆਤਮ-ਨਿਰਭਰ ਖੇਤੀਬਾੜੀ ਖੇਤਰ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। 

***

ਆਰਸੀ/ ਏਕੇ


(Release ID: 2301277) ਵਿਜ਼ੀਟਰ ਕਾਊਂਟਰ : 63