ਸਿੱਖਿਆ ਮੰਤਰਾਲਾ
13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ, ਕੇਂਦਰੀ ਸਿੱਖਿਆ ਮੰਤਰੀ ਨੇ ਬ੍ਰਿਕਸ ਸਹਿਯੋਗ ਦੇ ਪ੍ਰਤੀ ਜਨ-ਕੇਂਦ੍ਰਿਤ ਅਤੇ ਮਾਨਵਤਾ-ਪਹਿਲਾਂ ਵਾਲੇ ਪਹੁੰਚ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ
ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, "ਆਉਣ ਵਾਲੀਆਂ ਪੀੜ੍ਹੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸਿੱਖਿਆ ਪ੍ਰਣਾਲੀਆਂ ਦੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਨਵੀਨਤਾ ਜ਼ਰੂਰੀ ਹੈ"
ਭੁਵਨੇਸ਼ਵਰ ਵਿੱਚ 13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਮੀਟਿੰਗ 13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੇ ਐਲਾਨਨਾਮੇ ਨੂੰ ਅਪਣਾਉਣ ਨਾਲ ਸੰਪੰਨ
Posted On:
07 AUG 2026 5:03PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਬ੍ਰਿਕਸ ਸਹਿਯੋਗ ਦੇ ਪ੍ਰਤੀ ਭਾਰਤ ਦੀ ਜਨ-ਕੇਂਦ੍ਰਿਤ ਅਤੇ ਮਾਨਵਤਾ-ਪਹਿਲਾਂ ਵਾਲੇ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ 13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਕਿ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ 13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੇ ਐਲਾਨਨਾਮੇ ਨੂੰ ਅਪਣਾਉਣ ਨਾਲ ਸੰਪੰਨ ਹੋਈ।


ਬ੍ਰਿਕਸ ਦੇ ਸਾਰੇ ਭਾਈਵਾਲ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਕੇਂਦਰੀ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਮੀਟਿੰਗ ਦੌਰਾਨ ਪੈਦਾ ਹੋਈ ਗਤੀ ਸਾਰਥਕ ਨਤੀਜਿਆਂ ਵਿੱਚ ਬਦਲੇਗੀ। ਸਾਲ 2026 ਲਈ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਵਿਸ਼ੇ, "ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਦਾ ਨਿਰਮਾਣ" ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀਆਂ ਨੂੰ ਨੌਜਵਾਨਾਂ ਨੂੰ ਉੱਭਰ ਰਹੇ ਮੌਕਿਆਂ ਲਈ ਤਿਆਰ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਮਨੁੱਖੀ ਕਦਰਾਂ-ਕੀਮਤਾਂ ਵਿੱਚ ਮਜ਼ਬੂਤੀ ਨਾਲ ਜੋੜ੍ਹ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਖਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਨੌਜਵਾਨਾਂ ਨੂੰ ਨੀਤੀ ਨਿਰਮਾਣ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਕੇਂਦਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

ਸ਼੍ਰੀ ਜੋਸ਼ੀ ਨੇ ਕਿਹਾ ਕਿ ਸਿੱਖਿਆ ਸਮਾਵੇਸ਼ੀ ਵਿਕਾਸ ਅਤੇ ਸਾਂਝੀ ਖੁਸ਼ਹਾਲੀ ਦਾ ਆਧਾਰ ਹੈ, ਅਤੇ ਅਪਣਾਇਆ ਗਿਆ ਐਲਾਨਨਾਮਾ ਪੰਜ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਬ੍ਰਿਕਸ ਦੇਸ਼ਾਂ ਦੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪਰੰਪਰਾਗਤ ਅਤੇ ਸਵਦੇਸ਼ੀ ਗਿਆਨ ਪ੍ਰਣਾਲੀਆਂ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੰਦੇ ਹੋਏ ਕਿਹਾ ਕਿ ਨਵੀਨਤਾ ਅਤੇ ਵਿਰਾਸਤ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਦੀਆਂ ਅਮੀਰ ਸੱਭਿਅਤਾ ਪਰੰਪਰਾਵਾਂ ਰਵਾਇਤੀ ਗਿਆਨ ਨੂੰ ਸੁਰੱਖਿਅਤ ਰੱਖਣ, ਇਸਦਾ ਡੂੰਘਾਈ ਨਾਲ ਅਧਿਐਨ ਕਰਨ ਅਤੇ ਇਸ ਦੇ ਮਹੱਤਵ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀਆਂ ਹਨ।
ਕੇਂਦਰੀ ਮੰਤਰੀ ਨੇ ਓਡੀਸ਼ਾ ਦੀ ਅਮੀਰ ਵਿਰਾਸਤ ਨੂੰ ਸਿੱਖਿਆ ਦੇ ਇੱਕ ਪ੍ਰਾਚੀਨ ਕੇਂਦਰ ਵਜੋਂ ਉਜਾਗਰ ਕੀਤਾ ਅਤੇ ਭਾਰਤ ਦੇ ਦੇ ਸਦੀਵੀ ਸੱਭਿਅਤਾ ਮੁੱਲਾਂ "ਅਤਿਥੀ ਦੇਵੋ ਭਵ" ਅਤੇ "ਵਸੁਧੈਵ ਕੁਟੁੰਬਕਮ" ਦਾ ਸਮਰਣ ਕਰਵਾਇਆ । ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਵੇਂ ਦੇਸ਼ਾਂ ਦੀਆਂ ਪਰੰਪਰਾਵਾਂ ਅਤੇ ਅਨੁਭਵ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਉਨ੍ਹਾਂ ਦੀ ਤਰੱਕੀ ਪਰਸਪਰ ਜੁੜੀ ਹੋਈ ਹੈ।
ਬ੍ਰਿਕਸ ਸਿੱਖਿਆ ਏਜੰਡਾ (ਬ੍ਰਿਕਸ ਸਿੱਖਿਆ ਟ੍ਰੈਕ) ਦੇ ਤਹਿਤ ਸਹਿਯੋਗ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਹੋਈ ਇਸ ਮੀਟਿੰਗ ਵਿੱਚ ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ, ਇੰਡੋਨੇਸ਼ੀਆ, ਈਰਾਨ, ਇਥੋਪੀਆ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।
13ਵੇਂ ਬ੍ਰਿਕਸ ਸਿੱਖਿਆ ਮੰਤਰੀਆਂ ਦੇ ਐਲਾਨਨਾਮੇ ਨੂੰ ਅਪਣਾਉਣ ਨਾਲ ਸਿੱਖਿਆ ਨੂੰ ਬ੍ਰਿਕਸ ਸਹਿਯੋਗ ਦੇ ਇੱਕ ਮੁੱਖ ਥੰਮ੍ਹ ਵਜੋਂ ਮੁੜ ਪੁਸ਼ਟੀ ਕੀਤੀ ਗਈ ਅਤੇ ਭਾਰਤ ਦੀ ਪ੍ਰਧਾਨਗੀ ਹੇਠ ਪਛਾਣੇ ਗਏ ਪੰਜ ਤਰਜੀਹੀ ਖੇਤਰਾਂ 'ਤੇ ਇੱਕ ਸਾਂਝੀ ਕਾਰਜ ਯੋਜਨਾ ਪੇਸ਼ ਕੀਤੀ ਗਈ। ਇਸਦੇ ਮੁੱਖ ਨਤੀਜੇ ਨਿਮਨਲਿਖਤ ਹਨ:
1.ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ਈਸੀਸੀਈ) ਅਤੇ ਬੁਨਿਆਦੀ ਸਾਖਰਤਾ ਅਤੇ ਅੰਕੜਾ (ਐੱਫਐਲਐਨ) ਨੂੰ ਮਜ਼ਬੂਤ ਕਰਨਾ: ਗੁਣਵੱਤਾਪੂਰਨ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਤੱਕ ਸਰਵ ਵਿਆਪਕ ਅਤੇ ਸੰਮਲਿਤ ਪਹੁੰਚ ਨੂੰ ਉਤਸ਼ਾਹਿਤ ਕਰਨ, ਸਕੂਲ ਲਈ ਬੱਚਿਆਂ ਦੀ ਤਿਆਰੀ ਨੂੰ ਮਜ਼ਬੂਤ ਕਰਨ ਅਤੇ ਸ਼ੁਰੂਆਤੀ ਸਿੱਖਿਆ ਲਈ ਉਮਰ-ਮੁਤਾਬਕ ਡਿਜੀਟਲ ਹੱਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਵਿਅਕਤ ਕੀਤੀ ਗਈ ।
2.ਹੁਨਰ ਵਿਕਾਸ ਅਤੇ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ (ਟੀਵੀਈਟੀ) ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ: ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਬ੍ਰਿਕਸ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਸਹਿਯੋਗ ਗੱਠਜੋੜ (ਬ੍ਰਿਕਸ-ਟੀਸੀਏ) ਦੀ ਭੂਮਿਕਾ ਨੂੰ ਮਾਨਤਾ ਦਿੱਤੀ ਗਈ, ਜਿਸ ਵਿੱਚ ਆਉਣ ਵਾਲੀਆਂ ਦੋ-ਸਾਲਾ ਪ੍ਰਗਤੀ ਰਿਪੋਰਟਾਂ ਅਤੇ ਚੱਲ ਰਹੇ ਹੁਨਰ ਪਹਿਲਕਦਮੀਆਂ ਦੇ ਸੰਗ੍ਰਹਿ ਦੇ ਪ੍ਰਕਾਸ਼ਨ ਵੀ ਸ਼ਾਮਲ ਹਨ। ਘੋਸ਼ਣਾ ਪੱਤਰ ਵਿੱਚ ਦਿਲਚਸਪੀ ਰੱਖਣ ਵਾਲੇ ਬ੍ਰਿਕਸ ਮੈਂਬਰ ਦੇਸ਼ਾਂ ਦੀ ਸਵੈ-ਇੱਛਤ ਭਾਗੀਦਾਰੀ ਨਾਲ ਅੰਤਰਰਾਸ਼ਟਰੀ ਹੁਨਰ ਅੰਤਰਾਲ ਅਧਿਐਨ ਕਰਨ ਲਈ ਭਾਰਤ ਦੀ ਪਹਿਲਕਦਮੀ ਦਾ ਵੀ ਜ਼ਿਕਰ ਕੀਤਾ ਗਿਆ।
3.ਖੋਜ, ਨਵੀਨਤਾ ਅਤੇ ਸਟਾਰਟ-ਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨਾ: ਸੰਯੁਕਤ ਖੋਜ ਨੂੰ ਉਤਸ਼ਾਹਿਤ ਕਰਨ, ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਸੁਰੱਖਿਅਤ, ਨੈਤਿਕ ਅਤੇ ਮਾਨਵ-ਕੇਂਦ੍ਰਿਤ ਵਰਤੋਂ ਨੂੰ ਉਤਸ਼ਾਹਿਤ ਕਰਨ, ਨਵੀਨਤਾ-ਸੰਚਾਲਿਤ ਉੱਦਮਤਾ ਨੂੰ ਮਜ਼ਬੂਤ ਕਰਨ ਅਤੇ ਉੱਚ ਸਿੱਖਿਆ ਸੰਸਥਾਵਾਂ, ਖੋਜਕਰਤਾਵਾਂ ਅਤੇ ਸਟਾਰਟ-ਅੱਪ ਈਕੋਸਿਸਟਮ ਵਿਚਕਾਰ ਸਹਿਯੋਗ ਨੂੰ ਹੋਰ ਡੂੰਘਾ ਕਰਨ 'ਤੇ ਸਹਿਮਤੀ ਪ੍ਰਗਟਾਈ ਗਈ।
4.ਯੋਗਤਾਵਾਂ ਦੀ ਪਰਸਪਰਿਕ ਮਾਨਤਾ (ਐਮਆਰਕਿਊ) ਨੂੰ ਅੱਗੇ ਵਧਾਉਣਾ: ਯੋਗਤਾਵਾਂ ਦੀ ਪਰਸਪਰਿਕ ਮਾਨਤਾ 'ਤੇ ਸਬੰਧੀ ਸਮਝੌਤਾ ਪੱਤਰ (ਐਮਓਯੂ) 'ਤੇ ਚਰਚਾ ਨੂੰ ਅੱਗੇ ਵਧਾਉਣ ਲਈ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਕਰਨ 'ਤੇ ਸਹਿਮਤੀ ਵਿਅਕਤ ਕੀਤੀ ਗਈ ਤਾਂਕਿ ਅਕਾਦਮਿਕ ਗਤੀਸ਼ੀਲਤਾ ਅਤੇ ਸਹਿਯੋਗ ਨੂੰ ਹੋਰ ਪ੍ਰੋਤਸਾਹਨ ਮਿਲ ਸਕੇ ।
ਅਕਾਦਮਿਕ ਲੀਡਰਸ਼ਿਪ ਅਤੇ ਸੰਸਥਾਗਤ ਵਿਕਾਸ ਲਈ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨਾ: ਬ੍ਰਿਕਸ ਰੈਕਟਰਜ਼ ਫੋਰਮ ਦਾ ਨਿਯਮਿਤ ਆਯੋਜਨ, ਫੈਕਲਟੀ ਅਤੇ ਲੀਡਰਸ਼ਿਪ ਐਕਸਚੇਂਜ ਪ੍ਰੋਗਰਾਮਾਂ, ਐਸਟੀਈਐਮ (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) 'ਤੇ ਵਿਸ਼ੇਸ਼ ਜ਼ੋਰ ਦੇ ਨਾਲ ਸਕਾਲਰਸ਼ਿਪ ਸਕੀਮਾਂ ਅਤੇ ਬ੍ਰਿਕਸ ਯੂਨੀਵਰਸਿਟੀ ਗਲੋਬਲ ਰੈਂਕਿੰਗ ਅਤੇ ਮੁਲਾਂਕਣ ਪ੍ਰਣਾਲੀ ਲਈ ਸ਼ੁਰੂਆਤੀ ਖੋਜ ਕਾਰਜ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਵਿੱਚ ਪਰੰਪਰਾਗਤ ਅਤੇ ਸਵਦੇਸ਼ੀ ਗਿਆਨ ਪ੍ਰਣਾਲੀਆਂ 'ਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਬ੍ਰਿਕਸ ਮਾਰਗਦਰਸ਼ਕ ਸਿਧਾਂਤਾਂ (ਬ੍ਰਿਕਸ ਗਾਈਡਿੰਗ ਪ੍ਰਿੰਸਪਿਲਸ ਔਨ ਸਟ੍ਰੇਂਥੇਨਿੰਗ ਏਕੇਡਮਿਕ ਕੋਲੈਬੋਰੇਸ਼ਨ ਔਨ ਟ੍ਰੇਡਿਸ਼ਨਲ ਐਂਡ ਇੰਡਿਜਿਨਸ ਨੌਲੇਜ ਸਿਸਟਮਸ) 'ਤੇ ਭਾਰਤ ਦੀ ਪਹਿਲਕਦਮੀ ਦਾ ਵੀ ਸਵਾਗਤ ਕੀਤਾ ਗਿਆ। ਇਹ ਵੀ ਸੁਝਾਅ ਦਿੱਤਾ ਗਿਆ ਕਿ ਬ੍ਰਿਕਸ ਨੈੱਟਵਰਕ ਯੂਨੀਵਰਸਿਟੀ ਰਵਾਇਤੀ ਅਤੇ ਸਵਦੇਸ਼ੀ ਗਿਆਨ ਪ੍ਰਣਾਲੀਆਂ ਨੂੰ ਇੱਕ ਵਾਧੂ ਅੰਤਰਰਾਸ਼ਟਰੀ ਥੀਮੈਟਿਕ ਸਮੂਹ ਵਜੋਂ ਸ਼ਾਮਲ ਕਰਨ 'ਤੇ ਵਿਚਾਰ ਕਰ ਸਕਦੀ ਹੈ।
ਸਿੱਖਿਆ ਮੰਤਰਾਲੇ ਨੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦੇ ਤਹਿਤ 5 ਅਗਸਤ, 2026 ਨੂੰ ਭੁਵਨੇਸ਼ਵਰ ਵਿੱਚ ਤੀਜੀ ਬ੍ਰਿਕਸ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ (ਐਸਓਐਮ) ਦਾ ਆਯੋਜਨ ਵੀ ਕੀਤਾ। ਮੀਟਿੰਗ ਦੌਰਾਨ ਹੋਈ ਚਰਚਾ ਨੇ ਵਧੇਰੇ ਸਹਿਯੋਗ, ਨਵੀਨਤਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ਰਾਹੀਂ ਸਮਾਵੇਸ਼ੀ, ਮਜ਼ਬੂਤ ਅਤੇ ਭਵਿੱਖ ਲਈ ਤਿਆਰ ਸਿੱਖਿਆ ਪ੍ਰਣਾਲੀਆਂ ਨੂੰ ਅੱਗੇ ਵਧਾਉਣ ਲਈ ਮੈਂਬਰ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਬ੍ਰਿਕਸ ਮੰਤਰੀ ਪੱਧਰੀ ਮੀਟਿੰਗਾਂ ਦੀ ਮੇਜ਼ਬਾਨੀ ਕਰਦਾ ਰਹੇਗਾ, ਜਿਸਦੀ ਸਮਾਪਤੀ 12-13 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ਨਾਲ ਹੋਵੇਗੀ।।
****
ਆਰਆਰਟੀਐੱਨ/ਬਲਜੀਤ
(Release ID: 2297055)
ਵਿਜ਼ੀਟਰ ਕਾਊਂਟਰ : 62