ਰੱਖਿਆ ਮੰਤਰਾਲਾ
azadi ka amrit mahotsav

ਭਾਰਤ-ਥਾਈਲੈਂਡ ਸੰਯੁਕਤ ਫੌਜੀ ਅਭਿਆਸ ‘ਮੈਤ੍ਰੀ’ ਵਿੱਚ ਹਿੱਸਾ ਲੈਣ ਲਈ ਭਾਰਤੀ ਸੈਨਾ ਦੀ ਟੁਕੜੀ ਥਾਈਲੈਂਡ ਰਵਾਨਾ

Posted On: 17 AUG 2026 10:59AM by PIB Chandigarh

ਭਾਰਤ-ਥਾਈਲੈਂਡ ਸੰਯੁਕਤ ਫੌਜੀ ਅਭਿਆਸ ‘ਮੈਤ੍ਰੀ’ ਦੇ 15ਵੇਂ ਐਡੀਸ਼ਨ (2026) ਵਿੱਚ ਹਿੱਸਾ ਲੈਣ ਲਈ ਭਾਰਤੀ ਸੈਨਾ ਦੀ ਟੁਕੜੀ ਅੱਜ ਥਾਈਲੈਂਡ ਰਵਾਨਾ ਹੋਈ। ਇਹ ਅਭਿਆਸ 18 ਤੋਂ 31 ਅਗਸਤ 2026 ਤੱਕ ਥਾਈਲੈਂਡ ਦੇ ਸੂਰਤ ਥਾਨੀ ਸਥਿਤ ਵਿਭਾਵਾਦੀ ਰੰਗਸਿਟ ਕੈਂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਅਭਿਆਸ ਦਾ ਪਿਛਲਾ ਐਡੀਸ਼ਨ ਸਤੰਬਰ 2025 ਵਿੱਚ ਮੇਘਾਲਿਆ ਦੇ ਉਮਰੋਈ ਵਿੱਚ ਆਯੋਜਿਤ ਕੀਤਾ ਗਿਆ ਸੀ।

ਭਾਰਤੀ ਸੈਨਾ ਅਤੇ ਥਾਈ ਸ਼ਾਹੀ ਸੈਨਾ ਦੀਆਂ ਟੁਕੜੀਆਂ ਵਿੱਚ 85-85 ਜਵਾਨ ਸ਼ਾਮਲ ਹਨ। ਭਾਰਤੀ ਸੈਨਾ ਦੀ ਟੁਕੜੀ ਵਿੱਚ ਮੁੱਖ ਤੌਰ ‘ਤੇ 9 ਗੋਰਖਾ ਰਾਈਫਲਸ ਦੇ ਸੈਨਿਕ ਹਨ ਜਦ ਕਿ ਥਾਈ ਸੈਨਾ ਦੀ ਟੁਕੜੀ ਵਿੱਚ 5ਵੀਂ ਡਿਵੀਜ਼ਨ ਦੀ 25ਵੀਂ ਇਨਫੈਂਟਰੀ ਬ੍ਰਿਗੇਡ ਦੀ ਤੀਜੀ ਬਟਾਲੀਅਨ ਦੇ ਜਵਾਨ ਸ਼ਾਮਲ ਹਨ। ਇਸ ਅਭਿਆਸ ਵਿੱਚ ਕੰਪਨੀ ਪੱਧਰ ਦੀ ਸੰਯੁਕਤ ਟ੍ਰੇਨਿੰਗ ਸ਼ਾਮਲ ਹੋਵੇਗੀ ਜੋ ਜੰਗਲ ਅਤੇ ਅਰਧ-ਸ਼ਹਿਰੀ ਇਲਾਕਿਆਂ ਵਿੱਚ ਸੰਚਾਲਨ ‘ਤੇ ਕੇਂਦ੍ਰਿਤ ਹੋਵੇਗੀ।

ਮੈਤ੍ਰੀ ਅਭਿਆਸ ਦਾ ਉਦੇਸ਼ ਭਾਰਤ ਅਤੇ ਥਾਈਲੈਂਡ ਦਰਮਿਆਨ ਫੌਜੀ ਸਹਿਯੋਗ ਨੂੰ ਪ੍ਰੋਤਸਾਹਣ ਦੇਣਾ ਹੈ। ਇਹ ਅਭਿਆਸ ਸੰਯੁਕਤ ਰਾਸ਼ਟਰ ਚਾਰਟਰ ਦੇ ਅਧਿਆਏ ਸੱਤ ਦੇ ਤਹਿਤ ਜੰਗਲ ਅਤੇ ਸ਼ਹਿਰੀ ਵਾਤਾਵਰਣ ਵਿੱਚ ਬਗਾਵਤ ਅਤੇ ਅੱਤਵਾਦ ਨਾਲ ਨਜਿੱਠਣ ਲਈ ਸੰਯੁਕਤ ਅਭਿਆਨਾਂ ਨੂੰ ਅੰਜ਼ਾਮ ਦੇਣ ਵਿੱਚ ਦੋਵੇਂ ਦੇਸ਼ਾਂ ਦੀਆਂ ਸਮਰੱਥਾਵਾਂ ਨੂੰ ਵਧਾਉਣਗੇ। ਇਸ ਟ੍ਰੇਨਿੰਗ ਵਿੱਚ ਖੇਤਰ ਅਭਿਆਸ, ਯੁੱਧ ਨਾਲ ਸਬੰਧਿਤ ਚਰਚਾਵਾਂ, ਭਾਸ਼ਣ, ਪ੍ਰਦਰਸ਼ਨ ਅਤੇ ਸਮਾਪਤੀ ਤਸਦੀਕ ਅਭਿਆਸ ਵੀ ਹੋਣਗੇ। ਟੁਕੜੀਆਂ ਸੰਚਾਲਨ ਅਨੁਭਵ ਦਾ ਅਦਾਨ-ਪ੍ਰਦਾਨ ਵੀ ਕਰਨਗੀਆਂ ਅਤੇ ਸੰਯੁਕਤ ਅਭਿਆਨਾਂ ਦੌਰਾਨ ਉਪਯੋਗ ਕੀਤੇ ਜਾਣ ਵਾਲੇ ਆਧੁਨਿਕ ਉਪਕਰਣਾਂ ਅਤੇ ਤਕਨਾਲੋਜੀਆਂ ਦਾ ਪ੍ਰਦਰਸ਼ਨ ਕਰਨਗੀਆਂ।

ਵਰ੍ਹੇ 2006 ਵਿੱਚ ਸ਼ੁਰੂ ਹੋਇਆ ਮੈਤ੍ਰੀ ਅਭਿਆਸ ਭਾਰਤ ਅਤੇ ਥਾਈਲੈਂਡ ਦਰਮਿਆਨ ਫੌਜੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਅਤੇ ਸਰਵੋਤਮ ਕਾਰਜ ਪ੍ਰਣਾਲੀਆਂ ਦੇ ਅਦਾਨ-ਪ੍ਰਦਾਨ ਦਾ ਇੱਕ ਮਹੱਤਵਪੂਰਨ ਮੰਚ ਹੈ। ਇਹ ਅਭਿਆਸ ਦੋਵਾਂ ਸੈਨਾਵਾਂ ਦਰਮਿਆਨ ਅੰਤਰ-ਸੰਚਾਲਨ, ਆਪਸੀ ਸਮਝ ਅਤੇ ਸਦਭਾਵਨਾ ਨੂੰ ਵਧਾਉਂਦਾ ਹੈ, ਜਿਸ ਨਾਲ ਦੋਵੇਂ ਦੇਸ਼ਾਂ ਦੇ ਦੀਰਘਕਾਲੀ ਦੁਵੱਲੇ ਸਬੰਧ ਹੋਰ ਵੀ ਸਸ਼ਕਤ ਹੁੰਦੇ ਹਨ।

************

ਨਿਸ਼ਾਂਤ/ਰਿੰਕੂ ਸਿੰਘ/ਏਕੇ


(Release ID: 2300506) ਵਿਜ਼ੀਟਰ ਕਾਊਂਟਰ : 59